ਪੁਲਸੀਆਂ ਤੇ ਫੌਜੀਆਂ ਨੂੰ ਠੱਗ ਗਈ ਚਿੱਟ ਫੰਡ ਕੰਪਨੀ

ਪੁਲਸੀਆਂ ਤੇ ਫੌਜੀਆਂ ਨੂੰ ਠੱਗ ਗਈ ਚਿੱਟ ਫੰਡ ਕੰਪਨੀ

ਮਾਨਸਾ, (ਤੇਜੀ ਢਿੱਲੋ): ਇਥੋਂ ਦੇ ਦਰਜਨਾਂ ਪਿੰਡਾਂ ਦੇ ਫੌਜੀ ਤੇ ਪੁਲਿਸ ਮੁਲਾਜ਼ਮ ਇਕ ਚਿੱਟਫੰਡ ਕੰਪਨੀ ਹੱਥੋਂ ਠੱਗੇ ਗਏ ਹਨ। ਵੈਸੇ ਤਾਂ ਸ਼ਿਅੋਰ ਗੇਨ ਸਲਿਊਸ਼ਨ ਨਾਮੀ ਇਸ ਕੰਪਨੀ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਪੁਲਿਸ ਮੁਲਾਜ਼ਮਾਂ ਤੇ ਫੌਜੀਆਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ, ਪਰ ਜ਼ਿਲ੍ਹਾ ਮਾਨਸਾ ਵਿਚ ਜਿਹੜੇ ਵਿਅਕਤੀ ਇਸ ਹੱਥੋਂ ਲੁੱਟੇ ਗਏ ਹਨ, ਉਨਾਂ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਦੀ ਅਗਵਾਈ ਵਿਚ ਐਸਐਸਪੀ ਮਾਨਸਾ ਨੂੰ ਕੰਪਨੀ ਤੇ ਉਸਦੇ ਪ੍ਰਬੰਧਕਾਂ ਖਿਲਾਫ ਵੇਰਵੇ ਸਹਿਤ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ। 

ਸ਼ਿਕਾਇਤਕਰਤਾ ਅਕਾਲੀ ਆਗੂ ਨੇ ਇਸ ਕਰੋੜਾਂ ਰੁਪਏ ਦੀ ਠੱਗੀ ਵਿਚ ਉਚ ਪੁਲਿਸ ਅਫਸਰਾਂ ਦੀ ਮਿਲੀਭੁਗਤ ਹੋਣ ਦਾ ਵੀ ਸ਼ੰਕਾ ਪ੍ਰਗਟਾਇਆ ਹੈ। ਕੰਪਨੀ ਦੇ ਮਾਲਕ ਖਿਲਾਫ ਰਾਜਸਥਾਨ ਦੇ ਚੁਰੂ ਜ਼ਿਲੇ ਦੀ ਪੁਲਿਸ ਮਾਮਲਾ ਦਰਜ ਕਰ ਚੁੱਕੀ ਹੈ।
 
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਦੱਸਿਆ ਕਿ ਇਕ ਮੰਗਤ ਰਾਏ ਨਾਮੀ ਵਿਅਕਤੀ ਨੇ ਉਕਤ ਕੰਪਨੀ ਬਣਾ ਕੇ ਜ਼ਿਲਾ ਮਾਨਸਾ ਦੇ ਫੌਜ ਵਿਚ ਭਰਤੀ ਨੌਜਵਾਨਾਂ ਨੂੰ ਅਮੀਰ ਬਣਾਉਣ ਦਾ ਲਾਲਚ ਦਿੱਤਾ ਤੇ ਕਿਹਾ ਕਿ ਸੂਰ ਫਾਰਮਾਂ ਤੇ ਇਕ ਪੈਸਾ ਖਰਚ ਕਰਕੇ ਉਨਾਂ ਦੇ ਪੈਸੇ ਦੁੱਗਣੇ ਕਰਕੇ ਮੋੜ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਗੱਲ ਨੂੰ ਪ੍ਰਤੱਖ ਬਣਾਉਣ ਲਈ ਕੁੱਝ ਵਿਅਕਤੀਆਂ ਦੇ ਖਾਤਿਆਂ ਵਿਚ ਛੋਟੀਆਂ ਰਕਮਾਂ ਦੀ ਅਦਾਇਗੀ ਵੀ ਕਰਵਾਈ ਗਈ। ਬਾਅਦ ਵਿਚ ਇਸ ਲਾਲਚ ਵਿਚ ਆ ਕੇ ਅੱਗੇ ਦੀ ਅੱਗੇ ਇਕ ਦੂਜੇ ਦੀਆਂ ਗੱਲਾਂ ਵਿਚ ਆ ਕੇ ਫੌਜ ਵਿਚ ਨੌਕਰੀ ਕਰਨ ਵਾਲੇ ਵਿਅਕਤੀਆਂ ਨੇ ਲੋਨ ਆਦਿ ਲੈ ਕੇ ਆਪਣੀ ਲੱਖਾਂ ਰੁਪਏ ਦੀ ਰਕਮ ਉਕਤ ਕੰਪਨੀ ਚ ਲਾਈ, ਜਿਸ ਨੂੰ ਹੜੱਪ ਕਰਕੇ ਕੰਪਨੀ ਫਰਾਰ ਹੋ ਗਈ।
    
ਉਨਾਂ ਵੇਰਵਾ ਦਿੰਦਿਆਂ ਦੱਸਿਆ ਕਿ  ਉਕਤ ਕੰਪਨੀ ਵਿਚ ਪਿੰਡ ਖੋਖਰ ਕਲਾਂ ਦੇ ਗੁਰਤੇਜ ਸਿੰਘ ਤੇ ਹਰਨੇਕ ਸਿੰਘ ਨੇ 3 ਲੱਖ 50 ਹਜ਼ਾਰ, ਭੈਣੀਬਾਘਾ ਦੇ ਕੁਲਵਿੰਦਰ ਸਿੰਘ ਨੇ 3 ਲੱਖ 80 ਹਜ਼ਾਰ, ਅਲੀਸ਼ੇਰ ਕਲਾਂ ਦੇ ਮੱਖਣ ਸਿੰਘ ਨੇ 3 ਲੱਖ 10 ਹਜ਼ਾਰ, ਮੂਸਾ ਦੀ ਮਨਪ੍ਰੀਤ ਕੌਰ ਨੇ 10 ਲੱਖ 5 ਹਜ਼ਾਰ, ਮਾਨਸਾ ਦੇ ਜਗਜੀਤ ਸਿੰਘ ਨੇ 4 ਲੱਖ 32 ਹਜ਼ਾਰ ਰੁਪਏ, ਖੋਖਰ ਕਲਾਂ ਦੀ ਹਰਵਿੰਦਰ ਕੌਰ ਨੇ 24 ਲੱਖ 90 ਹਜ਼ਾਰ, ਮਾਨਸਾ ਦੇ ਜਗਸੀਰ ਸਿੰਘ ਨੇ 9 ਲੱਖ, ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਬਰੋਗਾ ਬੁਲੰਦ ਦੀ ਮਮਤਾ ਸਿੰਘ ਨੇ 16 ਲੱਖ ਰੁਪਏ, ਮਾਨਸਾ ਦੇ ਅਮਰੀਕ ਸਿੰਘ ਨੇ 6 ਲੱਖ, ਮਾਨਸਾ ਦੇ ਜਸਵੀਰ ਸਿੰਘ ਨੇ 3ਲੱਖ, ਮਾਨਸਾ ਦੇ ਨਰੇਸ਼ ਕੁਮਾਰ ਨੇ 1 ਲੱਖ 25 ਹਜ਼ਾਰ ਇਸ ਕੰਪਨੀ ਵਿਚ ਲਾ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਕੰਪਨੀ ਨੇ ਕੁੱਝ ਕੁ ਰਕਮ ਵਾਪਿਸ ਕਰਕੇ ਬਾਕੀ ਰਕਮ ਹੜੱਪ ਲਈ। ਉਨ੍ਹਾਂ ਪੁਲਿਸ ਨੂੰ ਲਿਖੇ ਪੱਤਰ ਵਿਚ ਮੰਗ ਕੀਤੀ ਹੈ ਕਿ ਉਕਤ ਕੰਪਨੀ ਦੇ ਮਾਲਕ ਖਿਲਾਫ ਮਾਮਲਾ ਦਰਜ ਕਰਕੇ ਮਾਨਸਾ ਜ਼ਿਲੇ ਦੇ ਲੋਕਾਂ ਦਾ ਫਸਿਆ ਲੱਖਾਂ ਰੁਪਇਆ ਵਾਪਿਸ ਦਿਵਾਇਆ ਜਾਵੇ ਤੇ ਇਸ ਤਰ੍ਹਾਂ ਦੀ ਚਿੱਟਫੰਡ ਕੰਪਨੀ ਨੂੰ ਚਲਾਉਣ ਤੇ ਉਸਦੀ ਫੌਜ ਤੇ ਪੁਲਿਸ ਵਿਚ ਘੁਸਪੈਠ ਕਰਵਾਉਣ ਵਾਲਿਆਂ  ਨੂੰ ਵੀ ਘਸੀਟਿਆ ਜਾਵੇ। 

ਉਨਾਂ ਦੋਸ਼ ਲਾਇਆ ਕਿ ਇਸ ਕੰਪਨੀ ਨੂੰ ਪ੍ਰਫੁੱਲਤ ਕਰਨ ਲਈ ਪੁਲਿਸ ਦੇ ਉਚ ਅਫਸਰ ਆਪਣੀਆਂ ਥਾਵਾਂ 'ਤੇ ਸੈਮੀਨਾਰ ਵੀ ਕਰਵਾਉਂਦੇ ਰਹੇ ਹਨ, ਜਿੰਨਾਂ ਦੇ ਸਬੂਤ ਉਨ੍ਹਾਂ ਕੋਲ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਸ ਤਰਾਂ ਦੇ ਲੁਭਾਊ ਸੈਮੀਨਾਰਾਂ ਕਰਕੇ ਵੀ ਲੋਕ ਇਸ ਕੰਪਨੀ ਦੀ ਠੱਗੀ 'ਚ ਆਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕਰੀਬ 600 ਕਰੋੜ ਰੁਪਏ ਦੀ ਠੱਗੀ ਵੱਜੀ ਤੇ ਫਿਰੋਜ਼ਪੁਰ ਵਿਖੇ ਵੀ ਇਸ ਸੰਬੰਧੀ ਮਾਮਲਾ ਦਰਜ ਹੋ ਚੁੱਕਿਆ ਹੈ।
       
ਐਸਐਸਪੀ ਮਾਨਸਾ ਗੁਰਲੀਤ ਸਿੰਘ ਖੁਰਾਣਾ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਸਬੰਧ ਵਿਚ ਕੁੱਝ ਵਿਅਕਤੀ  ਉਨ੍ਹਾਂ ਨੂੰ ਮਿਲੇ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਗੁਰਸੇਵਕ ਸਿੰਘ ਜਵਾਹਰਕੇ ਨੇ ਕਿਹਾ ਕਿ ਉਹ ਇਹ ਮਾਮਲਾ ਕੇਂਦਰੀ ਮੰਤਰੀ ਰਾਜਨਾਥ ਸਿੰਘ ਕੋਲ ਲੈ ਕੇ ਜਾਣਗੇ, ਕਿਉਂਕਿ ਇਸ ਵਿਚ ਦੇਸ਼ ਦੀ ਕਰੀਬ 10 ਫੀਸਦੀ ਫੌਜ ਨਾਲ ਮੋਟੀ ਠੱਗੀ ਵੱਜੀ ਹੈ, ਜਿਸ ਦੀ ਪੜਤਾਲ ਕਰਵਾਉਣ ਦੀ ਜ਼ਰੂਰਤ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ