ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਸਰੀ ਵਿਚ ਧੂਮ ਧਾਮ ਨਾਲ ਕਰਵਾਇਆ 'ਗਦਰੀ ਬਾਬਿਆਂ ਦਾ 27ਵਾਂ ਮੇਲਾ'

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਸਰੀ ਵਿਚ ਧੂਮ ਧਾਮ ਨਾਲ ਕਰਵਾਇਆ 'ਗਦਰੀ ਬਾਬਿਆਂ ਦਾ 27ਵਾਂ ਮੇਲਾ'

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਰੀ ( ਸੰਦੀਪ ਸਿੰਘ ਧੰਜੂ): ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਗ਼ਦਰੀ ਬਾਬਿਆਂ ਦੀ ਯਾਦ ਵਿਚ 27ਵਾਂ ਯਾਦਗਾਰੀ ਸਾਲਾਨਾ ਮੇਲਾ, ਬੇਅਰ ਕਰੀਕ ਪਾਰਕ ਸਰੀ (ਬੀਸੀ) ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਸ਼ਹੀਦੇ- ਆਜ਼ਮ ਸਰਦਾਰ ਭਗਤ ਸਿੰਘ ਦੇੋ ਚਾਚਾ ਸ. ਅਜੀਤ ਸਿੰਘ ਅਤੇ ਗੁਰੂ ਨਾਨਕ ਜਹਾਜ਼ (ਕਾਮਾਗਾਟਾ ਮਾਰੂ) ਦੇ ਵਕੀਲ ਜੋਸਫ਼ ਐਡਵਰਡ ਬਰਡ ਨੂੰ ਸਮਰਪਿਤ ਇਸ ਮੇਲੇ ਵਿਚ ਕਈ ਪੰਜਾਬੀ ਦੇ ਉਘੇ ਗਾਇਕਾਂ ਜਿਹਨਾਂ ਵਿਚ ਸੁਖਵਿੰਦਰ ਸਿੰਘ ਸੁੱਖੀ, ਗੁਰਬਖ਼ਸ਼ ਸਿੰਘ ਸ਼ੌਕੀ ਤੇ ਨਛੱਤਰ ਸਿੰਘ ਗਿੱਲ ਵਿਸ਼ੇਸ਼ ਸਨ, ਨੇ ਆਪਣੀ ਕਲਾ ਰਾਹੀਂ ਗੁਰੂ ਨਾਨਕ ਜਹਾਜ ਦੇ ਯੋਧਿਆਂ ਨੂੰ ਸਿਜਦਾ ਕਰਦਿਆਂ, ਸਰੋਤਿਆਂ ਦਾ ਭਰਪੂਰ ਮਨੋੰਰਜਨ ਕੀਤਾ।

ਇਸ ਮੌਕੇ ਉਘੀਆਂ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਮੇਲੇ ਵਿਚ ਪਹੁੰਚ ਕੇ ਗਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਤੇ ਪ੍ਰਬੰਧਕਾਂ ਵਲੋ ਵਿਸ਼ੇਸ਼ ਮਹਿਮਾਨਾਂ ਦਾ ਯਾਦ ਚਿੰਨ ਦੇਕੇ ਸਨਮਾਨ ਕੀਤਾ। ਮੇਲੇ ਵਿਚ ਹਾਜਰੀ ਲਗਵਾਉਣ ਵਾਲੀਆਂ ਪ੍ਰਮੁੱਖ ਹਸਤੀਆਂ ਵਿਚ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਬਨਿਟ ਮੰਤਰੀ ਹਰਜੀਤ ਸਿੰਘ ਸੱਜਣ, ਐਮ ਪੀ ਸੁੱਖ ਧਾਲੀਵਾਲ, ਸਿੱਖਿਆ ਮੰਤਰੀ ਰਚਨਾ ਸਿੰਘ, ਐਮ ਐਲ ਏ, ਮੰਤਰੀ ਅਮਨਦੀਪ ਸਿੰਘ, ਵਿਲੀਅਮ ਲੇਕ ਤੋ ਮੇਅਰ ਸੁਰਿੰਦਰਪਾਲ ਸਿੰਘ ਰਾਠੌਰ, ਕੌਂਸਲਰ ਮਨਦੀਪ ਸਿੰਘ ਨਾਗਰਾ, ਪੰਜਾਬ ਤੇ ਵਿਸ਼ੇਸ਼ ਤੌਰ ਤੇ ਪੁੱਜੇ ਐਮ ਐਲ ਏ ਤੇ ਸਾਬਕਾ ਮੰਤਰੀ ਸ. ਪ੍ਰਗਟ ਸਿੰਘ ਤੇ ਹੋਰ ਸ਼ਾਮਿਲ ਸਨ।

ਇਸ ਮੌਕੇ 'ਤੇ ਡਾ ਗੁਰਵਿੰਦਰ ਸਿੰਘ ਧਾਲੀਵਾਲ ਵਲੋਂ ਅਹਿਮ ਮਤੇ ਪੜੇ ਗਏ, ਜਿਹਨਾਂ ਵਿੱਚ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਦਾ ਮੁਜਰਮਾਨਾ ਰਿਕਾਰਡ ਖਤਮ ਕਰਕੇ, ਉਹਨਾਂ ਨੂੰ 'ਸ਼ਹੀਦ' ਕਰਾਰ ਦੇਣਾ, ਕੈਨੇਡਾ ਦੀਆਂ ਪਾਠ ਪੁਸਤਕਾਂ ਅਤੇ ਸਿਲੇਬਸ ਵਿੱਚ ਗ਼ਦਰੀ ਬਾਬਿਆਂ ਦਾ ਸਹੀ ਇਤਿਹਾਸ ਪੜ੍ਹਾਉਣਾ, ਕੈਨੇਡਾ ਪੈਲੇਸ ਅਤੇ ਵੈਨਕੂਵਰ ਵਾਟਰ ਫਰੰਟ ਦਾ ਪ੍ਰਾਇਮਰੀ ਨਾਂ ਗੁਰੂ ਨਾਨਕ ਜਹਾਜ਼ ਕਾਮਾਗਾਟਾਮਾਰੂ 'ਤੇ ਰੱਖਣਾ, ਸਰੀ ਸਟੇਡੀਅਮ ਬੇਅਰਕਰੀਕ ਪਾਰਕ ਦਾ ਨਾਂ ਗੁਰੂ ਨਾਨਕ ਜਹਾਜ਼ ਦੇ ਵਕੀਲ ਜੋਸਫ਼ ਐਡਵਰਡ ਬਰਡ ਦੇ ਨਾਂ ਤੇ ਰੱਖਣਾ, ਜਲਿਆਂ ਵਾਲੇ ਬਾਗ ਦੇ ਸ਼ਹੀਦੀ ਸਾਕੇ ਲਈ ਬ੍ਰਿਟਿਸ਼ ਸਰਕਾਰ ਤੋਂ ਮੁਆਫ਼ੀ ਦੀ ਮੰਗ, ਸਰਦਾਰ ਅਜੀਤ ਸਿੰਘ ਦੇ ਨਾਂ 'ਤੇ ਡਲਹੌਜ਼ੀ ਸ਼ਹਿਰ ਦਾ ਨਾਂ ਬਦਲ ਕੇ ਰੱਖਣਾ, ਭਾਰਤ ਦੀ ਅੰਡਮਾਨ ਜੇਲ ਗਦਰੀ ਯੋਧਿਆਂ ਨੂੰ ਸਮਰਪਿਤ ਕਰਨੀ ਸ਼ਾਮਿਲ ਸਨ। ਇਸ ਤੋਂ ਇਲਾਵਾ ਸਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਅਤੇ ਸਿਰਮੌਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ। ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪੇਸ਼ ਕੀਤੇ ਗਏ ਸਮੂਹ ਉਪਰੋਕਤ ਮੱਤਿਆ ਦਾ ਹਾਜ਼ਰੀਨ ਨੇ ਭਰਵਾਂ ਸਮਰਥਨ ਕੀਤਾ। ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋ ਪ੍ਰੋਫੈਸਰ ਡਾ. ਗੋਪਾਲ ਸਿੰਘ ਬੁੱਟਰ ਨੇ ਗਦਰੀ ਬਾਬਿਆਂ ਦੀ ਦੇਸ਼ ਦੀ ਆਜਾਦੀ ਅਤੇ ਇਤਿਹਾਸਕ ਦੇਣ ਬਾਰੇ ਵਿਚਾਰ ਸਾਂਝੇ ਕੀਤੇ। ਮੰਚ ਸੰਚਾਲਕ ਦੀ ਜਿੰਮੇਵਾਰੀ ਖੂਬਸੂਰਤ ਢੰਗ ਨਾਲ ਟੋਰਾਂਟੋ ਤੋ ਰੇਡੀਓ ਹੋਸਟ ਸਤਿੰਦਰਪਾਲ ਸਿੰਘ ਸਿਧਵਾਂ ਨੇ ਨਿਭਾਈ।