ਭਾਜਪਾ ਪੰਥ ਤੇ ਪੰਜਾਬ ਉਪਰ ਕਬਜ਼ੇ ਦੀ ਤਿਆਰੀ ਵਿਚ

ਭਾਜਪਾ ਪੰਥ ਤੇ ਪੰਜਾਬ ਉਪਰ ਕਬਜ਼ੇ ਦੀ ਤਿਆਰੀ ਵਿਚ

ਚੰਡੀਗੜ੍ਹ: ਬਾਦਲ ਦਲ ਭਾਜਪਾ ਦੇ ਅਧੀਨ ਅਗਲੀਆਂ ਵਿਧਾਨ ਸਭਾ ਚੋਣਾਂ ਲੜੇਗਾ ਤੇ ਪੇਂਡੂ ਖੇਤਰ ਵਿਚ ਭਾਜਪਾ ਦਾ ਕਬਜਾ ਹੋਵੇਗਾ। ਅਕਾਲੀ ਦਲ ਦਾ ਲਗਭਗ ਭੋਗ ਪੈ ਚੁਕਾ ਹੈ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅਦਾਲਤੀ ਚੱਕਰ ਬਾਦਲਾਂ ਲਈ ਘੋਰ ਚਕਰਵਿਊ ਹੋਵੇਗਾ। ਇਸ ਦਾ ਫਾਇਦਾ ਕਾਂਗਰਸ ਨੂੰ ਹੋਵੇਗਾ। ਅੰਮ੍ਰਿਤਸਰ ਵਾਲਾ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਸਿਖ ਸਾਇਕੀ ਨੂੰ ਖਿਚਣ ਵਿਚ ਕਾਮਯਾਬ ਹੋਵੇਗਾ ਤੇ ਹੁਸ਼ਿਆਰਪੁਰ ਵਾਲਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦਲਿਤ ਆਧਾਰ ਪੈਦਾ ਕਰੇਗਾ। ਇਹ ਦੋਵੇਂ ਭਾਜਪਾ ਦਾ ਆਧਾਰ ਮਜਬੂਤ ਕਰਨਗੇ। ਮੋਦੀ ਸਰਕਾਰ ਕੋਲ ਇਹਨਾਂ ਮੰਤਰੀਆਂ ਰਾਹੀਂ ਪੰਜਾਬ ਨੂੰ ਦੇਣ ਲਈ ਬਹੁਤ ਕੁਝ ਹੈ।

ਅਕਾਲੀ ਦਲ ਕੋਲ ਹੁਣ ਪੰਥ ਤੇ ਪੰਜਾਬ ਦਾ ਵਿਜਨ ਨਹੀਂ ਉਹ ਬਹੁਤ ਕੁਝ ਗੁਆ ਚੁੱਕੀ ਹੈ। ਬੀਬਾ ਹਰਸਿਮਰਤ ਕੌਰ ਖੇਤੀ ਉਦਯੋਗ ਪੰਜਾਬ ਵਿਚ ਲਿਆ ਸਕਦੀ ਸੀ ਪਰ ਨਹੀਂ ਲਿਆ ਸਕੀ। ਇਹ ਬਾਦਲ ਦਲ ਵਾਲੇ ਨਹੀਂ ਜਾਣ ਸਕੇ ਪੰਜਾਬ ਦਾ ਮੁੱਦਾ ਆਰਥਿਕਤਾ, ਸਵੈ ਰੁਜਗਾਰ ਤੇ ਵਿਕਾਸ ਦਾ ਹੈ। ਇਹ ਦਖਾਂਤ ਹੈ ਬਾਦਲ ਪਰਿਵਾਰ ਦਾ ਕਿ ਉਹ ਨਾ ਪੰਜਾਬ ਦੀ ਮਾਨਸਿਕਤਾ ਸਮਝ ਸਕੇ ਨਾ ਪੰਥਕ ਆਧਾਰ ਨੂੰ। ਆਉਣ ਵਾਲੇ ਸਮੇਂ ਵਿਚ ਭਾਜਪਾ ਹਾਈਕਮਾਂਡ ਤੈਅ ਕਰੇਗੀ ਬਾਦਲ ਪਰਿਵਾਰ ਦਾ ਸ੍ਰੌਮਣੀ ਕਮੇਟੀ ਤੇ ਕਬਜਾ ਰਹੇਗਾ ਜਾਂ ਨਹੀਂ। ਅਕਾਲੀ ਦਲ ਕੋਲ ਹੁਣ ਸਿਖ ਆਧਾਰ ਵਾਲੀਆਂ ਪੇਂਡੂ ਵੋਟਾਂ ਗੁਆਚ ਚੁਕੀਆਂ ਹਨ। ਸ਼ਹਿਰੀ ਵੋਟਾਂ ਬਾਦਲ ਦੀ ਆਪਣੀ ਕਰਾਮਾਤ ਨਹੀਂ ਮੋਦੀ ਦੀ ਬਖਸ਼ਿਸ਼ ਹੈ। ਪੱਛਮੀ ਬੰਗਾਲ 'ਚ 18 ਸੀਟਾਂ ਜਿੱਤ ਕੇ ਮਮਤਾ ਬੈਨਰਜੀ ਦਾ ਕਿਲ੍ਹਾ ਫ਼ਤਹਿ ਕਰਨ ਵਾਲੀ ਭਾਜਪਾ ਹੁਣ ਆਪਣਾ ਰੁਖ਼ ਪੰਜਾਬ ਵੱਲ ਕਰਨ ਜਾ ਰਹੀ ਹੈ। ਇਨ੍ਹਾਂ ਸੰਸਦੀ ਚੋਣਾਂ 'ਚ ਆਪਣੇ ਹਿੱਸੇ ਦੀਆਂ ਤਿੰਨ ਵਿਚੋਂ ਦੋ ਸੀਟਾਂ ਜਿੱਤਣ ਅਤੇ ਤਮਾਮ ਸ਼ਹਿਰਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਪਈ ਵੋਟ ਤੋਂ ਉਤਸ਼ਾਹਿਤ ਪਾਰਟੀ ਨੇ ਆਪਣੇ ਗਠਜੋੜ ਸਾਥੀ ਸ਼੍ਰੋਮਣੀ ਅਕਾਲੀ ਦਲ ਤੋਂ 50 ਫ਼ੀਸਦੀ ਹਿੱਸਾ ਮੰਗਣ ਦੀ ਤਿਆਰੀ ਕਰ ਲਈ ਹੈ।

ਪਾਰਟੀ ਦੀਆਂ  ਦੋ ਵੱਖ-ਵੱਖ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ ਜ਼ਿਲ੍ਹਾ ਪ੍ਰਧਾਨਾਂ ਤੇ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਗੱਲ ਪ੍ਰਮੁੱਖਤਾ ਨਾਲ ਉਭਾਰੀ ਗਈ ਕਿ ਹੁਣ ਵਕਤ ਆ ਗਿਆ ਹੈ ਜਦੋਂ ਭਾਜਪਾ ਨੂੰ ਪੰਜਾਬ ਵਿਚ ਆਪਣੇ ਪੈਰ ਪਸਾਰਨੇ ਚਾਹੀਦੇ ਹਨ। ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਕਮਲ ਸ਼ਰਮਾ ਤਾਂ ਜਨਤਕ ਰੂਪ ਵਿਚ ਕਹਿ ਚੁੱਕੇ ਹਨ ਕਿ ਦੋਵਾਂ ਪਾਰਟੀਆਂ ਨੂੰ ਹੁਣ ਅੱਧੀਆਂ-ਅੱਧੀਆਂ ਸੀਟਾਂ ਲੜਨੀਆਂ ਚਾਹੀਦੀਆਂ ਹਨ। ਭਗਵਾਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹੁਣੇ ਤੋਂ ਤਿਆਰੀਆਂ ਆਰੰਭ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਅਤੇ ਪ੍ਰਧਾਨ ਮੰਤਰੀ ਦੀ ਸ਼ਖਸੀਅਤ ਦਾ ਲਾਭ ਲੈ ਕੇ ਸੱਤਾ ’ਚ ਆਉਣ ਲਈ ਲੋਕਾਂ ਨਾਲ ਰਾਬਤਾ ਬਣਾਉਣ ਦੀ ਜ਼ਰੂਰਤ ਹੈ। ਪਾਰਟੀ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਇਸ ਮੌਕੇ ਕਿਹਾ ਕਿ ਅੰਮ੍ਰਿਤਸਰ ਸੀਟ ਭਾਵੇਂ ਭਾਜਪਾ ਹਾਰ ਗਈ ਹੈ ਪਰ ਫਿਰ ਵੀ ਉਸ ਦੀ ਕਾਰਗੁਜ਼ਾਰੀ ਬਿਹਤਰ ਰਹੀ ਕਿਉਂਕਿ ਕੋਈ ਵੀ ਪਾਰਟੀ ਸਾਰੀਆਂ ਸੀਟਾਂ ਜਿੱਤਣ ਲਈ ਚੋਣ ਲੜਦੀ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਸੰਸਦੀ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰਾਂ ਨੇ 14 ਵਿਧਾਨ ਸਭਾ ਹਲਕਿਆਂ ’ਚ ਵਿਰੋਧੀਆਂ ਨੂੰ ਪਛਾੜਿਆ ਅਤੇ ਵੋਟ ਬੈਂਕ ਵੀ ਵਧਾਇਆ। 

ਚੇਤੇ ਰਹੇ ਕਿ ਪੰਜਾਬ ਵਿਚ ਇਸ ਵੇਲੇ ਭਾਜਪਾ ਵਿਧਾਨ ਸਭਾ ਦੀਆਂ 117 ਵਿਚੋਂ 23 ਤੇ ਲੋਕ ਸਭਾ ਦੀਆਂ 13 ਵਿਚੋਂ 3 ਸੀਟਾਂ 'ਤੇ ਚੋਣ ਲੜਦੀ ਹੈ। ਸੰਸਦੀ ਚੋਣਾਂ ਵਿਚ ਪਾਰਟੀ ਨੇ ਤਿੰਨ ਵਿਚੋਂ ਦੋ ਸੀਟਾਂ ਜਿੱਤ ਲਈਆਂ ਤੇ ਆਪਣੇ ਵੋਟ ਸ਼ੇਅਰ ਵਿਚ ਵਾਧਾ ਕਰ ਲਿਆ ਹੈ।  ਮੀਟਿੰਗ ਵਿਚ ਨਵੀਂ ਮੈਂਬਰਸ਼ਿਪ ਸ਼ੁਰੂ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਪਾਰਟੀ ਪ੍ਰਧਾਨ ਸ਼ਵੇਤ ਮਲਿਕ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਕਿਹਾ ਹੈ ਕਿ ਉਹ ਭਾਜਪਾ ਨੂੰ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਬਣਾਉਣ ਲਈ ਜੀ ਜਾਨ ਨਾਲ ਜੁਟ ਜਾਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ