ਫਰੀਦਕੋਟ ਹਿਰਾਸਤੀ ਮੌਤ: ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦਾ ਪੁਲਿਸ ਰਿਮਾਂਡ; ਐੱਮਐੱਲਏ ਦੀ ਕੋਠੀ ਦਾ ਘਿਰਾਓ ਅੱਜ

ਫਰੀਦਕੋਟ ਹਿਰਾਸਤੀ ਮੌਤ: ਦੋ ਪੁਲਿਸ ਮੁਲਾਜ਼ਮਾਂ ਸਮੇਤ ਤਿੰਨ ਦਾ ਪੁਲਿਸ ਰਿਮਾਂਡ; ਐੱਮਐੱਲਏ ਦੀ ਕੋਠੀ ਦਾ ਘਿਰਾਓ ਅੱਜ

ਫਰੀਦਕੋਟ: ਫਰੀਦਕੋਟ ਪੁਲਸ ਦੀ ਹਿਰਾਸਤ ਵਿੱਚ 18 ਮਈ ਨੂੰ ਮੌਤ ਮਗਰੋਂ ਖੁਰਦ ਬੁਰਦ ਕੀਤੇ ਗਏ ਪਿੰਡ ਪੰਜਾਵਾ ਦੇ ਨੌਜਵਾਨ ਜਸਪਾਲ ਸਿੰਘ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੀਆਈਏ ਸਟਾਫ਼ ਦੇ ਦੋ ਮੁਲਾਜ਼ਮਾਂ ਸਮੇਤ ਤਿੰਨ ਵਿਅਕਤੀਆਂ ਨੂੰ ਰਿਮਾਂਡ ’ਤੇ ਲਿਆ ਹੈ। ਇਹ ਦੋਵੇਂ ਮੁਲਾਜ਼ਮ ਜਸਪਾਲ ਸਿੰਘ ਦੀ ਮੌਤ ਸਮੇਂ ਸੀਆਈਏ ਸਟਾਫ਼ ਦੇ ਦਫ਼ਤਰ ਵਿੱਚ ਹਾਜ਼ਰ ਸਨ ਅਤੇ ਜਾਂਚ ਟੀਮ ਅਨੁਸਾਰ ਇਨ੍ਹਾਂ ਦੋਵਾਂ ਨੇ ਜਸਪਾਲ ਸਿੰਘ ਦੀ ਲਾਸ਼ ਖੁਰਦ ਬੁਰਦ ਕੀਤੀ ਹੈ। ਵਿਸ਼ੇਸ਼ ਜਾਂਚ ਟੀਮ ਨੇ ਇਸ ਮਾਮਲੇ ਵਿੱਚ ਬਿੱਟਾ ਸਿੰਘ ਨਾਂ ਦੇ ਇੱਕ ਹੋਰ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਦਾ ਵੀ ਰਿਮਾਂਡ ਹਾਸਲ ਕੀਤਾ ਹੈ।

ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਸੀਆਈਏ ਸਟਾਫ਼ ਦੇ ਮੁਲਾਜ਼ਮ ਦਰਸ਼ਨ ਸਿੰਘ ਅਤੇ ਸੁਖਮੰਦਰ ਸਿੰਘ ਨੇ ਮ੍ਰਿਤਕ ਨੌਜਵਾਨ ਜਸਪਾਲ ਸਿੰਘ ਦੇ ਕੱਪੜੇ ਕਿਤੇ ਲੁਕਾਏ ਹੋਏ ਹਨ। ਇਸ ਤੋਂ ਇਲਾਵਾ ਜਸਪਾਲ ਸਿੰਘ ਦਾ ਮੋਬਾਈਲ ਵੀ ਇਨ੍ਹਾਂ ਮੁਲਾਜ਼ਮਾਂ ਕੋਲ ਹੋਣ ਦਾ ਖਦਸ਼ਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ ਹੋਰ ਵੀ ਅਹਿਮ ਸਬੂਤਾਂ ਬਾਰੇ ਇਨ੍ਹਾਂ ਮੁਲਾਜ਼ਮਾਂ ਨੂੰ ਪਤਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਵਿਸ਼ੇਸ਼ ਜਾਂਚ ਟੀਮ ਇਨ੍ਹਾਂ ਸਾਰੇ ਤੱਥਾਂ ਦੀ ਮੁੜ ਪੜਤਾਲ ਕਰਨਾ ਚਾਹੁੰਦੀ ਹੈ। ਵਧੀਕ ਚੀਫ਼ ਜੁਡੀਸ਼ਲ ਮੈਜਿਸਟਰੇਟ ਸੰਜੀਵ ਕੁੰਦੀ ਨੇ ਇਸ ਮਾਮਲੇ ਵਿੱਚ ਦਰਸ਼ਨ ਸਿੰਘ, ਸੁਖਮੰਦਰ ਸਿੰਘ ਅਤੇ ਬਿੱਟਾ ਸਿੰਘ ਨੂੰ ਪੁਲੀਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ। ਇਸ ਮਾਮਲੇ ’ਚ ਅੱਜ ਇੱਥੇ ਜੁਡੀਸ਼ਲ ਜਾਂਚ ਵੀ ਹੋਈ ਅਤੇ ਚੀਫ਼ ਜੁਡੀਸ਼ਲ ਮੈਜਿਸਟਰੇਟ ਨੇ ਘਟਨਾ ਸਬੰਧੀ ਰਿਕਾਰਡ ਅਦਾਲਤ ਵਿੱਚ ਮੰਗਵਾਇਆ।

ਇਸੇ ਦਰਮਿਆਨ ਪੀੜਤ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ 5 ਜੂਨ ਨੂੰ ਹਰ ਹਾਲ ਵਿੱਚ ਵਿਧਾਇਕ ਦਾ ਘਰ ਘੇਰਨ ਅਤੇ ਰੋਸ ਮਾਰਚ ਦਾ ਐਲਾਨ ਕੀਤਾ ਹੈ। ਮ੍ਰਿਤਕ ਨੌਜਵਾਨ ਦੇ ਪਿਤਾ ਹਰਬੰਸ ਸਿੰਘ, ਮਾਂ ਚਰਨਜੀਤ ਕੌਰ, ਐਕਸ਼ਨ ਕਮੇਟੀ ਦੇ ਆਗੂ ਮਾਸਟਰ ਬੂਟਾ ਸਿੰਘ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਅਤੇ ਗੁਰਦਿਆਲ ਸਿੰਘ ਭੱਟੀ ਨੇ ਕਿਹਾ ਕਿ ਪੰਜਾਬ ਭਰ ਤੋਂ ਹਜ਼ਾਰਾਂ ਲੋਕ ਜਸਪਾਲ ਸਿੰਘ ਦੀ ਲਾਸ਼ ਲੈਣ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜ਼ਿਲ੍ਹਾ ਪੁਲੀਸ ਮੁਖੀ ਦੇ ਦਫ਼ਤਰ ਤੋਂ ਲੈ ਕੇ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਦੇ ਘਰ ਤੱਕ 4 ਕਿਲੋਮੀਟਰ ਰੋਸ ਮਾਰਚ ਕਰਨਗੇ। ਲੋਕਾਂ ਦੇ ਇਕੱਠ ਨੂੰ ਦੇਖਦਿਆਂ ਪੁਲੀਸ ਨੇ ਸਾਰੇ ਸ਼ਹਿਰ ਨੂੰ ਪੁਲੀਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ।

ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਕਿਹਾ ਕਿ ਜਸਪਾਲ ਸਿੰਘ ਦੀ ਮੌਤ ਦੀ ਉੱਚ ਪੱਧਰੀ ਪੜਤਾਲ ਚੱਲ ਰਹੀ ਹੈ ਅਤੇ ਐਕਸ਼ਨ ਕਮੇਟੀ ਨੂੰ ਚੱਲਦੀ ਪੜਤਾਲ ਦੌਰਾਨ ਧਰਨਾ ਖਤਮ ਕਰਨ ਦੀ ਅਪੀਲ ਕੀਤੀ ਗਈ ਸੀ ਪਰ ਪੀੜਤ ਪਰਿਵਾਰ ਤੇ ਕਮੇਟੀ ਰੋਸ ਮੁਜ਼ਾਹਰੇ ਲਈ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਪੁਲੀਸ ਸਾਰੇ ਲੋੜੀਂਦੇ ਸੁਰੱਖਿਆ ਪ੍ਰਬੰਧ ਕਰੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ