ਕੀ ਭਾਰਤੀ ਜਨਤਾ ਪਾਰਟੀ ਨੂੰ ਹਿੰਦੂ ਵੋਟਰਾਂ ਦੀ ਲੋੜ ਹੈ?

ਕੀ ਭਾਰਤੀ ਜਨਤਾ ਪਾਰਟੀ ਨੂੰ ਹਿੰਦੂ ਵੋਟਰਾਂ ਦੀ ਲੋੜ ਹੈ?

*ਪ੍ਰੋ. ਅਪੂਰਵਾਨੰਦ

ਭਾਜਪਾ ਅਣਥਕ ਯਤਨ ਕਰ ਰਹੀ ਹੈ ਕਿ ਚੋਣਾਂ ਹੋਣ ਜਾਂ ਨਾ ਹੋਣ ਉਹ ਜ਼ਿਆਦਾ ਤੋਂ ਜ਼ਿਆਦਾ ਹਿੰਦੂਆਂ ਨੂੰਆਪਣਾ ਦਾਸ ਬਣਾ ਲਵੇ, ਇਸ ਦੇ ਲਈ ਉਹ ਮੁਸਲਮਾਨਾਂ ਨੂੰ ਅਪਮਾਨਿਤ ਕਰਦੀ ਰਹਿੰਦੀ ਹੈ ਤੇ ਮੁਸਲਮਾਨਾਂ ਦੇ ਖਿਲਾਫ਼ ਜ਼ਹਿਰੀਲੇ ਬਿਆਨ ਛੱਡਦੀ ਰਹਿੰਦੀ ਹੈ। ਮੁਸਲਮਾਨਾਂ ਨੂੰ ਦਹਿਸ਼ਤਵਾਦੀ ਸਿੱਧ ਕਰਕੇ ਹਿੰਦੂਆਂ ਦੇ ਮਨ ਵਿਚ ਡਰ ਪੈਦਾ ਕਰਨ ਦਾ ਯਤਨ ਕਰਦੀ ਰਹਿੰਦੀ ਹੈ। ਇਸ ਦੇ ਲਈ ਉਹ ਮੁਸਲਮਾਨਾਂ ਦੇ ਖਿਲਾਫ਼ ਘ੍ਰਿਣਾ ਦੀ ਮੁਹਿੰਮ ਚਲਾ ਰਹੀ ਹੈ। ਭਾਜਪਾ ਇਹ ਚੋਣਾਂ ਤੋਂ ਪਹਿਲਾਂ ਤੇ ਬਾਅਦ ਵਿਚ ਇਸੇ ਨੀਤੀ ਤਹਿਤ ਸਿਆਸਤ ਖੇਡਦੀ ਰਹਿੰਦੀ ਹੈ। ਜਦ ਚੋਣਾਂ ਵਿਚ ਉਸ ਨੂੰ ਵੱਡਾ ਮੌਕਾ ਮਿਲਦਾ ਹੈ ਤਾਂ ਉਹ ਖੁੱਲ੍ਹ ਕੇ ਨਫ਼ਰਤ ਦੀ ਮੁਹਿੰਮ ਚਲਾਉਂਦੀ ਹੈ। ਦਿੱਲੀ ਚੋਣਾਂ ਦੇ ਦੌਰਾਨ ਵੀ ਉਸ ਨੇ ਇਹੀ ਨੀਤੀ ਅਪਨਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਜਪਾ ਦੇ ਦਿੱਲੀ ਚੋਣ ਪ੍ਰਚਾਰ ਤੋਂ ਇਕ ਵਾਰ ਇਹ ਸਿਧ ਹੋਇਆ ਹੈ ਕਿ ਉਹ ਖੁਦ ਨੂੰ ਸਿਰਫ ਤਾਂ ਸਿਰਫ ਹਿੰਦੂਆਂ ਦੀ ਪਾਰਟੀ ਮੰਨਦੀ ਹੈ ਤੇ ਉਨ੍ਹਾਂ ਨੂੰ ਹੀ ਸੰਬੋਧਨ ਕਰਦੀ ਹੈ। ਭਾਜਪਾ ਦਾ ਹਿੰਦੂਪਨ ਇਸ ਗੱਲ ਤੋਂ ਪ੍ਰਭਾਸ਼ਿਤ ਨਹੀਂ ਹੁੰਦਾ ਕਿ ਉਹ ਕਿਸ ਤਰ੍ਹਾਂ ਦੀ ਪੂਜਾ ਤੇ ਕਰਮਕਾਂਡ ਕਰਦੇ ਹਨ ਤੇ ਉਨ੍ਹਾਂ ਦਾ ਭਗਵਾਨ ਕੌਣ ਹੈ ਤੇ ਉਨ੍ਹਾਂ ਦੇ ਧਾਰਮਿਕ ਗ੍ਰੰਥ ਕਿਹੜੇ ਕਿਹੜੇ ਹਨ। ਧਾਰਮਿਕ ਅਚਾਰ-ਵਿਚਾਰ ਨੂੰ ਲੈ ਕੇ ਉਨ੍ਹਾਂ ਦਾ ਵਿਸ਼ਵਾਸ ਕਿੰਨਾ ਕੁ ਦ੍ਰਿੜ੍ਹ ਹੈ? ਭਾਜਪਾ ਲਈ ਇਹ ਵੀ ਮਹੱਤਵਪੂਰਨ ਨਹੀਂ ਹੈ ਕਿ ਹਿੰਦੂ ਵੇਦਾਂ, ਉਪਨਿਸ਼ਦਾਂ, ਗੀਤਾ ਆਦਿ ਦੇ ਗਿਆਨ ਦਾ ਸੋਮਾ ਹੋਵੇ ਜਾਂ ਨਹੀਂ। ਭਾਜਪਾ ਹਿੰਦੂ ਧਰਮ ਨੂੰ ਮੁਸਲਮਾਨ ਤੇ ਇਸਾਈ ਦੇ ਪ੍ਰਤੀ ਨਫਰਤ ਵਜੋਂ ਨਾਪਦੀ ਹੈ। ਇਸ ਲਈ ਉਹ ਇਸੇ ਸਿਆਸਤ ’ਤੇ ਹੀ ਕੰਮ ਕਰਦੀ ਹੈ। ਭਾਜਪਾ ਜਾਣਦੀ ਹੈ ਕਿ ਮੁਸਲਮਾਨ ਉਸ ਨੂੰ ਵੋਟ ਨਹੀਂ ਦੇਣਗੇ। ਇਸ ਲਈ ਉਹ ਹਿੰਦੂਆਂ ਨੂੰ ਆਪਣੇ ਵਲ ਖਿੱਚਣ ਦਾ ਯਤਨ ਕਰਦੀ ਰਹਿੰਦੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਚੋਣ ਪ੍ਰਚਾਰ ਕੁਝ ਵੀ ਹੋਵੇ, ਦੇਖਣ ਵਾਲੀ ਗੱਲ ਇਹ ਹੈ ਕਿ ਸਰਕਾਰ ਬਨਾਉਣ ਤੋਂ ਬਾਅਦ ਕੀ ਉਹ ਪਾਰਟੀ ਕਿਸੇ ਭਾਈਚਾਰੇ ਨਾਲ ਕੋਈ ਭੇਦਭਾਵ ਕਰ ਰਹੀ ਹੈ? ਇਸ ਤਰਕ ਦੇ ਸਹਾਰੇ ਮੁਸਲਮਾਨ ਤੇ ਇਸਾਈ ਵਿਰੋਧੀ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ ਨੂੰ ਪਹਿਲੇ ਰਾਜਨੇਤਾ ਦੇ ਰੂਪ ਵਿਚ ਸਵੀਕਾਰਿਆ ਗਿਆ। ਫਿਰ ਦੋਨਾਂ ਦੀ ਤਰੱਕੀ ਕਰਕੇ ਇਨ੍ਹਾਂ ਨੂੰ ਰਾਸ਼ਟਰੀ ਨਾਇਕ ਦਾ ਦਰਜਾ ਦਿੱਤਾ ਗਿਆ।

ਸਭਿਅਕ ਸਮਾਜਾਂ ਵਿਚ ਅਜਿਹੇ ਫਾਸ਼ੀਵਾਦੀ ਬਿਰਤੀ ਵਾਲੀਆਂ ਸਖਸ਼ੀਅਤਾਂ ਨੂੰ ਸਾਮਾਜਿਕ ਗਤੀਵਿਧੀਆਂ ਤੋਂ ਦੂਰ ਰੱਖਿਆ ਜਾਂਦਾ ਹੈ। ਪਰ ਸਾਡਾ ਦੁਖਾਂਤ ਇਹ ਹੈ ਕਿ ਸਾਡਾ ਸਮਾਜ ਅਜਿਹਾ ਨਹੀਂ ਬਣ ਸਕਿਆ। ਇਸ ਲਈ ਮੁਸਲਮਾਨ ਵਿਰੋਧੀ ਮੁਹਿੰਮ ਚਲਾਉਣ ਵਾਲਿਆਂ ਨੂੰ ਨਾ ਸਿਰਫ ਮੁਲਕ ਸੌਂਪ ਦਿੱਤਾ ਜਾਂਦਾ ਹੈ, ਬਲਕਿ ਸਾਡੇ ਸਮਾਜ ਦੇ ਮਹੱਤਵਪੂਰਨ ਲੋਕ ਉਨ੍ਹਾਂ ਦੇ ਨਾਲ ਚਾਹ ਪੀਣ ਵਿਚ ਮਾਣ ਮਹਿਸੂਸ ਕਰਦੇ ਹਨ ਤੇ ਇਸ ਨੂੰ ਉਹ ਆਪਣੀ ਸਭਿਅਤਾ ਦਾ ਸਬੂਤ ਮੰਨਦੇ ਹਨ। ਇਹ ਨਫ਼ਰਤ ਭਰਪੂਰ ਪ੍ਰਚਾਰ ਦੇ ਲਈ ਮੰਚ ਨੂੰ ਸਿਰਜਦੇ ਹਨ ਤੇ ਉਨ੍ਹਾਂ ਦੇ ਵਿਚਾਰਾਂ ਪ੍ਰਤੀ ਸਹਿਮਤੀ ਪ੍ਰਗਟਾਉਂਦੇ ਹਨ। ਚੋਣਾਂ ਦੌਰਾਨ ਜਨਤਾ ਨੂੰ ਫਾਸ਼ੀਵਾਦ ਤੇ ਨਸਲਵਾਦ ਦੀ ਜੇਲ੍ਹ ਵਿਚ ਬੰਦ ਕਰਨ ਦਾ ਯਤਨ ਕੀਤਾ ਜਾਂਦਾ ਹੈ। ਲਗਦਾ ਤਾਂ ਇਹ ਹੈ ਕਿ ਜਨਤਾ ਨੇਤਾ ਚੁਣ ਰਹੀ ਹੈ, ਪਰ ਨੇਤਾ ਜਾਂ ਰਾਜਨੀਤਕ ਦਲ ਵੀ ਆਪਣੀ ਜਨਤਾ ਚੁਣਦੇ ਹਨ। ਆਮ ਤੌਰ ’ਤੇ ਸਾਧਾਰਨ ਲੋਕਤੰਤਰ ਅਵਸਥਾ ਵਿਚ ਇਕ ਆਮ ਰਾਜਨੀਤਕ ਦਲ ਇਹ ਚਾਹੇਗਾ ਕਿ ਉਸ ਦੀ ਜਨਤਾ ਵਿਚ ਸਮਾਜ ਵਿਚ ਮੌਜੂਦ ਹਰ ਤਰ੍ਹਾਂ ਦੇ ਲੋਕਾਂ ਵਿਚ ਉਸ ਦਾ ਅਕਸ ਵਧੀਆ ਬਣ ਕੇ ਪੇਸ਼ ਹੋਵੇ। ਇਥੋਂ ਤੱਕ ਅਮੀਰ ਗਰੀਬ ਦੀ ਵਰਗ ਵੰਡ ਵਿਰੁਧ ਲੜਨ ਵਾਲੀ ਕਮਿਊਨਿਸਟ ਪਾਰਟੀ ਸਿਰਫ ਮਜ਼ਦੂਰਾਂ ਤੇ ਕਿਸਾਨਾਂ ਤੱਕ ਖੁਦ ਨੂੰ ਸੀਮਤ ਨਹੀਂ ਰੱਖਣਾ ਚਾਹੁੰਦੀ, ਉਹ ਸਭ ਲੋਕਾਂ ਵਿਚ ਆਪਣੀ ਮਾਨਤਾ ਪ੍ਰਾਪਤ ਕਰਨਾ ਚਾਹੁੰਦੀ ਹੈ।

ਰਾਸ਼ਟਰੀ ਜਨਤਾ ਦਲ ਤੇ ਬਹੁਜਨ ਸਮਾਜ ਪਾਰਟੀ ਵਰਗੇ ਦਲਾਂ ਨੇ ਵੀ ਖੁਦ ਨੂੰ ਬਦਲਿਆ ਹੈ। ਪਰ ਭਾਜਪਾ ਇਸ ਦੇ ਉਲਟ ਹਿੰਦੂਤਵ ਨੂੰ ਆਧਾਰ ਬਣਾ ਕੇ ਮੁਸਲਮਾਨਾਂ ਦੇ ਖਿਲਾਫ਼ ਨਫ਼ਰਤ ਫੈਲਾਉਂਦੀ ਹੈ ਤਾਂ ਜੋ ਭਾਰਤ ਦਾ ਸਾਰਾ ਹਿੰਦੂ ਵੋਟ ਬੈਂਕ ਉਸ ਦੀ ਸ਼ਰਨ ਵਿਚ ਆ ਜਾਵੇ। ਇਸ ਸੰਬੰਧ ਵਿਚ ਜੋ ਮੁਸਲਮਾਨਾਂ ਦੇ ਖਿਲਾਫ਼ ਸਾਜ਼ਿਸੀ ਡੰਗ ਨਾਲ ਹਿੰਸਾ ਹੋ ਰਹੀ ਹੈ, ਉਸ ਬਾਰੇ ਵੀ ਉਹ ਕੰਨ ਲਪੇਟ ਲੈਂਦੀ ਹੈ।

ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਜ਼ਹਿਰੀਲੇ ਪ੍ਰਚਾਰ ਨਾਲ ਉਸ ਦੇ ਕਈ ਬੌਧਿਕ ਸਮਰਥਕ ਵੀ ਹਿੱਲ ਗਏ ਹਨ, ਉਹ ਆਪਣੀ ਪਾਰਟੀ ਦੇ ਨਾਲ ਇਸ ਪੱਧਰ ’ਤੇ ਡਿੱਗਣ ਦੇ ਲਈ ਤਿਆਰ ਨਹੀਂ ਸਨ। ਪਰ ਉਨ੍ਹਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਘ੍ਰਿਣਾ ਦੀ ਮਾਤਰਾ ਵਧਦੀ ਰਹਿੰਦੀ ਹੈ। ਉਸ ਦਾ ਆਧਾਰ ਸੀਮਤ ਨਹੀਂ ਹੁੰਦਾ। ਇਨ੍ਹਾਂ ਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜੋ ਕੁਝ ਉਨ੍ਹਾਂ ਨੇ ਆਧਾਰ ਬੁਣਿਆ ਹੈ, ਉਸ ਦੀ ਫਸਲ ਵੱਡੇ ਪੱਧਰ ’ਤੇ ਤਿਆਰ ਹੋ ਰਹੀ ਹੈ। ਇਸ ਬਾਰੇ ਹੁਣ ਉਨ੍ਹਾਂ ਨੂੰ ਵਿਚਾਰ ਕਰਨ ਦੀ ਲੋੜ ਹੈ। ਹੁਣ ਬਹੁਤ ਸਾਰੇ ਲੋਕ ਇਹ ਕਹਿਣ ਲੱਗ ਪਏ ਹਨ ਕਿ ਭਾਜਪਾ ਦੇ ਰਾਜ ਦੌਰਾਨ ਜਨਤਾ ਤੇ ਵੋਟਰ ਦੇ ਚਰਿੱਤਰ ਵਿਚ ਤਬਦੀਲੀ ਆ ਰਹੀ ਹੈ। ਇਹ ਕਿਸੇ ਦੇਸ, ਰਾਸ਼ਟਰ ਜਾਂ ਸਮਾਜ ਦੇ ਲਈ ਸ਼ੁੱਭ ਨਹੀਂ ਹੈ ਕਿ ਉਨ੍ਹਾਂ ਨੂੰ ਵੱਖ-ਵੱਖ ਵਰਗਾਂ ਵਿਚ ਵੰਡ ਕੇ ਸਾਂਝੇਦਾਰੀ ਤੋੜ ਕੇ ਨਫਰਤ ਫੈਲਾ ਦਿੱਤੀ ਜਾਵੇ। ਭਾਜਪਾ ਦਾ ਆਧਾਰ ਅਜਿਹੇ ਵੋਟਰਾਂ ਦਾ ਹੈ, ਜੋ ਖੁਦ ਨੂੰ ਹਿੰਦੂ ਮੰਨਦੇ ਹਨ, ਪਰ ਉਨ੍ਹਾਂ ਦਾ ਹਿੰਦੂਪਨ ਨਫ਼ਰਤ ਤੇ ਹਿੰਸਾ ਨਾਲ ਭਰਿਆ ਹੋਇਆ ਹੈ। ਉਹ ਹਾਲੇ ਵੀ ਇਹ ਜਾਣਦੇ ਹਨ ਕਿ ਉਨ੍ਹਾਂ ਦਾ ਨੇਤਾ ਝੂਠ ਬੋਲ ਰਿਹਾ ਹੈ, ਪਰ ਉਹ ਉਸ ਦੀ ਬੇਸ਼ਰਮੀ ਅਤੇ ਨਸਲਵਾਦੀ ਸੋਚ ਕਾਰਨ ਉਸ ਦੇ ਸਮਰਥਕ ਹਨ। ਅਜਿਹੀ ਸੋਚ ਦੇ ਵੋਟਰ ਜੋ ਚਾਹੁੰਦੇ ਹਨ, ਉਹੀ ਇਨ੍ਹਾਂ ਦੇ ਨੇਤਾ ਇਨ੍ਹਾਂ ਦੀ ਝੋਲੀ ਵਿਚ ਪਾ ਰਹੇ ਹਨ।

*ਦਿੱਲੀ ਯੂਨੀਵਰਸਿਟੀ (ਦਿੱਲੀ)