ਜ਼ਾਬਤੇ ਵਿਚ ਰਹੇ ਰਵਨੀਤ ਬਿੱਟੂ: ਜਥੇਦਾਰ ਰਘਬੀਰ ਸਿੰਘ

ਜ਼ਾਬਤੇ ਵਿਚ ਰਹੇ ਰਵਨੀਤ ਬਿੱਟੂ: ਜਥੇਦਾਰ ਰਘਬੀਰ ਸਿੰਘ

ਸ੍ਰੀ ਆਨੰਦਪੁਰ ਸਾਹਿਬ: ਲੁਧਿਆਣਾ ਤੋਂ ਕਾਂਗਰਸ ਪਾਰਟੀ ਦੇ ਪਾਰਲੀਮੈਂਟ ਮੈਂਬਰ ਰਵਨੀਤ ਬਿੱਟੂ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲੈਂਦੇ ਹੋਏ ਸਿੱਖ ਆਗੂਆਂ ਨੇ ਬਿੱਟੂ ਨੂੰ ਆਪਣੀ ਹੱਦ ਅੰਦਰ ਰਹਿ ਕੇ ਬਿਆਨਬਾਜ਼ੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਆਪਣੇ ਪੁਰਖਿਆਂ ਵੱਲੋਂ ਪੰਜਾਬ ਦੀ ਜੁਆਨੀ ਦੇ ਕੀਤੇ ਘਾਣ ਨੂੰ ਯਾਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਮੌਕੇ ਸਮੁੱਚੀ ਕੌਮ ਜਥੇਦਾਰ ਸ੍ਰੀ ਅਕਾਲ ਤਖਤ ਨਾਲ ਖੜ੍ਹੀ ਹੈ। 

ਤਖਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖਤ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ ਤੇ ਉੱਥੋਂ ਦੇ ਜਥੇਦਾਰ ਬਾਰੇ ਬਿੱਟੂ ਵੱਲੋਂ ਵਰਤੀ ਜਾ ਰਹੀ ਸ਼ਬਦਾਵਲੀ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਬਿੱਟੂ ਨੂੰ ਆਪਣੀ ਹੱਦ ’ਚ ਰਹਿ ਕੇ ਬੋਲਣਾ ਹੀ ਨਹੀਂ ਚਾਹੀਦਾ ਸਗੋਂ ਬੇਅੰਤ ਸਿੰਘ ਸਰਕਾਰ ਦੌਰਾਨ ਪੰਜਾਬ ਦੀਆਂ ਹਜ਼ਾਰਾਂ ਮਾਵਾਂ ਦੇ ਬੇਦੋਸ਼ੇ ਪੁੱਤਾਂ ਦੇ ਕਤਲੇਆਮ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ। 

ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਗੁਰਬਖਸ਼ ਸਿੰਘ ਖਾਲਸਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਾਰੇ ਜਾਂ ਉਨ੍ਹਾਂ ਦੇ ਬਿਆਨ ’ਤੇ ਟਿੱਪਣੀ ਕਰਨ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਲੋਕਾਂ ਤੋਂ ਕੌਮੀ ਸ਼ਹੀਦਾਂ ਬਾਰੇ ਕੋਈ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਜੋ ਕਿਹਾ ਉਹ ਬਿਲਕੁਲ ਦਰੁਸਤ ਹੈ। ਇਸ ਲਈ ਨਾ ਹੀ ਸਿੱਖ ਕੌਮ ਜਥੇਦਾਰ ਬਾਰੇ ਕੋਈ ਬਿਆਨਬਾਜ਼ੀ ਬਰਦਾਸ਼ਤ ਕਰੇਗੀ ਤੇ ਨਾ ਹੀ ਅਜਿਹਾ ਕਰਨ ਦੀ ਇਜ਼ਾਜ਼ਤ ਦੇਵੇਗੀ। 

ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਸਾਬਕਾ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਸਿੱਖ ਕੌਮ ਨੂੰ ਝੂਠੇ ਪੁਲੀਸ ਮੁਕਾਬਲਿਆਂ ’ਚ ਮਾਰੇ ਗਏ ਪੰਜਾਬੀ ਨੌਜੁਆਨਾਂ ਦੇ ਜ਼ਖਮ ਨਹੀਂ ਭੁੱਲੇ। ਚਾਹੇ ਦਿੱਲੀ ਵਿਚ 1984 ਦਾ ਕਤਲੇਆਮ ਹੋਵੇ ਚਾਹੇ ਪੰਜਾਬ ਅੰਦਰ ਬੇਅੰਤ ਸਿੰਘ ਦੀ ਹਕੂਮਤ ਦੌਰਾਨ ਜੁਆਨੀ ਦਾ ਘਾਣ ਹੋਵੇ, ਇਹ ਦੋਵੇਂ ਕਾਂਗਰਸ ਤੇ ਕਾਂਗਰਸੀਆਂ ’ਤੇ ਕਾਲਾ ਦਾਗ਼ ਹਨ ਜੋ ਕਿਸੇ ਸੂਰਤ ’ਚ ਨਹੀਂ ਮਿਟੇਗਾ। 
ਐਸਜੀਪੀਸੀ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਜਥੇਦਾਰ ਅਕਾਲ ਤਖਤ ਸਾਹਿਬ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਬਿੱਟੂ ਤੋਂ ਸੱਚ ਬਰਦਾਸ਼ਤ ਨਹੀਂ ਕੀਤਾ ਜਾ ਰਿਹਾ ਤੇ ਉਹ ਫੋਕੀ ਸ਼ੋਹਰਤ ਲਈ ਬਿਆਨਬਾਜ਼ੀ ਕਰ ਰਿਹਾ ਹੈ।