ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ

ਵਾਸ਼ਿੰਗਟਨ ਡੀ ਸੀ/ਬਿਊਰੋ ਨਿਊਜ਼:
ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਨ ਵਾਲੇ ਅਤੇ ਵਰਲਡ ਸਿੱਖ ਆਰਗੇਨਾਈਜੇਸ਼ਨ (WSO)  ਦੇ ਬਾਨੀ ਪ੍ਰਧਾਨ ਡਾ. ਗੁਰਮੀਤ ਸਿੰਘ ਔਲਖ ਨਹੀਂ ਰਹੇ। ਉਹ ਉੱਘੇ ਵਿਗਿਆਨੀ ਵੀ ਸਨ । 79 ਵਰ੍ਹਿਆਂ ਦੇ ਡਾ. ਔਲਖ ਪਿਛਲੇ ਕੁਝ ਸਾਲਾਂ ਤੋਂ ਬੀਮਾਰ ਚਲੇ ਆ ਰਹੇ ਸਨ ਅਤੇ ਬੁੱਧਵਾਰ ਨੂੰ ਇੱਥੇ ਅਕਾਲ ਚਲਾਣਾ ਕਰ ਗਏ।
ਸੰਨ 1969 ਤੋਂ ਅਮਰੀਕਾ ਵਿੱਚ ਰਹਿ ਰਹੇ ਡਾ.ਔਲਖ ਅਪਰੇਸ਼ਨ ਬਲਿਊ ਸਟਾਰ ਬਾਅਦ ਖਾੜਕੂ ਸੰਘਰਸ਼ ਦੇ ਹੱਕ ਵਿੱਚ ਮੈਦਾਨ ਵਿੱਚ ਕੁੱਦੇ ਅਤੇ ਮਰਦੇ ਦਮ ਤੱਕ ਸਿੱਖਾਂ ਲਈ ਅਜ਼ਾਦ ਰਾਜ ‘ਖਾਲਿਸਤਾਨ’ ਦੇ ਹਮਾਇਤੀ ਰਹੇ। ਉਨ੍ਹਾਂ ਨੇ ਸਿੱਖਾਂ ਉੱਤੇ ਹਕੂਮਤੀ ਜੁਲਮਾਂ ਦਾ ਮਾਮਲਾ ਕੌਮਾਂਤਰੀ ਪੱਧਰ ਉੱਤੇ ਉਠਾਇਆ। ਉਹ ਕੌਸਲ ਆਫ ਖਾਲਿਸਤਾਨ ਦੇ ਪ੍ਰਧਾਨ ਹੋਣ ਦੇ ਨਾਲ ਨਾਲ ‘ਖਾਲਿਸਤਾਨ’ ਦੇ ਪਹਿਲੇ ‘ਰਾਸ਼ਟਰਪਤੀ’ ਵਜੋਂ ਵੀ ਜਾਣੇ ਜਾਂਦੇ ਸਨ। ਬਾਅਦ ‘ਚ ਉਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ (9SO) ਕਾਇਮ ਕੀਤੀ।
ਭਾਰਤ ਦੀ ਵੰਡ ਤੋਂ ਪਹਿਲਾਂ ਲਾਇਲਪੁਰ (ਜੋ ਹੁਣ ਪਾਕਿਸਤਾਨ ਵਿੱਚ ਫੈਸਲਾਬਾਦ ਵਜੋਂ ਜਾਣਿਆ ਜਾਂਦਾ ਹੈ) ਵਿੱਚ ਜਨਮੇ ਡਾ .ਔਲਖ
ਨੇ ਅਪਣੇ ਪਿੰਡ ਸ਼ਾਹਬਾਜ਼ਪੁਰ (ਜਿਲ੍ਹਾ ਅੰਮ੍ਰਿਤਸਰ) ‘ਚ ਰਹਿੰਦਿਆਂ ਉੱਚ ਪੜ੍ਹਾਈ ਕੀਤੀ। ਉਹ ਪੰਜਾਬ ਦੇ ਖੇਤੀਬਾੜੀ ਵਿਭਾਗ ਵਿੱਚ ਇੰਸਪੈਕਟਰ ਸਨ ਅਤੇ 1965 ਵਿੱਚ ਇੰਗਲੈਂਡ ਚਲੇ ਗਏ। ਉੱਥੋਂ ਉਹ 1969 ਵਿੱਚ ਅਮਰੀਕਾ ਆਏ ਤੇ ਬੌਸਟਨ ਯੂਨੀਵਰਸਿਟੀ ਤੋਂ ਜੈਨੇਟਿਕਸ ਦੇ ਵਿਸ਼ੇ ‘ਚ ਪੀ.ਐੱਚਡੀ. ਕੀਤੀ।
ਨਵੰਬਰ 2000 ਵਿੱਚ ਉਹ ‘ਖਾਲਿਸਤਾਨ’ ਦੇ ਨੁਮਇੰਦੇ ਵਜੋਂ ਸਿਸੱਖ ਮਸਲਿਆਂ ਸਬੰਧੀ ਗੱਲਬਾਤ ਕਰਨ ਲਈ ਪਾਕਿਸਤਾਨ ਦੇ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਨੂੰ ਮਿਲਣ ਲਈ ਸਿੱਖਾਂ ਦਾ ਉਚ ਪੱਧਰੀ 12 ਮੈਂਬਰੀ ਵਫ਼ਦ ਲੈ ਕੇ ਇਸਲਾਮਾਬਾਦ ਗਏ।
ਸਿੱਖ ਖਾੜਕੂ ਸੰਘਰਸ਼ ਦੀ ਬਹੁ ਚਰਚਿਤ ਪੰਜ ਮੈਂਬਰੀ ਪੰਥਕ ਕਮੇਟੀ ਦੇ ਉਹ ਪਹਿਲੀ ਅਕਤੂਬਰ 1987 ਨੂੰ ਮੈਂਬਰ ਨਾਮਜ਼ਦ ਕੀਤੇ ਗਏ। ਉਹ ਭਾਰਤੀ ਗ੍ਰਹਿ ਮੰਤਰਾਲੇ ਵਲੋਂ ਬਣਚਾਈ ਸਿੱਖਾਂ ਦੀ ਕਾਲੀ ਸੂਚੀ ਵਾਲੇ ਸਿੱਖ ਆਗੂਆਂ ‘ਚੋਂ ਸਨ। ਸੰਨ 1984 ਤੋਂ ਬਾਅਦ ਉਹ ਕਦੇ ਵੀ ਪੰਜਾਬ ਨਹੀਂ ਗਏ। ਪਿਛਲੇ ਸਾਲ ਉਨ੍ਹਾਂ ਦਾ ਨਾਂਅ ਇਸ ਸੂਚੀ ਵਿਚੋਂ ਕੱਟ ਦਿੱਤਾ ਗਿਆ ਸੀ।
ਪੰਥਕ ਜਥੇਬੰਦੀਆਂ ਵਲੋਂ ਦੁੱਖ ਦਾ ਪ੍ਰਗਟਾਵਾ
ਨਿਊਯਾਰਕ/ਬਿਊਰੋ ਨਿਊਜ਼:
ਉੱਤਰੀ ਅਮਰੀਕਾ ਅਤੇ ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਅਵਾਜ਼ ਬੁਲੰਦ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਔਲਖ ਦੀ ਮੌਤ ਉੱਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਯੂਥ ਆਫ਼ ਅਮਰੀਕਾ, ਸਿੱਖਸ ਫਾਰ ਜਸਟਿਸ, ਯੁਨਾਈਟਿਡ ਖਾਲਸਾ ਦਲ ਯੂ.ਕੇ. ਦਲ ਖਾਲਸਾ ਭਾਰਤ ਅਤੇ ਹੋਰਨਾਂ ਜਥੇਬੰਦੀਆਂ ਨੇ ਵੱਖ ਵੱਖ ਬਿਆਨਾਂ ਵਿੱਚ ਕਿਹਾ ਕਿ ਡਾ.ਔਲਖ ਅਣਥੱਕ ਯੋਧੇ ਅਤੇ ਅਪਣੇ ਨਿਸ਼ਾਨੇ ਉੱਤੇ ਆਖ਼ਰੀ ਸਾਹ ਤੱਕ ਪਹਿਰਾ ਦੇਣ ਵਾਲੇ ਯੋਧਾ ਸਨ। ਕੌਸਲ ਆਫ ਖਾਲਿਸਤਾਨ ਦੇ ਮੁਖੀ ਡਾਕਟਰ ਗੁਰਮੀਤ ਸਿੰਘ ਔਲਖ ਨੇ ਬੜੇ ਹੀ ਸੁਚੱਜੇ ਢੰਗ ਨਾਲ ਖਾਲਿਸਤਾਨ ਦੀ ਆਵਾਜ਼ ਅੰਤਰਾਸ਼ਟਰੀ ਪੱਧਰ ਤੇ ਬੁਲੰਦ ਕੀਤੀ ਅਤੇ ਕੌਮੀ ਘਰ ਖਾਲਿਸਤਾਨ ਨੂੰ ਸਦਾ ਸਮਰਪਤ ਰਹੇ ਹਨ । ਸਭ ਤੋਂ ਵੱਡੀ ਗੱਲ ਕਿ ਉਹ ਭਾਰਤ ਸਰਕਾਰ ਦੇ ਬਣਾਏ ਭਰਮ ਜਾਲ ਵਿੱਚ ਨਹੀਂ ਫਸੇ। ਡਾਕਟਰ ਔਲਖ ਦਾ ਭਾਰਤ ਦਾਖਲਾ ਬੰਦ ਹੋਣ ਤੋਂ ਬਾਅਦ ਉਹਨਾਂ ਵਤਨ ਵਾਪਸੀ ਦੀ ਚਾਹਤ ਨੂੰ ਆਪਣੇ ਅਸੂਲਾਂ ਤੇ ਭਾਰੀ ਨਹੀਂ ਪੈਣ ਦਿੱਤਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਸਟੈਂਡ ਹੈ ।
ਸਿੱਖ ਜਥੇਬੰਦੀਆਂ ਨੇ ਕਿਹਾ ਡਾ. ਔਲਖ ਵਲੋਂ ਸਿੱਖ ਸੰਘਰਸ਼ ਵਿੱਚ ਪਾਏ ਵੱਡਮੁੱਲੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਜਾਣ ਨਾਲ ਸਿੱਖ ਲਹਿਰ ਅਤੇ ਪੰਥ ਨੂੰ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ।

ਸਿੱਖ ਕੌਮ ਦੀ ਅਜ਼ਾਦੀ ਦੀ ਤਹਿਰੀਕ ਨੂੰ ਵੱਡਾ ਘਾਟਾ
ਲੰਡਨ/ਬਿਊਰੋ ਨਿਊਜ਼:
ਯੁਨਾਈਟਿਡ ਖਾਲਸਾ ਦਲ ਯੂ,ਕੇ ਨੇ ਇੱੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਵਸਦੇ ਸਿੱਖਾਂ ਦੇ ਦਰਦ ਨੂੰ ਆਪਣਾ ਦਰਦ ਸਮਝਦਿਆਂ ਸਿੱਖ ਕੌਮ ਨੂੰ ਭਾਰਤ ਸਰਕਾਰ ਦੀ ਗੁਲਾਮੀ ਤੋਂ ਨਿਜ਼ਾਤ ਦਿਵਾਉਣ ਲਈ ਵਿਦੇਸ਼ਾਂ’ਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਅਵਾਜ਼ ਬੁਲੰਦ ਕਰਨ ਵਾਲੇ ਡਾਕਟਰ ਗੁਰਮੀਤ ਸਿੰਘ ਔਲਖ ਦੀ ਮੌਤ ਤੇ ਯੁਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ।
ਉਨਾਂ ਕਿਹਾ ਕਿ ਬੇਵਕਤ ਮੌਤ ਨਾਲ ਸਿੱਖ ਕੌਮ ਦੀ ਚੱਲ ਰਹੀ ਅਜ਼ਾਦੀ ਦੀ ਤਹਿਰੀਕ ਨੂੰ ਵੱਡਾ ਘਾਟਾ ਪਿਆ ਹੈ । ਦਲ ਦੇ ਪ੍ਰਧਾਨ  ਨਿਰਮਲ ਸਿੰਘ ਸੰਧੂ, ਅਤੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਅਕਾਲ ਪੁਰਖ ਅੱੱਗੇ ਅਰਦਾਸ ਕਰਦਿਆਂ ਕਿਹਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ।
ਯੁਨਾਈਟਿਡ ਖਾਲਸਾ ਦਲ ਯੂ.ਕੇ. ਵਲੋਂ ਭਾਰਤ ਸਰਕਾਰ ਅਤੇ ਭਾਰਤ ਸਰਕਾਰ ਦੇ ਕਰਿੰਦਆਂ ਦੀਆਂ ਪੇਸ਼ਕਸਾਂ ਨੂੰ ਜੁੱਤੀ ਤੇ ਠੁਕਰਾਉਣ ਵਾਲੇ ਅਤੇ ਖਾਲਿਸਤਾਨ ਦੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਸਾਰਥਕ ਢੰਗ ਨਾਲ ਯਤਨ ਕਰ ਰਹੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।