ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਵਿਚ  ਸਿਟ ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ     

ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਵਿਚ  ਸਿਟ ਸਾਹਮਣੇ ਪੇਸ਼ ਹੋਏ ਸੁਖਬੀਰ ਬਾਦਲ     

           *ਸਿਟ' ਵਲੋਂ  ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ

*ਬਹਿਬਲ ਕਲਾਂ ਤੇ ਕੋਟਕਪੂਰਾ ਮਾਮਲੇ 'ਚ ਰਾਜਨੀਤੀ ਕਰ ਰਹੀ ਹੈ ਸਰਕਾਰ-ਸੁਖਬੀਰ 

                *ਇਨ੍ਹਾਂ ਮਾਮਲਿਆਂ 'ਚ ਕੇਵਲ ਸਿਆਸਤ ਹੋ ਰਹੀ ਹੈ-ਮਜੀਠੀਆ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਬੀਤੇ ਮੰਗਲਵਾਰ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ 'ਵਿਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਸਾਹਮਣੇ ਪੇਸ਼ ਹੋਏ । 'ਸਿਟ' ਨੇ ਉਨ੍ਹਾਂ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ।ਇਸ ਦੌਰਾਨ ਉੱਥੇ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਵਰਕਰ ਮੌਜੂਦ ਸਨ | ਸਿਟ ਮੂਹਰੇ ਪੇਸ਼ੀ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਗੀਰ ਕੌਰ, ਸੁਰਜੀਤ ਸਿੰਘ ਰੱਖੜਾ, ਐੱਨ.ਕੇ. ਸ਼ਰਮਾ, ਐਡਵੋਕੇਟ ਅਰਸ਼ਦੀਪ ਸਿੰਘ ਕਲੇਰ, ਗੁਲਜਾਰ ਸਿੰਘ ਰਾਣੀਕੇ, ਪਰਮਬੰਸ ਸਿੰਘ ਬੰਟੀ ਰੋਮਾਣਾ, ਸਰਵਣ ਸਿੰਘ ਕੁਲਾਰ ਤੋਂ ਇਲਾਵਾ ਵੱਡੀ ਗਿਣਤੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਸਨ ।ਇਸ ਦੌਰਾਨ ਚੰਡੀਗੜ੍ਹ ਪੁਲਿਸ ਵਲੋਂ ਵੀ ਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ । ਦੱਸਣਯੋਗ ਹੈ ਕਿ ਸੁਖਬੀਰ ਸਿੰਘ ਬਾਦਲ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਗ੍ਰਹਿ ਮੰਤਰੀ ਸਨ, ਨੂੰ ਪਹਿਲਾਂ ਬੀਤੀ 30 ਅਗਸਤ ਨੂੰ ਸਿਟ ਨੇ ਸੰਮਨ ਜਾਰੀ ਕਰਕੇ ਪੇਸ਼ ਹੋਣ ਲਈ ਕਿਹਾ ਸੀ, ਪ੍ਰੰਤੂ ਜ਼ੀਰਾ ਕੋਰਟ ਵਿਚ ਪੇਸ਼ੀ ਹੋਣ ਕਾਰਨ ਸੁਖਬੀਰ ਸਿੰਘ ਬਾਦਲ ਉਸ ਦਿਨ ਸਿੱਟ ਸਾਹਮਣੇ ਪੇਸ਼ ਨਹੀਂ ਹੋ ਸਕੇ ਸਨ ।ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਆਈ.ਜੀ. ਨੌਨਿਹਾਲ ਸਿੰਘ ਦੀ ਅਗਵਾਈ ਵਾਲੀ 'ਸਿਟ' ਕਰ ਰਹੀ ਹੈ ਜਦਕਿ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਏ.ਡੀ.ਜੀ.ਪੀ. ਐੱਲ.ਕੇ ਯਾਦਵ ਦੀ ਅਗਵਾਈ ਵਾਲੀ ਸਿਟ ਕਰ ਰਹੀ ਹੈ । ਸੁਖਬੀਰ ਸਿੰਘ ਬਾਦਲ ਆਉਣ ਵਾਲੀ 14 ਸਤੰਬਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਸਿਟ ਸਾਹਮਣੇ ਪੇਸ਼ ਹੋਣਗੇ ।

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੀ ਸਿਟ ਵੀ ਮਾਮਲੇ ਦੀ ਜਾਂਚ ਕਰ ਚੁੱਕੀ ਹੈ, ਜਿਸ ਦੀ ਰਿਪੋਰਟ ਨੂੰ ਹਾਈਕੋਰਟ ਨੇ ਰੱਦ ਕਰ ਦਿੱਤਾ ਸੀ । ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ਵਿਚ ਕੇਵਲ ਸਿਆਸਤ ਹੋ ਰਹੀ ਹੈ ।ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਜ਼ਿੰਮੇਵਾਰ ਠਹਿਰਾਉਣਾ ਹੈ ਤਾਂ ਭਗਵੰਤ ਮਾਨ ਕਿਵੇਂ ਬਚ ਸਕਦੇ ਹਨ ।ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਕੇ ਕਰੋੜਾਂ ਰੁਪਏ ਦਾ ਇਸ਼ਤਿਹਾਰ ਦਿੱਤਾ ਹੈ ।ਉਨ੍ਹਾਂ ਕਿਹਾ ਕਿ ਕਾਲੀ ਦੇਵੀ ਮੰਦਰ 'ਤੇ ਹੋਈ ਹਿੰਸਾ ਅਤੇ ਸੂਬੇ ਵਿਚ ਵਾਪਰੀਆਂ ਹੋਰ ਮੰਦਭਾਗੀ ਘਟਨਾਵਾਂ ਲਈ ਵੀ ਭਗਵੰਤ ਮਾਨ ਜ਼ਿੰਮੇਵਾਰ ਹਨ ।

ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਬਹਿਬਲ ਕਲਾਂ ਤੇ ਕੋਟਕਪੂਰਾ ਵਿਚ ਪੁਲਿਸ ਗੋਲੀਬਾਰੀ ਦੇ ਸੰਵੇਦਨਸ਼ੀਲ ਮਾਮਲਿਆਂ 'ਤੇ ਰਾਜਨੀਤੀ ਖੇਡ ਰਹੀ ਹੈ ਅਤੇ ਇਸ ਨੂੰ ਦੋਸ਼ੀਆਂ ਨੂੰ ਫੜਨ ਅਤੇ ਸਜ਼ਾਵਾਂ ਦੇਣ ਵਿਚ ਕੋਈ ਦਿਲਚਸਪੀ ਨਹੀਂ ਹੈ ।ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਅਤੇ ਇਸ ਦੇ ਆਗੂ ਗੋਲੀਬਾਰੀ ਕੇਸਾਂ ਦੀ ਜਾਂਚ ਕਰ ਰਹੀਆਂ ਵਿਸ਼ੇਸ਼ ਜਾਂਚ ਟੀਮ ਭਾਵ ਐਸ. ਆਈ. ਟੀਜ਼ ਨਾਲ ਪੂਰਾ ਸਹਿਯੋਗ ਕਰਨ ਲਈ ਤਿਆਰ ਹਨ ।ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 'ਆਪ' ਸਰਕਾਰ ਸੌੜੇ ਸਿਆਸੀ ਹਿੱਤਾਂ ਖ਼ਿਲਾਫ਼ ਇਨ੍ਹਾਂ ਮਾਮਲਿਆਂ 'ਤੇ ਰਾਜਨੀਤੀ ਖੇਡ ਰਹੀ ਹੈ ।