ਸ਼ਹੀਦਾਂ ਨੂੰ ਯਾਦ ਕਰਨ ਦੀ ਸਾਡੀ ਰਵਾਇਤ ਅਤੇ ਮਜੂਦਾ ਪਾੜਾ 

ਸ਼ਹੀਦਾਂ ਨੂੰ ਯਾਦ ਕਰਨ ਦੀ ਸਾਡੀ ਰਵਾਇਤ ਅਤੇ ਮਜੂਦਾ ਪਾੜਾ 

ਸ਼ਹੀਦਾਂ ਨੂੰ ਯਾਦ ਕਰਨ ਦੀ ਸਾਡੀ ਰਵਾਇਤ ਅਤੇ ਮਜੂਦਾ ਪਾੜਾ 

ਖਾੜਕੂ ਸੰਘਰਸ਼ ਦੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਹਨਾ ਦੇ ਸਾਥੀ ਚਰਨਜੀਤ ਸਿੰਘ ਚੰਨਾ ਦਾ ਸ਼ਹੀਦੀ ਦਿਹਾੜਾ ਸ੍ਰੀ ਦਰਬਾਰ ਸਾਹਿਬ ਵਿੱਖੇ ਮਨਾਇਆ ਗਿਆ। ਇਹ ਦੋਵੇਂ ਸਿੰਘ 4 ਸਤੰਬਰ 1991 ਨੂੰ ਪੁਲਸ ਨਾਲ ਹੋਏ ਇਕ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਸਮਾਗਮ ਵਿੱਚ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼ਾਮਿਲ ਹੋਏ ਅਤੇ  ਉਹਨਾ ਦੋਨਾ ਜੁਝਾਰੂਆ ਨੂੰ ਸ਼ਰਧਾਂਜਲੀ ਭੇਟ ਕੀਤੀ। ਸਮਾਗਮ ਦਾ ਆਯੋਜਨ ਦਲ ਖਾਲਸਾ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਦੋਵੇਂ ਖਾੜਕੂ ਸਿੰਘਾਂ ਦੇ ਪਰਿਵਾਰਕ ਮੈਂਬਰ ਵੀ ਹਾਜਰ ਹੋਏ, ਜਿੰਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਧਾਮੀ ਨੇ ਕਿਹਾ ਕਿ ਉਹ ਜਲਦ ਹੀ ਇਸ ਮਹੀਨੇ ਅੰਦਰ ਭਾਈ ਬਲਵਿੰਦਰ ਸਿੰਘ ਜਟਾਣਾ ਦੀ ਤਸਵੀਰ ਸਿੱਖ ਅਜਾਇਬ ਘਰ ਵਿੱਚ ਸਸ਼ੋਭਿਤ ਕਰਨਗੇ। 

ਜਿਕਰਯੋਗ ਹੈ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਉਹਨਾਂ ਦੇ ਸਾਥੀ ਰਹੇ ਸਿੰਘ ਭਾਈ ਚਰਨਜੀਤ ਸਿੰਘ ਚੰਨਾ ਦਾ ਗਾਇਕ ਸਿੱਧੂ ਮੂਸੇ ਵਾਲੇ ਦੀ ਮੌਤ ਤੋਂ ਬਾਅਦ ਜਾਰੀ ਹੋਏ ਗੀਤ ਐਸ.ਵਾਈ.ਐੱਲ ਵਿਚ ਜ਼ਿਕਰ ਹੋਇਆ ਸੀ। ਜਿਸ ਤੋਂ ਬਾਅਦ ਭਾਈ ਜਟਾਣਾ ਜੀ ਅਤੇ ਸਾਥੀ ਸਿੰਘਾਂ ਦੇ ਪੰਜਾਬ ਦੇ ਪਾਣੀਆਂ ਲਈ ਲੜੇ ਸੰਘਰਸ਼ ਲਈ ਕਾਫ਼ੀ ਚਰਚਾ ਹੋਈ ਹੈ।

ਸਾਡੀ ਪੰਥਕ ਰਵਾਇਤ ਹੈ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੇ ਦਿਨ ਮਨਾਉਂਦੇ ਹਾਂ। ਸਿੱਖ ਸ਼ਹੀਦਾਂ ਬਾਰੇ, ਜਦੋਂ ਸਿੱਖ ਆਪਸ ਵਿੱਚ ਮਿਲਣ, ਗੱਲ ਹੋਣੀ ਚਾਹੀਦੀ ਹੈ, ਇਹ ਚੰਗੀ ਗੱਲ ਹੈ। ਪਰ ਜੇਕਰ ਅਸੀਂ ਨੇੜਲੇ ਇਤਿਹਾਸ ਦੀ ਗੱਲ ਕਰੀਏ ਤਾਂ ਸਰਕਾਰ ਦੇ ਦਮਨ ਚੱਕਰ ਤੋਂ ਬਾਅਦ ਇਹ ਗੱਲ ਅਸੀਂ ਗਵਾ ਲਈ ਹੈ। ਚੁੱਪ ਨੂੰ ਹੀ ਮੁਕੱਦਰ ਸਮਝ ਕੇ ਆਪਣੇ ਬੱਚਿਆਂ ਤੱਕ, ਅਗਲੀ ਪੀੜ੍ਹੀ ਤੱਕ, ਪਰਿਵਾਰਕ ਤੌਰ 'ਤੇ ਜਾਂ ਇਕੱਠ ਵਿਚ ਸ਼ਹੀਦਾਂ ਦੀ ਗੱਲ ਮਿਲ ਬੈਠ ਕੇ ਵਿਚਾਰਨੀ ਅਸੀਂ ਛੱਡ ਹੀ ਦਿੱਤੀ ਹੈ। 

ਅਸੀਂ ਇੱਕ ਦਫ਼ਾ ਪਹਿਲਾਂ ਵੀ ਜਿਕਰ ਕੀਤਾ ਸੀ ਕਿ ਜਦੋਂ ਬਿਜਲ ਸੱਥ (ਸੋਸ਼ਲ ਮੀਡੀਆ) ਆਪਣੇ ਸ਼ੁਰੂਆਤੀ ਦੌਰ 'ਚ ਸੀ ਤਾਂ ਬਾਹਰ ਦੇ ਜਹਾਨ 'ਚ ਹੋਣ ਵਾਲੀ ਘਟਨਾ ਜਾਂ ਚੱਲ ਰਹੇ ਕਿਸੇ ਮਸਲੇ ਆਦਿ ਦੀ ਗੱਲ ਬਿਜਲ ਸੱਥ 'ਤੇ ਕੀਤੀ ਜਾਂਦੀ ਸੀ, ਹੁਣ ਹਲਾਤ ਇਹ ਬਣ ਗਏ ਹਨ ਕਿ ਬਿਜਲ ਸੱਥ 'ਤੇ ਜੋ ਵਾਪਰ ਰਿਹਾ ਹੈ ਉਸੇ ਦੀ ਹੀ ਗੱਲ ਬਾਹਰਲੇ ਜਹਾਨ 'ਚ ਵੱਧ ਚੱਲਦੀ ਰਹਿੰਦੀ ਹੈ। ਇੱਥੇ ਵੀ ਓਹੀ ਵੇਖਣ ਨੂੰ ਮਿਲਿਆ ਹੈ। ਜਦੋਂ ਬਿਜਲ ਸੱਥ ਉਪਰ ਇਹਨਾਂ ਸ਼ਹੀਦ ਸਿੰਘਾਂ ਦਾ ਜ਼ਿਕਰ ਹੋਇਆ, ਗੀਤ ਆਇਆ, ਗੱਲ ਚੱਲੀ ਤਾਂ ਜਾ ਕੇ ਅਸੀਂ ਸਿੰਘਾਂ ਦੀਆ ਕੁਰਬਾਨੀਆਂ ਨੂੰ ਥੋੜ੍ਹਾ ਬਹੁਤ ਯਾਦ ਕੀਤਾ ਹੈ। ਬਿਹਤਰ ਗੱਲ ਤਾਂ ਇਹ ਸੀ ਕਿ ਸਾਡੇ ਵਿੱਚ ਸਿੰਘਾਂ ਦੀਆਂ ਵਿਚਾਰਾਂ ਪਹਿਲਾਂ ਹੀ ਹੁੰਦੀਆਂ, ਅਸੀਂ ਇਹ ਗੱਲਾਂ ਆਪਣੀ ਅਗਲੀ ਪੀੜੀ ਤੱਕ ਪਹੁੰਚਾਉਂਦੇ। 

ਬਿਜਲ ਸੱਥ ਆਉਣ ਤੋਂ ਬਾਅਦ ਗੱਲ ਕਹਿਣੀ ਜਿਸ ਤਰ੍ਹਾਂ ਸੌਖੀ ਹੋ ਗਈ ਹੈ, ਉਸ ਤੋਂ ਬਾਅਦ ਵੀ ਸ਼ਹੀਦਾਂ ਦੀ ਗੱਲ, ਸ਼ਹੀਦਾਂ ਦੇ ਕਿਰਦਾਰ ਬਾਰੇ, ਉਹਨਾਂ ਦੀ ਜੀਵਨੀ ਬਾਰੇ ਸੇਧ ਦਿੰਦੀਆਂ ਲਿਖਤਾਂ ਅਸੀਂ ਹਰੇਕ ਨਾਨਕ ਨਾਮ ਲੇਵਾ ਸੰਗਤ ਤੀਕ ਉਸ ਸਫਲਤਾ ਨਾਲ ਨਹੀਂ ਪਹੁੰਚਾ ਸਕੇ ਜਿਸ ਤਰ੍ਹਾਂ ਅਸੀਂ ਆਪਣੇ ਆਪਸੀ ਵਿਵਾਦ, ਅੰਦਰੂਨੀ ਕਲੇਸ਼ ਨੂੰ ਪੂਰਾ ਜ਼ੋਰ ਲਗਾ ਕੇ ਹਰੇਕ ਪ੍ਰਾਣੀ ਤੱਕ ਪਹੁੰਚਾਉਂਦੇ ਹਾਂ।

ਗੁਰੂ ਪਾਤਿਸਾਹ ਦੀ ਮਿਹਰ ਸਦਕਾ ਵਿਰਲੇ ਮਨੁੱਖ ਹੁੰਦੇ ਜਿਨ੍ਹਾਂ ਨੇ ਇਤਿਹਾਸ ਬਣਾਉਣਾ ਹੁੰਦਾ, ਬਾਕੀਆਂ ਨੇ ਉਹ ਗੱਲ ਅੱਗੇ ਲੈ ਕੇ ਜਾਣੀ ਹੁੰਦੀ ਹੈ। ਉਸ ਇਤਿਹਾਸ ਨੂੰ ਅਗਲੀ ਪੀੜੀ ਤੱਕ ਲੈ ਕੇ ਜਾਣਾ ਹੁੰਦਾ ਹੈ, ਲਿਖਣ ਵਾਲਿਆਂ ਨੇ ਲਿਖਣਾ ਹੁੰਦਾ ਹੈ, ਬੋਲਣ ਵਾਲਿਆਂ ਨੇ ਬੋਲਣਾ ਹੁੰਦਾ ਹੈ। ਸਾਡਾ ਰਵਾਇਤੀ ਤਰੀਕਾ ਰਿਹਾ ਹੈ ਕਿ ਅਸੀਂ ਸੰਗਤੀ ਰੂਪ 'ਚ ਮਿਲ ਬੈਠ ਕੇ ਆਪਣੇ ਇਤਿਹਾਸ ਰਾਹੀਂ ਸਿੱਖ ਯਾਦ ਨੂੰ ਤਾਜ਼ਾ ਕਰਦੇ ਹਾਂ। ੧੭ਵੀਂ ਸਦੀ ਦੇ ਵਿੱਚ ਜਦੋਂ ਸਿੱਖ ਸਮੇਂ ਦੀ ਹਕੂਮਤ ਨਾਲ ਟਕਰਾਅ ਵਿਚ ਸਨ, ਹਕੂਮਤ ਦਾ ਹਰ ਪਾਸਿਓਂ ਜ਼ੁਲਮ ਸਹਿ ਰਹੇ ਸਨ ਤਦ ਵੀ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿੱਚ ਗਿਣਤੀ ਕੁ ਦੇ ਸਿੰਘ ਨ੍ਹੇਰੇ ਸਵੇਰੇ ਕਿਸੇ ਜਗ੍ਹਾ ਤੇ ਇਕੱਠੇ ਹੋਕੇ ਪਾਠ ਕਰਦੇ, ਸਿੰਘਾਂ ਨੂੰ ਯਾਦ ਕਰਦੇ ਅਤੇ ਦੇਗ ਵਰਤਾ ਕੇ ਛੱਕਦੇ। ਸਿੰਘਾਂ ਦੇ ਜੀਵਨ ਦੀਆਂ, ਸ਼ਹੀਦੀਆਂ ਦੀਆਂ ਇਹ ਸਭ ਬਾਤਾਂ ਜੋ ਉਸ ਵੇਲੇ ਸਿਰਫ ਬੋਲੀਆਂ ਤੇ ਸੁਣੀਆਂ ਸੁਣਾਈਆਂ ਜਾਂਦੀਆਂ ਸਨ ਬਾਅਦ ਵਿੱਚ ਹਲਾਤ ਸੁਖਾਵੇਂ ਹੋਣ ਤੋਂ ਬਾਅਦ ਹੀ ਭਾਈ ਰਤਨ ਸਿੰਘ ਭੰਗੂ, ਕਵੀ ਸੰਤੋਖ ਸਿੰਘ ਵੱਲੋਂ ਲਿਖੀਆਂ ਗਈਆਂ। ਗੱਲ ਗੌਰ ਕਰਨ ਵਾਲੀ ਹੈ ਕਿ ੧੭ਵੀਂ ਸਦੀ ਵਿੱਚ ਇਤਿਹਾਸ ਸਿੱਖਾਂ ਨੇ ਨਹੀਂ ਲਿਖਿਆ। ਜੇਕਰ ਲਿਖਿਆ ਤਾਂ ਬਹੁਤ ਹੀ ਥੋੜ੍ਹਾ। ਉਸ ਵੇਲੇ ਨਾ ਕਿਸੇ ਕੋਲ ਲਿਖਣ ਦੀ ਬਹੁਤੀ ਸਹੂਲਤ ਸੀ ਅਤੇ ਨਾ ਹੀ ਵਖਤ ਸੀ ਪਰ ਉਹਨਾਂ ਸਿੱਖਾਂ ਨੇ ਇਤਿਹਾਸ ਆਪਣੇ ਚੇਤਿਆ ਵਿਚ ਲਿਖਿਆ। ਭਾਈ ਰਤਨ ਸਿੰਘ ਭੰਗੂ ਨੇ ਜੋ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਹੈ ਉਸ ਦੀ ਭੂਮਿਕਾ ਵਿਚ ਭਾਈ ਸਾਹਿਬ ਵਲੋਂ ਜਿਕਰ ਹੈ ਕਿ ਇਹ ਸਭ ਇਤਿਹਾਸ ਜੋ ਅਸੀਂ ਆਪਣੇ ਪਿਓ, ਦਾਦਿਆ ਤੋਂ ਸੁਣਿਆਂ ਹੈ ਉਸੇ ਨੂੰ ਹੀ ਹੁਣ ਕਵਿਤਾ ਰੂਪ ਵਿਚ ਲਿਖ ਰਹੇ ਹਾਂ ਜੋ ਕਿ ਅੱਗਿਓ ਉਹਨਾਂ ਦੇ ਬਜ਼ੁਰਗਾਂ ਨੇ ਉਸ ਤੋਂ ਪਹਿਲਾਂ ਵਾਲੇ ਬਜ਼ੁਰਗਾਂ ਤੋਂ ਸੁਣਿਆ ਸੀ ਜਾਂ ਉਹਨਾਂ ਨਾਲ ਖੁਦ ਵਾਪਰਿਆ ਸੀ। 

ਇਸ ਤੋਂ ਇਲਾਵਾ ਗੱਲ ਕਹਿਣ ਸੁਣਨ ਲਈ ਜੋ ਵੀ ਵਕਤੀ ਸਹੂਲਤਾਂ ਹੋਣ ਉਹ ਵੀ ਛੱਡਣੀਆਂ ਨਹੀਂ ਚਾਹੀਦੀਆਂ, ਇਸ ਲਈ ਸਾਡੇ ਕੋਲ ਹੁਣ ਬਿਜਲ ਸੱਥ ਹੈ ਪਰ ਯਾਦ ਰਹੇ ਕਿ ਇਥੇ ਵੀ ਗੱਲ ਕਹਿਣ ਦੀ ਸੌਖ ਦਾ ਸਮਾਂ ਹੁਣ ਲੰਘਦਾ ਜਾ ਰਿਹਾ ਹੈ। ਜੇਕਰ ਅਸੀਂ ਸੰਗਤੀ ਵਿਚਾਰਾਂ ਦੀ ਆਪਣੀ ਰਵਾਇਤ ਮੁਤਾਬਕ ਸ਼ਹੀਦਾਂ ਨੂੰ ਯਾਦ ਕਰਨਾ ਨਾ ਸਿਖਿਆ ਤਾਂ ਹਲਾਤ ਫੇਰ ਤੋਂ ਬਿਜਲ ਸੱਥ ਤੋਂ ਪਹਿਲਾਂ ਵਾਲੇ ਬਣ ਜਾਣੇ ਹਨ। ਨੇੜਲਾ ਇਤਿਹਾਸ ਅਤੇ ਇਸ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਸਿੰਘਾਂ ਦੀ ਯਾਦ ਜਾਂ ਵਿਚਾਰ ਸਾਡੇ ਕੁਝ ਕੁ ਘੇਰਿਆਂ ਵਿਚ ਹੀ ਸੀਮਤ ਹੈ। ਸਰਬੱਤ ਸਿੱਖ ਸੰਗਤ ਵਿਚ ਸ਼ਹੀਦਾਂ ਦੀ ਗੱਲ ਉਸ ਤਰ੍ਹਾਂ ਨਹੀਂ ਤੁਰ ਰਹੀ ਜਿਸ ਤਰ੍ਹਾਂ ਤੁਰਨੀ ਚਾਹੀਦੀ ਸੀ।

ਅਖੀਰ ਤੇ ਇਹੀ ਕਹਿਣਾ ਬਣਦਾ ਹੈ ਕਿ ਸ਼ਹੀਦਾਂ ਦੀ ਯਾਦ ਮਨਾਉਣ ਦਾ ਫਰਜ਼ ਸਿਰਫ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦਾ ਨਹੀਂ ਹੈ ਅਤੇ ਇਹ ਵੀ ਜਰੂਰੀ ਨਹੀਂ ਕਿ ਇਹ ਯਾਦ ਸਿਰਫ ਇੱਕ ਦਿਨ ਹੀ ਮਨਾਈ ਜਾਵੇ ਅਤੇ ਰਸਮੀ ਰੂਪ ਵਿਚ ਹੀ ਮਨਾਈ ਜਾਵੇ। ਬਲਕਿ ਸੰਗਤ ਵਲੋਂ ਸ਼ਹੀਦਾਂ ਦੀ ਯਾਦ ਨੂੰ ਹਰ ਪਲ ਆਪਣੇ ਅੰਦਰ ਵਸਾਉਣਾ ਹੀ ਅਸਲ ਯਾਦ ਮਨਾਉਣਾ ਹੈ। ਸੋਸ਼ਲ ਮੀਡੀਆ ਦੋਇਮ ਪੱਧਰ 'ਤੇ ਹੋਣਾ ਚਾਹੀਦਾ ਹੈ। ਕਿੰਨਾ ਚੰਗਾ ਹੋਵੇਗਾ ਜੇਕਰ ਸ਼ਹੀਦਾਂ ਬਾਰੇ ਗੱਲ ਕਰਨ ਲਈ ਸਾਡੀ ਪਹਿਲੀ ਟੇਕ ਸੰਗਤ ਅਤੇ ਸਾਡਾ ਇਤਿਹਾਸ ਹੋਵੇ ਅਤੇ ਕੋਈ ਮੀਡੀਆ ਸਾਡੀਆਂ ਜਿੰਮੇਵਾਰੀਆਂ ਤੈਅ ਨਾ ਕਰਦਾ ਹੋਵੇ। 

 

ਧੰਨਵਾਦ ,

ਸੰਪਾਦਕ, ਅੰਮ੍ਰਿਤਸਰ ਟਾਈਮਜ਼