ਬੰਦੀ ਸਿੰਘਾਂ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਹੋ ਰਹੇ 17 ਮਾਰਚ ਦੇ ਇਕੱਠ ਅੰਦਰ ਜੱਥੇਦਾਰ ਅਕਾਲ ਤਖਤ ਸਾਹਿਬ ਹਾਜ਼ਿਰੀ ਭਰ ਕੇ ਪੰਥ ਨੂੰ ਦੇਣ ਠੋਸ ਪ੍ਰੋਗਰਾਮ: ਕੈਨੇਡੀਅਨ ਸਿੱਖ ਸੰਗਤ

ਬੰਦੀ ਸਿੰਘਾਂ ਦੀ ਰਿਹਾਈ ਅਤੇ ਜੇਲ੍ਹ ਤਬਦੀਲੀ ਲਈ ਹੋ ਰਹੇ 17 ਮਾਰਚ ਦੇ ਇਕੱਠ ਅੰਦਰ ਜੱਥੇਦਾਰ ਅਕਾਲ ਤਖਤ ਸਾਹਿਬ ਹਾਜ਼ਿਰੀ ਭਰ ਕੇ ਪੰਥ ਨੂੰ ਦੇਣ ਠੋਸ ਪ੍ਰੋਗਰਾਮ: ਕੈਨੇਡੀਅਨ ਸਿੱਖ ਸੰਗਤ

17 ਮਾਰਚ ਦੇ ਇੱਕਠ ਵਿਚ ਸੰਗਤ ਕਰੇ ਭਰਵੀਂ ਸ਼ਮੂਲੀਅਤ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 15 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਨਾਲ ਦ੍ਰਿਬੜੂਗੜ ਜੇਲ੍ਹ ਵਿੱਚ ਨਜਰਬੰਦ ਸਾਰੇ ਹੀ ਸਿੰਘਾਂ ਦੇ

ਪਰਿਵਾਰਾਂ ਵੱਲੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਨਿਰੰਤਰ ਜਾਰੀ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕੈਨੇਡੀਅਨ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਜੱਥੇਦਾਰ ਅਕਾਲ ਸਾਹਿਬ ਨੂੰ ਪੱਤਰ ਲਿਖਿਆ ਹੈ । ਉਨ੍ਹਾਂ ਲਿਖਿਆ ਕਿ ਮਿਲ ਰਹੀ ਜਾਣਕਾਰੀ ਅਨੁਸਾਰ ਜੇਲ੍ਹ ਅੰਦਰ ਕੁਝ ਸਿੰਘਾਂ ਦੀ ਸਿਹਤ ਬਹੁਤ ਨਾਜੁਕ ਬਣੀ ਹੋਈ ਹੈ। ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦਿਬੜੂਗੜ ਜੇਲ੍ਹ ਦੇ 10 ਕੈਦੀ ਸਿੰਘਾਂ ਨੂੰ ਤਕਰੀਬਨ 1 ਸਾਲ ਤੋਂ ਨੈਸ਼ਨਲ ਸੁਰੱਖਿਅਤ ਐਕਟ ਹੇਠ ਨਜ਼ਰਬੰਦ ਕੀਤਾ ਗਿਆ ਹੈ। ਇਨ੍ਹਾਂ ਸਿੰਘਾਂ ਨੂੰ ਉਨ੍ਹਾਂ ਦੇ ਹੌਂਸਲੇ ਤੋੜਨ ਵਾਸਤੇ ਪੰਜਾਬ ਅਤੇ ਅਪਣੇ ਪਰਿਵਾਰਾਂ ਤੋਂ ਹਜ਼ਾਰਾਂ ਕਿਲੋਮੀਟਰ  ਦੂਰ ਅਸਾਮ ਦੀ ਡਿਬਰੂਗੜ ਜੇਲ੍ਹ ਵਿਚ ਕੈਦ ਕੀਤਾ ਗਿਆ ਹੈ । ਪਰ ਗੁਰੂ ਦੇ ਸਿੰਘ ਚੜਦੀ ਕਲਾ ਵਿਚ ਰਹਿੰਦਿਆਂ ਸਰਕਾਰ ਦੇ ਹਰ ਤਸ਼ੱਦਦ ਦਾ ਸਾਹਮਣਾ ਕਰ ਰਹੇ ਹਨ ।

ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ 17 ਮਾਰਚ ਦਿਨ ਐਤਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ ਵੱਡਾ ਇਕੱਠ ਕਰਨ ਦਾ ਫੈਸਲਾ ਲਿਆ ਗਿਆ ਹੈ ਤਾਂ ਕਿ ਪੰਜਾਬ ਅਤੇ ਸੈਂਟਰ ਸਰਕਾਰ ਦੇ ਬੋਲੇ ਕੰਨਾਂ ਤੱਕ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਕੀਤੇ ਜਾ ਰਹੇ ਜ਼ੁਲਮਾਂ ਦੀ ਅਵਾਜ ਪਹੁੰਚਦੀ ਕੀਤੀ ਜਾ ਸਕੇ । ਅਸੀਂ ਕੈਨੇਡਾ ਦੇ ਓਨਟਾਰੀਓ ਅਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਉਨਟਾਰੀਉ ਗੁਰਦੁਆਰਾ ਕਮੇਟੀ ਅਤੇ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸਮੁੱਚੇ ਪੰਜਾਬੀਆਂ ਨੂੰ, ਪੰਥ ਦਰਦੀਆਂ ਨੂੰ, ਸੰਸਥਾਵਾਂ ਨੂੰ ਪੁਰਜੋਰ ਅਪੀਲ ਕਰਦੇ ਹਾਂ ਕੇ ਕੌਮ ਦੇ ਇਹ ਸੇਵਾਦਾਰਾਂ ਨੂੰ ਬਚਾਉਣ ਦੇ ਲਈ 17 ਮਾਰਚ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵੱਡੀ ਗਿਣਤੀ ਅੰਦਰ ਪਹੁੰਚ ਉਨ੍ਹਾਂ ਨੂੰ ਸਮਰਥਨ ਦਿੱਤਾ ਜਾਏ ।

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਤ ਕੀਤੀ ਗਈ ਪੰਜ ਮੈਂਬਰੀ ਕਮੇਟੀ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਇਸ ਵੇਲੇ

ਸਾਰੇ ਪੰਥ ਦੀਆਂ ਨਜਰਾਂ ਤੁਹਾਡੇ ਉੱਤੇ ਟਿਕੀਆਂ ਹੋਈਆਂ ਹਨ । 17 ਮਾਰਚ ਨੂੰ ਇਹਨਾਂ ਸਿੰਘਾਂ ਪ੍ਰਤੀ ਪੰਥ ਨੂੰ ਕੋਈ ਠੋਸ ਪ੍ਰੋਗਾਮ ਦਿੱਤਾ ਜਾਵੇ ਤਾਂ ਕਿ ਇਹਨਾਂ ਸਿੰਘਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਸ੍ਰੀ ਆਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਪੰਜਾਬ ਦੀਆ ਸਿੱਖ ਜਥੇਬੰਦੀਆ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਓਹ ਮੂਹਰੇ ਹੋ ਕਿ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਉਨ੍ਹਾਂ ਦੇ ਸਾਥੀ ਕੈਦੀ ਸਿੰਘਾਂ ਦੀ ਸਹਾਇਤਾ ਕਰਨ ਅਤੇ ਸਿੰਘਾਂ ਨੂੰ ਪੰਜਾਬ ਵਿੱਚ ਤੁਰੰਤ ਲਿਆਏ ਜਾਣ ਅਤੇ ਉਨ੍ਹਾਂ ਦੀ ਰਿਹਾਈ ਵਾਸਤੇ ਸੰਘਰਸ਼ ਕੀਤਾ ਜਾਵੇ । ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਮੂਹ ਬੰਦੀ ਸਿੰਘਾਂ ਦੀ ਚੜ੍ਹਦੀਕਲਾ ਅਤੇ ਬੰਦਖਲਾਸੀ ਲਈ ਅਰਦਾਸ ਕਰਨ।