ਸਿੱਖ ਪੰਥ ਦੇ ਪ੍ਰਸਾਰ ਵਿਚ ਮਾਵਾਂ ਦੀ ਭੂਮਿਕਾ

ਸਿੱਖ ਪੰਥ ਦੇ ਪ੍ਰਸਾਰ ਵਿਚ ਮਾਵਾਂ ਦੀ ਭੂਮਿਕਾ

ਕਿਸੇ ਵੀ ਧਰਮ, ਕੌਮ ਜਾਂ ਦੇਸ਼ ਦੇ ਭਵਿੱਖ ਦਾ ਦਾਰੋਮਦਾਰ ਮਾਂ ਵਲੋਂ ਆਪਣੇ ਬੱਚੇ ਨੂੰ ਦਿੱਤੀ ਸਿੱਖਿਆ ਅਤੇ ਦੀਖਿਆ 'ਤੇ ਨਿਰਭਰ ਕਰਦਾ ਹੈ

ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ-ਪੋਸਦੀ ਅਤੇ ਸੰਜਮ ਦੀ ਰਹਿਣੀ-ਬਹਿਣੀ ਸਿਖਾਉਂਦੀ ਹੈ। ਉਸ ਨੂੰ ਆਪਣੀ ਛਾਤੀ ਨਾਲ ਲਗਾਉਂਦੀ ਹੈ ਤਾਂ ਉਸ ਨੂੰ ਸਿਰਫ਼ ਢਿੱਡ ਭਰਨ ਜੋਗਾ ਦੁੱਧ ਹੀ ਨਹੀਂ ਪਿਲਾਉਂਦੀ, ਸਗੋਂ ਉਸ ਵਿਚ ਮਨੋਬਿਰਤੀਆਂ ਦਾ ਸੰਚਾਰ ਵੀ ਕਰਦੀ ਹੈ। ਸ਼ਾਇਦ ਇਸੇ ਲਈ ਉੱਘੇ ਮਨੋਵਿਗਿਆਨੀ ਸਾਲੋਮਨ ਨੇ ਆਖਿਆ ਸੀ, 'ਬੁੱਧੀਵਾਨ ਪੁੱਤਰ ਪਿਤਾ ਨੂੰ ਪ੍ਰਸੰਨ ਕਰਦਾ ਹੈ ਅਤੇ ਦੁਰਾਚਾਰੀ, ਬਦਚਲਣ ਪੁੱਤਰ ਮਾਂ ਨੂੰ ਸ਼ਰਮਿੰਦਾ ਕਰਦਾ ਹੈ।'

ਸਦੀਆਂ ਤੋਂ ਜਿੱਥੇ ਔਰਤ ਨੂੰ ਗ਼ੁਲਾਮ ਬਣਾਉਣ ਦੀ ਪ੍ਰਵਿਰਤੀ ਦੇ ਵਿਰੁੱਧ ਸਿੱਖ ਧਰਮ ਨੇ ਆਵਾਜ਼ ਬੁਲੰਦ ਕੀਤੀ, ਉੱਥੇ ਸਿੱਖ ਧਰਮ ਦੇ ਬਿਖੜੇ ਤੇ ਖ਼ੂਨੀ ਪੈਂਡਿਆਂ ਦੌਰਾਨ ਜਿਹੜੀ ਭੂਮਿਕਾ ਸਿੱਖ ਔਰਤ (ਮਾਂ) ਦੀ ਰਹੀ ਹੈ, ਸ਼ਾਇਦ ਹੀ ਕਿਸੇ ਹੋਰ ਕੌਮ ਵਿਚ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮਾਣ ਦਿੰਦਿਆਂ 'ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ' ਦਾ ਪੈਗਾਮ ਦਿੱਤਾ। ਸਿੱਖ ਬੀਬੀਆਂ ਨੂੰ ਪਾਠ-ਪੂਜਾ, ਸੇਵਾ, ਰਹਿਤ ਮਰਯਾਦਾ ਅਤੇ ਜੀਵਨ ਮੁਕਤੀ ਲਈ ਪੁਰਸ਼ਾਂ ਦੇ ਬਰਾਬਰ ਹੀ ਅਧਿਕਾਰ ਦਿੱਤਾ। ਪ੍ਰੋ. ਪੂਰਨ ਸਿੰਘ ਲਿਖਦੇ ਹਨ, 'ਗੁਰੂ ਗੋਬਿੰਦ ਸਿੰਘ ਦਾ ਖ਼ਾਲਸਾ ਪੰਥ ਇਕ ਅਜਿਹਾ ਸੰਘ ਹੈ, ਜਿਸ 'ਚ ਇਸਤਰੀਆਂ ਖੁੱਲ੍ਹਾ ਅਤੇ ਬਰਾਬਰ ਭਾਗ ਲੈਂਦੀਆਂ ਹਨ। ਪੂਰਬ ਦੇ ਇਤਿਹਾਸ 'ਚ ਪਹਿਲੀ ਵਾਰ ਇਸਤਰੀ ਨੂੰ ਮਰਦਾਂ ਦੇ ਬਰਾਬਰ ਹੱਕ ਮਿਲਿਆ ਹੈ।'

ਉਸ ਔਰਤ (ਮਾਂ) ਦਾ ਯੋਗਦਾਨ ਅਤੇ ਵਡਿਆਈ ਕਿਵੇਂ ਭੁਲਾਈ ਜਾ ਸਕਦੀ ਹੈ, ਜਿਸ ਨੇ ਜਗਤ ਜਲੰਦੇ ਨੂੰ ਠਾਰਨ ਆਏ ਰੱਬੀ ਨੂਰ ਨੂੰ ਜਨਮ ਦਿੱਤਾ।

''ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ॥'' (ਅੰਗ-310)

ਧੰਨ ਹੈ ਮਾਤਾ ਤ੍ਰਿਪਤਾ ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ 'ਮਾਂ' ਬਣਨ ਦਾ ਸੁਭਾਗ ਪ੍ਰਾਪਤ ਹੋਇਆ।

ਸਿੱਖ ਧਰਮ ਦੇ ਪ੍ਰਸਾਰ ਵਿਚ ਲਾਸਾਨੀ ਯੋਗਦਾਨ ਪਾਉਣ ਵਾਲੀਆਂ ਮਾਵਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਿੱਖ ਤੋਂ ਖ਼ਾਲਸਾ ਤੱਕ ਮਨੁੱਖੀ ਸੰਪੂਰਨਤਾ ਦੇ ਪੈਂਡੇ ਦੌਰਾਨ ਮਾਤਾ ਸੁਲੱਖਣੀ ਜੀ, ਮਾਤਾ ਖੀਵੀ ਜੀ, ਮਾਤਾ ਗੰਗਾ ਜੀ, ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਮਾਤਾ ਅਜੀਤ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੀ ਭੂਮਿਕਾ ਅਨੂਠੀ ਹੈ।

ਬੀਬੀ ਭਾਨੀ ਜੀ ਦੀ ਦੇਣ ਅਦੁੱਤੀ ਹੈ, ਜਿਸ ਨੂੰ ਗੁਰੂ ਦੀ ਪੁੱਤਰੀ, ਗੁਰੂ ਦੀ ਪਤਨੀ ਅਤੇ ਗੁਰੂ ਦੀ ਮਾਂ ਹੋਣ ਦਾ ਮਾਣ ਪ੍ਰਾਪਤ ਹੋਇਆ। ਬੀਬੀ ਭਾਨੀ ਜੀ ਨੇ ਮਾਂ ਦੇ ਰੂਪ ਵਿਚ ਜੋ ਅਸੀਸ, ਜੋ ਦੈਵੀ ਸੰਸਕਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦਿੱਤੇ, ਉਸ ਅਗੰਮੀ ਲੋਰੀ ਦਾ ਜ਼ਿਕਰ ਪੰਜਵੇਂ ਪਾਤਿਸ਼ਾਹ ਆਪਣੀ ਬਾਣੀ ਵਿਚ ਕਰਦੇ ਹਨ :

''ਪੂਤਾ ਮਾਤਾ ਕੀ ਆਸੀਸ॥ ਨਿਮਖ ਨ ਬਿਸਰਉ ਤੁਮ੍ਰ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥੧॥'' (ਅੰਗ: 496)

ਜੇਕਰ ਇਹ ਅਸੀਸ ਅੱਜ ਹਰੇਕ ਬੱਚੇ ਦੇ ਹਿਰਦੇ 'ਤੇ ਉਕਰ ਦਿੱਤੀ ਜਾਵੇ ਤਾਂ ਸਿੱਖ ਵਿਰਸੇ ਦੀ ਫ਼ੁਲਵਾੜੀ ਨੂੰ ਪੂਰੀ ਦੁਨੀਆ 'ਤੇ ਛਾ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਮਾਤਾ ਗੁਜਰ ਕੌਰ ਜੀ ਵਰਗੀ ਅਦੁੱਤੀ ਸ਼ਖ਼ਸੀਅਤ ਸ਼ਾਇਦ ਹੀ ਦੁਨੀਆ ਦੇ ਇਤਿਹਾਸ ਵਿਚ ਹੋਰ ਕਿਧਰੇ ਮਿਲੇ, ਜਿਸ ਨੂੰ ਇਕ ਸ਼ਹੀਦ ਦੀ ਪਤਨੀ, ਇਕ ਸ਼ਹੀਦ ਦੀ ਮਾਂ ਅਤੇ ਚਾਰ ਸ਼ਹੀਦਾਂ ਦੀ ਦਾਦੀ ਹੋਣ ਦੇ ਨਾਲ-ਨਾਲ ਖ਼ੁਦ ਵੀ ਸ਼ਹੀਦ ਹੋਣ ਦਾ ਮਾਣ ਪ੍ਰਾਪਤ ਹੋਵੇ। ਮਾਤਾ ਗੁਜਰ ਕੌਰ ਜੀ ਨੇ ਸਾਹਿਬ-ਏ-ਕਮਾਲਿ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਉਸਾਰੀ ਵਿਚ ਕਿੰਨੀ ਮਹਾਨ ਭੂਮਿਕਾ ਨਿਭਾਈ, ਇਸ ਦਾ ਜ਼ਿਕਰ ਦਸਮ ਗ੍ਰੰਥ 'ਚ ਗੁਰੂ ਸਾਹਿਬ ਖ਼ੁਦ ਕਰਦੇ ਹਨ :

''ਕੀਨੀ ਅਨਿਕ ਭਾਂਤਿ ਤਨ ਰੱਛਾ॥

ਦੀਨੀ ਭਾਂਤਿ ਭਾਂਤਿ ਕੀ ਸਿੱਛਾ॥''

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲਾਂ ਦਾ ਕਿੰਨਾ ਵੱਡਾ ਜਿਗਰਾ ਹੋਵੇਗਾ, ਜਿਨ੍ਹਾਂ ਨੇ ਦੀਨ ਹੇਤਿ ਆਪਣੇ ਚਾਰ ਪੁੱਤਰਾਂ ਨੂੰ ਨਿਛਾਵਰ ਕਰ ਦਿੱਤਾ। ਗੁਰੂ-ਮਾਤਾ ਅਜੀਤ ਕੌਰ ਜੀ ਨੇ ਔਰਤ ਜਾਤੀ ਲਈ ਪਤੀ-ਬ੍ਰਤਾ, ਤਿਆਗ ਅਤੇ ਸਮਰਪਣ ਦਾ ਮੁੱਢ ਬੰਨ੍ਹਿਆ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਦੀ ਸਾਜਨਾ ਵੇਲੇ ਅੰਮ੍ਰਿਤ 'ਚ ਪਤਾਸੇ ਪਾਉਣ ਦੀ ਸੇਵਾ ਮਾਤਾ ਅਜੀਤ ਕੌਰ ਜੀ ਕੋਲੋਂ ਲੈ ਕੇ ਔਰਤ ਜਾਤੀ ਨੂੰ ਮਹਾਨ ਸਤਿਕਾਰ ਦਿੱਤਾ। ਮਾਤਾ ਸੁੰਦਰ ਕੌਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਤਕਰੀਬਨ 40 ਸਾਲਾਂ ਤੱਕ ਸਿੱਖ ਪੰਥ ਦੀ ਬਿਖੜੇ ਤੇ ਔਖੇ ਸਮੇਂ 'ਚ ਬੜੇ ਸੁਚੱਜੇ ਤਰੀਕੇ ਨਾਲ ਅਗਵਾਈ ਕੀਤੀ। ਇਸੇ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਨੂੰ ਖ਼ਾਲਸੇ ਦੀ ਮਾਤਾ ਹੋਣ ਦਾ ਮਾਣ ਹਾਸਿਲ ਹੈ। ਇਸ ਮਾਤਾ ਨੇ ਆਪਣੇ ਨਾਦੀ ਪੁੱਤਰ ਖ਼ਾਲਸੇ ਦੀ ਸੀਰਤ ਬਦਲਣ ਦਾ ਯੁੱਗਾਂ-ਯੁਗਾਂਤਰਾਂ ਤੱਕ ਯਾਦ ਕੀਤਾ ਜਾਣ ਵਾਲਾ ਮਹਾਨ ਪਰਉਪਕਾਰ ਕੀਤਾ।

ਗੁਰੂ ਕਾਲ ਤੋਂ ਬਾਅਦ ਵੀ ਸਿੱਖ ਬੀਬੀਆਂ ਨੇ ਲਗਾਤਾਰ ਸਿੱਖੀ ਪੂਰੀ ਦ੍ਰਿੜ੍ਹਤਾ ਅਤੇ ਬਹਾਦਰੀ ਦੇ ਨਾਲ ਕਮਾਈ। ਕਿੰਨਾ ਭਿਆਨਕ ਸੀ ਉਹ ਦੌਰ ਅਤੇ ਕਿੰਨੇ ਵੱਡੇ ਜਿਗਰੇ ਵਾਲੀਆਂ ਸਨ ਉਹ ਮਾਵਾਂ, ਜਦੋਂ ਮੁਗ਼ਲ ਹਾਕਮ ਮਾਂਵਾਂ ਦੇ ਸਾਹਮਣੇ ਦੁੱਧ ਚੁੰਘਦੇ ਉਨ੍ਹਾਂ ਦੇ ਬੱਚਿਆਂ ਨੂੰ ਟੋਟੇ-ਟੋਟੇ ਕਰਕੇ ਉਨ੍ਹਾਂ ਦੇ ਗਲਾਂ 'ਚ ਹਾਰ ਬਣਾ ਕੇ ਪਾ ਦਿੰਦੇ ਸਨ, ਬੱਚਿਆਂ ਨੂੰ ਨੇਜਿਆਂ 'ਤੇ ਟੰਗ ਕੇ ਦੋਫ਼ਾੜ ਕਰ ਦਿੱਤਾ ਜਾਂਦਾ ਸੀ ਪਰ ਉਨ੍ਹਾਂ ਮਾਵਾਂ ਨੇ ਸਿਦਕ ਨਾ ਛੱਡਿਆ। ਭਾਈ ਮਨੀ ਸਿੰਘ ਜਦੋਂ ਬੰਦ-ਬੰਦ ਕਟਵਾ ਕੇ ਸਿੱਖੀ ਤੋਂ ਕੁਰਬਾਨ ਹੋਣ ਲਈ ਤੁਰਨ ਲੱਗਿਆ ਤਾਂ ਸਾਹਮਣੇ ਖੜ੍ਹੀ ਮਾਂ ਅਤੇ ਭੈਣ ਨੂੰ ਤੱਕਦਿਆਂ ਉਸ ਦੇ ਕਦਮ ਹੌਲੇ ਪੈ ਗਏ। ਉਸ ਦੀ ਮਾਂ ਅਤੇ ਭੈਣ ਹੌਂਸਲਾ ਦਿੰਦਿਆਂ ਆਖਣ ਲੱਗੀਆਂ, 'ਤੂੰ ਸਾਡੀ ਚਿੰਤਾ ਨਾ ਕਰ, ਸਾਡੀ ਰੱਖਿਆ ਸਾਡਾ ਗੁਰੂ ਆਪ ਕਰੇਗਾ।'

ਇਸੇ ਤਰ੍ਹਾਂ ਸਿੱਖੀ ਸਿੱਦਕ ਅਤੇ ਬਹਾਦਰੀ 'ਚ ਮਾਈ ਭਾਗ ਕੌਰ, ਰਾਣੀ ਸਦਾ ਕੌਰ ਅਤੇ ਬੀਬੀ ਸ਼ਰਨ ਕੌਰ ਆਦਿ ਦੇ ਯੋਗਦਾਨ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਮਹਾਰਾਣੀ ਜਿੰਦਾਂ ਵਲੋਂ ਨਿਭਾਈ ਸਿੱਖ ਮਾਂ ਦੀ ਭੂਮਿਕਾ ਅਜੋਕੀ ਮਾਂ ਲਈ ਮਿਸਾਲ ਹੈ। ਜਿਸ ਵੇਲੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੇ ਪਤਨ ਤੋਂ ਬਾਅਦ ਗੱਦਾਰਾਂ ਦੀ ਮਦਦ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਫ਼ਿਰੰਗੀਆਂ ਨੇ ਬੰਦੀ ਬਣਾ ਲਿਆ ਤਾਂ ਮਗਰੋਂ ਮਾਂ-ਮਮਤਾ ਦੀ ਵਿੰਨ੍ਹੀ ਮਹਾਰਾਣੀ ਜਿੰਦਾਂ ਬੇਹਾਲ ਹੋ ਗਈ। ਆਪਣੇ ਪੁੱਤਰ ਦੇ ਵਿਜੋਗ ਵਿਚ ਰੋ-ਰੋ ਕੇ ਆਪਣੀਆਂ ਅੱਖਾਂ ਦੀ ਨਜ਼ਰ ਵੀ ਗੁਆ ਬੈਠੀ। ਚਿਰੀਂ ਵਿਛੁੰਨੇ ਮਾਂ-ਪੁੱਤ ਦਾ ਕਲਕੱਤੇ ਵਿਚ ਮਿਲਾਪ ਹੋਇਆ ਤਾਂ ਮਹਾਰਾਣੀ ਜਿੰਦਾਂ ਘੁੱਟ ਕੇ ਦਲੀਪ ਸਿੰਘ ਨੂੰ ਛਾਤੀ ਨਾਲ ਲਾਉਂਦਿਆਂ ਸਿਰ ਪਲੋਸਣ ਲੱਗੀ। ਉਸ ਦੇ ਹੱਥਾਂ 'ਚ ਦਲੀਪ ਸਿੰਘ ਦਾ ਰੀਝਾਂ ਤੇ ਮੱਖਣਾਂ ਨਾਲ ਪਾਲਿਆ ਜੂੜਾ ਨਾ ਆਇਆ। ਉਸ ਦੇ ਹੱਥ ਕੰਬਣ ਲੱਗੇ ਅਤੇ ਧਾਹਾਂ ਨਿਕਲ ਗਈਆਂ। ਜਿੰਦਾਂ ਨੇ ਪੁੱਤਰ ਨੂੰ ਫ਼ਿਟਕਾਰਦਿਆਂ ਪਰ੍ਹੇ ਧੱਕ ਦਿੱਤਾ, 'ਜੇ ਤੂੰ ਗੁਰੂ ਦਾ ਨਹੀਂ ਬਣ ਕੇ ਰਹਿ ਸਕਿਆ ਤਾਂ ਮਾਂ ਦਾ ਕੀ ਬਣੇਂਗਾ?' ਤਕਦੀਰ ਨੂੰ ਉਲਾਂਭਾ ਦਿੰਦਿਆਂ ਆਖਣ ਲੱਗੀ, 'ਹੇ ਬੁਰੀ ਤਕਦੀਰੇ! ਤੂੰ ਮੇਰਾ ਸਰਤਾਜ ਖੋਹਿਆ, ਮੇਰਾ ਰਾਜ-ਭਾਗ ਖੋਹਿਆ, ਪਵਿੱਤਰ ਭੂਮੀ ਮੇਰਾ ਪੰਜਾਬ ਖੋਹ ਲਿਆ ਤੇ ਅੰਤ ਪ੍ਰਾਣਾਂ ਤੋਂ ਪਿਆਰੀ ਸਿੱਖੀ ਵੀ ਮੇਰੇ ਕੋਲੋਂ ਖੋਹ ਲਈ। ਅੱਜ ਮੇਰੇ ਬੰਸ ਦੀਆਂ ਰਗਾਂ 'ਚੋਂ ਕਲਗੀਧਰ ਦੇ ਸ਼ਹੀਦ ਬੱਚਿਆਂ ਦਾ ਲਹੂ ਮੁੱਕ ਗਿਆ।'

ਇਹ ਵਾਕ ਦਲੀਪ ਸਿੰਘ ਦਾ ਸੀਨਾ ਪਾੜ ਗਿਆ। ਉਹ ਮਾਂ ਦੇ ਚਰਨਾਂ 'ਤੇ ਡਿੱਗ ਕੇ ਭੁੱਬੀਂ-ਭੁੱਬੀਂ ਰੋਣ ਲੱਗਾ ਤੇ ਬੋਲਿਆ, 'ਮਾਂ! ਮੈਂ ਤੇਰੀ ਉਜੜੀ ਦੁਨੀਆ ਫ਼ਿਰ ਨਹੀਂ ਵਸਾ ਸਕਦਾ। ਤੇਰਾ ਗੁਆਚਿਆ ਰਾਜ-ਭਾਗ ਫ਼ਿਰ ਨਹੀਂ ਕਾਇਮ ਕਰ ਸਕਦਾ, ਪਰ ਤੇਰੀ ਕੁੱਲ ਵਿਚੋਂ ਗਈ ਸਿੱਖੀ ਮੁੜ ਪਰਤਾ ਲਿਆਵਾਂਗਾ।' ਮਹਾਰਾਣੀ ਜਿੰਦਾਂ ਨੇ ਉਸ ਸਮੇਂ ਤੱਕ ਸੁੱਖ ਦਾ ਸਾਹ ਨਹੀਂ ਲਿਆ ਜਦੋਂ ਤੱਕ ਮਹਾਰਾਜਾ ਦਲੀਪ ਸਿੰਘ ਮੁੜ ਸਿੱਖ ਸਰੂਪ 'ਚ ਨਹੀਂ ਆ ਗਿਆ। ਇਤਿਹਾਸਕਾਰ ਡਾਕਟਰ ਗੰਡਾ ਸਿੰਘ ਲਿਖਦੇ ਹਨ ਕਿ, ਮਹਾਰਾਜਾ ਦਲੀਪ ਸਿੰਘ ਨੇ 26 ਮਈ, 1886 ਈਸਵੀ ਦੇ ਦਿਨ ਅਦਨ ਦੇ ਇਕ ਗੁਰਦੁਆਰੇ ਵਿਚ ਅੰਮ੍ਰਿਤ ਛਕ ਲਿਆ ਅਤੇ ਇਸ ਤਰ੍ਹਾਂ ਉਹ ਆਪਣੀ ਮਾਂ ਦੀ ਹੀ ਪ੍ਰੇਰਨਾ ਅਤੇ ਸ਼ਖ਼ਸੀਅਤ ਦੇ ਪ੍ਰਭਾਵ ਕਾਰਨ ਕੈਥੋਲਿਕ ਈਸਾਈ ਤੋਂ ਮੁੜ ਸਿੰਘ ਸਜ ਗਿਆ।

ਪੰਜਾਬੀ ਦੇ ਅਲਬੇਲੇ ਕਵੀ ਪ੍ਰੋ. ਪੂਰਨ ਸਿੰਘ ਪੰਜਾਬੀ ਮਾਂ ਦਾ ਸ਼ਬਦ-ਚਿੱਤਰ ਖਿੱਚਦਿਆਂ ਲਿਖਦੇ ਹਨ, 'ਸਾਡੀਆਂ ਮਾਵਾਂ ਦੁੱਧ ਵਿਚ ਮਧਾਣੀਆਂ ਪਾਉਂਦੀਆਂ ਗੁਰਬਾਣੀ ਗਾਉਂਦੀਆਂ ਸਨ। ਬੱਚਾ ਜਦੋਂ ਸੁੱਤਾ ਉਠਦਾ ਸੀ ਤਾਂ ਉਸ ਦੇ ਕੰਨ੍ਹੀਂ ਪਹਿਲੀ ਆਵਾਜ਼ ਗੁਰਬਾਣੀ ਦੀ ਕੋਈ ਤੁਕ ਦੀ ਪੈਂਦੀ ਸੀ।' ਅਜੋਕੀਆਂ ਸਿੱਖ ਮਾਵਾਂ ਨੂੰ ਸਿੱਖ ਇਤਿਹਾਸ 'ਚ ਮਾਵਾਂ ਵਲੋਂ ਨਿਭਾਈ ਅਦੁੱਤੀ ਭੂਮਿਕਾ ਨੂੰ ਸਾਹਮਣੇ ਰੱਖਦਿਆਂ ਆਪਾ-ਪੜਚੋਲ ਕਰਨ ਦੀ ਲੋੜ ਹੈ ਤਾਂ ਜੋ ਸਿੱਖ ਨੌਜਵਾਨੀ ਅੰਦਰ ਆਏ ਪਤਿਤਪੁਣਾ, ਨਸ਼ਾਖੋਰੀ, ਇਖਲਾਕਹੀਣਤਾ ਅਤੇ ਧਰਮ ਤੋਂ ਬੇਮੁਖਤਾਈ ਵਰਗੇ ਔਗੁਣਾਂ ਨੂੰ ਖ਼ਤਮ ਕਰਕੇ ਨਵੀਂ ਪੀੜ੍ਹੀ ਨੂੰ ਕੌਮ ਦੇ ਰੌਸ਼ਨ ਭਵਿੱਖ ਦੇ ਵਾਰਿਸ ਬਣਾਇਆ ਜਾ ਸਕੇ।

 

ਤਲਵਿੰਦਰ  ਸਿੰਘ ਬੁਟਰ