ਪੰਜਾਬ ਦੇ ਭਦੌੜ ਇਲਾਕੇ ਦੇ ਨੌਜਵਾਨ ਸੁਖਚੈਨ ਸਿੰਘ ਦੀ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ

ਪੰਜਾਬ ਦੇ ਭਦੌੜ ਇਲਾਕੇ ਦੇ ਨੌਜਵਾਨ ਸੁਖਚੈਨ ਸਿੰਘ ਦੀ ਕੈਨੇਡਾ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ
ਫ਼ਾਈਲ ਫੋਟੋ ਸੁਖਚੈਨ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਕੈਲੋਨਾ, ਬ੍ਰਿਟਿਸ਼ ਕੋਲੰਬੀਆ, 15 ਮਾਰਚ (ਰਾਜ ਗੋਗਨਾ/ ਕੁਲਤਰਨ ਪਧਿਆਣਾ)- ਬੀਤੇਂ ਦਿਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਦੇ ਸ਼ਹਿਰ ਕੈਲੋਨਾ ਵਿਖੇ ਵਾਪਰੇ ਇੱਕ ਸੜਕ ਹਾਦਸੇ ਦੇ ਦੌਰਾਨ ਇੱਕ ਪੰਜਾਬੀ ਨੌਜਵਾਨ ਸੁਖਚੈਨ ਸਿੰਘ ਦਮ ਤੋੜ ਗਿਆ ਹੈ। ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਭਦੌੜ ਕਸਬੇ ਦੇ ਨਾਲ ਸਬੰਧਤ ਸੀ। ਜੋ ਤਿੰਨ ਸਾਲ ਪਹਿਲਾਂ ਹੀ ਸਟੱਡੀ ਵੀਜ਼ਾ ’ਤੇ ਕੈਨੇਡਾ ਵਿੱਖੇ ਪੁੱਜਾ ਸੀ। ਮ੍ਰਿਤਕ ਨੌਜਵਾਨ ਸੁਖਚੈਨ ਸਿੰਘ ਦੇ ਪਿਤਾ ਬਿੱਕਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੁਖਚੈਨ ਸਿੰਘ 2 ਅਗਸਤ, 2021 ਨੂੰ ਕੈਨੇਡਾ ਗਿਆ ਸੀ। ਅਤੇ ਉਹ ਚਾਰ ਭੈਣ-ਭਰਾਵਾਂ ਵਿੱਚੋ ਸਭ ਤੋਂ ਛੋਟਾ ਸੀ ਅਤੇ ਬਚਪਨ ਤੋਂ ਹੀ ਉਸ ਦਾ ਸ਼ੌਂਕ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੀ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਪੁੱਤਰ ਸੁਖਚੈਨ ਸਿੰਘ 2 ਅਗਸਤ 2021 ਨੂੰ ਕੈਨੇਡਾ ਦੇ ਸ਼ਹਿਰ (ਬਰੈਂਪਟਨ) ਵਿਖੇ ਪੜ੍ਹਾਈ ਕਰਨ ਲਈ ਗਿਆ ਸੀ। ਉਸ ਤੋਂ ਬਾਅਦ ਬਰੈਂਪਟਨ ਦਾ ਕਾਲਜ਼ ਬਦਲ ਕੇ ਬੀ.ਸੀ. ਸ਼ਹਿਰ ਦੇ ਕੈਲੋਨਾ ਵਿਖੇ ਕਾਲਜ਼ ਜੁਆਇੰਨ ਕਰ ਲਿਆ ਸੀ ਅਤੇ ਹੁਣ ਉਸ ਦੀ ਪੜ੍ਹਾਈ ਪੂਰੀ ਹੋ ਚੁੱਕੀ ਸੀ।ਜਿਸ ਕਾਰਨ ਹੁਣ ਸੁਖਚੈਨ ਸਿੰਘ ਵਰਕ ਪਰਮਿਟ 'ਤੇ ਸੀ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਬੀਤੇਂ ਦਿਨੀਂ 13 ਮਾਰਚ ਦੀ ਸ਼ਾਮ ਨੂੰ ਸਾਨੂੰ ਫੋਨ ਆਇਆ ਕਿ ਜ਼ਿਆਦਾ ਫੌਗਿੰਗ ਹੋਣ ਕਾਰਨ ਤੁਹਾਡੇ ਬੇਟੇ ਸੁਖਚੈਨ ਸਿੰਘ ਦੀ ਗੱਡੀ ਦਾ ਇੱਕ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਸੁਖਚੈਨ ਸਿੰਘ ਦੀ ਇਸ ਐਕਸੀਡੈਂਟ ਵਿੱਚ ਮੌਤ ਹੋ ਗਈ ਹੈ।