ਅਕਾਲੀ ਦਲ ਦੇ ਸਮੁੱਚੇ 30 ਮੈਂਬਰਾਂ ਵੱਲੋਂ ਪਾਰਟੀ ਨਾਲ ਡੱਟ ਕੇ ਖੜ੍ਹਨ ਦਾ ਐਲਾਨ
*ਮਾਮਲਾ ਸਿਰਸਾ ਵਲੋਂ ਦਿੱਲੀ ਕਮੇਟੀ' ਚੋਂ ਦਿਤੇ ਅਸਤੀਫੇ ਕਾਰਣ ਬਣੇ ਹਾਲਾਤਾਂ ਦਾ
ਅੰਮ੍ਰਿਤਸਰ ਟਾਈਮਜ਼
ਨਵੀਂ ਦਿੱਲੀ, (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਸਪਸ਼ਟ ਚੇਤਾਵਨੀ ਦਿੱਤੀ ਹੈ ਕਿ ਉੁਹ ਗੁਰਦੁਆਰਾ ਪ੍ਰਬੰਧਾਂ ਵਿਚ ਦਖਲ ਦੇਣ ਤੋਂ ਗੁਰੇਜ਼ ਕਰੇ ਅਤੇ ਐਲਾਨ ਕੀਤਾ ਕਿ ਜੇਕਰ ਸਰਕਾਰਾਂ ਨੇ ਗੁਰਦੁਆਰਾ ਪ੍ਰਬੰਧਾਂ ਵਿਚ ਦਖਲ ਦਿੱਤਾ ਤਾਂ ਪੰਥਕ ਸੰਸਥਾਵਾਂ ਇਸ ਧੱਕੇਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਨਗੀਆਂ। ਇਥੇ ਦਿੱਲੀ ਕਮੇਟੀ ਦੇ ਨਵੇਂ ਚੁਣੇ ਅਕਾਲੀ ਦਲ ਨਾਲ ਸਬੰਧਤ 30 ਮੈਂਬਰਾਂ ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਜੋ ਸੰਵਿਧਾਨਕ ਸੰਕਟ ਆਇਆ ਹੈ, ਉਹ ਇਸ ਵਾਰ ਦੀਆਂ ਦਿੱਲੀ ਕਮੇਟੀ ਚੋਣਾਂ ਵਿਚ ਵੀ ਤੇ ਉਸ ਤੋਂ ਬਾਅਦ ਬਣੇ ਹਾਲਾਤ ਵਿਚ ਵੀ ਦਿੱਲੀ ਤੇ ਕੇਂਦਰ ਸਰਕਾਰ ਦੋਵੇਂ ਗੁਰਦੁਆਰਾ ਪ੍ਰਬੰਧ ਵਿਚ ਦਖਲ ਦੇਣ ਤੇ ਗੁਰਧਾਮਾਂ ’ਤੇ ਕਬਜ਼ੇ ਕਰਨ ਦੇ ਯਤਨ ਦਾ ਨਤੀਜਾ ਹੈ। ਉਹਨਾਂ ਕਿਹਾ ਕਿ ਇਹ ਸਰਕਾਰਾਂ ਅਕਾਲੀ ਦਲ ਦਾ ਚੋਣ ਨਿਸ਼ਾਨ ਖੋਹਣ ਤੋਂ ਲੈ ਕੇ ਹੁਣ ਤੱਕ ਤੱਕ ਸਾਜ਼ਿਸ਼ਾਂ ਰਚ ਰਹੀਆਂ ਹਨ। ਉਹਨਾਂ ਕਿਹਾ ਕਿ ਇਹ ਸਾਜ਼ਿਸ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਤੇ ਸਾਜ਼ਿਸ਼ਕਾਰਾਂ ਨੁੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਇਹ ਦਖਲ ਜਾਰੀ ਰਿਹਾ ਤਾਂ ਇਸਦੇ ਨਤੀਜੇ ਗੰਭੀਰ ਵੀ ਹੋ ਸਕਦੇ ਹਨ।
ਸਰਦਾਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਕਮੇਟੀ ਦੀ ਪ੍ਰਧਾਨਗੀ ਤੋਂ ਦਿੱਤੇ ਅਸਤੀਫੇ ਤੇ ਉਹਨਾਂ ਦੇ ਭਾਜਪਾ ਵਿਚ ਸ਼ਾਮਲ ਹੋਣ ਨੂੰ ਉਹਨਾਂ ਦਾ ਨਿੱਜੀ ਫੈਸਲਾ ਕਰਾਰ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਚਲਾਉਣ ਲਈ ਅਸੀਂ ਬਣੇ ਹਾਲਾਤ ਬਾਰੇ ਕਾਨੂੰਨੀ ਰਾਇ ਲੈ ਰਹੇ ਹਨ ਤੇ ਕਾਨੂੰਨੀ ਮਾਹਿਰਾਂ ਦੀ ਰਾਇ ਅਨੁਸਾਰ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਅਸੀਂ ਅਦਾਲਤਾਂ ਤੱਕ ਵੀ ਪਹੁੰਚ ਕਰਾਂਗੇ ਤੇ ਡਾਇਰੈਕਟਰ ਗੁਰਦੁਆਰਾ ਚੋਣਾਂ ਕੋਲ ਵੀ ਪਹੁੰਚ ਕਰਾਂਗੇ ਕਿ ਨਵੇਂ ਚੁਣੇ ਗਏ ਮੈਂਬਰਾਂ ਦਾ ਜਨਰਲ ਹਾਊਸ ਜਲਦੀ ਸੱਦਿਆ ਜਾਵੇ ਤੇ ਨਵੀਂ ਕਾਰਜਕਾਰਨੀ ਦੀ ਚੋਣ ਕਰਵਾਈ ਜਾਵੇ ਤਾਂ ਜੋ ਕਮੇਟੀ ਦੇ ਪ੍ਰਬੰਧ, ਕਮੇਟੀ ਦੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਕਮੇਟੀ ਅਧੀਨ ਆਉਂਦੇ ਸਕੂਲਾਂ ਅਤੇ ਕਾਲਜਾਂ ਤੇ ਹੋਰ ਵਿਦਿਅਕ ਅਦਾਰਿਆਂ, ਸਿਹਤ ਸੰਸਥਾਵਾਂ ਜਿਵੇਂ ਹਸਪਤਾਲ ਡਿਸਪੈਂਸਰੀਆਂ ਆਦਿ ਸਮੇਤ ਕਮੇਟੀ ਦੀਆਂ ਸਮੁੱਚੀ ਸੰਸਥਾਵਾਂ ਦੇ ਚਲਾਏ ਜਾ ਰਹੇ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਏ ਜਾ ਸਕਣ। ਉਹਨਾਂ ਕਿਹਾ ਕਿ ਸੰਗਤ ਦੇ ਫੈਸਲੇ ਦਾ ਸਤਿਕਾਰ ਕਰਕੇ ਜਲਦੀ ਤੋਂ ਜਲਦੀ ਕਾਰਜਕਾਰਨੀ ਦੀ ਚੋਣ ਕਰਵਾਉਣੀ ਜ਼ਰੂਰੀ ਵੀ ਹੈ।
ਪੱਤਰਕਾਰਾਂ ਦੇ ਸਵਾਲ ਦਿੰਦਿਆਂ ਸਰਦਾਰ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨਾਂ ਚੋਣਾਂ ਵਿਚ 27 ਸੀਟਾਂ ਜਿੱਤੀਆਂ ਸਨ ਤੇ ਇਸ ਮਗਰੋਂ ਇਕ ਹੋਰ ਮੈਂਬਰ ਸਾਡੀ ਪਾਰਟੀ ਨੂੰ ਸੰਗਤ ਵੱਲੋਂ ਦਿੱਤੇ ਫਤਵੇ ਨੁੰ ਵੇਖਦਿਆਂ ਸਾਡੇ ਵਿਚ ਸ਼ਾਮਲ ਹੋਇਆ ਤੇ ਫਿਰ ਕੋਆਪਸ਼ਨ ਰਾਹੀਂਂ ਤੇ ਨਿਕਲੇ ਡਰਾਅ ਰਾਹੀਂ ਬਣੇ ਮੈਂਬਰਾਂ ਦੀ ਬਦੌਲਤ ਹੁਣ 30 ਮੈਂਬਰ ਸ਼੍ਰੋਮਣੀ ਅਕਾਲੀ ਦਲ ਦੇ ਹਨ ਜੋ 51 ਮੈਂਬਰੀ ਜਨਰਲ ਹਾਊਸ ਵਿਚ ਵੱਡਾ ਬਹੁਮਤ ਹੈ। ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਸਿਰੇ ਤੋਂ ਮੈਂਬਰ ਨਾਮਜ਼ਦ ਕਰਨ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਪਾਰਟੀ ਇਸ ਮਾਮਲੇ ’ਤੇ ਵਿਚਾਰ ਕਰ ਰਹੀ ਹੈ ਤੇ ਜਲਦੀ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ।ਸਿੱਖ ਕੌਮ ਦੇ ਮਸਲਿਆਂ ਬਾਰੇ ਸਵਾਲ ਦੇ ਜਵਾਬ ਵਿਚ ਸਰਦਾਰ ਕਾਲਕਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸ਼ਾਨਾਮੱਤਾ ਇਤਿਹਾਸ ਹੈ ਜਿਸ ਵਿਚ ਅਕਾਲੀ ਦਲ ਨੇ ਕੌਮ ਦੀਆਂ ਅਨੇਕਾਂ ਲੜਾਈਆਂ ਤੇ ਜਿੱਤੀਆਂ ਹਨ। ਉਹਨਾਂ ਕਿਹਾ ਕਿ ਸਿਰਫ ਤੇ ਸਿਰਫ ਅਕਾਲੀ ਦਲ ਹੀ ਸਿੱਖ ਕੌਮ ਦੀ ਨੁਮਾਇੰਦਾ ਜ਼ਮਾਤ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਦੇ ਮਸਲਿਆਂ ਪ੍ਰਤੀ ਜੋ ਸੰਜੀਦਗੀ ਅਕਾਲੀ ਦਲ ਨੇ ਹਮੇਸ਼ਾ ਵਿਖਾਈ ਹੈ, ਉਸਦੀ ਆਸ ਕਿਸੇ ਹੋਰ ਤੋਂ ਰੱਖਣਾ ਵੀ ਗਲਤੀ ਕਰਨ ਬਰਾਬਰ ਹੈ। ਉਹਨਾਂ ਕਿਹਾ ਕਿ ਭਵਿੱਖ ਵਿਚ ਵੀ ਕੌਮ ਦੇ ਮਸਲਿਆਂ ਪ੍ਰਤੀ ਅਕਾਲੀ ਦਲ ਸੰਜੀਦਗੀ ਨਾਲ ਡਟਿਆ ਰਹੇਗਾ ਤੇ ਸਮੁੱਚੇ ਹੱਲ ਕਰਨ ਵਾਸਤੇ ਕੰਮ ਕਰਦਾ ਰਹੇਗਾ।ਇਸ ਮੌਕੇ ਹਾਜ਼ਰ ਮੈਂਬਰਾਂ ਵਿਚ ਬੀਬੀ ਰਣਜੀਤ ਕੌਰ, ਹਰਵਿੰਦਰ ਸਿੰਘ ਕੇ.ਪੀ, ਬਲਬੀਰ ਸਿੰਘ, ਅਮਰਜੀਤ ਸਿੰਘ ਪੱਪੂ, ਵਿਕਰਮ ਸਿੰਘ ਰੋਹਿਣੀ, ਭੁਪਿੰਦਰ ਸਿੰਘ ਭੁੱਲਰ, ਗੁਰਮੀਤ ਸਿੰਘ ਭਾਟੀਆ, ਜਗਦੀਪ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਬੱਬਰ, ਆਤਮਾ ਸਿੰਘ ਲੁਬਾਣਾ, ਅਮਰਜੀਤ ਸਿੰਘ ਪਿੰਕੀ, ਗੁਰਦੇਵ ਸਿੰਘ, ਗੁਰਪ੍ਰੀਤ ਸਿੰਘ ਜੱਸਾ, ਹਰਜੀਤ ਸਿੰਘ ਪੱਪਾ, ਜਸਬੀਰ ਸਿੰਘ ਜੱਸੀ, ਜਸਮੇਨ ਸਿੰਘ ਨੋਨੀ, ਜਸਪ੍ਰੀਤ ਸਿੰਘ ਕਰਮਸਰ, ਮੋਹਿੰਦਰਪਾਲ ਸਿੰਘ ਚੱਢਾ, ਪਰਵਿੰਦਰ ਸਿੰਘ ਲੱਕੀ, ਰਾਜਿੰਦਰ ਸਿੰਘ ਘੁੱਘੀ, ਰਮਨਦੀਪ ਸਿੰਘ ਥਾਪਰ, ਰਮਨਜੋਤ ਸਿੰਘ ਮੀਤਾ, ਰਮਿੰਦਰ ਸਿੰਘ ਸਵੀਟਾ, ਸਰਵਜੀਤ ਸਿੰਘ ਵਿਰਕ, ਸਤਿੰਦਰਪਾਲ ਸਿੰਘ ਨਾਗੀ, ਸੁਰਜੀਤ ਸਿੰਘ ਜੀਤੀ ਸ਼ਾਮਲ ਸਨ।
Comments (0)