ਅਕਾਲ ਤਖ਼ਤ ਸਾਹਿਬ ਨੇ ਵਿਵਾਦਿਤ ਫਿਲਮ "ਦਾਸਤਾਨ-ਏ-ਮੀਰੀ-ਪੀਰੀ" 'ਤੇ ਅਸਥਾਈ ਰੋਕ ਲਾਈ; ਅਖੀਰੀ ਫੈਂਸਲਾ ਵਿਵਾਦਿਤ ਕਮੇਟੀ 'ਤੇ ਛੱਡਿਆ

ਅਕਾਲ ਤਖ਼ਤ ਸਾਹਿਬ ਨੇ ਵਿਵਾਦਿਤ ਫਿਲਮ

ਅੰਮ੍ਰਿਤਸਰ: ਖ਼ਾਲਸਾ ਪੰਥ ਦੀ ਸਰਬਉੱਚ ਸੰਸਥਾ ਅਕਾਲ ਤਖ਼ਤ ਸਾਹਿਬ 'ਤੇ ਬੈਠੇ ਲੋਕਾਂ ਦੀ ਅਯੋਗਤਾ 'ਤੇ ਬਣਿਆ ਪੰਥ ਦਾ ਸ਼ੰਕਾ ਇੱਕ ਵਾਰ ਫੇਰ ਮਜ਼ਬੂਤ ਹੁੰਦਾ ਨਜ਼ਰੀਂ ਪੈ ਰਿਹਾ ਹੈ। ਜਿੱਥੇ ਇੱਕ ਪਾਸੇ ਸਿੱਖ ਸੰਗਤਾਂ ਗੁਰੂ ਸਾਹਿਬਾਨ ਨੂੰ ਐਨੀਮੇਟਿਡ ਕਾਰਟੂਨ ਰੂਪ ਵਿੱਚ ਵਖਾ ਕੇ ਗੁਰੂ ਸਾਹਿਬ ਦੀ ਬੇਅਦਬੀ ਅਤੇ ਸਿੱਖ ਸਿਧਾਂਤ ਦਾ ਘਾਣ ਕਰ ਰਹੀ ਫਿਲਮ "ਦਾਸਤਾਨ-ਏ-ਮੀਰੀ-ਪੀਰੀ" 'ਤੇ ਪੂਰਨ ਰੋਕ ਲਵਾਉਣ ਲਈ ਡਟ ਗਿਆ ਹੈ ਉੱਥੇ ਕਈ ਅੱਜ ਸੰਗਤਾਂ ਦੇ ਦਬਾਅ ਤੋਂ ਬਾਅਦ ਸ਼੍ਰੌਮਣੀ ਕਮੇਟੀ ਵੱਲੋਂ ਨਿਯੁਕਤ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੋਲ-ਮੋਲ ਬਿਆਨ ਜਾਰੀ ਕੀਤਾ ਹੈ। 

ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਨਾਂ 'ਤੇ ਉਹਨਾਂ ਦੇ ਨਿਜੀ ਸਹਾਇਕ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਫਿਲਮ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਦੀ ਰਿਪੋਰਟ ਆਉਣ ਤੱਕ ਫਿਲਮ 'ਤੇ ਰੋਕ ਲਾ ਦਿੱਤੀ ਹੈ। 


ਅੰਮ੍ਰਿਤਸਰ ਵਿਖੇ ਫਿਲਮ ਬੰਦ ਕਰਵਾਉਣ ਲਈ ਸੰਗਤਾਂ ਵੱਲੋਂ ਕੀਤਾ ਜਾ ਰਿਹਾ ਪ੍ਰਦਰਸ਼ਨ

ਜਾਰੀ ਪ੍ਰੈਸ ਬਿਆਬ ਵਿੱਚ ਕਿਹਾ ਗਿਆ ਹੈ, "ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਦੀ ਫਿਲਮ ਸਬੰਧੀ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਨਹੀ ਪੁੱਜੀ ਇਸ ਲਈ ਜਿਨ੍ਹਾਂ ਚਿਰ ਰਿਪੋਰਟ ਨਹੀ ਆਉਂਦੀ ਉਨ੍ਹਾਂ ਚਿਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫਿਲਮ “ਦਾਸਤਾਨ ਏ ਮੀਰੀ ਪੀਰੀ” ਉੱਪਰ ਰੋਕ ਲਗਾਈ ਗਈ ਹੈ।"

ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਫਿਲਮ ਪ੍ਰਬੰਧਕ ਫਿਲਮ ਨੂੰ ਰਲੀਜ਼ ਨਾ ਕਰਨ ਜੇ ਰਲੀਜ਼ ਕਰਦੇ ਹਨ ਤਾਂ ਇਸ ਦੇ ਉਹ ਖੁਦ ਜਿੰਮੇਵਾਰ ਹੋਣਗੇ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵੱਲੋਂ ਪਹਿਲਾਂ ਹੀ ਕੀਤੇ ਮਤਿਆਂ ਰਾਹੀਂ ਗੁਰੂ ਸਾਹਿਬਾਨ ਦਾ ਕਿਸੇ ਵਿਸ਼ੇਸ਼ ਵਿਅਕਤੀ ਵੱਲੋਂ ਕਿਸੇ ਫਿਲਮ ਜਾਂ ਨਾਟਕ ਵਿਚ ਰੋਲ ਕਰਨਾ ਸਿੱਖ ਸਿਧਾਂਤਾ ਦੇ ਵਿਰੁੱਧ ਦਸਿਆ ਹੈ ਅਤੇ ਇਸ ਤੇ ਰੋਕ ਲਗਾਈ ਹੈ।ਇਸ ਲਈ ਗੁਰੂ ਸਾਹਿਬਾਨ ਦੇ ਰੋਲ ਵਾਲੀਆਂ ਫਿਲਮ ਜਾਂ ਗੁਰੂ ਸਾਹਿਬਾਨ ਦੇ ਚਲੰਤ ਐਨੀਮੇਸ਼ਨ ਬਣਾਉਣ ਦੀ ਇਜ਼ਾਜ਼ਤ ਕਿਸੇ ਕੀਮਤ ਉੱਤੇ ਨਹੀ ਦਿੱਤੀ ਜਾ ਸਕਦੀ ਪ੍ਰੰਤੂ ਸਿੱਖ ਇਤਿਹਾਸ ਦੇ ਸੂਰਬੀਰ ਯੋਧਿਆਂ ਜਾਂ ਬੰਦਗੀ ਵਾਲੀਆਂ ਰੂਹਾਂ ਉੱਪਰ ਚਲੰਤ ਐਨੀਮੇਸ਼ਨ ਬਣਾਉਣ ਜਾਂ ਨਾ ਬਣਾਉਣ ਬਾਰੇ ਗੁਰੂ ਪੰਥ ਦੀਆਂ ਪੰਥਕ ਸੰਸਥਾਵਾਂ, ਸੰਪ੍ਰਦਾਵਾਂ ਉਚੇਚ ਕਰਕੇ ਸਿੱਖ ਬੁੱਧੀਜੀਵੀਆਂ, ਚਿੰਤਕਾਂ ਦੀਆਂ ਰਾਵਾਂ ਲੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਵਿਖੇ ਭੇਜਣ ਤਾਂ ਜੋ ਇਸ ਸਬੰਧੀ ਭਵਿੱਖ ਵਿਚ ਠੋਸ ਫੈਸਲਾ ਲਿਆ ਜਾ ਸਕੇ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਭਵਿੱਖ ਵਿਚ ਪੰਥਕ ਮੁਦਿਆਂ ਉੱਪਰ ਸੰਵਾਦ ਰਚਾਉਣ ਦੀ ਵੱਡੀ ਲੋੜ ਹੈ।ਇਸ ਲਈ ਸਿੱਖ ਬੁੱਧੀਜੀਵੀ ਯੂਨੀਵਰਸਿਟੀਆਂ, ਕਾਲਜਾਂ ਵਿਚ ਪੜਦੇ ਸਿੱਖ ਨੌਜਵਾਨ ਅੱਗੇ ਆਉਣ ਤਾਂ ਜੋ ਆਪਸੀ ਟਕਰਾਅ ਤੋਂ ਬਚਿਆ ਜਾ ਸਕੇ ਅਤੇ
ਮੁੱਦਿਆਂ ਦਾ ਹੱਲ ਵੀ ਨਿਕਲੇ। 

ਉਹਨਾਂ ਕਿਹਾ ਕਿ ਗੁਰੂ ਪੰਥ ਬਹੁਤ ਨਾਜੂਕ ਦੌਰ ਵਿਚੋਂ ਗੁਜ਼ਰ ਰਿਹਾ ਹੈ।ਸਿੱਖ ਪ੍ਰੰਪਰਾ ਮਰਿਯਾਦਾਵਾਂ ਅਤੇ ਸਿਧਾਂਤਾ ਨੂੰ ਸੁਰੱਖਿਅਤ ਰੱਖਣ ਲਈ ਪੰਥਕ ਸੰਸਥਾਵਾਂ ਨੂੰ ਮਜਬੂਤ ਕਰਨ ਦੀ ਵੱਡੀ ਲੋੜ ਹੈ।ਇਸ ਲਈ ਕੌਮ ਇੱਕਜੁਟ ਹੋਵੇ।

ਧਿਆਨਦੇਣ ਯੋਗ ਗੱਲ ਹੈ ਕਿ ਫਿਲਮ ਸਮੀਖਿਆ ਕਮੇਟੀ 'ਤੇ ਪਹਿਲਾਂ ਹੀ ਉਂਗਲਾਂ ਉੱਠ ਚੁੱਕੀਆਂ ਹਨ ਤੇ ਅਜਿਹੇ ਵਿੱਚ ਫਿਲਮ ਸਮੀਖਿਆ ਕਮੇਟੀ ਦੀ ਰਿਪੋਰਟ 'ਤੇ ਇਸ ਫਿਲਮ ਦੇ ਫੈਂਸਲੇ ਨੂੰ ਛੱਡਣਾ ਕਈ ਸਵਾਲ ਖੜੇ ਕਰ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀ ਇਸ ਫਿਲਮ ਸਮੀਖਿਆ ਕਮੇਟੀ ਵਿੱਚ ਇੰਦਰਜੀਤ ਸਿੰਘ ਗੋਗੋਆਣੀ ਨਾਂ ਦਾ ਸ਼ਖਸ ਵੀ ਹੈ ਜਿਸ ਨੇ ਇਸ ਵਿਵਾਦਿਤ ਫਿਲਮ ਦੀ ਸਕ੍ਰਿਪਟ ਲਿਖੀ ਹੈ ਤੇ ਇਸ ਫਿਲਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਮਿਲੇ ਬਿਨ੍ਹਾਂ ਹੀ ਪ੍ਰਮੋਟ ਵੀ ਕੀਤਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ