ਦੁਨਿਆਵੀ ਅਦਾਲਤ ਨੇ ਸੌਦੇ ਸਾਧ ਨੂੰ ਅਪਰਾਧੀ ਮੰਨ ਕੇ ਦਿੱਤੀ ਤੀਜੀ ਵਾਰ ਉਮਰ ਕੈਦ

ਦੁਨਿਆਵੀ ਅਦਾਲਤ ਨੇ ਸੌਦੇ ਸਾਧ ਨੂੰ ਅਪਰਾਧੀ ਮੰਨ ਕੇ ਦਿੱਤੀ ਤੀਜੀ ਵਾਰ ਉਮਰ ਕੈਦ

ਸ੍ਰੀ ਅਕਾਲ ਤਖਤ ਤੋਂ ਉਸਨੂੰ ਮੁਆਫੀਨਾਮਾ ਦੇਣ ਤੇ ਦਿਵਾਉਣ ਵਾਲ਼ਿਉ ਹੁਣ ਤਾਂ ਅੰਦਰਲਾ ਸੱਚ

ਬੋਲ ਦਿਉ : ਤਰਲੋਚਨ ਸਿੰਘ ਦੁਪਾਲ ਪੁਰ

ਕੈਲੇਫੋਰਨੀਆਂ :ਗੁਰਮੀਤ ਰਾਮ ਰਹੀਮ ਨੂੰ ਪੰਚਕੂਲਾ ਦੀ ਸੀ.ਬੀ.ਆਈ ਅਦਾਲਤ ਵਲੋਂ ਰਣਜੀਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ’ਤੇ ਟਿੱਪਣੀ ਕਰਦਿਆਂ  ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲ ਪੁਰ ਨੇ ਤਖਤ ਸਾਹਿਬ ਦੇ ਮੌਜੂਦਾ ਅਤੇ ਉਨ੍ਹਾਂ ਤੋਂ ਪਹਿਲੇ ਸਾਬਕਾ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਹੁਣ ਜਦ ਉਕਤ ਸੌਦੇ ਸਾਧ ਨੂੰ ਦੁਨਿਆਵੀ ਅਦਾਲਤ ਨੇ ਤੀਸਰੇ ਕੇਸ ਵਿਚ ਵੀ ਉਮਰ ਕੈਦ  ਦੀ ਸਜ਼ਾ ਸੁਣਾਈ ਹੈ ਤਾਂ ਸਮੁੱਚਾ ਸਿੱਖ ਜਗਤ ਤੁਹਾਥੋਂ ਅੰਦਰਲਾ ਸੱਚ’ ਸੁਣਨ ਦੀ ਤਵੱਕੋ ਕਰ ਰਿਹਾ ਹੈ ਕਿ ਉਹ ਕਿਹੜੀ ਮਜ਼ਬੂਰੀ ਸੀ ਜਾਂ ਉਹ ਕਿਹੜੀ ਮਹਾਨ ਹਸਤੀ’ ਸੀ ਜਿਸਦੇ ਆਖੇ ਏਡੇ ਘੋਰ ਅਪਰਾਧੀ ਨੂੰ ਤਖਤ ਸਾਹਿਬ ਤੇ ਬਿਨਾਂ ਪੇਸ਼ ਹੋਇਆਂ ਹੀ ਮੁਆਫੀਨਾਮਾ ਦੇ ਦਿੱਤਾ ਗਿਆ ਸੀ ?

     ਆਪਣੇ ਲਿਖਤੀ ਬਿਆਨ ਵਿਚ ਸਰਦਾਰ ਦੁਪਾਲ ਪੁਰ ਨੇ ਲਿਖਿਆ ਹੈ ਕਿ ਪੰਚਕੂਲਾ ਅਦਾਲਤ ਵਲੋਂ ਸੌਦੇ ਸਾਧ ਨੂੰ ਸਖਤ ਸਜ਼ਾ ਸੁਣਾਏ ਜਾਣ ’ਤੇ ਬੇਸ਼ੱਕ ਸਿੱਖ ਪੰਥ ਵਲੋਂ ਖੁਸ਼ੀ ਜਾਹਰ ਕੀਤੀ ਜਾ ਰਹੀ ਹੈ ਕਿਉਂ ਕਿ ਬਰਗਾੜੀ ਦੀ ਬਿਅਦਬੀ, ਬਹਿਬਲ ਕਲਾਂ ਤੇ ਕੋਟ ਕਪੂਰੇ ਹੋਏ ਗੋਲ਼ੀ ਕਾਂਡ ਜਿਹੇ ਸੰਗੀਨ ਜ਼ੁਰਮਾਂ ਦੇ ਪਿੱਛੇ ਪੁਆੜੇ ਦੀ ਜੜ੍ਹ ਇਹੋ ਅਖੌਤੀ ਸਾਧ ਸੀ, ਪਰ ਸਮੂੰਹ ਗੁਰੂ ਨਾਨਕ ਨਾਮ ਲੇਵਾ ਦੇ ਮਨਚਿੱਤ ਵਿਚ ਮੁਆਫੀਨਾਮੇ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੀ ਹੋਈ ਬੇਹੁਰਮਤੀ ਦਾ ਦਰਦ ਕੰਡੇ ਵਾਂਗਚੁਭਦਾ ਆ ਰਿਹਾ ਹੈ! ਇਹ ਮੁਆਫੀਨਾਮਾ ਦੇਣ ਤੇ ਦਿਵਾਉਣ ਵਾਲ਼ੇ ਸਾਰੇ ਸ਼ਖਸ਼ ਸੁੱਖ ਨਾਲ’ ਜਿਊਂਦੇ ਜਾਗਦੇ ਹਨ ਪਰ ਸਿਤਮ ਦੀ ਗੱਲ ਹੈ ਕਿ ਕਈ ਸਿੱਖ ਜਥੇਬੰਦੀਆਂ ਅਤੇ ਨਾਮੀ ਸਿੱਖ ਆਗੂ ਅਨੇਕਾਂ ਵਾਰ ਲਿਖਤੀ ਮੈਮੋਰੰਡਮ ਦੇ ਦੇ ਕੇ ਅੰਦਰਲੀ ਹਕੀਕਤ ਜਾਨਣ ਲਈ ਬੇਨਤੀਆਂ ਕਰਦੇ ਆ ਰਹੇ ਹਨ। ਪਰਨਾ ਹੀ ਕਦੇ ਵਰਤਮਾਨ ਤੇ ਨਾ ਹੀ ਕਦੇ ਸਾਬਕਾ ਜਥੇਦਾਰ ਨੇ ਸੱਚ ਦੱਸਣ ਦੀ ਜ਼ਹਿਮਤ ਉਠਾਈ ਹੈ! ਹੈਰਾਨੀ ਦੀ ਗੱਲ ਹੈ ਕਿ ਇਹੋ ਜਥੇਦਾਰ ਸਾਹਿਬਾਨ ਸਰਕਾਰਾਂ ’ਤੇ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਹ ਸਿੱਖਾਂ ਨੂੰ ਕਦੇ ਇਨਸਾਫ ਨਹੀਂ ਦਿੰਦੇ ਪਰ ਖੁਦ ਆਪ ਉਹ ਸਿੱਖ ਧਰਮ ਦੀਆਂ ਸਰਬਉੱਚ ਪਦਵੀਆਂ ’ਤੇ ਬਿਰਾਜਮਾਨ ਹੋਣ ਦੇ ਬਾਵਜੂਦ ਸਿੱਖਾਂ ਦੇ ਸਵਾਲਾਂ ਪ੍ਰਤੀ ਘੇਸਲ਼ ਮਾਰੀ ਰੱਖਦੇ ਹਨ।  ਸੌਦੇ ਸਾਧ ਵਾਲ਼ੇ ਮੁਆਫੀਨਾਮੇ ਵੇਲੇ ਦੇ ਘਟਨਾਕ੍ਰਮ ਦੇ ਵੇਰਵਿਆਂ ਦੀ ਯਾਦ ਦੁਆਉਂਦਿਆਂ ਸਰਦਾਰਦੁਪਾਲ ਪੁਰ ਨੇ ਬਿਆਨ ਦੇ ਅਖੀਰ ਵਿਚ ਲਿਖਿਆ ਕਿ ਉਦੋਂ ਸਰਕਾਰੀ ਕੋਠੀਆਂ ਵਿਚ ਸਿੰਘ ਸਾਹਿਬਾਨ ਨੂੰ ਬੁਲਾ ਕੇ ਹਦਾਇਤਾਂ ਦੇਣ ਵਾਲ਼ੇ, ਮਿਲ਼ੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ ਵਾਲ਼ੇ, ਹੰਗਾਮੀਂ ਤੌਰ ’ਤੇ ਦਿੱਲੀਉਂ ਹਵਾਈ ਜਹਾਜ ਰਾਹੀਂ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਮੁਆਫੀਨਾਮੇ ਦੀ ਵਾਹ ਵਾਹ’ ਕਰਨ ਵਾਲ਼ੇ ਅਤੇ ਗੁਰੂ ਕੀ ਗੋਲ੍ਹਕ ਵਿਚੋਂ ਨੱਬੇ ਲੱਖ ਰੁਪਏ ਦੇ ਇਸ਼ਤਿਹਾਰ ਛਪਾਉਣ ਵਾਲ਼ੇ ਸਾਰੇ ਹੀ ਭਦਰ ਪੁਰਸ਼ਾਂ ਨੂੰ ਹੁਣ ਦੁਨਿਆਵੀ ਅਦਾਲਤ ਦਾ ਫੈਸਲਾ ਸੁਣ ਕੇ ਸ਼ਾਇਦ ਸੰਗ ਹੱਯਾ ਆ ਗਈ ਹੋਵੇ ਤਾਂ ਉਹ ਬਰਾਏ ਮਿਹਰਬਾਨੀ ਬਰਗਾੜੀ ਬਿਅਦਬੀ ਕਾਂਡ ਦੇ ਅੰਦਰਲੇ ਤੱਥ ਜਰੂਰ ਉਜਾਗਰ ਕਰ ਦੇਣ! ਅਜਿਹਾ ਕਰਨ ਨਾਲ ਉਹ ਕੌਮ ਦੀ ਖਿਦਮਤ ਹੀ ਕਰ ਰਹੇ ਹੋਣਗੇ !