ਗ਼ਜ਼ਲ ਗਾਇਕੀ ਦੀ ਮਲਿਕਾ ਬੇਗ਼ਮ ਅਖ਼ਤਰ.

ਗ਼ਜ਼ਲ ਗਾਇਕੀ ਦੀ ਮਲਿਕਾ ਬੇਗ਼ਮ ਅਖ਼ਤਰ.

ਸੰਗੀਤ ਤੇ ਮਿਊਜਿਕ                          

ਗੱਲ ਨਵੰਬਰ 1945 ਦੀ ਹੈ। ਆਲ ਇੰਡੀਆ ਰੇਡੀਓ, ਬੰਬਈ ਉੱਤੇ ‘ਆਪ ਕੀ ਫ਼ਰਮਾਇਸ਼’ ਪ੍ਰੋਗਰਾਮ ਨਵਾਂ ਨਵਾਂ ਸ਼ੁਰੂ ਹੋਇਆ ਸੀ। ਇਸ ਵਿਚ ਸਰੋਤਿਆਂ ਦੀ ਫ਼ਰਮਾਇਸ਼ ’ਤੇ ਫਿਲਮੀ ਤੇ ਗ਼ੈਰ-ਫ਼ਿਲਮੀ ਗੀਤ ਸੁਣਾਏ ਜਾਂਦੇ ਸਨ। ਹਰ ਗੀਤ ਤੋਂ ਪਹਿਲਾਂ ਫ਼ਰਮਾਇਸ਼ਕਾਰਾਂ ਦੇ ਨਾਮ ਬੋਲੇ ਜਾਂਦੇ ਸਨ। ਲਤਾ ਮੰਗੇਸ਼ਕਰ ਇਸ ਪ੍ਰੋਗਰਾਮ ਦੀ ਦੀਵਾਨੀ ਸੀ। ਉਸ ਨੇ ਬੇਗ਼ਮ ਅਖ਼ਤਰ ਦੀ ਗਾਈ ਗ਼ਜ਼ਲ ‘ਦੀਵਾਨਾ ਬਨਾਨਾ ਹੈ, ਤੋ ਦੀਵਾਨਾ ਬਨਾ ਦੇ’ ਦੀ ਫ਼ਰਮਾਇਸ਼ ਇਕ ਪੋਸਟਕਾਰਡ ਰਾਹੀਂ ਭੇਜ ਦਿੱਤੀ। ਜਦੋਂ ਕਈ ਦਿਨ ਇਹ ਫ਼ਰਮਾਇਸ਼ ਪੂਰੀ ਨਾ ਹੋਈ ਤਾਂ ਧਾਰ ਲਿਆ ਕਿ ਉਹ ਅੱਗੇ ਤੋਂ ਇਹ ਪ੍ਰੋਗਰਾਮ ਨਹੀਂ ਸੁਣੇਗੀ। ਪਰ ਅਗਲੇ ਹੀ ਦਿਨ ਉਸ ਦੀ ਫ਼ਰਮਾਇਸ਼ ਪੂਰੀ ਹੋ ਗਈ। ਛੋਟੀ ਭੈਣ ਮੀਨਾ ਨੇ ਰੇਡੀਓ ਦਾ ਬਟਨ ਮਰੋੜਿਆ ਹੀ ਸੀ ਕਿ ਲਤਾ ਦਾ ਨਾਮ ਸੁਣਨ ਨੂੰ ਮਿਲਿਆ। ਉਸ ਤੋਂ ਬਾਅਦ ਬੇਗ਼ਮ ਅਖ਼ਤਰ ਦੀ ਆਵਾਜ਼। ਲਤਾ ਪੂਰਾ ਦਿਨ ਸੱਤਵੇਂ ਆਸਮਾਨ ’ਤੇ ਰਹੀ।ਇਹ ਕਿੱਸਾ, ਅਤੇ ਅਜਿਹੇ ਦਰਜਨਾਂ ਹੋਰ ਕਿੱਸੇ ਨਵੀਂ ਕਿਤਾਬ ‘ਅਖ਼ਤਰੀ: ਦਿ ਲਾਈਫ਼ ਐਂਡ ਮਿਊਜ਼ਿਕ ਆਫ਼ ਬੇਗਮ ਅਖ਼ਤਰ’ (ਹਾਰਪਰ ਕੌਲਿਨਜ਼; 268 ਪੰਨੇ; 699 ਰੁਪਏ) ਦਾ ਹਿੱਸਾ ਹਨ। ਬੜਾ ਕੁਝ ਸੰਗ੍ਰਹਿਤ ਹੈ ਇਸ ਕਿਤਾਬ ਵਿਚ। ਬੇਗ਼ਮ ਅਖ਼ਤਰ ਬਾਰੇ ਦਰਜਨ ਦੇ ਕਰੀਬ ਕਿਤਾਬਾਂ ਸਿਰਫ਼ ਅੰਗਰੇਜ਼ੀ ਵਿਚ ਛਪ ਚੁੱਕੀਆਂ ਹਨ। ਬਹੁਤੀਆਂ ਉਸ ਦੀਆਂ ਸ਼ਾਗਿਰਦਾਂ ਸ਼ਾਂਤੀ ਹੀਰਾਨੰਦ ਤੇ ਰੀਤਾ ਗਾਂਗੁਲੀ ਅਤੇ ਮੁਰੀਦਾਂ- ਸ਼ੁਤਪਾ ਮਜੂਮਦਾਰ ਤੇ ਜੋਤੀ ਸਭਰਵਾਲ ਤੋਂ ਇਲਾਵਾ ਕੁਝ ਹੋਰ ਪ੍ਰਸੰਕਕਾਂ ਵੱਲੋਂ ਲਿਖੀਆਂ ਹੋਈਆਂ। ਸੰਗੀਤ ਦੇ ਰਸੀਏ ਪੱਤਰਕਾਰ ਐੱਸ ਕਾਲੀਦਾਸ ਵੱਲੋਂ ਲਿਖੀ ਕਿਤਾਬ ‘ਬੇਗ਼ਮ ਅਖ਼ਤਰ: ਲਵ’ਜ਼ ਓਨ ਵੌਇਸ’ ਵੀ ਇਸ ਗਿਣਤੀ ਵਿਚ ਸ਼ੁਮਾਰ ਹੈ; ਫ਼ਰਕ ਏਨਾ ਹੈ ਕਿ ਜਿੱਥੇ ਬਹੁਤੀਆਂ ਕਿਤਾਬਾਂ ਸਾਖੀਕਾਰੀ ਨਾਲ ਭਰਪੂਰ ਹਨ, ਉੱਥੇ ਕਾਲੀਦਾਸ ਨੇ ਸਨਸਨੀ ਤੇ ਚਸਕੇਬਾਜ਼ੀ ਨੂੰ ਵੱਧ ਪ੍ਰਮੁੱਖਤਾ ਦਿੱਤੀ ਹੋਈ ਹੈ। ‘ਅਖ਼ਤਰੀ’ ਇਨ੍ਹਾਂ ਸਭਨਾਂ ਤੋਂ ਭਿੰਨ ਹੈ: ਦੋ ਕਾਰਨਾਂ ਕਰਕੇ। ਇਕ ਤਾਂ ਇਹ 40 ਤੋਂ ਵੱਧ ਲੇਖਾਂ ਤੇ ਸੰਸਮਰਣਾਂ ਦਾ ਸੰਕਲਨ ਹੈ। ਇਹ ਲੇਖ/ਸੰਸਮਰਣ ਸੰਗੀਤ ਜਗਤ ਅੰਦਰਲੀਆਂ ਹਸਤੀਆਂ ਦੇ ਵੀ ਹਨ ਅਤੇ ਇਸ ਤੋਂ ਬਾਹਰਲੀਆਂ ਹਸਤੀਆਂ ਦੇ ਵੀ। ਦੂਜਾ, ਰਚਨਾਵਾਂ ਦੀ ਚੋਣ ਇਸ ਢੰਗ ਨਾਲ ਕੀਤੀ ਗਈ ਹੈ ਕਿ ਬੇਗ਼ਮ ਦੇ ਫ਼ਨ ਤੇ ਸ਼ਖ਼ਸੀਅਤ ਦਾ ਜਾਇਜ਼ਾ ਸਾਖੀਕਾਰੀ ਦੀ ਭੇਟ ਨਾ ਚੜ੍ਹੇ। ਰਚਨਾਕਾਰਾਂ ਵਿਚ ਸੰਗੀਤ ਸਮਾਲੋਚਕਾਂ- ਸਲੀਮ ਕਿਦਵਈ ਤੇ ਸ਼ੀਲਾ ਧਰ, ਸੰਗੀਤ ਸ਼ਾਸਤਰੀਆਂ- ਉਸਤਾਦ ਬਿਸਮਿੱਲਾ ਖਾਨ, ਸ਼ਾਂਤੀ ਹੀਰਾਨੰਦ, ਲਤਾ ਮੰਗੇਸ਼ਕਰ ਤੇ ਕੌਮੁਦੀ ਮਿਸ਼ਰਾ ਅਤੇ ਹਿੰਦੀ ਦੀ ਉੱਘੀ ਲੇਖਿਕਾ ਸ਼ਿਵਾਨੀ ਦੇ ਨਾਮ ਪ੍ਰਮੁੱਖ ਹਨ। ਆਚਾਰੀਆ ਕੈਲਾਸ਼ ਦੇਵ ਬ੍ਰਹਿਸਪਤੀ ਵੱਲੋਂ ਬੇਗ਼ਮ ਨਾਲ ਕੀਤੀ ਲੰਮੀ ਬਾਤਚੀਤ ਵੀ ਇਸ ਕਿਤਾਬ ਵਿਚ ਸ਼ਾਮਲ ਹੈ। ਸੰਪਾਦਨ ਯਤੀਂਦ੍ਰ ਮਿਸ਼ਰਾ ਦਾ ਹੈ ਜੋ ਖ਼ੁਦ ਨਾਮਵਰ ਕਵੀ, ਸੰਗੀਤਗ ਤੇ ਸੰਗੀਤ ਦਾ ਇਤਿਹਾਸਕਾਰ ਹੈ। ਬਹੁਤੀਆਂ ਰਚਨਾਵਾਂ ਹਿੰਦੀ ਲੇਖਕਾਂ ਦੀਆਂ ਹਨ ਜਿਨ੍ਹਾਂ ਦਾ ਅਨੁਵਾਦ ਮਨੀਸ਼ਾ ਤਨੇਜਾ ਨੇ ਬਾਖ਼ੂਬੀ ਕੀਤਾ ਹੈ।

ਕਿਤਾਬ ਪੜ੍ਹ ਕੇ ਪਹਿਲਾ ਪ੍ਰਭਾਵ ਇਹ ਬਣਦਾ ਹੈ ਕਿ ਬੇਗ਼ਮ ਅਖ਼ਤਰ (1914-1974) ਨੇ ਆਪਣੇ 60 ਵਰ੍ਹਿਆਂ ਦੇ ਜੀਵਨ-ਕਾਲ ਦੌਰਾਨ ਜੋ ਕੁਝ ਪ੍ਰਾਪਤ ਕੀਤਾ, ਉਹ ਅੰਤਾਂ ਦੇ ਸਿਰੜ, ਸਿਦਕ ਅਤੇ ਵਰ੍ਹਿਆਂ ਲੰਮੀ ਜੱਦੋ-ਜਹਿਦ ਤੇ ਕੁਰਬਾਨੀਆਂ ਦਾ ਹਾਸਲ ਸੀ। ਦੂਜਾ ਪ੍ਰਭਾਵ ਇਹ ਹੈ ਕਿ ਉਸ ਦੀ ਜੱਦੋਜਹਿਦ ਦੀ ਪੂਰੀ ਕਦਰ ਨਾ ਉਸ ਦੇ ਜਿਉਂਦੇ-ਜੀਅ ਹੋਈ, ਨਾ ਮੌਤ ਪਿੱਛੋਂ। ਉਸ ਨੇ ਗ਼ਜ਼ਲ ਗਾਇਕੀ ਨੂੰ ਤਵਾਇਫ਼ੀ ਕੋਠਿਆਂ ਵਿਚੋਂ ਕੱਢ ਕੇ ਭਾਰਤੀ ਸੰਗੀਤ ਪਰੰਪਰਾ ਦਾ ਸਿਰਮੌਰ ਅੰਗ ਬਣਾਇਆ, ਇਸ ਦਾ ਰਸ-ਰੰਗ ਜਨ ਜਨ ਤੱਕ ਪਹੁੰਚਾਇਆ ਤੇ ਗ਼ੈਰ-ਫਿਲਮੀ ਗਾਇਕੀ ਦੀ ਖ਼ੂਬਸੂਰਤੀ ਤੇ ਮਹੱਤਵ ਦਾ ਅਹਿਸਾਸ ਲੋਕ ਮਨਾਂ ਦੇ ਅੰਦਰ ਪੈਦਾ ਕੀਤਾ। ਅਜਿਹੀਆਂ ਪ੍ਰਾਪਤੀਆਂ ਦੇ ਬਾਵਜੂਦ ਉਸ ਦੀ ਗਾਇਕੀ ਨੂੰ ਢੁੱਕਵੀਂ ਤੇ ਸੁਚੱਜੀ ਮਾਨਤਾ ਦੇਣ ਪੱਖੋਂ ਕੰਜੂਸੀ ਸਰਕਾਰੀ ਅਦਾਰਿਆਂ ਨੇ ਵੀ ਵਰਤੀ ਅਤੇ ਗ਼ੈਰ-ਸਰਕਾਰੀ ਅਦਾਰਿਆਂ ਨੇ ਵੀ। ‘ਪਦਮ ਸ਼੍ਰੀ’ ਦੀ ਉਪਾਧੀ ਉਸ ਨੂੰ ਉਮਰ ਦੇ ਛੇਵੇਂ ਦਹਾਕੇ ਦੌਰਾਨ ਮਿਲੀ ਅਤੇ ‘ਪਦਮ ਭੂਸ਼ਨ’ ਮੌਤ ਉਪਰੰਤ। ਭਾਰਤੀ ਸੰਗੀਤ ਨਾਟਕ ਅਕਾਦਮੀ ਵੀ 1970ਵਿਆਂ ਵਿਚ ਉਸ ਉੱਤੇ ‘ਮਿਹਰਬਾਨ’ ਹੋਈ। ਅਸਲੀਅਤ ਤਾਂ ਇਹ ਹੈ ਕਿ ਜੇਕਰ ਬੇਗ਼ਮ ਅਖ਼ਤਰ ਨਾ ਹੁੰਦੀ ਤਾਂ ਇਕਬਾਲ ਬਾਨੋ, ਫ਼ਰੀਦਾ ਖ਼ਾਨੁਮ, ਮਹਿਦੀ ਹਸਨ, ਜਗਜੀਤ ਸਿੰਘ ਜਾਂ ਰੂਨਾ ਲੈਲਾ ਲਈ ਮਕਬੂਲੀਅਤ ਦਾ ਰਾਹ ਪੱਧਰਾ ਨਹੀਂ, ਬਹੁਤ ਬਿਖਮ ਹੋਣਾ ਸੀ। ਮਿਰਜ਼ਾ ਅਸਦਉੱਲਾ ਗ਼ਾਲਿਬ ਜਾਂ ਮੀਰ ਤਕੀ ਮੀਰ ਦੀ ਸ਼ਾਇਰੀ ਆਪਣੀ ਪਛਾਣ ਲਈ ਮੌਸਿਕੀ ਜਾਂ ਗਾਇਕੀ ਦੀ ਮੁਥਾਜ ਨਹੀਂ, ਪਰ ਇਸ ਦੀ ਲੋਕਪ੍ਰਿਯਤਾ ਨੂੰ ਵਸੀਹਤਰ ਬਣਾਉਣ ਵਿਚ ਵੱਡਾ ਯੋਗਦਾਨ ਬੇਗ਼ਮ ਅਖ਼ਤਰ ਨੇ ਪਾਇਆ। ਦਾਗ਼ ਦੇਹਲਵੀ, ਮੋਮਿਨ ਖਾਨ ਮੋਮਿਨ, ਫ਼ੈਜ਼ ਅਹਿਮਦ ਫ਼ੈਜ਼, ਜਿਗਰ ਮੁਰਾਦਾਬਾਦੀ, ਸ਼ਕੀਲ ਬਦਾਯੂੰਨੀ ਤੇ ਕੈਫ਼ੀ ਆਜ਼ਮੀ ਆਪਣੇ ਆਪ ਨੂੰ ਇਸ ਗੱਲੋਂ ਖੁਸ਼ਕਿਸ਼ਮਤ ਸਮਝਦੇ ਰਹੇ ਕਿ ਬੇਗ਼ਮ ਅਖ਼ਤਰ ਨੇ ਉਨ੍ਹਾਂ ਦੀ ਸ਼ਾਇਰੀ ਨੂੰ ਤਰਨੁੰਮ ਬਖ਼ਸ਼ਿਆ। ਕੈਫ਼ੀ ਆਜ਼ਮੀ ਦੇ ਸੰਸਮਰਣ ਅਨੁਸਾਰ ਉਨ੍ਹਾਂ ਨੇ ਗ਼ਜ਼ਲਗੋਈ ਹੀ ਬੇਗ਼ਮ ਅਖ਼ਤਰ ਦੇ ਕਰੀਬ ਆਉਣ ਵਾਸਤੇ ਸ਼ੁਰੂ ਕੀਤੀ। ਸੁਦਰਸ਼ਨ ਫ਼ਾਕਿਰ ਦੇ ਦੱਸਣ ਮੁਤਾਬਕ ਜਿਸ ਦਿਨ ‘‘ਬੇਗ਼ਮ ਸਾਹਿਬਾ ਨੇ ਮੇਰੀ ਗ਼ਜ਼ਲ ਗਾਉਣ ਲਈ ਚੁਣੀ, ਮੈਨੂੰ ਜਾਪਿਆ ਕਿ ਮੈਂ ਗ਼ਜ਼ਲ ਲੇਖਣ ਦਾ ਇਮਤਿਹਾਨ ਪਾਸ ਕਰ ਲਿਆ ਹੈ।’’

ਕਿਤਾਬ ਦਰਸਾਉਂਦੀ ਹੈ ਕਿ ਅਖ਼ਤਰੀ ਦੇ ਜੀਵਨ ਤੇ ਕਲਾ ਨੂੰ ਨਿਖ਼ਾਰਨ ਤੇ ਨਵੀਂ ਦਿਸ਼ਾ ਦੇਣ ਵਿਚ ਉਸ ਦੀ ਮਾਂ ਮੁਸ਼ਤਰੀਬਾਈ ਫ਼ੈਜ਼ਾਬਾਦੀ ਦਾ ਯੋਗਦਾਨ, ਬੇਟੀ ਦੇ ਯੋਗਦਾਨ ਨਾਲੋਂ ਕਿਤੇ ਵੱਡਾ ਰਿਹਾ। ਮੁਸ਼ਤਰੀਬਾਈ ਤਵਾਇਫ਼ ਸੀ, ਸਮੇਂ ਦੀ ਰੀਤ ਮੁਤਾਬਿਕ ਅਖ਼ਤਰੀ ਨੇ ਵੀ ਤਵਾਇਫ਼ ਹੀ ਹੋਣਾ ਸੀ। ਪਰ ਮਾਂ ਨੇ ਧੀ ਦੀ ਤਕਦੀਰ ਨੂੰ ਬਦਲਣ ਲਈ ਹਰ ਕੁਰਬਾਨੀ ਕਰਨ ਦੀ ਦ੍ਰਿੜ੍ਹਤਾ ਦਿਖਾਈ। ਪਿਤਾ ਸੱਯਦ ਅਖ਼ਤਰ ਹੁਸੈਨ ਨਵਾਬੀ ਖ਼ਾਨਦਾਨ ਨਾਲ ਸਬੰਧਤ ਸੀ। ਪੇਸ਼ੇ ਵਜੋਂ ਮੁਨਸਿਫ਼ ਹੋਣ ਦੇ ਬਾਵਜੂਦ ਉਸ ਨੇ ਅਖ਼ਤਰੀ ਨੂੰ ਧੀ ਵਜੋਂ ਮਾਨਤਾ ਦੇਣ ਦੀ ਜੁਰੱਅਤ ਨਹੀਂ ਦਿਖਾਈ। ਮੁਸ਼ਤਰੀਬਾਈ ਨੇ ਅਜਿਹੇ ਬੰਦੇ ਦੀ ਖ਼ੈਰਾਤ ’ਤੇ ਧੀ ਨੂੰ ਪਾਲਣ ਦੀ ਥਾਂ ਕਿਰਸ ਤੇ ਕਿਰਤ ਦਾ ਰਾਹ ਚੁਣਿਆ। ਪਹਿਲਾਂ ਗਯਾ ਗਈ, ਫਿਰ ਕਲਕੱਤਾ। ਅਖ਼ਤਰੀ ਨੂੰ ਉਸਤਾਦ ਅਤਾ ਮੁਹੰਮਦ ਖ਼ਾਨ (ਪਟਿਆਲਾ ਘਰਾਣਾ), ਉਸਤਾਦ ਅਬਦੁਲ ਵਹੀਦ ਖ਼ਾਨ (ਕਿਰਾਨਾ ਘਰਾਣਾ) ਤੇ ਉਸਤਾਦ ਮੁਹੰਮਦ ਹਯਾਤ ਖ਼ਾਨ (ਮੁਰਸ਼ਿਦਾਬਾਦੀ) ਪਾਸੋਂ ਹਿੰਦੋਸਤਾਨੀ ਸ਼ਾਸਤਰੀ ਸੰਗੀਤ ਦੀ ਬਾਕਾਇਦਾ ਤਾਲੀਮ ਦਿਵਾਈ। 13 ਵਰ੍ਹਿਆਂ ਦੀ ਉਮਰ ਤੱਕ ਉਹ ਗ਼ਜ਼ਲ ਗਾਇਕੀ ਤੋਂ ਇਲਾਵਾ ਸ਼ਾਸਤਰੀ ਗਾਇਨ ਦੇ ਹੋਰਨਾਂ ਅੰਗਾਂ ਜਿਵੇਂ ਕਿ ਠੁਮਰੀ, ਚੈਤੀ, ਦਾਦਰਾ, ਕਜਰੀ, ਹੋਰੀ ਤੇ ਬਾਰਾਮਾਸਾ ਦੇ ਗਾਇਨ ਵਿਚ ਵੀ ਪ੍ਰਬੀਨ ਹੋ ਗਈ। ਮਮਤਾ ਕਾਲੀਆ ਦੇ ਲੇਖ ਮੁਤਾਬਿਕ ‘‘ਬੇਗ਼ਮ ਸਾਹਿਬਾ ਦੀ ਰਾਗਾਂ ਤੇ ਰਾਗਦਾਰੀਆਂ ਉੱਤੇ ਪਕੜ ਏਨੀ ਜ਼ਿਆਦਾ ਸੀ ਕਿ ਮੂਡ ਹੋਣ ’ਤੇ ਉਹ ਇਕੋ ਹੀ ਗ਼ਜ਼ਲ ਨੂੰ ਕੇਦਾਰ, ਦਰਬਾਰੀ, ਪੂਰੀਆ, ਕਾਨ੍ਹੜਾ ਜਾਂ ਖਮਾਜ ਰਾਗਾਂ ਵਿਚ ਧੁਨਾਂ ਵਖਰਿਆ ਕੇ ਗਾ ਦਿੰਦੀ ਸੀ।’’ ਉਸ ਦੀ ਇਸੇ ਮੁਹਾਰਤ ਨੂੰ ਸਜਦਾ ਕਰਨ ਲਈ ਸੰਗੀਤਕਾਰ ਮਦਨ ਮੋਹਨ, ਕਈ ਵਰ੍ਹੇ ਉਸ ਦੀ ਬਰਸੀ ਮੌਕੇ ਲਖਨਊ ਜਾਂਦਾ ਰਿਹਾ ਅਤੇ ਉਸ ਦੀ ਕਬਰ ਉੁੱਤੇ ਚਾਦਰ ਚੜ੍ਹਾਉਂਦਾ ਰਿਹਾ।

ਅਖ਼ਤਰੀ ਦਾ ਪਹਿਲਾਂ ਗ੍ਰਾਮੋਫੋਨ ਰਿਕਾਰਡ 1927 ਵਿਚ ਆਇਆ। ਇਹ ਮੈਗਾਫੋਨ ਕੰਪਨੀ ਵੱਲੋਂ ਕੱਢਿਆ ਗਿਆ। ਉਦੋਂ ਉਹ 13 ਵਰ੍ਹਿਆਂ ਦੀ ਸੀ। ਇਸੇ ਕੰਪਨੀ ਨੇ ਉਸ ਨੂੰ ਫ਼ਿਲਮਾਂ ਵਿਚ ਕੰਮ ਕਰਨ ਦੀ ਪੇਸ਼ਕਸ਼ ਕੀਤੀ। ਇਸ ਪੇਸ਼ਕਸ਼ ਨੂੰ ਅਮਲੀ ਰੂਪ 1932 ਵਿਚ ਮਿਲਿਆ। ਅਭਿਨੇਤਰੀ ਵਜੋਂ ਉਸ ਨੇ 1933 ਤੋਂ 1942 ਤਕ ਦਰਜਨ ਤੋਂ ਵੱਧ ਫਿਲਮਾਂ ਵਿਚ ਕੰਮ ਕੀਤਾ। ਆਖ਼ਰੀ ਫਿਲਮ ਸੀ ਮਹਿਬੂਬ ਖ਼ਾਨ ਦੀ ‘ਰੋਟੀ’ (1942)। ਇਸ ਵਿਚ ਅਖ਼ਤਰੀ ਤੇ ਸਿਤਾਰਾ ਦੇਵੀ ਸਹਿ-ਨਾਇਕਾਵਾਂ ਸਨ। ਉਦੋਂ ਸ਼ੁਰੂ ਹੋਇਆ ਸਹੇਲਪੁਣਾ ਤਾਉਮਰ ਨਿਭਿਆ। ‘ਰੋਟੀ’ ਤੋਂ ਬਾਅਦ ਬੇਗ਼ਮ ਅਖ਼ਤਰ ਨੇ ਸਿਰਫ਼ ਇਕ ਫਿਲਮ ਵਿਚ ਕੰਮ ਕੀਤਾ, ਸਤਿਆਜੀਤ ਰੇਅ ਦੀ ‘ਜਲਸਾਘਰ’ (1958)। ਇਸ ਫਿਲਮ ਵਿਚ ਬੇਗ਼ਮ ਦੀ ਭੂਮਿਕਾ ਇਕ ਪੇਸ਼ੇਵਰ ਗਾਇਕਾ ਦੀ ਸੀ। ਉਸ ਦੀ ਠੁਮਰੀ ‘ਕਾਰੀ ਬਦਰੀਆ’ ਇਸ ਫਿਲਮ ਦੀ ਸ਼ਾਨ ਹੈ। ਇਕ ਦ੍ਰਿਸ਼ ਵਿਚ ਉਹ ਉਸਤਾਦ ਅਬਦੁਲ ਵਹੀਦ ਖ਼ਾਨ ਤੇ ਸ਼ਾਸਤਰੀ ਗਾਇਕਾ ਰੌਸ਼ਨ ਕੁਮਾਰੀ ਨਾਲ ਨਜ਼ਰ ਆਉਂਦੀ ਹੈ। ਇਹ ਦ੍ਰਿਸ਼ ਉਸ ਦੇ ਕਹਿਣ ’ਤੇ ਹੀ ਫਿਲਮ ਵਿਚ ਸ਼ਾਮਲ ਕੀਤਾ ਗਿਆ। ਉਸ ਦੇ ਫਿਲਮੀ ਜੀਵਨ ਬਾਰੇ ਤਿੰਨ ਲੇਖ, ਕਿਤਾਬ ਵਿਚ ਸ਼ਾਮਲ ਹਨ ਜਿਨ੍ਹਾਂ ਵਿਚੋਂ ਦੋ ਸਿਰਫ਼ ‘ਜਲਸਾਘਰ’ ਬਾਰੇ ਹਨ।

ਬੇਗ਼ਮ ਅਖ਼ਤਰ ਦੇ ਪਤੀ ਇਸ਼ਤਿਆਕ ਅਹਿਮਦ ਅੱਬਾਸੀ ਦੀ ਭੂਮਿਕਾ ਬਾਰੇ ਬੜੇ ਭਰਮ-ਭੁਲੇਖੇ ਅਜੇ ਤੱਕ ਵੀ ਪ੍ਰਚਿੱਲਤ ਹਨ, ਪਰ ਸਲੀਮ ਕਿਦਵਈ ਤੇ ਸ਼ਿਵਾਨੀ ਦੇ ਲੇਖ ਦੱਸਦੇ ਹਨ ਕਿ ਕਾਕੋਰੀ ਦੇ ਨਵਾਬਜ਼ਾਦੇ, ਬੈਰਿਸਟਰ ਅੱਬਾਸੀ ਦੇ ਆਪਣੀਆਂ ਖ਼ਾਨਦਾਨੀ ਰਵਾਇਤਾਂ ਅਤੇ ਬੇਗ਼ਮ ਦੇ ਸੰਗੀਤ ਦਰਮਿਆਨ ਸਮੋਤਲ ਬਿਠਾਉਣ ਲਈ ਕਰੜੀ ਮੁਸ਼ੱਕਤ ਕੀਤੀ। ਉਹ ਧੁਰ ਅੰਦਰੋਂ ਬੇਗ਼ਮ ਦੀ ਗਾਇਕੀ ਦਾ ਮੁਰੀਦ ਸੀ। ਲਿਹਾਜ਼ਾ, ਉਹਨੂੰ ਚੋਰੀ ਰਿਆਜ਼ ਕਰਨ ਜਾਂ ਸਾਜ਼ਿੰਦਿਆਂ ਨਾਲ ਸੰਗਤ ਕਰਨ ਜਾਂ ਦਾਰੂ-ਪਾਣੀ ਛਕਣ ਦੀ ਖੁੱਲ੍ਹ ਦਿੰਦਾ ਰਿਹਾ। ਉਸ ਦੀ ਇਕੋ ਸ਼ਰਤ ਸੀ ਕਿ ਬੇਗ਼ਮ ਵੱਲੋਂ ਗਾਇਕੀ ਰਾਹੀਂ ਕਮਾਇਆ ਪੈਸਾ ਘਰ ਵਿਚ ਨਹੀਂ ਖ਼ਰਚਿਆ ਜਾਵੇਗਾ। ਇਸ ਸ਼ਰਤ ਨੇ ਬੇਗ਼ਮ ਨੂੰ ਸ਼ਾਹਖ਼ਰਚ ਬਣਾਇਆ। ਉਹ ਜੋ ਕਮਾਉਂਦੀ, ਤੋਹਫ਼ੇ ਵੰਡਣ ’ਤੇ ਲੁਟਾ ਦਿੰਦੀ। ਕਈ ਵਾਰ ਤਾਂ ਲਖਨਊ ਪਰਤਣ ਲਈ ਕਿਰਾਇਆ ਵੀ ਬੈਰਿਸਟਰ ਅੱਬਾਸੀ ਤੋਂ ਮੰਗਵਾਇਆ ਜਾਂਦਾ ਰਿਹਾ।

ਤੋਹਫ਼ਿਆਂ ਨਾਲ ਜੁੜੇ ਕਈ ਕਿੱਸੇ ਹਨ ਕਿਤਾਬ ਵਿਚ, ਪਰ ਇਕ ਕਾਲਮ ਵਿਚ ਜਗ੍ਹਾ ਸੀਮਤ ਹੈ। ਕੁੱਲ ਮਿਲਾ ਕੇ ਇਹ ਕਿਤਾਬ ਬੇਗ਼ਮ ਅਖ਼ਤਰ ਦੇ ਫ਼ਨ ਤੇ ਸ਼ਖ਼ਸੀਅਤ ਨੂੰ ਸ਼ਾਨਦਾਰ ਅਕੀਦਤ ਹੈ

 

 ਸੁਰਿੰਦਰ ਸਿੰਘ