ਕਿਸਾਨੀ ਅੰਦੋਲਨ ਦੇ ਛੇ ਮਹਿਨੇ ਪੂਰੇ ਹੋ ਜਾਣ 'ਤੇ ਵਿਸ਼ੇਸ਼

ਕਿਸਾਨੀ ਅੰਦੋਲਨ ਦੇ ਛੇ ਮਹਿਨੇ ਪੂਰੇ ਹੋ ਜਾਣ 'ਤੇ ਵਿਸ਼ੇਸ਼

ਜਮਹੂਰੀਅਤ ਵਿੱਚ ਕਿਸੇ ਵੀ ਕਾਨੂੰਨ ਤੇ ਦੁਬਾਰਾ ਵਿਚਾਰ ਕਰਨਾ ਸੰਭਵ ਹੈ

ਜੂਨ 2020ਵਿੱਚ ਕੇਂਦਰ ਵੱਲੋਂ ਨਵੇ ਖੇਤੀਬਾੜੀ  ਆਰਡੀਨੈਂਸ ਜਾਰੀ ਕੀਤੇ ਗਏ।ਕਿਸਾਨਾਂ ਨੂੰ ਡਰ ਸਤਾਉਣ ਲੱਗਾ ਕਿ ਜੇਕਰ ਖੇਤੀ ਬਿੱਲ ਲਾਗੂ ਹੋ ਜਾਂਦੇ ਹਨ, ਤਾਂ ਉਨ੍ਹਾਂ ਦੀਆਂ ਜਮੀਨਾਂ ਕਾਰਪੋਰੇਟ ਦੇ ਹਵਾਲੇ ਹੋ ਜਾਣਗੀਆਂ। ਪੰਜਾਬ ਵਿੱਚ ਤਕਰੀਬਨ ਦੋ ਮਹੀਨੇ ਰੇਲ ਚੱਕਾ ਜਾਮ ਰਿਹਾ।ਰਿਲਾਇੰਸ ਸਟੋਰ, ਪੈਟਰੋਲ ਪੰਪ ਤੇ ਵੀ ਧਰਨੇ ਦਿੱਤੇ ਗਏ। ਤਕਰੀਬਨ ਹਰ ਤਬਕੇ ਵੱਲੋਂ ਪੰਜਾਬ ਵਿੱਚ ਕਿਸਾਨਾਂ ਨੂੰ ਭਰਪੂਰ ਸਮਰਥਨ ਦਿੱਤਾ ਗਿਆ। ਜਦੋਂ ਕੋਈ ਸਾਰਥਿਕ ਨਤੀਜਾ ਨਾ ਨਿਕਲਿਆ ਤਾਂ ਕਿਸਾਨਾਂ ਨੇ ਨਵੰਬਰ ਮਹੀਨੇ ਦਿੱਲੀ ਵੱਲ ਕੂੱਚ ਕੀਤਾ।ਹਰਿਆਣਾ ਸਰਕਾਰ ਵੱਲੋਂ ਪਹਿਲੇ ਤਾਂ ਬਹੁਤ ਸਖ਼ਤੀ ਕੀਤੀ ਗਈ। ਕਿਸਾਨਾਂ ਤੇ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਪਾਣੀ ਦੀਆਂ ਬੁਛਾੜਾਂ ਦੀਆਂ ਪਰਵਾਹ ਕੀਤੇ ਬਿਨਾਂ ਹੀ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਜਿਸ ਵਿੱਚ ਵੱਡੇ ਪੱਧਰ ਤੇ ਔਰਤਾਂ ,ਨੌਜਵਾਨਾਂ ,ਬਜ਼ੁਰਗਾਂ ,ਮਜ਼ਦੂਰ, ਲੇਖਕਾਂ, ਗੀਤਕਾਰ, ਨਾਟਕਕਾਰ ਆਦਿ ਵਰਗਾਂ ਨੇ ਸ਼ਮੂਲੀਅਤ ਕੀਤੀ। ਦੇਖਾ ਦੇਖੀ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਹੋਰ ਸੂਬਿਆਂ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਵੀ ਕੇਂਦਰ ਦੇ ਵਜ਼ੀਰ ਜਾਂਦੇ ਹਨ ,ਇਨ੍ਹਾਂ ਬਿੱਲਾਂ ਦੇ ਸੋਹਲੇ ਗਾਣ ਲੱਗ ਜਾਂਦੇ ਹਨ।ਹਾਲਾਂਕਿ ਪ੍ਰਧਾਨ ਮੰਤਰੀ ਨੇ ਚਾਹੇ ਇੱਕ ਵੀ ਵਾਰ ਕਿਸਾਨਾਂ ਨਾਲ ਕਿਸਾਨੀ ਮੁੱਦੇ ਤੇ ਗੱਲਬਾਤ ਨਹੀਂ ਕੀਤੀ ਹੈ,ਪਰ ਹਰ ਥਾਂ ਤੇ ਜਾ ਕੇ ਕਿਸਾਨੀ ਬਿੱਲਾਂ ਦੀ ਵਕਾਲਤ ਜ਼ਰੂਰ ਕਰਦੇ ਹਨ। ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਹੈ।ਜਿਸ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਨੂੰ ਫਸਲ ਦਾ ਘੱਟੋ-ਘੱਟ ਸਮਰਥਨ ਮੁੱਲ ਵੀ ਨਹੀਂ ਮਿਲ ਸਕੇਗਾ, ਕਿਉਂਕਿ  ਨਿੱਜੀ ਕੰਪਨੀਆਂ ਮਨ-ਮਰਜ਼ੀ  ਦਾ ਭਾਅ ਲਾਉਣਗੀਆਂ ।ਕੇਂਦਰ ਤੇ ਕਿਸਾਨਾਂ ਵਿਚਾਲੇ 11 ਮੀਟਿੰਗਾਂ ਹੋਈਆਂ।ਜੋ ਬੇਸਿੱਟਾ ਰਹੀਆਂ।ਕੇਂਦਰੀ ਵਜ਼ਾਰਤ ਕਹਿ ਰਹੀ ਹੈ ਕਿ ਕਾਨੂੰਨਾਂ ਵਿੱਚ ਸੋਧ ਕੀਤੀ ਜਾਵੇਗੀ , ਪਰ ਕਿਸਾਨਾਂ ਨੂੰ ਸੋਧ ਪ੍ਰਵਾਨ ਨਹੀਂ ਹੈ।ਅਤੇ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਾਨੂੰਨ ਨੂੰ ਰੱਦ ਕਰੋ ਤੇ ਜੋ ਨਵੇਂ ਕਾਨੂੰਨ ਬਣਾਉਣੇ ਹਨ ਉਹ ਕਿਸਾਨਾਂ ਦੀ ਸਲਾਹ ਮਸ਼ਵਰਾ ਲੈ ਕੇ ਬਣਾਏ ਜਾਣ।   

       ਅਜਿਹੀ ਕੜਾਕੇ ਦੀ ਠੰਡ ਵਿੱਚ 375 ਦੇ ਕਰੀਬ ਕਿਸਾਨਾਂ ਨੇ ਸ਼ਹੀਦੀ ਵੀ ਪਾਈ ਹੈ। ਇਹ ਅੰਦੋਲਨ ਹੁਣ ਜਨ-ਅੰਦੋਲਨ ਬਣ ਗਿਆ। ਹਰ ਵਰਗ ਦੇ ਲੋਕ ਜਾਤਾਂ-ਧਰਮਾਂ ਤੋਂ ਉੱਪਰ ਉੱਠ ਕੇ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੇ ਹਨ।ਇਕ ਹੀ ਜਗ੍ਹਾ ਬੈਠ ਕੇ ਧਰਨੇ ਦਿੱਤੇ ਜਾ ਰਹੇ ਹਨ ਅਤੇ ਇਕੱਠੇ ਖਾਣਾ ਬਣਾਇਆ ਤੇ ਖਾਧਾ ਜਾ ਰਿਹਾ ਹੈ।ਚਾਹੇ ਕੋਈ ਮੁਸਲਿਮ ਭਾਈਚਾਰੇ ਜਾਂ ਈਸਾਈ ਭਾਈਚਾਰਾ ,ਚਾਹੇ ਕਿਸੇ  ਵੀ ਭਾਈਚਾਰੇ ਨਾਲ ਸਬੰਧ ਰੱਖਦਾ ਹੋਵੇ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਿਹਾ ਹੈ। ਹਰਿਆਣੇ ਦੀਆਂ ਖਾਪ ਪੰਚਾਇਤਾਂ ਨੇ ਵੱਧ ਚੜ੍ਹ ਕੇ ਇਸ ਅੰਦੋਲਨ ਦੀ ਹਮਾਇਤ ਕੀਤੀ ਹੈ।ਹੁਣ ਤਾਂ ਕੌਮਾਂਤਰੀ ਹਸਤੀਆਂ ਵੀ ਕਿਸਾਨੀ ਅੰਦੋਲਨ ਦੇ ਹੱਕ ਵਿੱਚ ਡਟ ਗਈਆਂ ਹਨ। ਅਮਰੀਕਾ ਦੀ ਉਪਰਾਸ਼ਟਰਪਤੀ ਕਮਲਾ ਹੈਰਿਸ ਦੀ ਭਤੀਜੀ ਮੀਨਾ ਹੈਰਿਸ ਤੇ ਕਈ ਮਹਾਨ ਹਸਤੀਆਂ ਕਿਸਾਨੀ ਅੰਦੋਲਨ ਦੀ ਹਮਾਇਤ ਕਰ ਰਹੀਆਂ ਹਨ।ਹਰਿਆਣਾ ਦੇ ਲੋਕ ਪੰਜਾਬ ਦੇ ਕਿਸਾਨਾਂ ਨੂੰ ਆਪਣੇ ਮਹਿਮਾਨ ਦੱਸ ਕੇ ਉਹਨਾਂ ਦੀ ਖੂਬ ਆਉ ਭਗਤ ਕਰ ਰਹੇ ਹਨ। ਧਰਨੇ ਤੇ ਦੁੱਧ ਦੀਆਂ ਨਦੀਆਂ ਵੱਗ ਰਹੀਆਂ ਹਨ । ਖਾਣ ਪੀਣ ਦੀ ਕੋਈ ਕਮੀ ਨਹੀਂ ਹੈ। ਦੇਖਣ ਵਿੱਚ ਵੀ ਆਇਆ ਹੈ ਕਿ ਜੋ ਗਰੀਬ ਤਬਕਾ ਦਿੱਲੀ ਬਾਰਡਰ ਦੇ ਨੇੜੇ ਝੁੱਗੀ-ਝੌਂਪੜੀਆਂ ਵਿਚ ਰਹਿੰਦਾ ਹੈ ਉਹ ਕਿਸਾਨਾਂ ਨੂੰ ਦਿਲੋਂ ਅਸੀਸ ਦੇ ਰਹੇ ਹਨ।ਕਿਉਂਕਿ ਉਹਨਾਂ ਨੂੰ ਭਰ ਪੇਟ ਖਾਣ ਪੀਣ ਨੂੰ ਮਿਲ ਰਿਹਾ ਹੈ।ਕਹਿ ਵੀ ਰਹੇ ਹਨ ਕਿ ਸਰਦਾਰ ਜੀ ਯਹਾਂ ਸੇ ਮਤ ਜਾਣਾ ,ਹਮਾਰਾ ਦਿਲ ਬੀ ਨਹੀਂ ਲੱਗੇਗਾ।ਸਵੇਰ ਸ਼ਾਮ ਨੌਜਵਾਨ ਮੁੰਡੇ ਕੁੜੀਆਂ ਬੈਡਮਿੰਟਨ ਤੇ ਕਬੱਡੀ ਖੇਡਦੇ ਹਨ।ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਇਹ ਖੇਤੀ ਮਾਰੂ ਬਿੱਲ ਰੱਦ ਕਰ ਦੇਣੇ ਚਾਹੀਦੇ ਹਨ।ਸਰਕਾਰ ਇਸ ਅੰਦੋਲਨ ਨੂੰ ਜਿੰਨਾ ਲੰਬਾ ਖਿੱਚੇਗੀ, ਇਹ ਹੋਰ ਪ੍ਰਚੰਡ ਹੁੰਦਾ ਜਾਵੇਗਾ ।ਇਸ ਦਾ ਸਰਕਾਰ ਨੂੰ ਹੀ ਨੁਕਸਾਨ ਹੋਵੇਗਾ। ਜਮਹੂਰੀਅਤ ਵਿੱਚ ਕਿਸੇ ਵੀ ਕਾਨੂੰਨ ਤੇ ਦੁਬਾਰਾ ਵਿਚਾਰ ਕਰਨਾ ਸੰਭਵ ਹੈ।

sanjeev saini