ਕਤਲ ਕੇਸ ’ਚ  ਭਲਵਾਨ ਸੁਸ਼ੀਲ  ਗ੍ਰਿਫ਼ਤਾਰ

ਕਤਲ ਕੇਸ ’ਚ  ਭਲਵਾਨ ਸੁਸ਼ੀਲ  ਗ੍ਰਿਫ਼ਤਾਰ

ਮੁੰਡਕਾ ਇਲਾਕੇ ’ਚ  ਅਜੈ ਨਾਲ  ਕੀਤਾ ਕਾਬੂ

ਅੰਮ੍ਰਿਤਸਰ ਟਾਈਮਜ਼ ਬਿਉਰੋ

ਨਵੀਂ ਦਿੱਲੀ: ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ ਨੂੰ  ਦਿੱਲੀ ਪੁਲੀਸ ਨੇ ਛਤਰਸਾਲ ਸਟੇਡੀਅਮ ’ਚ ਹੋਏ ਝਗੜੇ ਦੇ ਕੇਸ ਵਿਚ ਗ੍ਰਿਫ਼ਤਾਰ ਕਰ ਲਿਆ। ਸੁਸ਼ੀਲ ਦੇ ਇਕ ਸਾਥੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਝਗੜੇ ਵਿਚ ਇਕ ਪਹਿਲਵਾਨ ਦੀ ਮੌਤ ਹੋ ਗਈ ਸੀ। ਡੀਸੀਪੀ (ਸਪੈਸ਼ਲ ਸੈੱਲ) ਪੀ.ਐੱਸ. ਕੁਸ਼ਵਾਹ ਨੇ ਦੱਸਿਆ ਕਿ ਕੁਮਾਰ (38) ਤੇ ਉਸ ਦੇ ਸਾਥੀ ਅਜੈ ਉਰਫ਼ ਸੁਨੀਲ (48) ਨੂੰ ਦਿੱਲੀ ਦੇ ਮੁੰਡਕਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਚਾਰ ਮਈ ਨੂੰ ਸਟੇਡੀਅਮ ਵਿਚ ਹੋਏ ਝਗੜੇ ’ਚ ਪਹਿਲਵਾਨ ਸਾਗਰ ਰਾਣਾ (23) ਦੀ ਮੌਤ ਹੋ ਗਈ ਸੀ। ਉਸ ਦੇ ਦੋ ਦੋਸਤ ਸੋਨੂੰ ਤੇ ਅਮਿਤ ਕੁਮਾਰ ਫੱਟੜ ਹੋ ਗਏ ਸਨ। ਸੁਸ਼ੀਲ ਕੁਮਾਰ ਤੇ ਹੋਰ ਪਹਿਲਵਾਨਾਂ ’ਤੇ ਇਨ੍ਹਾਂ ਦੀ ਕੁੱਟਮਾਰ ਦਾ ਦੋਸ਼ ਹੈ। ਦਿੱਲੀ ਪੁਲੀਸ ਨੇ ਇਸ ਮਾਮਲੇ ਵਿਚ ਸੁਸ਼ੀਲ ਬਾਰੇ ਜਾਣਕਾਰੀ ਦੇਣ ’ਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਜੋ ਕਿ ਘਟਨਾ ਤੋਂ ਬਾਅਦ ਫਰਾਰ ਸੀ। ਅਜੈ ਦੀ ਗ੍ਰਿਫ਼ਤਾਰੀ ’ਤੇ ਵੀ 50 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ ਸੀ। ਇਸ ਤੋਂ ਪਹਿਲਾਂ ਦਿੱਲੀ ਦੀ ਅਦਾਲਤ ਨੇ ਸੁਸ਼ੀਲ ਨੂੰ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਦੇ ਅਤੇ ਛੇ ਹੋਰਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਸਨ। ਦਿੱਲੀ ਪੁਲੀਸ ਨੇ ਅਦਾਲਤ ਵਿਚ ਸੁਸ਼ੀਲ ਕੁਮਾਰ ਦੀ 12 ਦਿਨ ਦੀ ਹਿਰਾਸਤ ਮੰਗੀ। ਮੈਟਰੋਪੌਲਿਟਨ ਮੈਜਿਸਟਰੇਟ ਦਿਵਿਆ ਮਲਹੋਤਰਾ ਨੇ ਪੁਲੀਸ ਵੱਲੋਂ ਮੰਗੇ ਰਿਮਾਂਡ ’ਤੇ ਪਹਿਲਾਂ ਫ਼ੈਸਲਾ ਰਾਖ਼ਵਾਂ ਰੱਖਿਆ ਤੇ ਮਗਰੋਂ ਛੇ ਦਿਨ ਦੀ ਹਿਰਾਸਤ ਦੇ ਦਿੱਤੀ। ਕੁਮਾਰ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਪੁਲੀਸ ਨੂੰ ਉਸ ਤੋਂ 30 ਮਿੰਟ ਤੱਕ ਪੁੱਛਗਿੱਛ ਦੀ ਮਨਜ਼ੂਰੀ ਦਿੱਤੀ ਗਈ। ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕਿਹਾ ਕਿ ਅਪਰਾਧ ਪਿਛਲਾ ਕਾਰਨ ਜਾਣਨ ਲਈ ਸੁਸ਼ੀਲ ਦੀ ਹਿਰਾਸਤ ਤੇ ਪੁੱਛਗਿੱਛ ਜ਼ਰੂਰੀ ਹੈ। ਇਸ ਤੋਂ ਇਲਾਵਾ ਵਾਰਦਾਤ ਵਿਚ ਵਰਤਿਆ ਗਿਆ ਹਥਿਆਰ ਤੇ ਮੁਲਜ਼ਮ ਵੱਲੋਂ ਉਸ ਵੇਲੇ ਪਹਿਨੇ ਕੱਪੜੇ ਵੀ ਹਾਲੇ ਬਰਾਮਦ ਕੀਤੇ ਜਾਣੇ ਹਨ। ਵਕੀਲ ਨੇ ਕਿਹਾ ਕਿ ਸਟੇਡੀਅਮ ਵਿਚਲੇ ਕੈਮਰੇ ਬੰਦ ਕੀਤੇ ਗਏ ਤੇ ਉਹ ਡੀਡੀਆਰ ਵੀ ਨਾਲ ਲੈ ਗਿਆ। ਉਹ ਵੀ ਬਰਾਮਦ ਕਰਨੇ ਜ਼ਰੂਰੀ ਹਨ। ਪੁਲੀਸ ਨੇ ਵੀ ਕਿਹਾ ਹੈ ਕਿ ਉਨ੍ਹਾਂ ਕੋਲ ਇਲੈਕਟ੍ਰੌਨਿਕ ਸਬੂਤ ਮੌਜੂਦ ਹੈ ਜਿਸ ਵਿਚ ਉਹ ਜੂਨੀਅਰ ਪਹਿਲਵਾਨ ਨੂੰ ਡੰਡੇ ਨਾਲ ਮਾਰਦਾ ਨਜ਼ਰ ਆ ਰਿਹਾ ਹੈ। ਦਿੱਲੀ ਪੁਲੀਸ ਨੇ ਇਸ ਕੇਸ ਵਿਚ ਧਾਰਾ 302, 308, 365, 325, 323, 341, 506 ਤਹਿਤ ਕੇਸ ਦਰਜ ਕੀਤਾ ਹੈ। ਅਸਲਾ ਐਕਟ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਵੀ ਲਾਈਆਂ ਗਈਆਂ ਹਨ।