ਲਾਹੌਰ ਵਿਚ ਧਾੜਵੀਆਂ ਕੋਲੋਂ ਖੋਹੀ ਖਾਲਸਾ ਰਾਜ ਦੀ 'ਜ਼ਮਜ਼ਮਾ ਤੋਪ'

ਲਾਹੌਰ ਵਿਚ ਧਾੜਵੀਆਂ ਕੋਲੋਂ ਖੋਹੀ ਖਾਲਸਾ ਰਾਜ ਦੀ 'ਜ਼ਮਜ਼ਮਾ ਤੋਪ'

ਅਵਤਾਰ ਸਿੰਘ

ਔਰੰਗਜ਼ੇਬ ਦੀ ਮੌਤ ਤੋਂ ਬਾਅਦ ਭਾਰਤ 'ਚ ਮੁਗ਼ਲੀਆ ਹਕੂਮਤ ਕਮਜ਼ੋਰ ਹੋਣ ਲੱਗੀ। ਇਕ ਪਾਸੇ ਦੇਸ਼ 'ਚ ਮਰਹੱਟਿਆਂ ਨੇ ਦੂਜੇ ਰਾਜਾਂ 'ਤੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਦੂਜੇ ਪਾਸੇ ਅਫ਼ਗ਼ਾਨ ਧਾੜਵੀ ਵੀ ਦੇਸ਼ ਨੂੰ ਲੁੱਟਣ ਤੁਰ ਪਏ। ਅਹਿਮਦ ਸ਼ਾਹ ਅਬਦਾਲੀ ਨੇ 1748 ਤੋਂ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਮੁਗ਼ਲਾਂ ਦੇ ਕਮਜ਼ੋਰ ਹੋਣ ਕਰਕੇ ਉਸ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਅਬਦਾਲੀ 1756 ਨੂੰ ਆਪਣੇ ਚੌਥੇ ਹਮਲੇ 'ਚ ਦਿੱਲੀ ਨੂੰ ਲੁੱਟ ਕੇ ਮਥੁਰਾ ਤੇ ਵ੍ਰਿੰਦਾਵਾਨ ਨੂੰ ਤਬਾਹ ਕਰਕੇ ਹਿੰਦੂਆਂ ਤੇ ਜ਼ੁਲਮ ਕਰ ਕੇ ਵਾਪਸ ਕਾਬਲ ਮੁੜ ਗਿਆ। 1761 'ਚ ਅਬਦਾਲੀ ਨੂੰ ਜਦੋਂ ਭਾਰਤ ਵਿਚ ਮਰਹੱਟਿਆਂ ਦੀ ਵਧ ਰਹੀ ਤਾਕਤ ਦਾ ਪਤਾ ਲੱਗਾ ਤਾਂ ਉਸ ਨੇ ਇਨ੍ਹਾਂ ਨੂੰ ਸਬਕ ਸਿਖਾਉਣ ਲਈ ਤਿਆਰੀ ਕੀਤੀ। ਇਹ ਉਸ ਦਾ ਭਾਰਤ 'ਤੇ ਪੰਜਵਾਂ ਹਮਲਾ ਸੀ। ਕਾਬੁਲ ਤੋਂ ਆ ਕੇ ਲਾਹੌਰ ਕਾਫ਼ੀ ਚਿਰ ਰੁਕਿਆ ਅਤੇ ਇਥੇ ਹੀ ਉਸ ਨੇ ਹਥਿਆਰ ਤਿਆਰ ਕਰਨ ਦਾ ਹੁਕਮ ਦਿੱਤਾ। ਇਹ ਕੰਮ ਉਸ ਨੇ ਆਪਣੇ ਵਜ਼ੀਰ ਸ਼ਾਹ ਵਲੀ ਖਾਂ ਨੂੰ ਸੌਂਪਿਆ। ਸ਼ਾਹ ਵਲੀ ਖਾਂ ਨੇ ਨਿੱਕੇ-ਵੱਡੇ ਸਭ ਤਰ੍ਹਾਂ ਦੇ ਹਥਿਆਰ ਬਣਵਾਏ। ਛੋਟੀਆਂ ਤੋਪਾਂ ਦੇ ਨਾਲ-ਨਾਲ ਉਸ ਨੇ ਜ਼ਮਜ਼ਮਾ ਤੋਪ ਅਤੇ ਇਕ ਹੋਰ ਤੋਪ ਤਿਆਰ ਕਰਵਾਈ (ਜਿਸ ਦਾ ਇਤਿਹਾਸ 'ਚ ਨਾਂਅ ਦਰਜ ਨਹੀਂ ਮਿਲਦਾ)।

ਇਹ ਤੋਪਾਂ ਉਸ ਨੇ ਲਾਹੌਰ ਦੇ ਹਿੰਦੂ ਅਤੇ ਸਿੱਖ ਪਰਿਵਾਰਾਂ ਕੋਲੋਂ ਜਜ਼ੀਏ ਦੇ ਰੂਪ 'ਚ ਪਿੱਤਲ ਅਤੇ ਚਾਂਦੀ ਇਕੱਠੀ ਕਰ ਕੇ ਸ਼ਾਹ ਨਜ਼ੀਰ ਨਾਂਅ ਦੇ ਇਕ ਪ੍ਰਸਿੱਧ ਕਾਰੀਗਰ ਦੀ ਦੇਖ-ਰੇਖ ਵਿਚ ਸੰਨ 1760 ਈ: ਵਿਚ ਤਿਆਰ ਕਰਵਾਈਆਂ। ਇਸ ਉਤੇ ਫ਼ਾਰਸੀ ਭਾਸ਼ਾ ਵਿਚ 'ਜ਼ਮਜ਼ਮਾ' ਉਕਰਿਆ ਹੋਇਆ ਹੈ। (ਜ਼ਮਜ਼ਮਾ ਨੂੰ ਫ਼ਾਰਸੀ 'ਚ ਗਰਜਣਾ ਕਹਿੰਦੇ ਹਨ ਅਤੇ ਇਹ ਨਾਂਅ ਅਬਦਾਲੀ ਨੇ ਖ਼ੁਦ ਰੱਖਿਆ ਸੀ।) ਇਸ ਤੋਪ ਦੇ ਅਗਲੇ ਪਾਸੇ ਕਾਰੀਗਰ ਦਾ ਨਾਂਅ 'ਨਾਜ਼ੀਰ ਸ਼ਾਹ ਬਾ ਹੁਕਮ ਸ਼ਾਹ ਵਲੀ ਖਾਂ' ਅਤੇ ਪਿਛਲੇ ਪਾਸੇ ਬਣਾਉਣ ਦੀ ਮਿਤੀ '1169 ਹਿਜ਼ਰੀ' (ਸਾਲ 1755-56) ਫ਼ਾਰਸੀ ਵਿਚ ਅੰਕਿਤ ਹੈ। ਇਹ ਤੋਪ 14 ਫੁੱਟ ਸਾਢੇ ਚਾਰ ਇੰਚ ਲੰਬੀ ਅਤੇ ਇਸ ਦੀ ਨਾਲੀ ਦਾ ਸਾਢੇ 9 ਇੰਚ ਅੰਦਰਲਾ ਵਿਆਸ ਹੈ। ਇਹ ਉਸ ਸਮੇਂ 'ਚ ਉਪ ਮਹਾਦੀਪ ਦੀ ਸਭ ਤੋਂ ਵੱਡੀ ਤੋਪ ਸੀ। ਇਸ ਤੋਪ ਨੂੰ ਅਬਦਾਲੀ ਨੇ ਬਾਕਾਇਦਾ ਮਰਹੱਟਿਆਂ ਨਾਲ ਜੰਗ ਕਰਨ ਲਈ ਤਿਆਰ ਕਰਵਾਇਆ ਸੀ।

ਅਹਿਮਦ ਸ਼ਾਹ ਦਾ ਸਾਹਮਣਾ ਜਨਵਰੀ 1761 ਈ: 'ਚ ਮਰਹੱਟਿਆਂ ਨਾਲ ਪਾਣੀਪਤ ਦੇ ਸਥਾਨ 'ਤੇ ਹੋਇਆ। ਜ਼ਮਜ਼ਮਾ ਤੋਪ ਨੇ ਇਸ ਅਸਥਾਨ 'ਤੇ ਜਿਹੜਾ ਕਹਿਰ ਵਰਤਾਇਆ ਉਸ ਨੂੰ ਮਰਹੱਟੇ ਕਦੀ ਭੁੱਲ ਹੀ ਨਹੀਂ ਸਕਦੇ। ਜੰਗ ਦੇ ਮੈਦਾਨ ਵਿਚ ਇਸ ਤੋਪ ਨੇ ਮਰਹੱਟਿਆਂ ਨੂੰ ਜੜ੍ਹੋਂ ਪੁੱਟ ਕੇ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਸ ਜੰਗ ਵਿਚ ਦੋਵਾਂ ਪਾਸਿਆਂ ਤੋਂ ਇਕ ਲੱਖ ਤੋਂ ਜ਼ਿਆਦਾ ਫੌਜੀ ਮਾਰੇ ਗਏ। ਮਰਹੱਟੇ ਇਹ ਜੰਗ ਹਾਰ ਗਏ। ਅਬਦਾਲੀ ਨੂੰ ਮਿਲੀ ਜਿੱਤ ਨੇ ਉਸ ਦਾ ਹੌਸਲਾ ਵਧਾਇਆ ਅਤੇ ਉਹ ਅੱਗੇ ਨਾਲੋਂ ਵੀ ਜ਼ਿਆਦਾ ਹਮਲਾਵਰ ਹੋ ਗਿਆ। ਅਬਦਾਲੀ ਇਕ ਵਾਰ ਖੂਬ ਲੁੱਟ ਮਾਰ ਕਰਦਾ ਹੋਇਆ ਵਾਪਸ ਕਾਬੁਲ ਨੂੰ ਜਾਣ ਵੇਲੇ ਉਹ ਇਸ ਤੋਪ ਨੂੰ ਆਪਣੇ ਗਵਰਨਰ ਖ਼ਵਾਜ਼ਾ ਉਬੇਦ ਕੋਲ ਲਾਹੌਰ ਛੱਡ ਗਿਆ ਕਿਉਂਕਿ ਇਹ ਭਾਰੀ ਹੋਣ ਕਰਕੇ ਕਾਬੁਲ ਨਾਲ ਨਹੀਂ ਲਿਜਾ ਸਕਿਆ। ਇਸ ਦੇ ਨਾਲ ਹੀ ਬਣਾਈ ਗਈ ਦੂਜੀ ਤੋਪ ਨੂੰ ਉਹ ਆਪਣੇ ਨਾਲ ਲਿਜਾ ਰਿਹਾ ਸੀ ਤਾਂ ਉਹ ਚਨਾਬ ਦਰਿਆ ਦੇ ਪਾਣੀ ਵਿਚ ਗੁੰਮ ਹੋ ਗਈ ਅਤੇ ਕਾਬੁਲ ਨਾ ਪੁੱਜ ਸਕੀ। 1762 ਈਸਵੀ ਵਿਚ ਭੰਗੀ ਮਿਸਲ ਦੇ ਹਰੀ ਸਿੰਘ ਭੰਗੀ ਨੇ ਲਾਹੌਰ ਦੇ ਗਵਰਨਰ ਖ਼ਵਾਜ਼ਾ ਉਬੇਦ ਨੂੰ ਜੰਗ ਵਿਚ ਹਰਾ ਕੇ ਹਥਿਆਰ ਅਤੇ ਗੋਲੀ ਸਿੱਕੇ ਦੇ ਨਾਲ ਨਾਲ ਜ਼ਮਜ਼ਮਾ ਤੋਪ ਵੀ ਖੋਹ ਲਈ। ਉਸ ਤੋਂ ਬਾਅਦ ਇਸ ਤੋਪ ਦਾ ਨਾਂਅ ਬਦਲ ਕੇ ਭੰਗੀਆਂ ਦੀ ਤੋਪ ਪੈ ਗਿਆ। ਸਾਲ 1764 ਤੱਕ ਇਹ ਤੋਪ ਭੰਗੀ ਸਰਦਾਰ ਲਹਿਣਾ ਸਿੰਘ ਅਤੇ ਗੁੱਜਰ ਸਿੰਘ ਦੇ ਕਬਜ਼ੇ ਵਿਚ ਰਹੀ ਅਤੇ ਬਾਅਦ 'ਚ ਉਨ੍ਹਾਂ ਨੇ ਚੜ੍ਹਤ ਸਿੰਘ ਸ਼ੁਕਰਚੱਕੀਆ ਨੂੰ ਦੇ ਦਿੱਤੀ। ਚੜ੍ਹਤ ਸਿੰਘ ਇਸ ਜ਼ਮਜ਼ਮਾ ਤੋਪ ਨੂੰ ਆਪਣੇ ਕਿਲ੍ਹੇ ਗੁੱਜਰਾਂਵਾਲਾ ਲੈ ਗਿਆ। ਚੱਠਿਆਂ ਦੇ ਪਖਤੂਨ ਭਰਾਵਾਂ ਅਹਿਮਦ ਖਾਨ ਅਤੇ ਪੀਰ ਮੁਹੰਮਦ ਨੇ ਇਹ ਤੋਪ ਸ: ਚੜ੍ਹਤ ਸਿੰਘ ਤੋਂ ਖੋਹ ਲਈ। ਬਾਅਦ 'ਚ ਇਸ ਤੋਪ ਦੀ ਮਾਲਕੀ ਪਿੱਛੇ ਦੋਵੇਂ ਚੱਠੇ ਭਰਾ ਲੜੇ ਅਤੇ ਲੜਾਈ ਵਿਚ ਅਹਿਮਦ ਖਾਨ ਦੇ ਦੋ ਅਤੇ ਪੀਰ ਮੁਹੰਮਦ ਦਾ ਇਕ ਪੁੱਤਰ ਮਾਰਿਆ ਗਿਆ। ਗੁੱਜਰ ਸਿੰਘ ਭੰਗੀ ਨੇ ਇਸ ਲੜਾਈ 'ਚ ਪੀਰ ਮੁਹੰਮਦ ਦੀ ਮਦਦ ਕੀਤੀ ਤੇ ਤੋਪ ਨੂੰ ਆਪਣੇ ਨਾਲ ਗੁਜਰਾਤ ਲੈ ਗਿਆ। ਦੋ ਸਾਲ ਬਾਅਦ ਚੜ੍ਹਤ ਸਿੰਘ ਸ਼ੁਕਰਚੱਕੀਆ ਨੇ ਇਸ ਨੂੰ ਗੁਜ਼ਰ ਸਿੰਘ ਕੋਲੋਂ ਖੋਹ ਲਿਆ। ਚੜ੍ਹਤ ਸਿੰਘ ਕੋਲੋਂ ਇਸ ਨੂੰ ਮੁੜ ਚੱਠੇ ਪਖ਼ਤੂਨਾਂ ਨੇ ਖੋਹ ਲਿਆ। ਅਗਲੇ ਸਾਲ 1773 'ਚ ਸਰਦਾਰ ਝੰਡਾ ਸਿੰਘ ਭੰਗੀ ਨੇ ਚੱਠਿਆਂ ਦੇ ਪਖ਼ਤੂਨਾਂ ਨੂੰ ਹਰਾ ਕੇ ਇਹ ਤੋਪ ਸ੍ਰੀ ਅੰਮ੍ਰਿਤਸਰ ਲੈ ਆਂਦੀ ਅਤੇ ਭੰਗੀਆ ਦੇ ਕਿਲ੍ਹੇ ਵਿਚ ਇਸ ਨੂੰ ਰੱਖਿਆ।

ਮਹਾਰਾਜਾ ਰਣਜੀਤ ਸਿੰਘ ਨੇ ਅੰਮ੍ਰਿਤਸਰ ਨੂੰ ਜਿੱਤਣ ਵੇਲੇ ਇਸ ਤੋਪ 'ਤੇ ਕਬਜ਼ਾ ਕਰ ਲਿਆ। ਇਸ ਤੋਪ ਦੀ ਵਰਤੋਂ ਮਹਾਰਾਜਾ ਰਣਜੀਤ ਸਿੰਘ ਨੇ ਡਸਕਾ, ਕਸੂਰ, ਸੁਜਾਨਪੁਰ, ਵਜ਼ੀਰਾਬਾਦ ਅਤੇ ਮੁਲਤਾਨ ਦੀਆਂ ਜੰਗਾਂ ਵਿਚ ਕੀਤੀ। ਮੁਲਤਾਨ ਉਤੇ ਸੰਨ 1818 ਈ: ਦੀ ਮੁਹਿੰਮ ਵਿਚ ਇਸ ਦੀ ਵਰਤੋਂ ਸ਼ੇਰ-ਏ-ਪੰਜਾਬ ਨੇ ਕੀਤੀ ਜੋ ਕੇ ਬਹੁਤ ਸਫਲ ਤਾਂ ਨਹੀਂ ਰਹੀ ਅਤੇ ਪਰ ਇਸ ਤੋਪ ਦਾ ਨੁਕਸਾਨ ਵੀ ਬਹੁਤ ਹੋ ਗਿਆ। ਤਦ ਇਸ ਜ਼ਮਜ਼ਮਾ ਤੋਪ ਨੂੰ ਅਯੋਗ ਕਰਾਰ ਦੇ ਕੇ ਜੰਗ ਦੇ ਮੈਦਾਨਾਂ 'ਚੋਂ ਸੇਵਾ ਮੁਕਤ ਕਰਾਰ ਦੇ ਕੇ ਲਾਹੌਰ ਦੇ ਦਿੱਲੀ ਦਰਵਾਜ਼ੇ ਦੇ ਬਾਹਰ ਰੱਖ ਦਿੱਤਾ ਗਿਆ, ਜਿਥੇ ਇਹ ਸੰਨ 1860 ਈ: ਤੱਕ ਰਖੀ ਰਹੀ। ਸੰਨ 1870 ਵਿਚ ਡਿਊਕ ਏਡਨਬਰਗ ਦੀ ਲਾਹੌਰ ਆਮਦ ਵੇਲੇ ਇਸ ਤੋਪ ਨੂੰ ਲਾਹੌਰ ਮਿਊਜ਼ੀਅਮ ਦੇ ਗੇਟ ਕੋਲ ਮਾਰਕੀਟ ਵਿਖੇ ਸਥਾਪਤ ਕਰ ਦਿੱਤਾ ਗਿਆ। ਕੋਹਿਨੂਰ ਹੀਰੇ ਦੇ ਵਾਂਗ ਇਸ ਤੋਪ ਨੂੰ ਹਾਸਲ ਕਰਨ ਲਈ ਬਹੁਤ ਸਾਰੇ ਕਤਲ ਹੋਏ। ਕਹਿੰਦੇ ਹਨ ਕਿ ਇਹ ਤੋਪ ਜਿਸ ਕੋਲ ਹੁੰਦੀ ਸੀ ਉਸ ਦੀ ਬਾਦਸ਼ਾਹੀ ਮੰਨੀ ਜਾਂਦੀ ਸੀ। ਸਿੱਖਾਂ ਦੀ ਅਫ਼ਗ਼ਾਨਾਂ ਉੱਤੇ ਜਿੱਤ ਦਾ ਪ੍ਰਤੀਕ ਅਤੇ ਜੰਗ ਦੇ ਮੈਦਾਨ ਵਿਚ ਭੜਥੂ ਪਾਉਣ ਵਾਲੀ ਜ਼ਮਜ਼ਮਾ ਤੋਪ ਇਸ ਵੇਲੇ ਲਾਹੌਰ ਦੇ ਮਾਲ ਰੋਡ ਵਿਖੇ ਸ਼ਾਂਤ ਖੜ੍ਹੀ ਹੈ।