ਸਿੱਖ ਕਾਕਸ ਨੇ ਪੀਟਰ ਫਰੈਡਰਿਕ ਨੂੰ ਸੰਗਤੀ ਬਹਿਸ ਲਈ ਸੱਦਿਆ

ਸਿੱਖ ਕਾਕਸ ਨੇ ਪੀਟਰ ਫਰੈਡਰਿਕ ਨੂੰ ਸੰਗਤੀ ਬਹਿਸ ਲਈ ਸੱਦਿਆ
ਪੀਟਰ ਫਰੈਡਰਿਕ ਨੂੰ ਭੇਜੀ ਈਮੇਲ ਦੀ ਕਾਪੀ

ਫਰੀਮਾਂਟ - ਪਿਛਲੇ ਦਿਨੀਂ ਪੀਟਰ ਫਰੈਡਰਿਕ ਨਾਮ ਦੇ ਲਿਖਾਰੀ ਨੇ ਸਿੱਖ ਕਾਕਸ ਨਾਮੀ ਕਿਤਾਬ ਲਿਖਕੇ ਅਮਰੀਕਾ ਵਿੱਚ ਸਿੱਖਾਂ ਵੱਲੋਂ ਇੱਥੋਂ ਦੇ ਰਾਜਨੀਤਕ ਪਿੜ੍ਹ ਵਿੱਚ ਆਪਣੀ ਅਵਾਜ਼ ਬੁਲੰਦ ਕਰਨ ਲਈ ਬਣਾਈ ਗਈ ਸਿੱਖ ਕਾਕਸ ਕਮੇਟੀ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ। ਇਸ ਕਿਤਾਬ ਵਿੱਚ ਡਾਕਟਰ ਪ੍ਰਿਤਪਾਲ ਸਿੰਘ ਤੇ ਵੀ ਸੰਗੀਨ ਦੋਸ਼ ਲਾਏ ਹਨ। 

ਸਿੱਖ ਕਾਕਸ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਵੱਲੋਂ ਜਾਰੀ ਪੈਸ ਰਲੀਜ਼ ਅਤੇ ਵੀਡੀਉ ਸੁਨੇਹੇ ਰਾਹੀਂ ਉਹਨਾਂ ਨੇ ਲਿਖਾਰੀ ਅਤੇ ਭਜਨ ਸਿੰਘ ਭਿੰਡਰ ਦੀ ਦਿਆਨਤਦਾਰੀ ਤੇ ਸੁਆਲ ਕਰਦੇ ਹੋਏ ਉਹਨਾਂ ਨੂੰ ਸੰਗਤੀ ਬਹਿਸ ਲਈ ਸੱਦਾ ਦਿੱਤਾ ਹੈ। ਹਰਪ੍ਰੀਤ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ ਹੈ ਕਿ ਲਿਖਾਰੀ ਨੇ ਕਿਤਾਬ ਲਿਖਣ ਤੋਂ ਪਹਿਲਾਂ ਉਹਨਾਂ ਨੂੰ ਸੰਪਰਕ ਕਰਕੇ ਉਹਨਾਂ ਦਾ ਪੱਖ ਜਾਨਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਅਮਰੀਕਨ ਸਿੱਖ ਕੋਂਗਰੈਸ਼ਨਲ ਕਾਕਸ ਦੇ ਤਕਰੀਬਨ 50 ਮੈਂਬਰ ਹਨ ਪਰ ਲਿਖਾਰੀ ਵੱਲੋਂ ਉਹਨਾਂ ਵਿੱਚੋਂ ਇੱਕ ਨੂੰ ਵੀ ਇੰਟਰਵਿਊ ਨਹੀਂ ਕੀਤਾ ਗਿਆ। 

ਡਾਕਟਰ ਪ੍ਰਿਤਪਾਲ ਸਿੰਘ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਸੰਸਥਾ ਜਾਂ ਬੰਦੇ ਤੇ ਸੁਆਲ ਕਰ ਸਕਦਾ ਹੈ ਪਰ ਉਸ ਲਈ ਤੱਥ ਦਾ ਸਹਾਰਾ ਲੈਣਾ ਲਿਖਾਰੀ ਦਾ ਇਖਲਾਕੀ ਫਰਜ਼ ਬਣਦਾ ਹੈ। ਉਹਨਾਂ ਨੇ ਪੀਟਰ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਉਹ ਕੋਈ ਅਜ਼ਾਦ ਪੱਤਰਕਾਰ ਜਾਂ ਬੁੱਧੀਜੀਵੀ ਨਹੀਂ ਸਗੋਂ ਭਜਨ ਸਿੰਘ ਭਿੰਡਰ ਦਾ ਮੁਲਾਜ਼ਮ ਹੈ। ਪੰਥਕ ਸਫਾਂ ਵਿੱਚ ਇਹ ਸੱਭ ਨੂੰ ਪਤਾ ਹੈ ਕਿ ਭਿੰਡਰ ਨੇ ਮੇਰੇ ਵਿਰੁੱਧ ਅਜਿਹੀ ਕੰਪੇਨ ਵਿੱਢੀ ਹੋਈ ਹੈ ਪਰ ਇਹ ਪਹਿਲੀ ਵਾਰ ਲਿਖਤੀ ਤੌਰ ਤੇ ਬਾਹਰ ਆਈ ਹੈ ਜਿਸਦਾ ਮੈਂ ਜੁਆਬ ਵੀ ਦਿਆਂਗਾ ਅਤੇ ਜੇ ਕੋਈ ਵੀ ਇਲਜ਼ਾਮ ਸਬੂਤਾਂ ਤੋਂ ਬਿਨਾ ਪਾਏ ਜਾਂਦੇ ਹਨ ਤਾਂ ਅਮਰੀਕਾ ਦੇ ਕਨੂੰਨ ਮੁਤਾਬਕ ਕਾਰਵਾਈ ਵੀ ਕੀਤੀ ਜਾ ਸਕਦੀ ਹੈ। 

ਹਰਪ੍ਰੀਤ ਸਿੰਘ ਨੇ ਕਿਹਾ ਕਿ ਉਹ ਕੁੱਝ ਦਿਨ ਪੀਟਰ ਦੇ ਜੁਆਬ ਦੀ ਉਡੀਕ ਕਰਣਗੇ ਨਹੀਂ ਤਾਂ ਉਹ ਆਪ ਹੀ ਸੰਗਤ ਨੂੰ ਸੱਦਾ ਦੇ ਕੇ ਆਪਣਾ ਪੱਖ ਸ਼ਪੱਸ਼ਟ ਕਰ ਦੇਣਗੇ।