ਕੀ ਹੁੰਦੀ ਸੀ ਚੁੱਲ੍ਹੇ ਨਿਊਂਦ

ਕੀ ਹੁੰਦੀ ਸੀ ਚੁੱਲ੍ਹੇ ਨਿਊਂਦ

ਆਪਸੀ ਰਿਸ਼ਤਿਆਂ ਨੂੰ ਮਿਲੀ ਤਾਕਤ ਹੋਰ ਗੂੜ੍ਹੀ ਹੋ ਜਾਂਦੀ

ਜਦੋਂ ਨਿੱਕੇ ਹੁੰਦੇ ਸਾਂ ਤਾਂ ਕਦੇ ਸ਼ਰੀਕੇ ਵਿਚ ਕੋਈ ਵਿਆਹ-ਸ਼ਾਦੀ ਜਾਂ ਭੋਗ਼ ਦਾ ਪ੍ਰੋਗਰਾਮ ਹੁੰਦਾ ਸੀ, ਤਾਂ ਘਰ ਖਾਣਾ ਨਾ ਪੱਕਣਾ ਤਾਂ ਮਾਂ ਹੋਣਾ ਨੂੰ ਪੁੱਛਣਾ ਕਿ ਅੱਜ ਆਪਾਂ ਘਰ ਖਾਣਾ ਕਿਉਂ ਨਹੀਂ ਬਣਾ ਰਹੇ, ਤਾਂ ਉਨ੍ਹਾਂ ਦਾ ਜਵਾਬ ਹੁੰਦਾ ਸੀ ਅੱਜ ਸਾਡੇ ਸਕਿਆਂ ਦੇ ਘਰ ਚੁੱਲ੍ਹੇ ਨਿਉਂਦ ਆ,ਜੇਕਰ ਘਰੇ ਖਾਣਾ ਬਣਾਇਆ ਤਾਂ  ਉਨ੍ਹਾਂ ਨੇ ਗੁੱਸਾ ਕਰਨਾ। ਉਦੋਂ ਚੁੱਲੇ ਨਿਓੰਦ ਦੇ ਅਰਥ ਸਮਝ ਨਹੀਂ ਆਉਂਦੇ ਸਨ।  ਜਦੋਂ ਵੱਡੇ ਹੋਏ ਤਾਂ ਇਹ ਅਰਥ ਸਮਝ ਲੱਗਣ ਲੱਗੇ। ਬੇਸ਼ੱਕ ਸਾਡੇ ਪਿੰਡਾਂ ਵਿਚ ਤਾਂ ਇਹ ਰਿਵਾਜ਼ ਅੱਜ ਵੀ ਕਾਇਮ ਹੈ । ਪਰ ਆਧੁਨਿਕਤਾ ਵਾਲੇ  ਵਿਆਹਾਂ ਨੇ ਇਸ ਨੂੰ ਵੀ ਕਾਫੀ ਹੱਦ ਤੱਕ ਘਟਾ ਦਿੱਤਾ ਹੈ । ਚੁੱਲੇ ਨਿਓੰਦ ਆਪਸੀ ਭਾਈਚਾਰਕ ਸਾਂਝ ਵਿੱਚ ਇਕ ਬਹੁਤ ਹੀ ਪਿਆਰਾ ਰਿਵਾਜ ਸੀ। ਜਦੋਂ ਵੀ ਸਕਿਆਂ ਸ਼ਰੀਕਾਂ ਵਿਚ ਕਿਸੇ ਦੇ ਘਰ ਕੋਈ ਵਿਆਹ-ਸ਼ਾਦੀ ਜਾਂ ਹੋਰ ਸਮਾਗਮ ਹੁੰਦਾ , ਤਾਂ ਰਾਜਾ ,ਜਾਣੀ ਕਿ ਨਾਈ ਕੁਝ ਦਿਨ ਪਹਿਲਾਂ ਹੀ ਸਾਰੇ ਭਾਈਚਾਰੇ ਤੇ ਆਂਢ ਗੁਆਂਢ ਨੂੰ ਚੁੱਲੇ ਨਿਓੰਦ ਦਾ ਸੁਨੇਹਾ ਦੇ ਦਿੰਦਾ ਸੀ। ਇਹ ਸੁਨੇਹਾ ਸਮਾਗਮ ਵਾਲੇ ਘਰੋਂ ਭੇਜਿਆ ਗਿਆ ਹੁੰਦਾ ਸੀ। ਚੁੱਲੇ ਨਿਓੰਦ ਵਿਚ ਜਿੰਨੇ ਵੀ ਖਾਨਦਾਨ ਦੇ ਦੂਰੋਂ-ਨੇੜਿਓਂ ਸਾਰੇ ਘਰ ਤੇ ਪਿੰਡ ਵਿਚ ਕਈ ਰਿਸ਼ਤੇਦਾਰੀਆਂ ਬਣਦੀਆਂ ਸਨ,ਸਭ ਨੂੰ ਸ਼ਾਮਿਲ ਕੀਤਾ ਜਾਂਦਾ ਸੀ। 

                 ਆਖਰ ਜਦੋਂ ਵਿਆਹ ਛਿੜ ਜਾਂਦਾ ਹੈ ,ਭਾਵ ਕੜਾਹੀ ਚੜ੍ਹ ਜਾਂਦੀ ਤਾਂ ਇਹ ਸਾਰੇ ਘਰ, ਵਿਆਹ ਵਾਲੇ ਘਰ ਆਕੇ ਆਪਣੀ ਆਪਣੀ ਜ਼ਿੰਮੇਵਾਰੀ ਸਾਂਭ ਕੇ ਕੰਮ ਵਿਚ ਹੱਥ ਵਟਾਉਣਾ ਸ਼ੁਰੂ ਕਰ ਦਿੰਦੇ।ਇਹ ਆਪਣੇ ਆਪਣੇ ਘਰ ਦਾ ਸਾਰਾ ਦੁੱਧ ਵੀ ਉੱਨੇ ਦਿਨ ਵਿਆਹ ਵਾਲੇ ਘਰ ਹੀ ਲਿਆਉਂਦੇ ਤੇ ਘਰ ਵਾਲਿਆਂ ਦੀ ਜਿੰਮੇਵਾਰੀ ਹੁੰਦੀ ਇਹਨਾਂ ਦੇ ਸਾਰੇ ਪਰਿਵਾਰ ਦੇ ਨਾਲ ਨਾਲ ਇਹਨਾਂ ਦੇ ਘਰ ਕੰਮ ਕਰਨ ਵਾਲਿਆਂ ਦੀ ਵੀ ਰੋਟੀ ਪਾਣੀ ਦਾ ਖਿਆਲ ਰੱਖਣਾ । ਭਾਵ ਭਾਈਚਾਰਕ ਸਾਂਝ ਵੀ ਮਜ਼ਬੂਤ ਹੁੰਦੀ ਸੀ ਇਕ ਦੂਜੇ ਦੇ ਦੁੱਖ ਸੁੱਖ ਵਿੱਚ  ਨਾਲ ਖੜ੍ਹਨ  ਨਾਲ ਮਾਨਸਿਕ  ਸਪੋਰਟ ਵੀ ਮਿਲਦੀ ਸੀ ।ਔਰਤਾਂ ਤਾਂ ਪੂਰਾ ਦਿਨ ਰਜਾਈਆਂ ਨਗੰਦਣ,ਰੋਟੀ ਪਾਣੀ ਦਾ ਪ੍ਰਬੰਧ ਕਰਨ,ਚੁੰਨੀਆਂ ਨੂੰ ਗੋਟੇ ਲਾਉਣ ਤੇ ਹੋਰ ਬਹੁਤ ਸਾਰੇ ਕੰਮਾਂ ਵਿਚ ਹੱਥ ਵਟਾਉਣ ਦੇ ਨਾਲ ਨਾਲ ਕੋਈ ਨਾ ਕੋਈ  ਹੇਕਾਂ ਵਾਲੇ ਗੀਤ ਛੋਹ ਲੈਂਦੀਆਂ।ਇਸ ਨਾਲ ਘਰ ਦੀ ਰੌਣਕ ਦੂਣ-ਸਵਾਈ ਹੋ ਜਾਂਦੀ । ਆਦਮੀ ਹਲਵਾਈ  ਨਾਲ ਕੰਮ ਕਰਾਉਣ,ਲੱਕੜਾਂ ਦਾ ਪ੍ਰਬੰਧ,ਰਾਸ਼ਨ,ਸੀਧੇ  ਦਾ ਸਮਾਨ ਜੁਟਾਉਣ , ਚਾਨਣੀਆਂ ਕਣਾਤਾਂ ,ਗੁਰੂਦਵਾਰੇ ਦੇ ਬਰਤਨ ,ਪਿੰਡ ਵਿਚੋ ਮੰਜੇ ਬਿਸਤਰੇ , ਲੱਡੂ ਵੱਟਨ ਵਰਗੇ ਕੰਮਾਂ ਵਿੱਚ ਮਸਰੂਫ ਹੋ ਜਾਂਦੇ । ਜਦੋਂ ਤਕ ਵਿਆਹ ਦਾ ਕੰਮ ਸੰਪੂਰਨ ਨਾ ਹੋ ਜਾਂਦਾ,ਉਦੋਂ ਤੱਕ ਇਹੋ ਮਾਹੌਲ ਰਹਿੰਦਾ ।ਜਿਸ ਦਿਨ ਗੁਰੂਦਵਾਰੇ ਦੇ ਬਰਤਨ ਗਿਣਕੇ ਵਾਪਿਸ ਚਲੇ ਜਾਂਦੇ,ਮੰਜੇ ਬਿਸਤਰੇ ਤੇ ਹੋਰ ਸਮਾਨ ਦੀ ਵਾਪਿਸੀ ਹੋ ਜਾਂਦੀ ਤਾਂ ਚੁੱਲੇ ਨਿਉਂਦ ਵੀ ਖਤਮ ਹੋ ਜਾਂਦੀ । ਪਰ ਆਪਸੀ ਰਿਸ਼ਤਿਆਂ ਨੂੰ ਮਿਲੀ ਤਾਕਤ ਸਗੋ ਹੋਰ ਗੂੜ੍ਹੀ ਹੋ ਜਾਂਦੀ । ਫਿਰ ਸ਼ਰੀਕੇ ਵਿੱਚ ਅਗਲੇ ਜਵਾਨ ਕੁੜੀ ਮੁੰਡੇ ਦੇ ਵਿਆਹ ਤਕ ਇਸ ਵਿਆਹ ਦੇ ਕਿੱਸੇ  ਚਲਦੇ ਰਹਿੰਦੇ। ਇਹ ਤਾਂ ਸੀ ਪਿੰਡਾਂ ਦੀ ਸਾਦਗੀ ਭਰੀ ਜਿੰਦਗੀ ਦੀ ਇੱਕ ਝਲਕ ।

 ਰਾਜਨਦੀਪ ਕੌਰ ਮਾਨ

6239326166