ਅਜਮੇਰ ਔਲਖ ਦੀ ਆਸ਼ਕੀ ਦਾ ਕਿੱਸਾ

ਅਜਮੇਰ ਔਲਖ ਦੀ ਆਸ਼ਕੀ ਦਾ ਕਿੱਸਾ

ਪੰਜਾਬੀ ਸਾਹਿਤ                                                

ਕੀ ਅਜਮੇਰ ਔਲਖ ਅਣਜਾਣ ਸੀ ਜਾਂ ਸੱਚਮੁੱਚ ਹੀ ਆਸ਼ਕ ਸੀ? ਉਸ ਨੇ ਆਪਣੀ ਸਵੈ ਜੀਵਨੀ ‘ਨੰਗਾ ਢਿੱਡ’ ਲਿਖਣੀ ਸ਼ੁਰੂ ਕੀਤੀ ਸੀ। ਬਚਪਨ ਦੀਆਂ ਆਲ਼ੀਆਂ ਭੋਲ਼ੀਆਂ ਖੇਡਾਂ ਤੇ ਆਪਣੇ ਅੱਲ੍ਹੜ ਇਸ਼ਕ ਬਾਰੇ ਕੁਝ ਕਾਂਡ ਲਿਖ ਵੀ ਲਏ ਸਨ ਪਰ ਪੁਸਤਕ ਅਧੂਰੀ ਰਹਿ ਗਈ। ਇਉਂ ਨੰਗਾ ਢਿੱਡ ਪੂਰਾ ਨੰਗਾ ਨਾ ਹੋ ਸਕਿਆ। ਏਵੇਂ ਜਿਵੇਂ ਉਹਦਾ ਇਸ਼ਕ ਵੀ ਅਧੂਰਾ ਰਹਿ ਗਿਆ। ਉਹ ਨਿੱਕਾ ਹੁੰਦਾ ਹੀ ਗੀਤ ਲਿਖਣ ਲੱਗ ਪਿਆ ਸੀ। ਵੱਡਾ ਹੋ ਕੇ ਨਾਟਕ ਲਿਖਣ ਲੱਗਾ ਤਾਂ ਵਿਦਿਆਰਥੀਆਂ ਤੇ ਘਰ ਦੇ ਜੀਆਂ ਨੂੰ ਲੈ ਕੇ ਖੇਡਣ ਲੱਗ ਪਿਆ। ਰੀਹਰਸਲ ਪਿੱਛੋਂ ਉਹ ਹਾਸੇ-ਠੱਠੇ ਦੀਆਂ ਗੱਲਾਂ ਕਰ ਕੇ ਅੱਕੇ-ਥੱਕੇ ਅਦਾਕਾਰਾਂ ਦਾ ਅਕੇਵਾਂ ਦੂਰ ਕਰਦਾ। ਅਮਲੀਆਂ ਤੇ ਛੜਿਆਂ ਦੀਆਂ ਹਸਾਉਣੀਆਂ ਗੱਲਾਂ ਆਪਣੇ ਨਾਟਕਾਂ ਵਿਚ ਪਾ ਦਿੰਦਾ ਜਿਨ੍ਹਾਂ ਨੂੰ ਸੁਣ ਕੇ ਦਰਸ਼ਕ ਲੋਟ-ਪੋਟ ਹੁੰਦੇ। ਅਜਮੇਰ ਦੀ ਭੂਆ ਦਾ ਪੁੱਤ ਮਾਧੋ ਨਾਂ ਦੇ ਪਾਤਰ ਰਾਹੀਂ ਬੋਲਦਾ, “ਲੈ, ਮੈਂ ਆਵਦੀ ਉਮਰ ’ਚ ਸਾਰੀ ਉਮਰ ਰੱਜ ਕੇ ਜਲੇਬੀਆਂ ਨੀ ਖਾਧੀਆਂ। ਜੇ ਜਲੇਬੀਆਂ ਬਣਾਉਣ ਵੇਲੇ ਮੈਂ ਹਲਵਾਈ ਕੋਲੇ ਬੈਠ-ਜਾਂ ਤਾਂ ਤਿੰਨ ਚਾਰ ਟੋਕਰੇ ਖਾ-ਜਾਂ ਜਲੇਬੀਆਂ ਦੇ!”

ਭਗਤਾ: ਐਨੀਆਂ ਜਲੇਬੀਆਂ ਖਾ ਕੇ ਤਾਂ ਯਾਰ ਬੰਦਾ ਊਈਂ ਆਫਰ ਕੇ ਮਰ-ਜੇ!

ਮਾਧੋ: ਲੈ ਮਰਦਾ ਤਾਂ ਸੌ ਵਾਰੀਂ ਮਰ-ਜੇ। ਜਦ ਬੰਦੇ ਦੀ ਰੂਹ ਈ ਭਰ-ਗੀ ਭਗਤ ਸਿਆਂ, ਫੇਰ ਜਿਉਂ ਕੇ ਕੀ ਵੜੇਵੇਂ ਲੈਣੇ ਐਂ? ਮੇਰੇ ਉਤੋਂ ਦੀ ਤਾਂ ਫੇਰ ਭਾਵੇਂ ਪਾਕਿਸਤਾਨ ਦੇ ਤੋਪਾਂ ਵਾਲੇ ਟੈਂਕ ਨੰਘੀ ਜਾਣ, ਮੈਂ ਨੀ ਮਰਨ-ਮੁਰਨ ਦੀ ਪਰਵਾਹ ਕਰਦਾ!

ਅਜਮੇਰ ਮੁਜ਼ਾਰੇ ਕਿਸਾਨ ਦਾ ਪੁੱਤਰ ਹੋਣ ਕਰਕੇ ਨਿੱਕਾ ਹੁੰਦਾ ਨਿੱਕੀਆਂ-ਨਿੱਕੀਆਂ ਖੁਸ਼ੀਆਂ ਮਾਨਣ ਤੋਂ ਵੀ ਵਿਰਵਾ ਰਿਹਾ ਸੀ। ਦਸਦਾ ਹੁੰਦਾ ਸੀ ਕਿ ਇੱਕ ਵਾਰ ਮੇਰਾ ਭੁੰਨੀ ਹੋਈ ਛੱਲੀ ਖਾਣ ਨੂੰ ਜੀਅ ਕੀਤਾ। ਸਵੇਰੇ ਜਦੋਂ ਮਾਂ ਖੇਤ ਵੱਲ ਕਪਾਹ ਚੁਗਣ ਜਾਣ ਲੱਗੀ ਤਾਂ ਉਸ ਨੇ ਖੇਤੋਂ ਮਾਂ ਨੂੰ ਛੱਲੀ ਲਿਆਉਣ ਵਾਸਤੇ ਕਿਹਾ। ਸ਼ਾਮ ਨੂੰ ਸੱਥ ਵਿੱਚ ਸਾਥੀਆਂ ਨਾਲ ਖੇਡਦਿਆਂ ਉਸ ਨੇ ਰੌਲਾ ਸੁਣਿਆ ਕਿ ਜਗੀਰਦਾਰ ਦਾ ਇੱਕ ਕਾਰਿੰਦਾ ਕਿਸੇ ਤ੍ਰੀਮਤ ਨੂੰ ਉੱਚੀ-ਉੱਚੀ ਬੁਰਾ ਭਲਾ ਕਹਿੰਦਾ ਝਿੜਕਾਂ ਤੇ ਲਾਅਣਤਾਂ ਪਾ ਰਿਹੈ। ਤ੍ਰੀਮਤ ਕੁੱਝ ਬੋਲਦੀ ਤਾਂ ਸੀ ਪਰ ਬਹੁਤਾ ਉੱਚੀ ਨਹੀਂ। ਉਹ ਉਹਦੀ ਮਾਂ ਸੀ। ਕਾਰਿੰਦੇ ਤੇ ਮਾਂ ਦੁਆਲੇ ਭੀੜ ’ਕੱਠੀ ਹੋ ਗਈ ਸੀ। ਭੀੜ ਹੋਈ ਤੋਂ ਮਾਂ ਦੀ ਆਵਾਜ਼ ਪਹਿਲਾਂ ਨਾਲੋਂ ਕੁੱਝ ਕਰੜੀ ਤੇ ਗ਼ੁਸੈਲ ਹੋ ਗਈ ਸੀ। ਕਾਰਿੰਦੇ ਦੀਆਂ ਪਾਈਆਂ ਝਾੜਾਂ ਦਾ ਜਵਾਬ ਦਿੰਦੀ ਉਹ ਗੁੱਸੇ ’ਚ ਬੋਲ ਰਹੀ ਸੀ, “ਕੀ ਹੋ ਗਿਆ ਕੰਜਰਾ, ਜਾਏ-ਖਾਣੇ ਦੀ ਇੱਕ ਛੱਲੀਓ ਈ ਤਾਂ ਸੀ? ਤੜਕੇ ਘਰੋਂ ਤੁਰਨ ਵੇਲੇ ਜੁਆਕ ਨੇ ਕਹਿ-ਤਾ ਸੀ, ਬੇਬੇ ਮੇਰਾ ਭੁੰਨੀ ਹੋਈ ਛੱਲੀ ਖਾਣ ਨੂੰ ਜੀਅ ਕਰਦੈ, ਤਾਂ ਲੈ ਆਈ ਸੀ ਖੇਤੋਂ। ਲੈ ਤੂੰ ਰੱਖ ਲੈ ਇਹ। ਭਰਦੇ ਆਵਦੇ ਸਰਦਾਰ ਦੇ ਕਾਕਿਆਂ ਦਾ ਢਿੱਡ! ਸਾਡੇ ਜੁਆਕ ਤਾਂ ਨੰਗੇ-ਭੁੱਖੇ ਰਹਿ ਕੇ ਵੀ ਕੱਟ ਲੈਣਗੇ ਕਿਵੇਂ ਨਾ ਕਿਵੇਂ।”ਮੁਜਾਰੇ ਕਿਸਾਨਾਂ ਦੇ ਬੱਚੇ, ਔਰਤਾਂ ਤੇ ਮਰਦ ਜਦੋਂ ਖੇਤਾਂ ’ਚ ਕੰਮ ਕਰ ਕੇ ਆਥਣੇ ਘਰਾਂ ਨੂੰ ਮੁੜਦੇ ਤਾਂ ਜਗੀਰਦਾਰ ਦੇ ਕਾਰਿੰਦੇ ਸੱਥ ਵਿੱਚ ਉਨ੍ਹਾਂ ਦੀਆਂ ਭਰੀਆਂ, ਪੰਡਾਂ ਤੇ ਭਾਂਡਿਆਂ ਦੀ ਤਲਾਸ਼ੀ ਲੈਂਦੇ ਕਿ ਖੇਤੋਂ ਕੋਈ ਕਪਾਹ ਦੀ ਫੁੱਟੀ, ਗੰਨੇ ਦੀ ਪੋਰੀ, ਛੱਲੀ, ਕੱਦੂ, ਤੋਰੀ ਆਦਿ ਤਾਂ ਨਹੀਂ ਲਕੋਅ ਲਿਆਏ। ਅਜਮੇਰ ਦਾ ਚਾਅ ਪੂਰਾ ਕਰਨ ਲਈ ਖੇਤੋਂ ਲਿਆਂਦੀ ਛੱਲੀ ਨੇ ਸੱਥ ਵਿੱਚ ਮਾਂ ਦੀ ਲਾਹ-ਪਾਹ ਕਰਵਾ ਦਿੱਤੀ ਸੀ ਜੋ ਅਜਮੇਰ ਸਾਰੀ ਉਮਰ ਨਾ ਭੁੱਲ ਸਕਿਆ। ਜਗੀਰਦਾਰੀ ਨਾਲ ਜੁੜੇ ‘ਛੱਲੀ’ ਵਰਗੇ ਹੋਰ ਕਿੰਨੇ ਹੀ ਵਰਤਾਰੇ ਔਲਖ ਦੀ ਸਿਰਜਣ-ਪ੍ਰਕਿਰਿਆ ਦਾ ਅਟੁੱਟ ਅੰਗ ਬਣੇ ਰਹੇ। ਸਾਰੀ ਉਮਰ ਉਹਦੀ ਮਾਨਸਿਕਤਾ ਨਿਮਨ ਕਿਸਾਨਾਂ ਤੇ ਕਿਰਤੀਆਂ ਨਾਲ ਜੁੜੀ ਰਹੀ। ਜੀਂਦਾ ਹੁੰਦਾ ਤਾਂ ਅਜੋਕੇ ਕਿਸਾਨ ਮੋਰਚੇ ਦੇ ਅੰਗ ਸੰਗ ਹੁੰਦਾ।

ਉਹ ਨਿਮਨ ਕਿਸਾਨੀ ਦਾ ਨਾਟਕਕਾਰ ਸੀ। ਉਸ ਦੇ ਨਾਟਕਾਂ ਦੀਆਂ ਹਜ਼ਾਰਾਂ ਪੇਸ਼ਕਾਰੀਆਂ ਹੋਈਆਂ ਜਿਨ੍ਹਾਂ ਨੂੰ ਲੱਖਾਂ ਲੋਕਾਂ ਨੇ ਵੇਖਿਆ। ਹਜ਼ਾਰਾਂ ਲੋਕਾਂ ਨੇ ਰੱਲੇ ’ਚ ’ਕੱਠੇ ਹੋ ਕੇ ਉਹਦਾ ਲੋਕ ਨਾਟਕਕਾਰ ਵਜੋਂ ਲੋਕ ਸਨਮਾਨ ਕੀਤਾ। ਉਸ ਨੂੰ ਭਾਰਤੀ ਸਾਹਿਤ ਅਕੈਡਮੀ ਅਵਾਰਡ, ਭਾਰਤੀ ਸੰਗੀਤ ਤੇ ਨਾਟਕ ਅਕੈਡਮੀ ਅਵਾਰਡ, ਭਾਸ਼ਾ ਵਿਭਾਗ ਪੰਜਾਬ ਦਾ ਸ਼੍ਰੋਮਣੀ ਨਾਟਕਕਾਰ ਅਵਾਰਡ, ਪੰਜਾਬੀ ਸਾਹਿਤ ਅਕਾਡਮੀ ਦਾ ਕਰਤਾਰ ਸਿੰਘ ਧਾਲੀਵਾਲ ਅਵਾਰਡ, ਇੰਟਰਨੈਸ਼ਨਲ ਪਾਸ਼ ਮੈਮੋਰੀਅਲ ਅਵਾਰਡ ਅਤੇ ਹੋਰ ਅਨੇਕਾਂ ਮਾਨ ਸਨਮਾਨ ਮਿਲੇ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀਲਿੱਟ ਦੀ ਆਨਰੇਰੀ ਡਿਗਰੀ ਦੇ ਕੇ ਸਨਮਾਨਿਆ। ਉਸ ਨੇ ਭਾਰਤੀ ਸਾਹਿਤ ਅਕਾਡਮੀ ਦਾ ਇਨਾਮ ਮੋੜਿਆ ਵੀ। ਕਿਸਾਨਾਂ ਮਜ਼ਦੂਰਾਂ ਖ਼ਾਤਰ ਜੇਲ੍ਹ ਵੀ ਗਿਆ ਤੇ ਲੋਕਾਂ ਲਈ ਜੂਝਦਾ 15 ਜੂਨ 2017 ਨੂੰ ਫਤਿਹ ਬੁਲਾ ਗਿਆ। ਮਾਰਚ 2017 ’ਚ ਮੇਰਾ ਮਾਨਸਾ ਲਾਗੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਜਾਣ ਦਾ ਸਬੱਬ ਬਣਿਆ। ਸੈਮੀਨਾਰ ਤੋਂ ਵਿਹਲੇ ਹੋਏ ਤਾਂ ਉਥੇ ਹੀ ਪੜ੍ਹਾਉਂਦੇ ਆਪਣੇ ਭਤੀਜੇ ਬਲਵੰਤ ਨੂੰ ਕਿਹਾ, “ਔਲਖ ਨਾਲ ਫੋਨ ਮਿਲਾ। ਜੇ ਘਰ ਹੀ ਹੋਵੇ ਤਾਂ ਹਾਲ ਚਾਲ ਈ ਪੁੱਛ ਚੱਲੀਏ।” ਅਗਲੇ ਹਫ਼ਤੇ ਮੈਂ ਕੈਨੇਡਾ ਮੁੜਨਾ ਸੀ। ਸੋਚਿਆ, ਮਿਲ ਚੱਲੀਏ, ਫੇਰ ਪਤਾ ਨੀ ਕਦੋਂ ਮੇਲੇ ਹੋਣ? ਉਹ ਕੈਂਸਰ ਦਾ ਮਰੀਜ਼ ਹੋ ਚੁੱਕਾ ਸੀ ਪਰ ਕਦੇ ਬਹੁੜੀ ਦੁਹਾਈ ਨਹੀਂ ਸੀ ਪਾਈ। ਅਸੀਂ ਵਰ੍ਹੇ ਛਿਮਾਹੀ ਮਿਲਦੇ ਆ ਰਹੇ ਸਾਂ। ਕਦੇ ਮਾਨਸੇ, ਕਦੇ ਲੁਧਿਆਣੇ, ਕਦੇ ਢੱਡੀਕੇ। 2001 ਵਿਚ ਆਲਮੀ ਪੰਜਾਬੀ ਕਾਨਫਰੰਸ ਲਾਹੌਰ ’ਕੱਠੇ ਗਏ ਅਤੇ ’ਕੱਠਿਆਂ ਲਾਹੌਰ, ਨਨਕਾਣਾ ਸਾਹਿਬ ਤੇ ਵਾਰਸ ਸ਼ਾਹ ਦਾ ਜੰਡਿਆਲਾ ਵੇਖਿਆ। ਫਿਰ ਕੈਨੇਡਾ ’ਚ ਵੀ ’ਕੱਠੇ ਹੋਏ ਤੇ ਕਵੀਸ਼ਰ ਕਰਨੈਲ ਸਿੰਘ ਰਾਮੂਵਾਲੀਏ ਦੇ ਸਸਕਾਰ ਸਮੇਂ ਵੀ। ਸਾਡਾ ਕਰੂਰਾ ਰਲਦਾ ਸੀ। ਲਾਹੌਰ ਜਾ ਕੇ ਹੋਰ ਵੀ ਰਲ ਗਿਆ। ਉਹਦੀ ਵੱਡੀ ਧੀ ਅਮਰਦੀਪ ਕਾਲਜ ਮੁਕੰਦਪੁਰ ਪੜ੍ਹਾਉਂਦੀ ਰਹੀ ਸੀ ਜਿਥੇ ਮੈਂ ਪ੍ਰਿੰਸੀਪਲ ਸਾਂ ਤੇ ਡਾ. ਸਰਦਾਰਾ ਸਿੰਘ ਜੌਹਲ ਕਾਲਜ ਦੇ ਕਰਤਾ ਧਰਤਾ ਸਨ। 

ਔਲਖ ਨੂੰ ਫੋਨ ਕੀਤਾ ਤਾਂ ਉਹ ਘਰ ਹੀ ਸੀ। ਉਹਦੇ ਘਰ ਅੱਗੋਂ ਸੜਕ ਪੁੱਟੀ ਹੋਈ ਸੀ ਜਿਸ ਕਰਕੇ ਉਸ ਨੇ ਆਪਣੇ ਜੁਆਈ ਨੂੰ ਸੜਕ ਦੇ ਮੋੜ ਉਤੇ ਭੇਜ ਦਿੱਤਾ ਕਿ ਗੱਡੀ ਉਥੇ ਹੀ ਪਾਰਕ ਕਰਵਾ ਆਵੇ। ਘਰ ਪਹੁੰਚੇ ਤਾਂ ਮਨਜੀਤ ਹੋਰੀਂ ਅੰਦਰ ਪਏ ਅਜਮੇਰ ਕੋਲ ਲੈ ਗਏ। ਉਹ ਤਕਲੀਫ਼ ’ਚ ਹੁੰਦਿਆਂ ਵੀ ਖਿੜੇ ਮੱਥੇ ਮਿਲਿਆ। ਉਦੋਂ ਨਾ ਉਹਤੋਂ ਆਰਾਮ ਨਾਲ ਬੈਠ ਹੁੰਦਾ ਸੀ ਤੇ ਨਾ ਚੈਨ ਨਾਲ ਲੇਟ ਹੁੰਦਾ ਸੀ। ਕਦੇ ਬਹਿੰਦਾ, ਕਦੇ ਪੈਂਦਾ, ਨਾਲ ਦੀ ਨਾਲ ਹੱਸਣ ਹਸਾਉਣ ਵਾਲੀਆਂ ਗੱਲਾਂ ਵੀ ਕਰੀ ਜਾਂਦਾ ਸੀ। ਅਸੀਂ ਜਾਣ ਲੱਗੇ ਤਾਂ ਉਸ ਨੇ ਆਪਣੀਆਂ ਜੀਵਨ ਯਾਦਾਂ ਦੀ ਨਵੀਂ ਛਪੀ ਪੁਸਤਕ ‘ਭੁੰਨੀ ਹੋਈ ਛੱਲੀ’ ਭੇਟ ਕੀਤੀ। ਘਰ ਜਾ ਕੇ ਪੜ੍ਹੀ ਤਾਂ ਲਿਖਿਆ ਸੀ: ਜਦ ਮੈ ਗੁਰਮੁਖੀ ਅੱਖਰ ਜੋੜਨ ਦੇ ਯੋਗ ਹੋ ਗਿਆ ਤਾਂ ਸ਼ਬਦਾਂ ਨੂੰ ਗੁਣ-ਗੁਣਾਉਂਦਿਆਂ ਕਾਗਜ਼ਾਂ ਉਤੇ ਉਤਾਰਨ ਲੱਗ ਪਿਆ। ਮੈਂ ਆਪਣੀ ਪਹਿਲੀ ਰਚਨਾ ਕਦੋਂ ਤੇ ਕਿੰਨੀ ਉਮਰ ਵਿੱਚ ਕੀਤੀ ਇਸ ਬਾਰੇ ਪੱਕਾ ਯਾਦ ਨਹੀਂ। ਜਿਥੋਂ ਤਕ ਮੈਨੂੰ ਯਾਦ ਹੈ, ਮੈਂ 8-10 ਸਾਲ ਦੀ ਉਮਰ ਵਿੱਚ ਕੁੱਝ ਨਾ ਕੁੱਝ ਤੁਕਬੰਦੀ ਕਰ ਕੇ ਗਾਉਣ ਲੱਗ ਪਿਆ ਸੀ...। ਉਸ ਨੇ ਜੀਵਨ ਯਾਦਾਂ ਵਿਸਥਾਰ ਨਾਲ ਲਿਖੀਆਂ ਹਨ ਪਰ ਆਪਾਂ ਸੰਖੇਪ ਕਰਦੇ ਆਂ। ਅਜਮੇਰ ਅਜੇ ਅੱਲ੍ਹੜ ਹੀ ਸੀ ਜਦੋਂ ਕਿਸਾਨਾਂ ਦੀ ਜਗੀਰਦਾਰਾਂ ਵਿਰੁਧ ਮੁਜ਼ਾਰਾ ਲਹਿਰ ਨੇ ਪੂਰਾ ਜ਼ੋਰ ਫੜਿਆ। ਕਮਿਊਨਿਸਟਾਂ ਦੀ ਲਾਲ ਪਾਰਟੀ ਅਗਵਾਈ ਕਰ ਰਹੀ ਸੀ। ਪਿੰਡਾਂ ਵਿੱਚ ਕਮਿਊਨਿਸਟਾਂ ਦੀਆਂ ਕਾਨਫਰੰਸਾਂ ਹੁੰਦੀਆਂ ਜਿਥੇ ਜਗੀਰਦਾਰਾਂ ਦਾ ਟਾਕਰਾ ਕਰਨ ਲਈ ਜੋਸ਼ੀਲੇ ਗੀਤ ਗਾਏ ਜਾਂਦੇ। ‘ਜਮੇਰ’ ਨਾਹਰੇ ਲਾਉਣ ਵਾਲਿਆਂ ਵਿੱਚ ਅਕਸਰ ਆਗੂ ਰੋਲ ਅਦਾ ਕਰਦਾ। ਉਹਦੇ ਵਿੱਚ ਇੱਕ ਵਾਧਾ ਇਹ ਵੀ ਸੀ ਕਿ ਉਹ ਕਵਿਤਾਵਾਂ ਤੇ ਗੀਤ ਲਿਖ ਵੀ ਲੈਂਦਾ ਸੀ ਤੇ ਗਾ ਵੀ ਲੈਂਦਾ ਸੀ। ਕਿਸੇ ਨੂੰ ਪਤਾ ਹੋਵੇ ਜਾਂ ਨਾਂ, ਕਵੀ ਵਜੋਂ ਉਹਨੇ ਕਈ ‘ਤਖ਼ੱਲਸ’ ਰੱਖੇ ਸਨ। ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਬਾਹਰੋਂ ਸਾਊ ਦਿਸਣ ਵਾਲਾ ਜਮੇਰ ਅੰਦਰੋਂ ‘ਆਸ਼ਕ’ ਵੀ ਸੀ। ਉਸ ਨੇ ‘ਭੁੰਨੀ ਹੋਈ ਛੱਲੀ’ ਦੇ ਇਕ ਕਾਂਡ ਦਾ ਨਾਂ “ਦਰਸ਼ਨ ਦੇਖ ਜੀਵਾਂ ‘ਦਰਸ਼ਨ’ ਤੇਰਾ!” ਰੱਖਿਆ ਹੈ। ਉਸ ਵਿਚੋਂ ਉਹਦੇ ‘ਆਸ਼ਕ’ ਹੋਣ ਦੇ ਦਰਸ਼ਨ ਵੀ ਹੋ ਜਾਂਦੇ ਹਨ। ਲਓ ਸੁਣੋ ਉਹਦੀ ‘ਆਸ਼ਕੀ’ ਦਾ ਕਿੱਸਾ:ਨਿੱਕਾ ਹੁੰਦਾ ਉਹ ਨਿੱਕੇ ਨਾਂ ਵਾਲਾ ‘ਜਮੇਰ’ ਸੀ, ਸਕੂਲ ਦਾਖਲ ਹੋਣ ਵੇਲੇ ‘ਅਜਮੇਰ ਸਿੰਘ’ ਹੋ ਗਿਆ ਤੇ ਜਦੋਂ ਕਵਿਤਾ ਲਿਖਣ ਲੱਗਾ ਤਾਂ ਆਪਣੇ ਨਾਂ ਨਾਲ ‘ਤਖ਼ੱਲਸ’ ਵੀ ਲਾਉਣ ਲੱਗ ਪਿਆ। ਦੋਸਤਾਂ ਕੋਲ ਉਂਜ ਈ ਆਸ਼ਕੀ ਦਾ ਗੱਪ ਮਾਰ ਬੈਠਾ ਜਿਸ ਕਰਕੇ ‘ਆਸ਼ਕ’ ਬਣਨਾ ਪੈ ਗਿਆ! ਆਸ਼ਕ ਬਣ ਕੇ ਆਪਣੇ ਨਾਂ ਨਾਲ ਤਖ਼ੱਲਸ ਲਾ ਲਿਆ ਅਜਮੇਰ ਸਿੰਘ ‘ਪਾਗਲ’!

‘ਪਾਗਲ’ ਦੇ ਤਖ਼ੱਲਸ ਤਕ ਅਪੜਨ ਲਈ ਪਹਿਲਾਂ ਉਸ ਨੇ ‘ਦਰਦੀ’, ਫੇਰ ‘ਦੁਖੀਆ’, ਫੇਰ ‘ਕੌਮੀ’ ਤਖ਼ੱਲਸ ਵਾਰੋ-ਵਾਰੀ ਆਪਣੇ ਨਾਂ ਨਾਲ ਲਾਏ ਤੇ ਲਾਹੇ। ਆਖ਼ਰ ਤਿੰਨਾਂ ਤਖ਼ੱਲਸਾਂ ਦੇ ਉਤੋਂ ਦੀ ਪੈ ਗਿਆ ‘ਖ਼ਿਆਲੀ’। ਅਜਮੇਰ ਸਿੰਘ ‘ਖ਼ਿਆਲੀ’! ਫੇਰ ਇੱਕ ਸੀਨੀਅਰ ਵਿਦਿਆਰਥੀ ਉਹਦੇ ਮਗਰ ਪੈ ਗਿਆ, “ਬਈ ਜਮੇਰ, ਮੈਥੋਂ ਜੋ ਮਰਜ਼ੀ ਲੈ-ਲਾ ਪਰ ‘ਖ਼ਿਆਲੀ’ ਮੈਨੂੰ ਦੇ-ਦੇ।”ਅਜਮੇਰ ਕੋਲ ਤਖ਼ੱਲਸਾਂ ਦਾ ਕੋਈ ਘਾਟਾ ਨਹੀਂ ਸੀ। ਜਿਥੇ ਤਿੰਨ ਛੱਡੇ ਓਥੇ ਚੌਥਾ ਵੀ ਸਹੀ। ਸੋ ਉਸ ਨੇ ‘ਖ਼ਿਆਲੀ’ ਸਾਥੀ ਨੂੰ ਦੇ ਕੇ ਆਪਣੇ ਨਾਂ ਨਾਲ ‘ਪਾਗਲ’ ਲਾ ਲਿਆ। ਉਦੋਂ ਆਸ਼ਕੀ ਦੇ ਰਾਹ ਜੁ ਪੈ ਗਿਆ ਸੀ!ਭੋਲੇਪਣ ਦੀ ਹੱਦ ਵੇਖੋ! ਬੀਏ ਤਕ ਦੇ ਸਰਟੀਫਿਕੇਟਾਂ ਉਤੇ ਉਹਦਾ ਨਾਂ ਅਜੇ ਵੀ ‘ਅਜਮੇਰ ਸਿੰਘ ਪਾਗਲ’ ਹੀ ਦਰਜ ਹੈ। ‘ਪਾਗਲ’ ਜਾਂ ‘ਪਾਗਲ ਸਾਹਿਬ’ ਤੋਂ ‘ਔਲਖ’ ਜਾਂ ‘ਔਲਖ ਸਾਹਿਬ’ ਤਾਂ ਉਸ ਨੂੰ ਉਦੋਂ ਕਿਹਾ ਜਾਣ ਲੱਗਾ ਜਦੋਂ ਉਹ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੀਆਂ ਸਭਿਆਚਾਰਕ ਸਰਗਰਮੀਆਂ ਦਾ ਡੀਨ ਬਣਿਆ ਤੇ ਵਿਦਿਆਰਥੀਆਂ ਨੂੰ ਨਾਟਕ ਖਿਡਾਉਣ ਲੱਗਾ।ਤਖ਼ੱਲਸ ‘ਪਾਗਲ’ ਅਸਲ ਵਿਚ ਉਹਦੀ ਨਿਆਣ-ਮੱਤ ਦੀ ਮੁਹੱਬਤ ਦਾ ਫਲ ਸੀ। 1942 ਵਿਚ ਉਹ ਜੰਮਿਆ ਸੀ ਤੇ 1953 ਵਿੱਚ ਬਾਹਰਲੇ ਪਿੰਡਾਂ ਦੇ ਚਾਰ ਪੰਜ ਪਰਿਵਾਰ ਉਹਨਾਂ ਦੇ ਪਿੰਡ ਕਿਸ਼ਨਗੜ੍ਹ ਫਰਵਾਹੀ ਖੇਤੀ-ਪੱਤੀ ਕਰਨ ਆ ਵਸੇ। ਉਨ੍ਹਾਂ ਨੇ ਜਗੀਰਦਾਰ ਦੀ ਜ਼ਮੀਨ ਪੰਜ ਸਾਲਾਂ ਲਈ ਠੇਕੇ ’ਤੇ ਲੈ ਲਈ ਸੀ। ਉਨ੍ਹਾਂ ’ਚੋਂ ਬਾਕੀ ਪਰਿਵਾਰ ਤਾਂ ਮਾਲਵੇ ਦੇ ਹੀ ਸਨ ਪਰ ਇੱਕ ਪਰਿਵਾਰ ਮਾਝੇ ਦਾ ਵੀ ਸੀ। ਮਲਵਈ ਬੰਦੇ-ਬੁੜ੍ਹੀਆਂ ਤਾਂ ਬੌਂਦਲੇ ਜਿਹੇ ਦਿਸਦੇ ਜਦ ਕਿ ਮਝੈਲ ਟਹਿਕਦੇ ਲੱਗਦੇ। ਭਾਊ ਚਿੱਟੇ-ਦੁੱਧ ਪਹਿਰਾਵਿਆਂ ਨਾਲ ਚੰਗੇ ਜਚਦੇ ਤੇ ਉਨ੍ਹਾਂ ਦੀਆਂ ਜ਼ਨਾਨੀਆਂ ਨੂੰ ਵੀ ਕਪੜਾ-ਲੱਤਾ ਪਾਉਣ ਦਾ ਵਾਹਵਾ ਵੱਲ ਸੀ।ਭਾਊਆਂ ਦੇ ਪਰਿਵਾਰ ਵਿੱਚ ਚੜ੍ਹਦੀ ਵਰੇਸ ਦੀਆਂ ਦੋ ਕੁੜੀਆਂ ਸਨ। ਵੱਡੀ ਦਾ ਨਾਂ ਦਰਸ਼ਨ ਸੀ ਜਿਸ ਨੂੰ ਦਰਸ਼ੋ ਕਹਿੰਦੇ। ਅਜਮੇਰ ਉਦੋਂ ਬਾਰਾਂ ਕੁ ਸਾਲਾਂ ਦਾ ਸੀ ਤੇ ਦਰਸ਼ੋ ਹੋਵੇਗੀ ਤੇਰਾਂ ਚੌਦਾਂ ਸਾਲਾਂ ਦੀ। ਉਸ ਨੂੰ ਦੋਵੇਂ  ਅਰਸ਼ੋਂ ਉਤਰੀਆਂ ਪਰੀਆਂ ਲਗਦੀਆਂ। ਖ਼ਾਸ ਕਰਕੇ ਦਰਸ਼ਨ ਤਾਂ ਬਹੁਤ ਹੀ ਚੰਗੀ ਲੱਗਣ ਲਗ ਪਈ ਸੀ। ਤੇ ਜਿਉਂ ਜਿਉਂ ਦਿਨ, ਮਹੀਨੇ ਕਰ ਕੇ ਤਿੰਨ-ਚਾਰ ਸਾਲ ਲੰਘੇ ਇਸ ਵਰਤਾਰੇ ਦਾ ਰੰਗ ਜਮੇਰ ਉਤੇ ਹੋਰ ਵੀ ਗੂੜ੍ਹਾ ਹੁੰਦਾ ਗਿਆ। ਓਦੋਂ ਤਕ ਉਹਦੀ ਉਮਰ 14-15 ਸਾਲ ਦੀ ਹੋ ਚੁੱਕੀ ਸੀ ਤੇ ਦਰਸ਼ਨ ਦੀ 16-17 ਸਾਲ ਦੀ।ਤਿੰਨਾਂ-ਚਹੁੰ ਸਾਲਾਂ ’ਚ ਅਜਮੇਰ ਤੇ ਦਰਸ਼ੋ ਨੇ ਆਪਸ ਵਿੱਚ ਸ਼ਾਇਦ ਹੀ ਕਦੇ ਕੋਈ ਗੱਲ ਕੀਤੀ ਹੋਵੇ। ਗੱਲ ਤਾਂ ਤਦੇ ਕਰਦੇ ਜੇ ਕੋਈ ‘ਗੱਲ’ ਹੁੰਦੀ। ਉਹ ਇੱਕ ਦੂਜੇ ਵੱਲ ਵੇਖਦੇ ਵੀ ਘੱਟ ਹੀ। ਪਰ ਸੱਚੀ ਗੱਲ ਤਾਂ ਇਹ ਸੀ ਕਿ ਉਨ੍ਹਾਂ ਦਾ ਅੰਤਰ-ਧਿਆਨ ਸਦਾ ਇੱਕ ਦੂਜੇ ਵੱਲ ਹੀ ਰਹਿੰਦਾ। ਉਹ ਵੈਸੇ ਹੀ ਮਾਸੀ ਬਣਾਈ ਭਾਨੋ ਤੇ ਮਾਸੜ ਬੁੱਧ ਰਾਮ ਦੇ ਘਰ ਆਪਣੇ ਜਾਣੇ ਕੰਮ ਆਉਂਦੇ ਜਾਂ ਕਹਿ ਲਓ ਮਿਲਣ ਆਉਂਦੇ।ਬੜੇ ਅਜਬ ਢੰਗ ਦਾ ਰੁਮਾਂਸ ਸੀ। ਹੋ ਸਕਦੈ ਅਜਮੇਰ ਮਾਸੜ ਬੁੱਧ ਰਾਮ ਨੂੰ ਕਿੱਸਾ ਸੁਣਾਉਣ ਦੇ ਬਹਾਨੇ ਦਰਸ਼ਨ ਨੂੰ ਹੀ ਕਿੱਸਾ ਸੁਣਾਉਣ ਦਾ ਭਰਮ ਪਾਲਦਾ ਹੋਵੇ! ਤੇ ਦਰਸ਼ੋ ਵੀ ਚਾਦਰ ਉਤੇ ਵੇਲ-ਬੂਟੇ ਪਾਉਂਦੀ ਅਜਮੇਰ ਨੂੰ ਹੀ ਚਿਤਵਦੀ ਹੋਵੇ ਤੇ ਉਤੋਂ-ਉਤੋਂ ਹੀ ਭਾਨੋ ਦੀਆਂ ਗੱਲਾਂ ਦਾ ਹੁੰਗ੍ਹਾਰਾ ਭਰਦੀ ਹੋਵੇ! ਐਵੇਂ ਤਾਂ ਨਹੀਂ ਕਹਿੰਦੇ, ਦਿਲ ਦਰਿਆ ਸਮੁੰਦਰੋਂ ਡੂੰਘੇ ਕੌਣ ਦਿਲਾਂ ਦੀਆਂ ਜਾਣੇ?

ਮਾਸੀ-ਮਾਸੜ ਦੇ ਘਰ ਉਹ ਆਮ ਹੀ ’ਕੱਠੇ ਹੁੰਦੇ, ਉਨ੍ਹਾਂ ਦੀਆਂ ਗੱਲਾਂ ਵੀ ਇਕ ਦੂਜੇ ਦੇ ਕੰਨੀਂ ਪੈਂਦੀਆਂ ਪਰ ਉਨ੍ਹਾਂ ਦੀ ਆਪਸ ਵਿੱਚ ਕਦੇ ਗੱਲ-ਬਾਤ ਨਾ ਹੁੰਦੀ। ਦਰਸ਼ਨ ਬਹੁਤ ਹੀ ਧੀਮੀ ਆਵਾਜ਼ ਵਿਚ ਭਾਨੋ ਨਾਲ ਗੱਲਾਂ ਕਰਦੀ। ਉਹਦੇ ਮੁਕਾਬਲੇ ਅਜਮੇਰ ਆਪਣੇ ਮਾਸੜ ਨਾਲ ਗੱਲਾਂ ਕਰਦਾ ਦਰਸ਼ੋ ਦਾ ਧਿਆਨ ਖਿੱਚਣ ਲਈ ਕਈ ਵਾਰ ਹਾਸਾ-ਠੱਠਾ ਕਰਨ ਲੱਗਦਾ। ਇੱਕ ਵਾਰ ਮਾਸੀ ਭਾਨੋ ਨੇ ਹਿਸਾਬ ਨਾਲ ਸਮਝਾਇਆ ਵੀ, “ਜਦ ਮੁਟਿਆਰ ਕੁੜੀਆਂ ਕੋਲੇ ਬੈਠੀਆਂ ਹੋਣ, ਓਦੋਂ ਬਹੁਤਾ ਕਮਲ ਨੀ ਮਾਰੀਦਾ ਕਮਲਿਆ ਪੁੱਤਾ!”ਅਜਮੇਰ ਨੇ ਸਾਫ ਲਿਖਿਆ, “ਮੇਰੇ ਨਾਲ ਗੱਲਾਂ ਕਰਨ ਦੀ ਗੱਲ ਤਾਂ ਕੋਹਾਂ ਦੂਰ, ਉਲਟਾ ਇੱਕ ਦਿਨ ਮਾਸੀ ਭਾਨੋ ਨੇ ਮੈਨੂੰ ਦੱਸਿਆ, ਦਰਸ਼ੋ ਇੱਕ ਦਿਨ ਕਹਿੰਦੀ ਸੀ ਬਈ ਇਹ ਮੁੰਡਾ ਤਾਂ ਨਿਰਾ ਪਾਗਲ ਐ! ਊਈਂ ਪਾਗਲਾਂ ਵਾਗੂੰ ਬੋਲਦਾ ਰਹਿੰਦੈ। ਤਾਂਹੀਂ ਤਾਂ ਮੈਂ ਤੈਨੂੰ ਸਮਝਾਉਨੀ ਆਂ ਪੁੱਤਾ, ਬਈ ਮੁਟਿਆਰ ਕੁੜੀ ਕੋਲ ਐਵੇਂ ਨੀ ਚਪੜ-ਚਪੜ ਕਰੀਂਦਾ ਹੁੰਦਾ। ਚੰਗਾ ਅਸਰ ਨੀ ਪੈਂਦਾ ਬਗਾਨੀ ਧੀ ’ਤੇ।” ਮਾਸੀ ਭਾਨੋ ਦੀ ਐਵੇਂ ਚਪੜ-ਚਪੜ ਕਰਨ ਦੀ ਗੱਲ ਸੁਣ ਕੇ ਅਜਮੇਰ ਸਿੰਘ ‘ਖ਼ਿਆਲੀ’ ਨੇ, ਜਿਸ ਕਵੀ ਨੂੰ ਖ਼ਿਆਲੀ ਪਸੰਦ ਸੀ ਉਹਨੂੰ ‘ਖ਼ਿਆਲੀ’ ਦਾ ਤਖ਼ੱਲਸ ਦੇ ਦਿੱਤਾ ਤੇ ਆਪ ਪਿਆਰੀ ਦਰਸ਼ਨ ਦੇ ਮੂੰਹੋਂ ਸੁਣਿਆਂ ਨਿਰਾ ‘ਪਾਗਲ’ ਤਖ਼ੱਲਸ ਆਪਣੇ ਨਾਂ ਨਾਲ ਜੋੜ ਲਿਆ। ਇਉਂ ਕਵਿਤਾ ਵਿੱਚ ਹੀ ਨਹੀਂ ਉਹਦੇ ਸਰਟੀਫਿਕੇਟਾਂ ਵਿੱਚ ਵੀ ਅਜਮੇਰ ਸਿੰਘ ‘ਪਾਗਲ’ ਉਹਦੇ ਨਾਂ ਚੜ੍ਹ ਗਿਆ!ਹੁਣ ਅਸਲੀ ਗੱਲ ਵੀ ਸੁਣ ਲਓ। ਦਸਵੀਂ ਦਾ ਇਮਤਿਹਾਨ ਦੇਣ ਲਈ ਫਾਰਮ ਭਰੇ ਜਾਣੇ ਸਨ। ਕਵੀ ਤੇ ਆਸ਼ਕ ਦੇ ਤੌਰ ’ਤੇ ਤਾਂ ਅਜਮੇਰ, ‘ਪਾਗਲ’ ਹੋ ਹੀ ਗਿਆ ਸੀ, ਫਾਰਮ ਭਰਨ ਲੱਗੇ ਨੇ ਵੀ ਆਪਣੇ ਨਾਂ ਨਾਲ ਆਪਣਾ ਗੋਤ ਔਲਖ ਲਿਖਣ ਦੀ ਥਾਂ ਪਾਗਲ ਲਿਖ ਦਿੱਤਾ। ਦਸਵੀਂ ਦੇ ਇਮਤਿਹਾਨ ਤੋਂ ਬਾਅਦ ਗਿਆਨੀ ਤੇ ਬੀਏ ਦੇ ਇਮਤਿਹਾਨੀ ਫਾਰਮਾਂ ਵਿੱਚ ਵੀ ਪਾਗਲ ਦਾ ਪਾਗਲ ਰਿਹਾ। ਐੱਮਏ ਦਾ ਫਾਰਮ ਭਰਨ ਵੇਲੇ ਅਜਮੇਰ ਸਿਓਂ ਪਤਾ ਨਹੀਂ ਕਿਵੇਂ ਸਿਆਣਾ ਬਿਆਣਾ ਹੋ ਗਿਆ? ਉਹ ਆਪਣੇ ਨਾਂ ਨਾਲ ‘ਪਾਗਲ’ ਲਾਉਣਾ ਛੱਡ ਕੇ ‘ਔਲਖ’ ਲਿਖਣ ਲੱਗ ਪਿਆ ਜਿਸ ਨਾਲ ਉਹਦਾ ਸੱਚੀਮੁੱਚੀਂ ਪਾਗਲ ਹੋਣ ਤੋਂ ਖਹਿੜਾ ਛੁੱਟ ਗਿਆ!

 

ਪ੍ਰਿੰ. ਸਰਵਣ ਸਿੰਘ