ਕੈਨੇਡਾ ਵਿੱਚ ਪੰਜਾਬੀ ਦੀਆਂ ਸਾਹਿਤਕ ਸੰਸਥਾਵਾਂ ਤੇ ਸਭਿਆਚਾਰਕ ਉਦਰੇਂਵਾ 

ਕੈਨੇਡਾ ਵਿੱਚ ਪੰਜਾਬੀ ਦੀਆਂ ਸਾਹਿਤਕ ਸੰਸਥਾਵਾਂ ਤੇ ਸਭਿਆਚਾਰਕ ਉਦਰੇਂਵਾ 

                    ਪੰਜਾਬੀ ਸਾਹਿਤ                                    

ਉੰਨੀਵੀਂ ਸਦੀ ਦੇ ਅੰਤ ਤਕ ਕੈਨੇਡਾ ਵਿੱਚ ਪੰਜਾਬੀ ਮੂਲ ਦੇ ਲੋਕਾਂ ਦੀ ਆਮਦ ਹੋ ਚੁੱਕੀ ਸੀ। ਵੀਹਵੀ ਸਦੀ ਦੇ ਪਹਿਲੇ ਦਹਾਕੇ ਵਿੱਚ ਇਹ ਗਿਣਤੀ ਜਦੋਂ ਸੈਂਕੜਿਆਂ ਵਿੱਚ ਤਬਦੀਲ ਹੋ ਗਈ, ਤਾਂ ਉਨ੍ਹਾਂ ਵਿੱਚ ਸੱਭਿਆਚਾਰਕ ਭੁੱਖ ਵੀ ਉੱਸਲਵੱਟੇ ਲੈਣ ਲੱਗੀ। ਮਈ 1914 ਤਕ ਕਾਮਾਗਾਟਾਮਾਰੂ ਦੇ ਜਹਾਜ਼ ਦੇ ਲੱਗਣ ਤਕ ਉਨ੍ਹਾਂ ਦੀ ਪਛਾਣ, ਵੱਖਰਾ ਰੰਗ ਰੂਪ, ਪਹਿਰਾਵਾ ਤੇ ਜੀਵਨ ਢੰਗ ਨਸਲਵਾਦੀਆਂ ਨੂੰ ਚੁਭਣ ਲੱਗ ਪਿਆ ਸੀ। ਅਜਿਹੇ ਹਾਲਾਤ ਵਿੱਚ ਉਨ੍ਹਾਂ ਦਾ ਸੱਭਿਆਚਾਰਕ ਉਦਰੇਵਾਂ ਵੀ ਸਿਖਰਾਂ ਤੇ ਸੀ। ਉਹ ਆਪਣੇ ਪਰਿਵਾਰਾਂ ਨੂੰ ਯਾਦ ਕਰਦੇ, ਰੋਂਦੇ ਅਤੇ ਹੱਡ ਭੰਨਵਾਂ ਕੰਮ ਕਰਦੇ। ਆਪਣੇ ਢਿੱਡ ਫਰੋਲਣ ਲਈ ਉਹ ਦੋ ਚਾਰ ਬੰਦੇ, ਕਦੀ ਕਦਾਈਂ ਕੰਮਾਂ, ਜਾਂ ਕਿਰਾਏ ਵਾਲੀਆਂ ਥਾਂਵਾਂ ਤੇ ਇਕੱਠੇ ਹੋ ਜਾਂਦੇ। ਉਨ੍ਹਾਂ ਵਿੱਚੋਂ ਜੇ ਕਿਸੇ ਨੂੰ ਕੋਈ ਗੀਤ ਯਾਦ ਹੁੰਦਾ, ਤਾਂ ਬੱਸ ਉਹ ਹੀ ਮਨੋਰੰਜਨ ਅਤੇ ਭਾਵਨਾਵਾਂ ਦੇ ਨਿਕਾਸ ਦਾ ਸਾਧਨ ਬਣ ਜਾਂਦਾ। ਉਦੋਂ ਉਹ ਧਰਮ ਤੋਂ ਉੱਪਰ ਸਨ, ਭਾਰਤੀ ਹੋਣਾ ਵਧੇਰੇ ਮਹੱਤਵਪੂਰਨ ਸੀ। ਫੇਰ ਉਨ੍ਹਾਂ ਗੰਭੀਰਤਾ ਨਾਲ ਕਿਸੇ ਸਾਂਝੀ ਜਗ੍ਹਾ ਦੀ ਤਲਾਸ਼ ਦਾ ਕਾਰਜ ਆਰੰਭਿਆ।

ਗ਼ਦਰ ਲਹਿਰ ਦਾ ਪ੍ਰਭਾਵ ਕੈਨੇਡਾ ਤਕ ਵੀ ਪੁੱਜ ਗਿਆ ਸੀ। ਉਹ ਦਰਦ ਵਿਛੋੜੇ ਤੇ ਯਾਦਾਂ ਵਾਲੇ ਗੀਤਾਂ ਦੇ ਨਾਲ ਨਾਲ ਇਨਕਲਾਬੀ ਗੀਤ ਕਵਿਤਾਵਾਂ ਵੀ ਸੁਣਦੇ ਸੁਣਾਉਂਦੇ ਰਹਿੰਦੇ। ਪਹਿਲਾਂ ਉਹ ਇੱਕ ਦੂਜੇ ਦੀ ਰਿਹਾਇਸ਼ ਤੇ ਦੋ ਚਾਰ ਇਕੱਠੇ ਹੋ ਲਿਆ ਕਰਦੇ ਸਨ, ਫੇਰ ਉਨ੍ਹਾਂ ਨੇ ਕੋਈ ਸਾਂਝੀ ਜਗ੍ਹਾ ਬਣਾਉਣ ਦੀ ਸੋਚੀ, ਜਿੱਥੇ ਧਾਰਮਿਕ ਆਸਥਾ ਤੋਂ ਇਲਾਵਾ, ਸਮਾਜਿਕ, ਸੱਭਿਆਚਾਰਕ ਮਸਲਿਆਂ ਤੇ ਵੀ ਗੱਲ ਹੋ ਸਕੇ। ਐਬਸਫੋਰਡ ਦੇ ਲੱਕੜ ਮਿੱਲ ਕਾਮਿਆਂ, ਪਹਾੜ ਦੇ ਪੈਰਾਂ ਵਿੱਚ ਇੱਕ ਟੀਨ ਦੀ ਛੱਤ ਅਤੇ ਫੱਟਿਆਂ ਦੀਆਂ ਕੰਧਾਂ ਵਾਲਾ ਧਾਰਮਿਕ ਸਥਾਨ ਬਣਾ ਲਿਆ। ਇਹ ਜਗ੍ਹਾ ਕਾਮਿਆਂ ਲਈ ਇੱਕ ਬਹੁ-ਪੱਖੀ ਸਹੂਲਤ ਬਣ ਗਈ। ਹਿੰਦੂ ਮੁਸਲਮ ਤੇ ਸਿੱਖ ਸਭ ਮਿਲ ਕੇ ਬੈਠਦੇ। ਇਹ ਧਾਰਮਿਕ ਲੋੜਾਂ ਦੀ ਪੂਰਤੀ ਤੋਂ ਇਲਾਵਾ ਮੁਢਲਾ ਕਮਿਊਨਟੀ ਸੈਂਟਰ ਵੀ ਬਣਿਆ ਜਦੋਂ ਕੋਈ ਥਾਂ ਨਹੀਂ ਸੀ ਬਣਿਆ, ਤਾਂ ਕਾਮੇ ਹੱਡ ਭੱਨਵੀਂ ਮਿਹਨਤ ਤੋਂ ਬਾਅਦ, ਵੈਨਕੂਵਰ ਦੀ ਫਰੇਜ਼ਰ ਸਟਰੀਟ ਤੇ, 41 ਐਵੀਨਿਊ ਦੇ ਜੰਗਲ ਨਾਲ ਲੱਗਦੇ ਖੁੱਲ੍ਹੇ ਘਾਹ ਦੇ ਮੈਦਾਨ ਤੇ ਬੈਠ ਕੇ ਦੁੱਖ ਸੁਖ ਕਰਦੇ। ਕਦੀ ਉਹ ਧੂਣੀ ਲਾ ਕੇ ਬੈਠ ਜਾਂਦੇ ਤੇ ਕਦੀ ਤਾਰਿਆਂ ਦੀ ਛਾਂ ਵਿੱਚ ਹੀ ਕੋਈ ਗੀਤ ਕਵਿਤਾ ਸੁਣ-ਸੁਣਾ ਲੈਂਦੇ। ਲੰਬਰ ਮਿੱਲਾਂ ਵਿੱਚ ਆ ਰਹੇ ਮਸਲਿਆਂ ਦਾ ਹੱਲ ਢੂੰਡਦੇ, ਨਸਲਵਾਦ ਦਾ ਮੁਕਾਬਲਾ ਕਰਨ ਦੀਆਂ ਸਕੀਮਾਂ ਲਾਉਂਦੇ। ਮਿੱਤਰਾਂ ਪਿਆਰਿਆਂ ਤੇ ਪਰਿਵਾਰ ਦੀ ਜੁਦਾਈ ਵਿੱਚ ਝਰੀਟੇ ਹੋਏ ਅੱਖਰਾਂ ਦੀ ਸਾਂਝ ਪਾਉਂਦੇ। ਇਨ੍ਹਾਂ ਵਿੱਚ ਵਧੇਰੇ ਲੋਕ ਅਨਪੜ੍ਹ ਜਾਂ ਅੱਧਪੜ੍ਹ ਹੁੰਦੇ। ਟੱਪੇ ਬੋਲੀਆਂ ਦੇ ਨਾਲ ਨਾਲ ਉਹ ਅੰਗਰੇਜ਼ੀ ਬੋਲਣੀ ਵੀ ਸਿੱਖਦੇ। ਮੁਢਲੇ ਪੜਾਅ ਤੇ ਇਹ ਹੀ ਸਾਹਿਤ ਸਭਾਵਾਂ ਦੇ ਉਸਰਨ ਦਾ ਮੁੱਢ ਬੱਝਣ ਵਰਗੀ ਗੱਲ ਸੀ।

ਜਿਉਂ ਜਿਉਂ ਪੰਜਾਬੀਆਂ ਦੀ ਗਿਣਤੀ ਵਧਦੀ ਗਈ ਤਾਂ ਐਬਸਫੋਰਡ ਤੋਂ ਬਾਅਦ ਵੈਨਕੂਵਰ, ਵਿਕਟੋਰੀਆ ਤੇ ਹੋਰ ਸ਼ਹਿਰਾਂ ਵਿੱਚ ਵੀ ਗੁਰਦਵਾਰੇ ਉਸਰਨ ਲੱਗੇ। ਦਿਨ ਤਿਉਹਾਰ ਮਨਾਉਣ ਸਮੇਂ, ਇੱਥੇ ਧਾਰਮਿਕ ਰੰਗਣ ਵਾਲੇ ਗੀਤਾਂ ਕਵਿਤਾਵਾਂ ਤੋਂ ਇਲਾਵਾ, ਦੇਸ਼ ਭਗਤੀ ਅਤੇ ਆਜ਼ਾਦੀ ਦੇ ਗੀਤ ਵੀ ਗਾਏ ਜਾਂਦੇ। ਕੀਰਤਨ, ਕਵੀਸ਼ਰੀ ਦੇ ਨਾਲ ਕਮਿਊਨਿਟੀ ਮਸਲੇ, ਪਰਿਵਾਰਕ ਮੁਸ਼ਕਲਾਂ, ਮਸਲਿਆਂ ਦੇ ਹੱਲ ਤੋਂ ਇਲਾਵਾ ਨਿੱਕੇ ਮੋਟੇ ਕਵੀ ਦਰਬਾਰ ਵੀ ਹੋਣ ਲੱਗੇ। ਇਸੇ ਬਹਾਨੇ ਮੇਲਾ-ਗੇਲਾ ਵੀ ਹੋ ਜਾਂਦਾ।ਫੇਰ ਇੱਕ ਸਮਾਂ ਆਇਆ ਜਦੋਂ ਇਨ੍ਹਾਂ ਕਾਮਿਆਂ ਨੇ ਧਾਰਮਿਕ ਵਲਗਣ ਵਿੱਚੋਂ ਬਾਹਰ ਨਿੱਕਲ ਕੇ ਸਰਗਰਮੀਆਂ ਆਰੰਭਣ ਦੇ ਯਤਨ ਕੀਤੇ। ਕੋਈ ਭਾਰਤ ਤੋਂ ਆਈ ਫਿਲਮ ਨੂੰ ਕੋਈ ਵੀਡੀਓ ਪਲੇਅਰ ਜਾਂ ਸਿਨਮਾ ਕਿਰਾਏ ਤੇ ਲੈ ਕੇ ਜਾਂ ਕਿਸੇ ਹੋਰ ਖੁੱਲ੍ਹੀ ਜਗਾ ਪੈਸੇ ਲੈ ਕੇ ਦਿਖਾਇਆ ਜਾਣ ਲੱਗਾ। ਹੌਲੀ ਹੌਲੀ ਭਾਰਤ ਤੋਂ ਕਲਾਕਾਰ, ਥੀਏਟਰ ਆਰਟਿਸਟ ਮੰਗਵਾ ਕੇ ਉਨ੍ਹਾਂ ਦੇ ਸ਼ੋਅ ਕਰਵਾਏ ਜਾਣ ਲੱਗੇ। ਇਸਦੇ ਦਾ ਨਾਲ ਹੀ ਵੈਨਕੂਵਰ ਸੱਥ, ਕਲਾ ਮੰਦਰ, ਸਮਾਨਤਾ, ਇੰਡੀਆ ਮਹਿਲਾ ਐਸੋਸੀਏਸ਼ਨ, ਇੰਡੀਆ ਮਿਊਜ਼ਿਕ ਸੁਸਾਇਟੀ, ਭਾਰਤੀ ਨਾਟ ਕੇਂਦਰ ਅਤੇ ਲੋਕ ਕਲਾ ਕੇਂਦਰ ਵੈਨਕੂਵਰ, ਵਰਗੀਆਂ ਸੰਸਥਾਵਾਂ ਬਣ ਗਈਆਂ, ਜਿਨ੍ਹਾਂ ਨੇ ਸਰਗਰਮੀਆਂ ਹੋਰ ਵੀ ਬਹੁਤ ਵਧਾ ਦਿੱਤੀਆਂ।

ਇੰਡੀਆ ਕਲੱਬ ਹਰ ਸਾਲ ਉਰਦੂ ਗ਼ਜ਼ਲਾਂ ਤੇ ਸੰਗੀਤ ਦੇ ਪ੍ਰੋਗਰਾਮ ਕਰਵਾਉਣ ਲੱਗਿਆ। ਕਲਾ ਮੰਦਰ ਵੱਲੋਂ ਵੀ ਪਾਕਿਸਤਾਨੀ ਤੇ ਭਾਰਤੀ ਪ੍ਰੋਗਰਾਮ ਕਰਵਾਏ ਜਾਣ ਲੱਗੇ। ਭਾਰਤੀ ਕਮਿਊਨਿਟੀ ਇਨ੍ਹਾਂ ਸੰਸਥਾਵਾਂ ਦੀ ਮੈਂਬਰ ਬਣਨ ਲੱਗੀ। ਵੈਨਕੂਵਰ ਸੱਥ ਵੱਲੋਂ ਕਈ ਨਾਟਕਾਂ ਦਾ ਮੰਚਨ ਕਰਵਾਇਆ ਗਿਆ। ਸਮਾਨਤਾ ਅਤੇ ਇੰਡੀਆ ਮਹਿਲਾ ਐਸੋਸੀਏਸ਼ਨ ਵੱਲੋਂ ਔਰਤਾਂ ਦੇ ਮਸਲੇ ਉਠਾਏ ਜਾਣ ਲੱਗੇ। ਇਸਦੇ ਨਾਲ ਹੀ ਇਨ੍ਹਾਂ ਬਹਿਸਾਂ ਅਤੇ ਵਿਚਾਰਾਂ ਦੇ ਅਦਾਨ ਪ੍ਰਦਾਨ ਲਈ ਇੱਕੜ ਦੁੱਕੜ ਅਖਬਾਰਾਂ ਰਸਾਲੇ ਤੇ ਰੇਡੀਓ ਪ੍ਰੋਗਰਾਮ ਵੀ ਹੋਂਦ ਵਿੱਚ ਆਉਣ ਲੱਗ ਪਏ।ਸਨ 1972 ਵਿੱਚ ਕਈ ਸਾਰੀਆਂ ਭੰਗੜਾ ਸੰਸਥਾਵਾਂ ਤੇ ਸੱਭਿਆਚਾਰਕ ਗਰੁੱਪ ਹੋਂਦ ਵਿੱਚ ਆਉਣ ਨਾਲ, ਸਾਹਿਤਕ ਮਾਹੌਲ ਲਈ ਵੀ ਜ਼ਮੀਨ ਤਿਆਰ ਹੋ ਚੁੱਕੀ ਸੀ। ਭਾਰਤ ਤੋਂ ਜਾਂ ਪੰਜਾਬ ਤੋਂ ਬਹੁਤ ਸਾਰੇ ਨਾਮਵਰ ਲੇਖਕ, ਜੋ ਉੱਥੇ ਸਾਹਿਤ ਸਭਾਵਾਂ ਵਿੱਚ ਕੰਮ ਕਰਦੇ ਰਹੇ ਸਨ, ਉਹ ਵੀ ਕੈਨੇਡਾ ਪਹੁੰਚ ਚੁੱਕੇ ਸਨ। ਇਹ ਲੇਖਕ ਜੋ ਜ਼ਿਆਦਾਤਰ ਬ੍ਰਿਟਿਸ਼ ਕੁਲੰਬੀਆ ਸੂਬੇ ਵਿੱਚ ਆਣ ਵਸੇ, (ਖਾਸ ਕਰਕੇ ਵੈਨਕੂਵਰ ਏਰੀਏ ਵਿੱਚ) ਉਹ ਵੀ ਇਕੱਠੇ ਹੋਣ ਲੱਗੇ। ਕੋਈ ਸਾਹਿਤਕ ਸੰਸਥਾ ਬਣਾਉਣ ਦੀ ਲੋੜ ਮਹਿਸੂਸ ਕਰਦਿਆਂ ਹੋਇਆਂ, ਇਸ ਸਬੰਧੀ ਵਿਚਾਰ ਵਟਾਂਦਰੇ ਹੋਣ ਲੱਗੇ। ਇਹ ਇਨ੍ਹਾਂ ਮੀਟਿੰਗਾਂ ਦਾ ਸਿੱਟਾ ਹੀ ਸੀ ਕਿ 6 ਜਨਵਰੀ 1973 ਨੂੰ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦਾ ਜਨਮ ਹੋਇਆ। ਇਸ ਸੰਸਥਾ ਦੀ ਜੋ ਪਹਿਲੀ ਕੰਮ ਚਲਾਊ ਕਮੇਟੀ ਚੁਣੀ ਗਈ, ਉਸਦੇ ਪ੍ਰਧਾਨ ਗੁਰਚਰਨ ਰਾਮਪੁਰੀ ਤੇ ਸਕੱਤਰ ਸੁਰਿੰਦਰ ਧੰਜਲ ਸਨ। 27 ਜੁਲਾਈ 1973 ਤਕ, ਇਸਦੇ ਜੋ ਵੀ ਮੈਂਬਰ ਬਣੇ ਉਨ੍ਹਾਂ ਵਿੱਚੋਂ ਬਾਕਾਇਦਾ ਕਾਰਜਕਾਰਨੀ ਦੀ ਚੋਣ ਹੋਈ।

ਇਸੇ ਸੰਸਥਾ ਨੇ ਸਭ ਤੋਂ ਪਹਿਲੀ ਵਾਰ ਕੈਨੇਡਾ ਵਸੇ ਕਵੀਆਂ ਦਾ ਕਾਵਿ-ਸੰਗ੍ਰਹਿ ਛਾਪਣ ਦਾ ਫੈਸਲਾ ਸਨ 1976 ਵਿੱਚ ਕੀਤਾ ਤੇ ਸਨ 1980 ਵਿੱਚ ਕੈਨੇਡਾ ਦੀ ਪੰਜਾਬੀ ਕਵਿਤਾਨਾਂ ਦੀ 132 ਸਫਿਆਂ ਦੀ ਕਿਤਾਬ ਪ੍ਰਕਾਸ਼ਤ ਕੀਤੀ। ਇਸ ਪੁਸਤਕ ਵਿੱਚ 27 ਕਵੀਆਂ ਦੀਆਂ ਕਵਿਤਾਵਾਂ ਸਨ। ਇਸ ਤੋਂ ਬਾਅਦ ਭੰਗੜਾ ਸੰਸਥਾਵਾਂ ਦੇ ਸਹਿਯੋਗ ਨਾਲ ਬੋਲੀਆਂ ਦੇ ਰੂਪ ਵਿੱਚ ਮਹਿੰਦਰ ਸੂਮਲ ਦੀ ਕਿਤਾਬ ਖੱਟ ਕੇ ਲਿਆਂਦਾ ਟੱਲ’ 1985 ਵਿੱਚ ਛਪਣ ਨਾਲ ਸਾਹਿਤਕ ਮਾਹੌਲ ਹੋਰ ਗੂੜ੍ਹਾ ਹੋ ਗਿਆ। ਪੰਜਾਬ ਦੇ ਸੰਤਾਪ ਨੇ  ਨੇ, ਲੇਖਕਾਂ ਦੀ ਵਿਚਾਰਧਾਰਾ ਨੂੰ ਦੋ ਧੜਿਆਂ ਵਿੱਚ ਵੰਡ ਦਿੱਤਾ, ਜਿਸ ਨਾਲ ਸਾਹਿਤਕ ਮਾਹੌਲ ਨੂੰ ਢਾਹ ਲੱਗੀ। ਸੰਸਥਾਵਾਂ ਵਿੱਚ ਵਿਰੋਧ ਵਧਣ ਲੱਗੇ ਤੇ ਬਾਗੀ ਹੋਏ ਲੇਖਕ ਨਵੀਆਂ ਸੰਸਥਾਵਾਂ ਬਣਾਉਣ ਲੱਗੇ।ਇਹ ਸੰਸਥਾਵਾਂ ਕਵੀ ਦਰਬਾਰ ਤੇ ਸਮਾਗਮ ਕਰਵਾਉਣ ਲੱਗੀਆਂ। ਇਹ ਸਮਾਗਮ ਦੂਰ ਦੁਰਾਡੇ ਸ਼ਹਿਰਾਂ ਵਿੱਚ ਵੀ ਹੋਣ ਲੱਗੇ। ਇਹ ਉਹ ਸਮਾਂ ਸੀ ਜਦੋਂ ਵੈਨਕੂਵਰ ਤੋਂ ਇਲਾਵਾ, ਗਰੇਟਰ ਟੋਰਾਂਟੋ ਏਰੀਆ ਵੀ ਪੰਜਾਬੀ ਲੋਕਾਂ ਅਤੇ ਸਾਹਿਤਕਾਰਾਂ ਦਾ ਗੜ੍ਹ ਬਣਨ ਲੱਗਿਆ। ਕੈਲਗਰੀ, ਐਡਮਿੰਟਨ, ਵਿਨੀਪੈੱਗ, ਔਟਵਾ ਵਰਗੇ ਸ਼ਹਿਰਾਂ ਵਿੱਚ ਵੀ ਲੇਖਕਾਂ ਦੇ ਜੁੜਨ ਵਾਲੇ ਇਕੱਠ, ਸੰਸਥਾਵਾਂ ਵਿੱਚ ਤਬਦੀਲ ਹੋਣ ਲੱਗੇ।

ਇਹ ਸੰਸਥਾਵਾਂ ਪੰਜਾਬ ਤੋਂ ਨਾਮਵਰ ਲੇਖਕਾਂ ਤੇ ਕਲਾਕਾਰਾਂ ਨੂੰ ਕੈਨੇਡਾ ਮੰਗਵਾਉਂਦੀਆਂ। ਸਮਾਗਮਾਂ ਜਾਂ ਨਾਟਕਾਂ ਦੇ ਮੰਚਨ ਸਮੇਂ ਲੋਕ ਜੁੜਦੇਪੰਜਾਬੀਅਤ ਦੀ ਨਵੇਕਲੀ ਪਛਾਣ ਬਣਨ ਲੱਗੀ। ਸਾਲ 1974 ਵਿੱਚ ਤਿੰਨ ਕਵੀਆਂ ਗੁਰਚਰਨ ਰਾਮਪੁਰੀ, ਅਜਮੇਰ ਰੋਡੇ ਤੇ ਸਾਧੂ ਬਿੰਨਿੰਗ ਦੀਆਂ ਕਵਿਤਾਵਾਂ ਤੇ ਆਲੋਚਨਾ ਭਰਪੂਰ ਤੇ ਪੜਚੋਲੀਆ ਨਜ਼ਰੀਏ ਵਾਲਾ, ਸਪਲੀਮੈਂਟ ਛਾਪਿਆ ਗਿਆ। ਇਸੇ ਪ੍ਰਕਾਰ ਵਤਨੋਂ ਦੂਰ ਆਰਟ ਐਂਡ ਫਾਊਂਡੇਸ਼ਨ ਵੱਲੋਂ ਸਾਲ 1974 ਵਿੱਚ ਖੇਡੇ ਨਾਟਕ ਰੱਤਾ ਸਾਲੂਨਾਲ ਸਥਾਨਿਕ ਪੰਜਾਬੀ ਰੰਗਮੰਚ ਦੀ ਵੀ ਨੀਂਹ ਰੱਖ ਦਿੱਤੀ ਗਈ। ਹੌਲੀ ਹੌਲੀ ਇਹ ਅਸਰ ਦੂਸਰੇ ਸ਼ਹਿਰਾਂ ਤੇ ਵੀ ਪੈਣ ਲੱਗਿਆ।ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਸੰਸਥਾਵਾਂ ਵਿੱਚ ਤਣਾਉ ਪੈਦਾ ਹੋਣ ਕਾਰਨ, ਫੁੱਟ ਵੀ ਪੈਂਦੀ ਰਹੀ। ਇਸ ਪ੍ਰਕਾਰ 1982 ਤੋਂ ਬਾਅਦ ਜੋ ਖੜੋਤ ਪੈਦਾ ਹੋ ਗਈ ਸੀ, ਉਸ ਨੂੰ ਤੋੜਨ ਲਈ 3 ਜੂਨ 1984 ਨੂੰ ਮੋਬਰਲੀ ਕਮਿਊਨਟੀ ਹਾਲ ਵਿੱਚ ਕੋਈ 20 ਦੇ ਕਰੀਬ ਲੇਖਕ ਜੁੜੇ ਅਤੇ ਫੈਸਲਾ ਕੀਤਾ ਕਿ ਕੋਈ ਸਾਹਿਤਕ ਜਥੇਬੰਦੀ ਮੁੜ ਸੁਰਜੀਤ ਕੀਤੀ ਜਾਵੇ। ਇਸ ਨਵੀਂ ਸੰਸਥਾ ਦਾ ਨਾਂ ਪੰਜਾਬੀ ਲੇਖਕ ਮੰਚ ਵੈਨਕੂਵਰਰੱਖਿਆ ਗਿਆ। ਇਸ ਸੰਸਥਾ ਦੀਆਂ ਮਹੀਨੇ ਦੇ ਹਰ ਤੀਜੇ ਸਨਿੱਚਰਵਾਰ ਬਾਕਾਇਦਗੀ ਨਾਲ ਮੀਟਿੰਗਾਂ ਹੋਣ ਲੱਗੀਆਂ। ਇਹ ਸੰਸਥਾ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੈਨਕੂਵਰ ਦਾ ਹੀ ਨਵਾਂ ਰੂਪ ਸੀ। ਇਸ ਸੰਸਥਾ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੁਲੰਬੀਆ ਨਾਲ ਸੰਪਰਕ ਬਣਾ ਕੇ ਦੂਜੀਆਂ ਭਾਸ਼ਾਵਾਂ ਦੇ ਲੇਖਕਾਂ ਨਾਲ ਅਦਾਨ ਪ੍ਰਦਾਨ ਸ਼ੁਰੂ ਕੀਤਾ।

ਸਾਲ 1983 ਵਿੱਚ ਸਾਊਥ ਏਸ਼ੀਆ ਲਿਟਰੇਰੀ ਕਾਨਫਰੰਸ ਟੋਰਾਂਟੋ ਕਰਵਾਏ ਜਾਣ ਨਾਲ, ਵੈਨਕੂਵਰ ਤੋਂ ਬਾਅਦ ਟੋਰਾਂਟੋ ਵਿੱਚ ਵੀ ਸਾਹਿਤਕ ਮਾਹੌਲ ਬਣਨ ਲੱਗਾ। ਬੇਸਮੈਂਟਾਂ ਵਿੱਚ ਹੋਣ ਵਾਲੀਆਂ ਮੀਟਿੰਗਾਂ, ਨਿੱਕੇ ਨਿੱਕੇ ਗਰੁੱਪ ਆਪੋ ਆਪਣੇ ਤਰੀਕੇ ਨਾਲ ਕੰਮ ਵੀ ਕਰਦੇ ਰਹੇ। ਟੋਰਾਂਟੋ ਤੋਂ ਵੀ ਹਫਤਾਵਾਰੀ ਅਖਬਾਰ ਨਿੱਕਲਣੇ ਸ਼ੁਰੂ ਹੋਏ। ਤਿਕੋਨਨਾਂ ਦੀ ਪੁਸਤਕ ਛਪੀ ਜਿਸ ਵਿੱਚ ਇਕਬਾਲ ਰਾਮੂਵਾਲੀਆ, ਸੁਖਿੰਦਰ ਤੇ ਸੁਰਿੰਦਰ ਧੰਜਲ ਦੀਆਂ ਕਵਿਤਾਵਾਂ ਛਪੀਆਂ। ਨਵਤੇਜ ਭਾਰਤੀ ਆਪਣੀ ਥਰਡ ਆਈ ਪਬਲੀਕੇਸ਼ਨਚਲਾਉਣ ਲੱਗੇ। ਤੇ ਹੌਲੀ ਹੌਲੀ ਕਿਸੇ ਪੁਖਤਾ ਸੰਸਥਾ ਲਈ ਜ਼ਮੀਨ ਤਿਆਰ ਹੋਣ ਲੱਗੀ।

3 ਜੁਲਾਈ 1978 ਨੂੰ ਵੈਨਕੂਵਰ ਹਵਾਈ ਅੱਡੇ ਤੇ ਇੱਕ ਹੋਰ ਸੰਸਥਾ ਨੇ ਜਨਮ ਲੈ ਲਿਆ, ਜਿਸਦਾ ਨਾਂ ਸੀ ਇੰਟਰਨੈਸ਼ਨਲ ਐਸੋਸੀਏਸ਼ਨ ਆਫ ਪੰਜਾਬੀ ਆਥਰਜ਼ ਐਂਡ ਆਰਟਿਸਟ’ (ਇਆਪਾ) ਜਿਸਦੇ ਪ੍ਰਧਾਨ ਰਵਿੰਦਰ ਰਵੀ ਬਣੇ ਤੇ ਸਕੱਤਰ ਡਾ. ਗੁਰੂਮੇਲ ਨੂੰ ਬਣਾਇਆ ਗਿਆ। ਇਸ ਸੰਸਥਾ ਨੇ ਵਿਸ਼ਵ ਪੰਜਾਬੀ ਸਾਹਿਤ ਦੇ ਨਾਂ ਹੇਠ ਇੱਕ ਵੱਡ-ਆਕਾਰੀ ਪੁਸਤਕ, ਸਨ 1981 ਵਿੱਚ ਪ੍ਰਕਾਸ਼ਤ ਕੀਤੀ ਅਤੇ ਅੰਤਰਰਾਸ਼ਟਰੀ ਸਾਹਿਤ ਸ਼ਿਰੋਮਣੀ ਪੁਰਸਕਾਰ ਦੀ ਸ਼ੁਰੂਆਤ ਕੀਤੀ, ਜਿਸਦੀ ਰਾਸ਼ੀ ਪੰਜ ਸੌ ਡਾਲਰ ਸੀਇਹ ਪੁਰਸਕਾਰ ਬਹੁਤ ਸਾਰੇ ਨਾਮਵਰ ਲੇਖਕਾਂ ਦੇ ਹਿੱਸੇ ਆਇਆ।ਸਾਲ 1980 ਵਿੱਚ ਇੱਕੋ ਹੋਰ ਸੰਸਥਾ ਹੋਂਦ ਵਿੱਚ ਆ ਗਈ ਜਿਸਦਾ ਨਾਂ ਸੀ ਇੰਟਰਨੈਸ਼ਨਲ ਪੰਜਾਬੀ ਲਿਟਰੇਰੀ ਟ੍ਰਸਟ (ਕੈਨੇਡਾ) ਇਸਦੇ ਪ੍ਰਧਾਨ ਵੀ ਗੁਰਚਰਨ ਰਾਪੁਰੀ ਬਣੇ ਤੇ ਦੁਨੀਆਂ ਭਰ ਤੋਂ ਇਸਦੇ ਅਹੁਦੇਦਾਰ ਲਏ ਗਏ। ਇਸ ਸੰਸਥਾ ਵੱਲੋਂ ਸਾਹਿਤ ਸ਼ਰੋਮਣੀ ਮਨਜੀਤ ਯਾਦਗਾਰੀ ਪੁਰਸਕਾਰਦੀ ਸ਼ੁਰੂਆਤ ਕੀਤੀ ਗਈ। ਮਨਜੀਤ, ਦਰਸ਼ਨ ਗਿੱਲ ਦੀ ਸਵਰਗਵਾਸੀ ਜੀਵਨ ਸਾਥਣ ਸੀ, ਜਿਸਦੀ ਯਾਦ ਵਿੱਚ 500 ਡਾਲਰ ਦਾ ਪੁਸਰਸਕਾਰ ਦਿੱਤਾ ਜਾਂਦਾ ਰਿਹਾ ਤੇ ਸਨਮਾਨਿਤ ਲੇਖਕ ਬਾਰੇ ਇੱਕ ਕਿਤਾਬ ਵੀ ਛਾਪੀ ਜਾਂਦੀ ਰਹੀ।

ਵੈਨਕੂਵਰ ਵਾਂਗ ਟੋਰਾਂਟੋ ਵੀ ਸਾਹਿਤ ਸਭਾਵਾਂ ਬਣਨ ਲਈ ਜ਼ਮੀਨ ਤਿਆਰ ਹੋ ਗਈ। ਟੋਰਾਂਟੋ ਤੋਂ ਇਲਾਵਾ ਐਡਮਿੰਟਨ, ਕੈਲਗਰੀ, ਵਿਨੀਪੈੱਗ, ਪ੍ਰਿੰਸ ਰੂਪਰਟ, ਕੁਨੈਲ ਅਤੇ ਮਿਸ਼ਨ ਵਿੱਚ ਵੀ ਸਾਹਿਤ ਸਰਗਰਮੀਆਂ ਹੋਣ ਲੱਗੀਆਂ। ਕੁਝ ਜਥੇਬੰਦੀਆਂ ਦੇ ਨਾਂ ਇਸ ਪ੍ਰਕਾਰ ਹਨ, ਸਾਹਿਤ ਵਿਚਾਰ ਮੰਚ ਵੈਨਕੂਵਰ, ਰੰਗ-ਤਰੰਗ ਪੰਜਾਬੀ ਸਾਹਿਤ ਸਭਾ ਸੁਕਆਮਿਸ਼ ਬੀ ਸੀ, ਗਰੈਂਡ ਪ੍ਰੇਰੀ ਕਲਾ ਮੰਚ, ਅਲਬਰਟਾ ਪੰਜਾਬੀ ਲਿਟਰੇਰੀ ਐਸੋਸ਼ੀਏਸ਼ਨ ਐਡਮਿੰਟਨ, ਲੋਕ ਸੱਭਿਆਚਾਰਕ ਮੰਚ ਕੈਲਗਰੀ, ਪੰਜਾਬੀ ਲਿਟਰੇਰੇਰੀ ਐਂਡ ਕਲਚਰਲ ਐਸੋਸੀਏਸ਼ਨ ਵਿਨੀਪੈੱਗ ਅਤੇ ਕਲਮਾਂ ਦਾ ਕਾਫਲਾ ਟੋਰਾਂਟੋ। ਇਨ੍ਹਾਂ ਸੰਸਥਾਵਾਂ ਨੇ ਕੈਨੇਡੀਅਨ ਪੰਜਾਬੀ ਸਾਹਿਤ ਦੀ ਇੱਕ ਵੱਖਰੀ ਪਛਾਣ ਸਿਰਜੀ, ਇੰਗਲੈਂਡ ਤੋਂ ਬਾਅਦ ਪਰਵਾਸੀ ਪੰਜਾਬੀ ਸਾਹਿਤ ਦਾ ਮੂੰਹ ਮੁਹਾਂਦਰਾ ਬਣਾਇਆ।

ਮੈਂ ਮਈ 1990 ਵਿੱਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਆ ਵਸਿਆ। ਉਦੋਂ ਇੱਥੇ ਸਾਹਿਤਕ ਸੋਕਾ ਸੀ। ਮੈਂ ਪੰਜਾਬ ਦੀਆਂ ਸਾਹਿਤ ਸਭਾਵਾਂ ਵਿੱਚ ਬਹੁਤ ਸਰਗਰਮੀ ਨਾਲ ਕੰਮ ਕਰਦਾ ਆਇਆ ਸੀ। ਮੇਰੀ ਕਹਾਣੀਆਂ ਦੀ ਪਹਿਲੀ ਕਿਤਾਬ ਛਪ ਚੁੱਕੀ ਸੀ। ਮੈਨੂੰ ਸਾਰੇ ਅਖਬਾਰ ਰਸਾਲੇ ਤਾਂ ਛਾਪਦੇ ਹੀ ਸਨ, ਇੱਕ ਆਲੋਚਕ ਤੇ ਪਰਚਾ ਲੇਖਕ ਵਜੋਂ ਵੀ ਮੇਰੀ ਪਛਾਣ ਬਣ ਚੁੱਕੀ ਸੀ। ਮੇਰੇ ਲਈ ਇਹ ਸਾਹਿਤਕ ਸੋਕਾ ਬਹੁਤ ਮਾਰੂ ਸਾਬਤ ਹੋ ਰਿਹਾ ਸੀ। ਤੇ ਮੈਂ ਜਿਵੇਂ ਮੁਰਝਾ ਰਿਹਾ ਸੀ।ਮੈਂ ਲੇਖਕਾਂ ਨੂੰ ਲੱਭਣ ਦੇ ਬਹੁਤ ਯਤਨ ਕੀਤੇ। ਇੱਥੇ ਵੀ ਧੜੇਬੰਦੀਆਂ ਦਾ ਪਤਾ ਲੱਗਿਆ। ਜਦੋਂ ਮੈਂ ਆਇਆ ਤਾਂ ਕੋਈ ਇੱਕ ਧੜਾ ਵਿਸ਼ਵ ਪੰਜਾਬੀ ਕਾਨਫਰੰਸ ਕਰਵਾ ਰਿਹਾ ਸੀ। ਮੈਂ ਜਾਣਕਾਰੀ ਲੈਣ ਲਈ ਇੱਕ ਨਾਮਵਰ ਰੇਡੀਓ ਹੋਸਟ ਨੂੰ ਫੋਨ ਕੀਤਾ। ਪਰ ਉਸ ਦਾ ਧੜਾ ਹੋਰ ਹੋਣ ਕਾਰਨ ਉਸ ਨੇ ਮੈਨੂੰ ਕਾਨਫਰੰਸ ਦੀ ਕੋਈ ਜਾਣਕਾਰੀ ਨਾ ਦਿੱਤੀ ਤੇ ਕਿਹਾ ਇੱਥੇ ਵੀਹ ਕਾਨਫਰੰਸਾਂ ਹੁੰਦੀਆਂ ਨੇ, ਮੈਨੂੰ ਨੀ ਪਤਾ। ਫੇਰ ਇੱਕ ਵੀਡੀਓ ਸਟੋਰ ਤੋਂ ਮੈਨੂੰ ਸੰਵਾਦ ਨਾਂ ਦਾ ਪਰਚਾ ਮਿਲਿਆ ਤੇ ਮੇਰਾ ਪਹਿਲਾ ਸੰਪਰਕ ਸੁਖਿੰਦਰ ਨਾਲ ਹੋਇਆ। ਸੁਖਿੰਦਰ ਨੇ ਮੈਨੂੰ ਸ਼ਹੀਦ ਭਗਤ ਸਿੰਘ ਤੇ ਪਾਸ਼ ਦੀ ਯਾਦ ਵਿੱਚ ਕਰਵਾਏ ਜਾਣ ਵਾਲੇ ਸਮਾਗਮ ਦਾ ਸੱਦਾ ਭੇਜਿਆ। ਮੈਂ ਆਪਣੀ ਕਵਿਤਾ ਪੜ੍ਹੀ ਤੇ ਉੱਥੇ ਹੀ ਬਲਤੇਜ ਪੰਨੂ, ਮੈਨੂੰ ਪਹਿਲੀ ਵਾਰ ਮਿਲਿਆ।

ਇੱਕ ਦਿਨ ਇਕਬਾਲ ਮਾਹਲ ਦੇ ਪੰਜਾਬ ਦਰਸ਼ਨ ਪ੍ਰੋਗਰਾਮ ਦੇ ਸ਼ਾਇਰ ਉਂਕਾਰਪ੍ਰੀਤ ਨੂੰ ਗ਼ਜ਼ਲ ਪੜ੍ਹਦਿਆਂ ਸੁਣਿਆ। ਗ਼ਜ਼ਲ ਮੈਨੂੰ ਚੰਗੀ ਲੱਗੀ। ਉਂਕਾਰਪ੍ਰੀਤ ਦਾ ਸੰਪਰਕ ਨੰਬਰ ਵੀ ਟੈਲੀਵੀਯਨ ਤੇ ਆ ਰਿਹਾ ਸੀ। ਮੈਂ ਉਸ ਨੂੰ ਫੋਨ ਕੀਤਾ ਤੇ ਆਪਣੇ ਮਨ ਦੀ ਇੱਛਾ ਦੱਸੀ। ਉਂਕਾਰਪ੍ਰੀਤ ਵੀ ਇਹੋ ਸੁਪਨਾ ਉਣਦਾ ਸੀ ਕਿ ਕੋਈ ਸੰਸਥਾ ਬਣੇ।ਸੁਖਿੰਦਰ ਨੇ ਇੱਕ ਹੋਰ ਪ੍ਰਗਰਾਮ ਕਰਵਾਇਆ ਜਿਸਦੀ ਪ੍ਰਧਾਨਗੀ ਕਰਨ ਸੁਰਿੰਦਰ ਧੰਜਲ ਬੀ ਸੀ ਤੋਂ ਆਇਆ। ਇਸ ਸਮਾਗਮ ਤੇ ਮੈਨੂੰ ਉਂਕਾਰਪ੍ਰੀਤ ਤੇ ਜਰਨੈਲ ਸਿੰਘ ਪਹਿਲੀ ਵਾਰ ਮਿਲੇ। ਇੱਥੇ ਹੀ ਅਸੀਂ ਸਾਹਿਤ ਸਭਾ ਬਣਾਉਣ ਦੀ ਗੱਲ ਤੋਰੀ। ਇਸ ਸਬੰਧੀ ਪਹਿਲੀ ਮੀਟਿੰਗ ਉਂਕਾਰਪ੍ਰੀਤ ਦੇ ਘਰ ਹੋਈ, ਜਿਸ ਵਿੱਚ ਸੁਰਜੀਤ ਫਲੋਰਾ ਵੀ ਸ਼ਾਮਲ ਹੋਇਆ। ਫੇਰ ਸਾਹਿਤ ਸਭਾ ਬਣਾਉਣ ਦੀ ਪ੍ਰਕਿਰਿਆ ਆਰੰਭ ਹੋ ਗਈ ਤੇ ਬਾਕੀ ਸਾਰੀਆਂ ਮੀਟਿੰਗਾਂ ਮੇਰੇ ਮਾਲਟਨ ਵਾਲੇ ਘਰ ਹੋਈਆਂ। ਸੰਸਥਾ ਦੀ ਸਾਰੀ ਰੂਪ ਰੇਖਾ ਤਿਆਰ ਹੋ ਗਈ। ਜਰਨੈਲ ਸਿੰਘ ਕਹਾਣੀਕਾਰ ਦਾ ਸੁਝਾਇਆ ਨਾਂ ਪੰਜਾਬੀ ਕਲਮਾਂ ਦਾ ਕਾਫਲਾਮਨਜ਼ੂਰ ਕਰ ਲਿਆ ਗਿਆ।

ਇਸ ਸੰਸਥਾ ਦੀ ਮੁਢਲੀਆਂ ਮੀਟਿੰਗਾਂ ਮੇਰੀ ਪਤਨੀ ਰਸ਼ਪਿੰਦਰ ਵੱਲੋਂ ਮਾਲਟਨ ਕਮਿਊਨਟੀ ਸੈਂਟਰ ਵਿੱਚ ਆਪਣੇ ਨਾਂ ਤੇ ਬੁੱਕ ਕਰਵਾਈਆਂ ਗਈਆਂ। ਫਰਵਰੀ 1993 ਵਿੱਚ ਇੱਕ ਪਬਲਿਕ ਮੀਟਿੰਗ ਵਿੱਚ ਸਭਾ ਦਾ ਨਾਂ ਪ੍ਰਵਾਨ ਕਰਕੇ, ਜੋ ਚੋਣ ਕੀਤੀ ਗਈ, ਉਸ ਅਨੁਸਾਰ ਜਰਨੈਲ ਸਿੰਘ ਪ੍ਰਧਾਨ, ਮੇਜਰ ਮਾਂਗਟ ਮੀਤ ਪ੍ਰਧਾਨ, ਉਂਕਾਰਪ੍ਰੀਤ ਜਨਰਲ ਸਕੱਤਰ, ਬਲਤੇਜ ਪੰਨੂ ਸਕੱਤਰ ਤੇ ਸੁਰਜੀਤ ਫਲੋਰਾ ਵਿੱਤ ਸਕੱਤਰ ਚੁਣੇ ਗਏ। ਇਸ ਸੰਸਥਾ ਨੇ ਲਗਾਤਾਰ ਮਾਸਿਕ ਮੀਟਿੰਗਾਂ ਕਰਨੀਆਂ ਜਾਰੀ ਰੱਖੀਆਂ ਤੇ ਸੰਵਿਧਾਨ ਵੀ ਲਿਖਿਆ ਗਿਆ। 1993 ਵਿੱਚ ਸੰਸਥਾ ਦਾ ਪਹਿਲਾ ਸਮਾਗਮ ਗੋਸ਼ਟੀ ਦੇ ਰੂਪ ਵਿੱਚ, ਮੇਜਰ ਮਾਂਗਟ ਦੀ ਕਿਤਾਬ ਕੂੰਜਾਂ ਦੀ ਮੌਤਤੇ ਹੋਇਆ। ਦੂਸਰੀ ਮੀਟਿੰਗ ਵਿੱਚ ਕੁਲਵਿੰਦਰ ਖਹਿਰਾ, ਬਲਬੀਰ ਸੰਘੇੜਾ, ਅਮਰਜੀਤ ਸਾਥੀ, ਬਲਰਾਜ ਚੀਮਾ, ਇਕਬਾਲ ਰਾਮੂਵਾਲੀਆ, ਕਿਰਪਾਲ ਸਿੰਘ ਪੰਨੂ, ਸੁਰਜਣ ਜੀਰਵੀ ਤੇ ਇਕਬਾਲ ਮਾਹਲ ਵੀ ਜੁੜ ਗਏ। ਇਸਦੇ ਕੁਆਰਡੀਨੇਟਰ ਬਦਲਦੇ ਰਹੇ, ਜਿਨ੍ਹਾਂ ਦੀ ਲਿਸਟ ਲੰਬੀ ਹੈ। ਤੇ ਇਹ ਇੱਕ ਅਜਿਹੀ ਸੰਸਥਾ ਹੈ ਜੋ ਪਿਛਲੇ 27 ਸਾਲਾਂ ਤੋਂ ਲਗਾਤਾਰ ਸਰਗਰਮ ਹੈ।

ਪੰਜਾਬੀ ਕਲਮਾਂ ਦਾ ਕਾਫਲਾ ਦੀ ਮੀਟਿੰਗ ਵਿੱਚ ਕਹਾਣੀਆਂ ਤੇ ਬਹਿਸ ਨੂੰ ਖੁੱਲ੍ਹਾ ਸਮਾਂ ਨਹੀਂ ਸੀ ਮਿਲਦਾ। ਕਹਾਣੀਕਾਰਾਂ ਨੇ ਇਹ ਫੈਸਲਾ ਕੀਤਾ ਕਿ ਇੱਕ ਹੋਰ ਸੰਸਥਾ ਬਣਾ ਲਈ ਜਾਵੇ, ਜੋ ਤ੍ਰੈਮਾਸਿਕ ਮੀਟਿੰਗਾਂ ਕਰਕੇ ਸਿਰਫ ਕਹਾਣੀਆਂ ਤੇ ਹੀ ਵਿਚਾਰ ਚਰਚਾ ਕਰੇ। ਇਹ ਸੰਸਥਾ ਕਾਫਲੇ ਦਾ ਹਿੱਸਾ ਵੀ ਸੀ ਤੇ ਵੱਖਰੀ ਵੀ, ਜਿਸ ਵਿੱਚ ਸਿਰਫ ਕਹਾਣੀਕਾਰ ਹੀ ਸ਼ਾਮਿਲ ਹੋ ਸਕਦੇ ਸਨ।ਤ੍ਰੈਮਾਸਿਕ ਮੀਟਿੰਗਾਂ ਲੇਖਕਾਂ ਦੇ ਘਰਾਂ ਵਿੱਚ ਹੁੰਦੀਆਂ, ਜੋ ਪੰਜ ਛੇ ਘੰਟੇ ਚੱਲਦੀਆਂ। ਚਾਰ ਤੋਂ ਲੈ ਕੇ ਛੇ ਕਹਾਣੀਆਂ ਤੇ ਨਿੱਠ ਕੇ ਵਿਚਾਰ ਹੁੰਦੀ। ਫੇਰ ਇਸ ਸੰਸਥਾ ਦਾ ਨਾਮ ਕਹਾਣੀ ਵਿਚਾਰ ਮੰਚ ਟੋਰਾਂਟੋਰੱਖਿਆ ਗਿਆ। ਇਹ ਸੰਸਥਾ ਵੀ ਪਿਛਲੇ ਢਾਈ ਦਹਾਕਿਆਂ ਤੋਂ ਲਗਾਤਾਰ ਕੰਮ ਕਰਦੀ ਆ ਰਹੀ ਹੈ। ਕਾਫਲੇ ਵੱਲੋਂ ਸਥਾਨਕ ਲੇਖਿਕਾਂ ਦੀਆਂ ਰਚਨਾਵਾਂ ਦਾ ਸੰਗ੍ਰਹਿ ਪਿੱਪਲ ਤੋਂ ਮੇਪਲ ਤੱਕਛਪਵਾਇਆ ਗਿਆ। ਇੱਕ ਵਿਸ਼ਵ ਪੱਧਰ ਦੀ ਕਾਨਫਰੰਸ 1998 ਵਿੱਚ ਕਰਵਾਈ ਗਈ, ਜਿਸ ਵਿੱਚ ਭਾਰਤ, ਇੰਗਲੈਂਡ, ਪਾਕਿਸਤਾਨ ਅਤੇ ਅਮਰੀਕਾ ਤੋਂ ਕਾਫੀ ਲੇਖਕ ਸ਼ਾਮਲ ਹੋਏ। ਇਨ੍ਹਾਂ ਸੰਸਥਾਵਾਂ ਨਾਲ ਸਬੰਧਤ ਲੇਖਕਾਂ ਦੀਆਂ ਕਿਤਾਬਾਂ ਲਗਾਤਾਰ ਪ੍ਰਕਾਸ਼ਤ ਹੋ ਰਹੀਆਂ ਹਨ। ਸਨ 1999 ਤੋਂ ਬਾਅਦ ਕੈਨੇਡਾ ਵਿੱਚ ਪੰਜਾਬੀਆਂ ਦੀ ਆਮਦ ਵੱਡੇ ਪੱਧਰ ਤੇ ਹੋਈ। ਮਾਲਟਨ ਤੋਂ ਬਾਅਦ ਬਰੈਂਪਟਨ ਵੀ ਪੰਜਾਬੀਆਂ ਦਾ ਗੜ੍ਹ ਬਣ ਗਿਆ। ਇਨ੍ਹਾਂ ਪੰਜਾਬੀਆਂ ਵਿੱਚ, ਲੇਖਕ ਵੀ ਵੱਡੀ ਪੱਧਰ ਤੇ ਕੈਨੇਡਾ ਆਏ। ਪੜ੍ਹਨ ਆਏ ਵਿਦਿਆਰਥੀਆਂ ਦੇ ਮਾਪੇ ਜੋ ਲੇਖਕ ਵੀ ਸਨ, ਸੁਪਰ ਵੀਜ਼ਾ ਲੈ ਕੇ ਲੰਬੇ ਸਮੇਂ ਲਈ ਆਉਣ ਲੱਗੇ। ਅਜਿਹੇ ਕਾਰਨਾਂ ਕਰਕੇ ਲੇਖਕਾਂ ਦਾ ਇੱਕ ਸਭਾ ਵਿੱਚ ਸਮਾਉਣਾ ਮੁਸ਼ਕਲ ਹੋ ਗਿਆ। ਕਈ ਨਵੀਆਂ ਸਭਾਵਾਂ ਦਾ ਜਨਮ ਹੋਣ ਲੱਗਿਆ। ਕੁਝ ਲੇਖਕਾਂ ਦਾ ਘੁਮੰਡ, ਕਬਜ਼ਾ ਰੱਖਣ ਦੀ ਪ੍ਰਵਿਰਤੀ, ਤੇ ਮੈਂ ਨਾ ਮਾਨੂੰ ਵਾਲੀ ਪ੍ਰਵਿਰਤੀ ਕਾਰਨ, ਵੀ ਦੁਰ ਪਰੇ, ਦੁਰ ਪਰੇ ਵਾਲੇ ਹਾਲਾਤ ਵੀ ਬਣਨ ਲੱਗੇ, ਜਿਸ ਕਾਰਨ ਬਹੁਤ ਸਾਰੇ ਲੇਖਕ ਚੁੱਪ ਕਰਕੇ ਘਰਾਂ ਵਿੱਚ ਬੈਠ ਗਏ। ਤੇ ਕਈ ਹੋਰ ਸਭਾਵਾਂ ਦਾ ਜਨਮ ਹੋ ਗਿਆ।

ਸਾਲ 2001 ਵਿੱਚ ਕਲਾ ਕੇਂਦਰ ਟੋਰਾਂਟੋਨਾਂ ਦੀ ਸੰਸਥਾ ਹੋਂਦ ਵਿੱਚ ਆਈ। ਇਸ ਨੇ ਪੰਜਾਬ ਘਰਾਣੇ ਨਾਲ ਸਬੰਧਤ, ਉਸਤਾਦ ਲਛਮਣ ਸਿੰਘ ਸੀਨ ਦਾ, ਕਲਾਸੀਕਲ ਸੰਗੀਤ ਸਬੰਧੀ ਜ਼ਬਰਦਸਤ ਪ੍ਰੋਗਰਾਮ ਕਰਵਾਕੇ ਸ਼ੁਰੂਆਤ ਕੀਤੀ। ਇਸ ਸੰਸਥਾ ਵੱਲੋਂ ਬਹੁਤ ਸਾਰੀਆਂ ਸਾਹਿਤਕ ਗੋਸ਼ਟੀਆਂ, ਕਿਤਾਬਾਂ ਦਾ ਲੋਕ ਅਰਪਣ ਅਤੇ ਕਵੀ ਦਰਬਾਰ ਕਰਵਾਏ ਗਏ। ਕੈਨੇਡੀਅਨ ਪੰਜਾਬੀ ਸਾਹਿਤ ਸਭਾਨਾਂ ਦੀ ਸੰਸਥਾ ਪਿਛਲੇ ਦਸਾਂ ਬਾਰ੍ਹਾਂ ਸਾਲਾਂ ਤੋਂ ਲਗਾਤਾਰ ਮਾਸਿਕ ਇਕੱਤਰਤਾਵਾਂ ਤੇ ਗੋਸ਼ਟੀਆਂ ਕਰਵਾ ਰਹੀ ਹੈ। ਇਸੇ ਪ੍ਰਕਾਰ ਅਜੀਤ ਹਫਤਾਵਾਰੀ ਅਖਬਾਰ ਵੱਲੋਂ ਕਲਮਨਾਂ ਦੀ ਸੰਸਥਾ ਵੀ ਪਿਛਲੇ ਪੰਦਰਾਂ ਸਾਲਾਂ ਤੋਂ ਸਰਗਰਮ ਹੈ। ਇਹ ਸੰਸਥਾ ਵੀ ਮਾਸਿਕ ਮਿਲਣੀਆਂ ਦੇ ਨਾਲ ਨਾਲ ਗੋਸ਼ਟੀਆਂ, ਕਵੀ ਦਰਬਾਰਾਂ ਤੇ ਕਾਨਫਰੰਸਾਂ ਦੇ ਆਯੋਜਨ ਕਰਦੀ ਰਹਿੰਦੀ ਹੈ। ਗੁਰਦਿਆਲ ਕੰਵਲ ਦੀ ਸਿਪਸਾ ਵੀ ਸਰਗਰਮ ਰਹੀ।

1990 ਤੋਂ 2010 ਤਕ ਈਸਟ ਇੰਡੀਅਨ ਵਰਕਰਜ਼ ਵਰਗੀ ਕੋਈ ਵੱਡੀ ਸੰਸਥਾ ਨਾ ਬਣ ਸਕੀ, ਜੋ ਸਾਰੀ ਕਮਿਊਨਟੀ ਅਤੇ ਵੱਖੋ ਵੱਖਰੀਆਂ ਕਲਾਵਾਂ ਨੂੰ ਆਪਣੇ ਵਿੱਚ ਸਮੋ ਸਕਦੀ। ਇਹ ਸੰਸਥਾ ਨਾਟਕ, ਕਵਿਤਾ, ਭਾਸ਼ਨ ਗੀਤ ਸੰਗੀਤ ਤੇ ਕਮਿਊਨਿ ਗਗਟੀ ਨੂੰ ਦਰਪੇਸ਼ ਮਸਲਿਆਂ ਲਈ ਇੱਕ ਵਧੀਆ ਮੰਚ ਪ੍ਰਦਾਨ ਕਰਦੀ ਰਹੀ ਹੈ। ਇਹ ਦੋ ਦਹਾਕੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਵਸ ਤੇ ਸ਼ਾਨਦਾਰ ਸਮਾਗਮ ਕਰਵਾਉਂਦੀ ਰਹੀ।ਸਰਗਰਮ ਸੰਸਥਾਵਾਂ ਵਿੱਚ ਪੰਜਾਬੀ ਆਰਟਸ ਐਸੋਸੀਏਸ਼ਨ ਉਨਟਾਰੀਓਨਾਟਕਾਂ ਦੇ ਖੇਤਰ ਵਿੱਚ ਪਿਛਲੇ ਵੀਹ ਸਾਲ ਤੋਂ ਸਰਗਰਮ ਹੈ, ਜੋ ਹਰ ਵਰ੍ਹੇ ਸਥਾਨਿਕ ਮਸਲਿਆਂ ਤੇ ਵਧੀਆਂ ਨਾਟਕ ਕਰਵਾਉਂਦੀ ਹੈ। ਜਸਪਾਲ ਢਿੱਲੋਂ ਦੀ ਸੰਸਥਾ ਉਨਟਾਰੀਆ ਪੰਜਾਬੀ ਥੀਏਟਰ ਐਂਡ ਆਰਟਵੱਲੋਂ ਵੀ ਸਥਾਨਿਕ ਲੇਖਕਾਂ ਦੇ ਲਿਖੇ ਨਾਟਕ ਤੇ ਗੀਤਾਂ ਨੂੰ ਬਾਖੂਬੀ ਪੇਸ਼ ਕੀਤਾ ਜਾਂਦਾ ਰਿਹਾ। ਕਿਰਪਾਲ ਕਮਲ ਦੀ ਕੈਨੇਡੀਅਨ ਪੰਜਾਬੀ ਰੰਗਮੰਚ ਵੀ ਲੰਬਾ ਸਮਾਂ ਸਰਗਰਮ ਰਹੀ ਹੈ। ਇਸੇ ਪ੍ਰਕਾਰ ਹੋਰ ਕਈ ਸੰਸਥਾਵਾਂ ਬਣੀਆਂ ਤੇ ਕੁਝ ਸਾਲ ਕੰਮ ਕਰਕੇ ਅਲੋਪ ਹੋ ਗਈਆਂਅੱਜ ਕੱਲ੍ਹ ਜੋ ਮੌਜੂਦਾ ਸਥਿਤੀ ਹੈ, ਬਹੁਤ ਸਾਰੀਆਂ ਸੰਸਥਾਵਾਂ ਇਕੱਲੇ ਬਰੈਂਪਟਨ ਸ਼ਹਿਰ ਵਿੱਚ ਹੀ ਖੁੰਭਾਂ ਵਾਂਗ ਉੱਗੀਆਂ ਨਜ਼ਰ ਆਉਂਦੀਆਂ ਹਨ। ਮਿਸੀਸਾਗਾ, ਟੋਰਾਂਟੋ, ਮਾਰਖਮ, ਹਮਿਲਟਨ, ਗੁਆਲਫ, ਕਿਚਨਰ, ਲੰਡਨ, ਓਕਵਿੱਲ, ਔਰਿੰਜਵਿੱਲ ਅਤੇ ਮਿਲਟਨ ਦੇ ਲੇਖਕ ਆਪਣੇ ਸ਼ਹਿਰਾਂ ਵਿੱਚ ਸਥਾਨਕ ਸੰਸਥਾ ਨਾ ਹੋਣ ਕਾਰਨ, ਬਰੈਂਪਟਨ ਵਾਲੀਆਂ ਸੰਸਥਾਵਾਂ ਦਾ ਹੀ ਹਿੱਸਾ ਬਣਦੇ ਰਹਿੰਦੇ ਹਨ। ਅਜੇ ਕਿਸੇ ਅਜਿਹੀ ਸੰਸਥਾ ਬਣਨ ਦੀ ਉਡੀਕ ਹੈ, ਜੋ ਸਮੁੱਚੇ ਲੇਖਕ ਭਾਈਚਾਰੇ ਨੂੰ ਲਿਖਤਾਂ ਤੇ ਅਧਾਰਿਤ, ਧੜੇਬੰਦੀ ਤੋਂ ਉੱਪਰ ਉੱਠ ਕੇ ਕਲਾਵੇ ਵਿੱਚ ਲੈ ਸਕੇ ਅਤੇ ਕੈਨੇਡੀਅਨ ਪੰਜਾਬੀ ਸਾਹਿਤ ਬਾਰੇ ਤੇ ਇਸਦੀ ਪਛਾਣ ਬਾਰੇ ਕੋਈ ਪੁਖਤਾ ਕੰਮ ਕਰ ਸਕੇ।

ਮਹਾਂ ਟੋਰਾਂਟੋ ਇਲਾਕੇ ਵਿੱਚ ਕੁਝ ਸੰਸਥਾਵਾਂ ਅਜਿਹੀਆਂ ਵੀ ਹਨ, ਜੋ ਸਾਲ ਛੇ ਮਹੀਨੇ ਬਾਅਦ ਕੋਈ ਨਾ ਕੋਈ ਸਮਾਗਮ ਜਾਂ ਸਨਮਾਨ ਸਮਾਰੋਹ ਰਚਾਉਂਦੀਆਂ ਰਹਿੰਦੀਆਂ ਹਨ। ਅਜਿਹੀ ਹੀ ਇੱਕ ਸੰਸਥਾ ਅਸੀਸ ਮੰਚਪਰਮਜੀਤ ਦਿਓੁਲ ਵੱਲੋਂ ਚਲਾਈ ਜਾਂਦੀ ਹੈ। ਕਵਿੱਤਰੀ ਸੁਰਜੀਤ ਕੌਰ ਦੀ ਦਿਸ਼ਾਵੀ ਸਲਾਨਾ ਸਮਾਗਮ ਜਾਂ ਕੋਈ ਕਾਨਫਰੰਸ ਕਰਵਾਉਂਦੀ ਰਹਿੰਦੀ ਹੈ। ਇਸੇ ਪ੍ਰਕਾਰ ਕਹਾਣੀਕਾਰਾ ਗੁਰਮੀਤ ਪਨਾਗ ਦੀ ਲਿਟਰੇਰੀ ਰਿਫਲੈਕਸ਼ਨ ਹੈ। ਸੁਖਿੰਦਰ ਦੀ ਸੰਵਾਦ ਹੈ। ਅਜਾਇਬ ਚੱਠਾ ਦੀ ਫਰੈਂਡਜ਼ ਕਲੱਬ ਹੈ। ਤੇ ਹੋਰ ਵੀ ਬਹੁਤ ਸਾਰੀਆਂ ਹੋਣਗੀਆਂ ਜਿਨ੍ਹਾਂ ਦਾ ਨਾਂ ਮੇਰੇ ਤੋਂ ਵਿੱਸਰ ਗਿਆ ਹੋਵੇ ਜਾਂ ਯਾਦ ਨਾ ਰਿਹਾ ਹੋਵੇ। ਇਹ ਸਭ ਸੰਸਥਾਵਾਂ ਵਰ੍ਹੇ ਛਿਮਾਹੀ ਸਾਹਿਤ ਜਾਂ ਸੰਗੀਤ ਦੇ ਪ੍ਰੋਗਰਾਮ ਕਰਵਾਕੇ ਮਾਹੌਲ ਵਿੱਚ ਰੰਗ ਭਰਦੀਆਂ ਹਨ। ਕਈ ਮੌਕੇ ਤੇ ਹੀ ਬਣੀਆਂ ਸੰਸਥਾਵਾਂ ਵੀ ਹੋਣਗੀਆਂ ਜੋ ਉੱਘੜਵੇਂ ਰੂਪ ਵਿੱਚ ਨਾ ਸਹੀ ਪ੍ਰੰਤੂ ਗਾਹੇ ਬਗਾਹੇ ਕਿਸੇ ਖਾਸ ਬੰਦੇ ਦੀ ਜਾਂ ਕਿਤਾਬ ਦੀ ਆਮਦ ਤੇ ਹੀ ਹਾਜ਼ਰੀ ਲਗਵਾਉਂਦੀਆਂ ਨੇ।

ਅੰਤ ਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਸੰਸਥਾ ਸਿਰਫ ਕਬਜ਼ਾ ਰੱਖਣ, ਅੜੀ ਪੁਗਾਉਣ, ਕਿਸੇ ਨੂੰ ਉੱਚਾ ਨੀਵਾਂ ਦਿਖਾਉਣ ਜਾਂ ਵਡਿਆਉਣ ਲਈ ਨਹੀਂ ਹੁੰਦੀਆਂ, ਸੰਸਥਾ ਦਾ ਕੰਮ ਸਮੁੱਚੇ ਰੂਪ ਵਿੱਚ ਲੇਖਕਾਂ ਨੂੰ ਰਚਨਾਵਾਂ ਦੇ ਅਧਾਰਿਤ ਜੋੜਨਾ ਤੇ ਉਨ੍ਹਾਂ ਤੋਂ ਵਧੀਆਂ ਸਾਹਿਤ ਲਿਖਵਾਉਣਾ ਹੁੰਦਾ ਹੈ। ਧੜੇ ਨੂੰ ਮੁੱਖ ਰੱਖ ਕੇ ਕੀਤੀ ਆਲੋਚਨਾ ਜਾਂ ਲਿਖੇ ਪਰਚੇ ਸੰਸਥਾ ਦੇ ਸਿਰ ਸੁਆਹ ਪਾਉਣ ਵਰਗਾ ਕੰਮ ਹੀ ਕਰਦੇ ਹਨ। ਕੋਈ ਵੀ ਸੰਸਥਾ ਅਜੇ ਅਜਿਹੀ ਨਹੀਂ ਜੋ ਕੈਨੇਡਾ ਵਿੱਚ ਰਚੇ ਪੰਜਾਬੀ ਸਾਹਿਤ ਦਾ ਮੁਲਾਂਕਣ ਕਰਦੀ, ਇੱਥੇ ਨਵੀਆਂ ਜੰਮੀਆਂ ਕਲਮਾਂ ਨੂੰ ਨਾਲ ਜੋੜਦੀ ਤੇ ਉਨ੍ਹਾਂ ਤੋਂ ਲਿਖਵਾਉਂਦੀ। ਅਸੀਂ ਤਾਂ ਚੰਗੇ ਭਲੇ ਲਿਖਣ ਵਾਲਿਆਂ ਨੂੰ ਵੀ ਭਜਾ ਕੇ ਖੁਸ਼ ਹੁੰਦੇ ਹਾਂ।ਸੰਸਥਾਵਾਂ ਭਾਵੇਂ ਘੱਟ ਹੋਣ ਪਰ ਕੰਮ ਵਧੀਆ ਹੋਵੇ। ਸਾਨੂੰ ਇਸ ਮੁਲਕ ਵਿੱਚ ਆਇਆਂ ਨੂੰ ਸਵਾ ਸੌ ਵਰ੍ਹੇ ਹੋਣ ਵਾਲੇ ਨੇ, ਪਰ ਸਾਡੀਆਂ ਸੰਸਥਾਵਾਂ ਦਾ ਕੰਮ ਤੇ ਖੋਜ ਅਜੇ ਦਸ ਵਰ੍ਹਿਆਂ ਜਿੰਨਾ ਵੀ ਨਹੀਂ। ਨਾ ਹੀ ਅਸੀਂ ਕੈਨੇਡਾ ਵਸੇ ਪੰਜਾਬੀਆਂ ਦਾ ਤੇ ਸਾਹਿਤ ਦਾ ਇਤਿਹਾਸ ਲਿਖਵਾ ਸਕੇ ਹਾਂ, ਤੇ ਨਾ ਹੀ ਲਿਖੀਆਂ ਵਧੀਆ ਪੁਸਤਕਾਂ ਦੇ ਅਨੁਵਾਦ ਕਰਵਾ ਸਕੇ ਹਾਂ। ਸਾਡਾ ਤਾਂ ਕੋਈ ਮਿਆਰੀ ਸਾਹਿਤਕ ਪਰਚਾ ਵੀ ਨਹੀਂ ਹੈ। ਮੁੱਖਧਾਰਾ ਦੇ ਲੇਖਕਾਂ ਨਾਲ ਸਾਡੀਆਂ ਸੰਸਥਾਵਾਂ ਦਾ ਅਜੇ ਕੋਈ ਸਬੰਧ ਨਹੀਂ ਤੇ ਨਾ ਹੀ ਕੈਨੇਡੀਅਨ ਵਿਸ਼ਿਆਂ ਤੇ ਪੁਖਤਾ ਪਕੜ ਹੈ। ਸਾਡੀਆਂ ਮੀਟਿੰਗਾਂ ਸਧਾਰਨ ਕਿਸਮ ਦੇ ਮੇਲੇ-ਗੇਲੇ ਹੀ ਹੋ ਨਿੱਬੜੀਦੀਆਂ ਨੇ।

ਠਿੱਬੀਮਾਰਾਂ ਦੇ ਇਤਿਹਾਸ ਨਹੀਂ ਲਿਖੇ ਜਾਂਦੇ ਤੇ ਨਾ ਹੀ ਵਿਰੋਧੀਆਂ ਦੀਆਂ ਵਧੀਆ ਰਚਨਾਵਾਂ ਨੂੰ ਰੋਲਿਆ ਜਾ ਸਕਦਾ ਹੈ। ਸਮਾਂ ਬੜਾ ਬਲਵਾਨ ਹੈ, ਜੋ ਸਾਰਾ ਕੁਝ ਆਪਣੀ ਬੁੱਕਲ ਵਿੱਚ ਸਮੇਟ ਲਵੇਗਾ। ਅਸੀਂ ਚੰਗੇ ਮਾੜੇ ਜੋ ਵੀ ਹੋਵਾਂਗੇ, ਸਮੇਂ ਦੀ ਬੁੱਕਲ ਵਿੱਚੋਂ ਲੱਭ ਲਏ ਜਾਵਾਂਗੇ। ਅਗਲੀਆਂ ਪੁਸ਼ਤਾਂ, ਕਦੇ ਸਾਡਾ ਵੀ ਇਤਿਹਾਸ ਲਿਖਣਗੀਆਂ ਕਿ ਸਾਡੇ ਪੁਰਖੇ ਸਾਡੇ ਲਈ ਕੀ ਛੱਡ ਕੇ ਗਏ ਨੇ? ਇਨ੍ਹਾਂ ਸਾਰੀਆਂ ਗੱਲਾਂ ਤੇ ਪ੍ਰਸ਼ਨਾਂ ਤੇ ਸਾਨੂੰ ਧਿਆਨ ਦੇਣਾ ਪਵੇਗਾ। ਵਿਸ਼ਵ-ਕਾਨਫਰੰਸਾਂ ਵੀ ਸਿਰਫ ਨਾਵਾਂ ਲਈ ਜਾਂ ਬੱਲੇ ਬੱਲੇ ਲਈ ਹੀ ਨਹੀਂ ਹੋਣੀਆਂ ਚਾਹੀਦੀਆਂ। ਇਨ੍ਹਾਂ ਵਿੱਚ ਸਥਾਨਕ ਲੇਖਕ, ਕੈਨੇਡੀਅਨ ਸਾਹਿਤ, ਬਦਲਦਾ ਸੱਭਿਆਚਾਰ ਬਗੈਰਾ ਸਭ ਕੁਝ ਹੀ ਗਾਇਬ ਹੁੰਦਾ ਹੈ। ਪਰਚਾ ਲਿਖਣ ਵਾਲੇ ਤੇ ਪਰਚੇ ਬਹਾਨੇ ਕੈਨੇਡਾ ਦੀ ਗੇੜੀ ਲਾਉਣ ਵਾਲਿਆਂ ਦੀਆਂ ਭੀੜਾਂ, ਸੰਸਥਾਵਾਂ ਨੂੰ ਬਦਨਾਮ ਕਰਦੀਆਂ ਹਨ।

ਮੈਂ ਇਹ ਵੀ ਨਹੀਂ ਕਹਿੰਦਾ ਕਿ ਸੰਸਥਾਵਾਂ ਦਾ ਕੋਈ ਯੋਗਦਾਨ ਜਾਂ ਵਧੀਆ ਕੰਮ ਨਹੀਂ। ਪਰ ਇਹ ਆਟੇ ਵਿੱਚ ਲੂਣ ਬਰਾਬਰ ਹੈ। ਸਾਡੇ ਦੋਗਲੇ ਕਿਰਦਾਰ ਵਧੀਆ ਕਾਰਗੁਜ਼ਾਰੀ ਲਈ ਰੁਕਾਵਟਾਂ ਬਣਦੇ ਨੇ। ਸਾਡੀ ਹਉਮੈਂ, ਕਬਾਇਲੀ ਸੋਚ, ਹੰਕਾਰ, ਜਗੀਰੂ ਕਬਜ਼ਾ ਤੇ ਨਫਰਤਾਂ, ਸਾੜੇ ਸਾਡੇ ਰਾਹਾਂ ਵਿੱਚ ਰੁਕਾਵਟ ਹਨ। ਸਾਨੂੰ ਕੈਨੇਡਾ ਪੱਧਰ ਤੇ ਬਣੀਆਂ ਸੰਸਥਾਵਾਂ ਨੂੰ ਕਿਸੇ ਕੇਂਦਰੀ ਧੁਰੇ ਨਾਲ ਜੋੜਨ ਦੀ ਜ਼ਰੂਰਤ ਹੈ ਤਾਂ ਕਿ ਬਹੁ-ਭਾਸ਼ਾਈ ਇਸ ਮੁਲਕ ਵਿੱਚ ਸਾਰੇ ਲੇਖਕਾਂ ਨੂੰ ਲੈਂਡਿੰਗ ਰਾਈਟ, ਆਰਟ ਕੌਂਸਲ ਵੱਲੋਂ ਮਿਲਦੀ ਸਹਾਇਤਾ, ਲਾਇਬ੍ਰੇਰੀਆਂ ਵਿੱਚ ਰੱਖਿਆ ਗਿਆ ਸਥਾਨਿਕ ਸਾਹਿਤ ਤੇ ਲੇਖਕਾਂ ਦੀ ਪ੍ਰਤੀਨਿੱਧਤਾ ਲਈ ਬਣਦੇ ਹੱਕ ਮਿਲ ਸਕਣ। ਲੇਖਕਾਂ ਦੀ ਮੀਡੀਆ ਨਾਲ ਗੂੜ੍ਹੀ ਸਾਂਝ ਬਣੇ। ਪਬਲੀਕੇਸ਼ਨ ਦੇ ਮਸਲੇ ਹੱਲ ਹੋਣ ਤੇ ਪੰਜਾਬੀ ਸਾਹਿਤ ਨੂੰ ਸਕੂਲਾਂ, ਕਾਲਜਾਂ ਯੂਨੀਵਰਸਿਟੀਆਂ ਤਕ ਪਹੁੰਚਾਇਆ ਜਾ ਸਕੇ। ਇਹ ਸਭ ਕੁਝ ਤਾਂ ਹੀ ਹੋ ਸਕਦਾ ਹੈ ਜੇ ਸਾਡੀਆਂ ਸੰਸਥਾਵਾਂ ਦਾਇਰਿਆਂ ਦੀ ਵਲਗਣ ਵਿੱਚੋਂ ਨਿੱਕਲ ਕੇ ਮਜ਼ਬੂਤ ਹੋਣਗੀਆਂ। ਤਾਂ ਹੀ ਕੈਨੇਡੀਅਨ ਪੰਜਾਬੀ ਸਾਹਿਤ ਮੁੱਖ ਧਾਰਾ ਦਾ ਹਿੱਸਾ ਬਣੇਗਾ ਤੇ ਆਉਣ ਵਾਲੀਆਂ ਨਸਲਾਂ ਇਸ ਤੇ ਮਾਣ ਕਰ ਸਕਣਗੀਆਂ। ਅਜਿਹਾ ਸ਼ਕਤੀਸ਼ਾਲੀ ਸੰਸਥਾਵਾਂ ਕਰਕੇ ਹੀ ਸੰਭਵ ਹੋ ਸਕਦਾ ਹੈ, ਜੋ ਅਜੋਕੇ ਸਮੇਂ ਦੀ ਅਹਿਮ ਲੋੜ ਹਨ।

 ਮੇਜਰ ਮਾਂਗਟ