ਕਿਸਾਨਾਂ ਦਾ ਮੁਲਕ, ਪਾਣੀ ਅਤੇ ਕੁਲਕ

ਕਿਸਾਨਾਂ ਦਾ ਮੁਲਕ, ਪਾਣੀ ਅਤੇ ਕੁਲਕ

ਅੱਜਕਲ ਪੁਰਾਤਨ ਸਪਤਸਿੰਧੂ ਅਤੇ ਅਜੋਕੇ ਪੰਜਾਬ ਅੰਦਰ ਪਾਣੀ ਦੀ ਸਮੱਸਿਆ ਸੋਕਾ ਪੀੜਤ ਰੇਗਿਸਤਾਨੀ-ਚੇਤਨਾ ਵਜੋਂ ਉਭਾਸਰ ਰਹੀ ਹੈ। ਪਹਿਲਾਂ ਪਾਣੀ ਦੇ ਘਟਣ ਬਾਬਤ ਸੋਚਿਆ ਜਾ ਰਿਹਾ ਸੀ; ਹੁਣ ਪਾਣੀ ਦੇ ਮੁੱਕਣ ਦੀ ਗੱਲ ਹੋ ਰਹੀ ਹੈ। ਪੰਜ ਪਾਣੀਆਂ ਦਾ ਦੇਸ ਪਾਣੀ ਦੇ ਘਟਣ ਤੋਂ ਮੁੱਕਣ ਦੇ ਕਿਨਾਰੇ ਹੈ। 

ਬੇਸ਼ੱਕ ਹੁਣ ਵੇਲਾ ਵਿਹਾ ਚੁੱਕਿਆ ਹੈ। ਜਿਹੜੇ ਲੋਕ ਹਲੇ ਵੀ ਸੋਚਣ ਲਈ ਤਿਆਰ ਨਹੀਂ, ਉਨ੍ਹਾਂ ਦੀ ਸੋਚ ਨੂੰ ਕੀ ਕਹੀਏ। ਅੜੀ ਅਤੇ ਢੀਠਤਾਈ ਦੀ ਕੋਈ ਹੱਦ ਨਹੀਂ ਹੈ। ਕੀੜੇ ਮਕੌੜੇ ਤੇ ਜਨੌਰਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਦੀ ਧਰਤੀ ’ਚ ਪਾਣੀ ਦਾ ਭੋਗ ਪੈਣ ਵਾਲਾ ਹੈ। ਪਰ ਬੰਦਾ ਹੈ ਜੋ ਮੰਨਣ ਲਈ ਤਿਆਰ ਹੀ ਨਹੀਂ।

ਅੱਜ ਤੱਕ ਪਾਣੀ ਦੀ ਚਿੰਤਾ ਗ਼ੈਰ ਜਿਮੀਦਾਰ ਲੋਕ ਹੀ ਕਰ ਰਹੇ ਸਨ, ਜਿਸ ਕਰਕੇ ਉਨ੍ਹਾਂ ਨੂੰ ਕਿਸਾਨ ਵਿਰੋਧੀ ਗਰਦਾਨ ਕੇ ਜਲ-ਸੰਕਟ ਤੋਂ ਪੱਲਾ ਝਾੜ ਲਿਆ ਜਾਂਦਾ ਸੀ। ਹੈਰਾਨੀ ਦੀ ਗੱਲ ਹੈ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਜਿਉਂ ਜਿਉਂ ਹੇਠਾਂ ਨੂੰ ਜਾ ਰਿਹਾ ਹੈ, ਸਾਡੀ ਜਹਾਲਤ ਦਾ ਪੱਧਰ ਤਿਉਂ ਤਿਉਂ ਉੱਪਰ ਨੂੰ ਆ ਰਿਹਾ ਹੈ।

ਹੁਣ ਜ਼ਿਮੀਂਦਾਰੀ ਨਾਲ ਸਬੰਧਤ ਦੋ ਸੱਜਣ ਉੱਚੀ ਅਵਾਜ਼ ਵਿੱਚ ਜਲ-ਸੰਕਟ ਦਾ ਜ਼ਿਕਰ ਕਰਨ ਲੱਗੇ ਹਨ। ਪ੍ਰਿੰਸੀਪਲ ਸਰਵਣ ਸਿੰਘ ਅਤੇ ਚਾਂਸਲਰ ਸਰਦਾਰਾ ਸਿੰਘ ਜੌਹਲ। ਕਈ ਜ਼ਿਮੀਂਦਾਰ ਹੁਣ ਇਨ੍ਹਾਂ ਨੂੰ ਵੀ ਕਿਸਾਨ ਵਿਰੋਧੀ ਸਮਝਣ ਲੱਗ ਪਏ ਹਨ।

ਕੋਈ ਬੰਦਾ ਰੁੱਖ ਦੀ ਜਿਸ ਟਾਹਣੀ ‘ਤੇ ਬੈਠਾ ਸੀ, ਉਸੇ ਨੂੰ ਵੱਢੀ ਜਾ ਰਿਹਾ ਸੀ। ਕਿਸੇ ਰਾਹਗੀਰ ਨੇ ਦੇਖ ਕੇ ਕਹਿ ਦਿੱਤਾ ‘ਉਇ ਤੂੰ ਮਰੇਂਗਾ’।  ਉਹ ਬੰਦਾ ਰੁੱਖ ਤੋਂ ਉਤਰ ਕੇ ਉਸ ਰਾਹਗੀਰ ਦੇ ਗਲ਼ ਪੈ ਗਿਆ, ਕਿ ‘ਤੂੰ ਮੇਰਾ ਦੁਸ਼ਮਣ ਹੈਂ’। ਇਹੀ ਹਾਲ ਸਾਡੇ ਕਿਸਾਨਾਂ ਦਾ ਹੈ। 

ਜੌਹਲ ਨੇ ਕਿਤੇ ਝੋਨਾ ਨਾ ਲਾਉਣ ਦੀ ਨਸੀਹਤ ਕਰ ਦਿੱਤੀ। ਅੱਗੋਂ ਕੋਈ ਉਜੱਡ ਜਿਮੀਦਾਰ ਬੋਲਿਆ ‘ਝੋਨਾ ਨਾ ਲਾਈਏ ਤਾਂ ਹੋਰ ਕੀ ਬੀਜੀਏ? ਜੌਹਲ ਕਹਿਣ ਲੱਗੇ ਕਿ ‘ਧਰਤੀ ਹੇਠ ਪਾਣੀ ਮੁੱਕ ਜਾਣ ‘ਤੇ ਜੋ ਬੀਜੋਗੇ, ਉਹ ਹੁਣੇ ਤੋਂ ਬੀਜਣਾ ਸ਼ੁਰੂ ਕਰੋ’। ਕੋਈ ਸਿਆਣਾ ਇਤਨਾ ਕੁ ਹੀ ਗ਼ੁੱਸੇ ਹੋ ਸਕਦਾ ਹੈ ਤੇ ਇਤਨੀ ਕੁ ਹੀ ਝਾੜ ਪਾ ਸਕਦਾ ਹੈ। ਇਸ ਤੋਂ ਅੱਗੇ ਸਿਆਣਾ ਚੁੱਪ ਕਰ ਜਾਂਦਾ ਹੈ।

ਗੁਰੂ ਸਾਹਿਬਾਨ ਤੋਂ ਬਾਦ, ਪੰਜਾਬ ਦੇ ਇਤਿਹਾਸ ਵਿੱਚ ਅਜਿਹੀ ਸਿਆਸਤ ਲਗਾਤਾਰ ਖੇਡੀ ਗਈ ਕਿ ਤਾਕਤ ਦਾ ਤਰਾਜੂ ਜਿਮੀਦਾਰ ਦੇ ਹੱਥ ਵਿੱਚ ਹੀ ਰਹੇ। ਹਿੰਦੁਸਤਾਨ ਦੇ ਇਤਿਹਾਸ ਵਿਚ ਜਿਮੀਦਾਰ ਇੱਕ ਰੋਬੀਲਾ ਲਕਬ ਹੈ। ਇਸਦੇ ਵਿਪਰੀਤ ਕਿਸਾਨ ਸ਼ਬਦ ਕਿਰਤੀ ਦਾ ਪਰਿਆਇ ਅਤੇ ਵਿਚਾਰਾ ਜਿਹਾ ਹੈ। 

ਪੰਜਾਬ ਦੇ ਸਾਰੇ ਕਿਸਾਨ ਖ਼ੁਦ ਨੂੰ ਜਿਮੀਦਾਰ ਅਖਵਾ ਕੇ ਖੁਸ਼ ਹੁੰਦੇ ਹਨ। ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਅਜੋਕੀ ਸੰਵੇਦਨਸ਼ੀਲਤਾ ਅਨੁਸਾਰ ਜਿਮੀਦਾਰ ਸ਼ਬਦ ਫਿਊਡਲ ਦਾ ਪਰਿਆਇ ਹੈ ਤੇ ਫਿਊਡਲ ਸ਼ਬਦ ਨਿੰਦਣਯੋਗ ਅਤੇ ਨਾਂਹਵਾਚੀ ਲਕਬ ਹੈ।

ਰੂਸੀ ਬੋਲੀ ਵਿਚ ਜਿਮੀਦਾਰ ਨੂੰ ਕੁਲਕ ਕਹਿੰਦੇ ਹਨ ਅਤੇ ਰੂਸੀ ਕਮਿਊਨਿਸਟ ਸਮਝਦੇ ਸਨ ਕਿ ਇਨ੍ਹਾਂ ਨੂੰ ਮਾਰ ਦੇਣ ਦੇ ਇਲਾਵਾ ਇਨ੍ਹਾਂ ਦਾ ਕੋਈ ਹੱਲ ਨਹੀਂ ਹੈ। ਸ਼ਾਇਦ ਉੱਥੇ ਇਹ ਸਿਲਸਿਲਾ ਚੱਲਿਆ ਵੀ ਹੋਵੇ। ਪਰ ਇਹ ਮਾਨਵੀ ਹੱਲ ਨਹੀਂ ਹੈ।

ਮੇਰੇ ਬਚਪਨ ਵਿੱਚ ਰੋਜ ਅਫ਼ਵਾਹਾਂ ਫੈਲਦੀਆਂ ਸਨ ਕਿ ਰਾਤੀਂ ਰਾਣੇ ਮੋਤੀ ਸੋਂਹ ਦੇ ਘਰ ਦੇ ਬਾਹਰ ਨਿਕਸਲਵਾੜੀਆਂ ਨੇ ਪਰਚੀ ਲਗਾ ਦਿੱਤੀ ਹੈ। ਰੂਸ ਦੀ ਰੀਸ ਵਿੱਚ ਸਾਡੇ ਕਾਮਰੇਡਾਂ ਨੇ ਇੱਥੋਂ ਦੇ ਕੁਲਕਾਂ ਦੀ ਸ਼ਨਾਖਤ ਕਰ ਲਈ ਸੀ ਤੇ ਸਰਕਾਰ ਨੇ ਕੁਲਕਾਂ ਦੀ ਹਿਫ਼ਾਜ਼ਤ ਦੇ ਸਖ਼ਤ ਪਰਬੰਧ ਕਰ ਦਿੱਤੇ ਸਨ।

ਕਈ ਦਫਾ ਦੇਖਿਆ ਸੀ ਕਿ ਰਾਣਾ ਮੋਤੀ ਸਿੰਘ ਸ਼ਾਮ ਨੂੰ ਆਪਣੇ ਖੇਤਾਂ ਵੱਲ੍ਹ ਅਕਸਰ ਗੇੜਾ ਮਾਰਦਾ। ਉਹ ਸਾਈਕਲ ‘ਤੇ ਹੁੰਦਾ ਤੇ ਉਸਨੇ ਖਾਕੀ ਨਿੱਕਰ ਪਾਈ ਹੋਣੀ, ਚਿੱਟੇ ਫ਼ਲੀਟ ਤੇ ਦੁੱਧ ਚਿੱਟੀ ਟੀਸ਼ਰਟ। ਸਿਰ ‘ਤੇ ਸਪੋਰਟਸ ਕੈਪ ਤੇ ਉਸਦੇ ਹੱਥ ਵਿੱਚ ਫੌਜੀਆਂ ਵਾਲੀ ਸਟਿੱਕ ਹੋਣੀ। ਉਦੋਂ ਵੀ ਉਹ ਮੈਨੂੰ ਮਨੁੱਖਤਾ ਦਾ ਦੁਸ਼ਮਣ ਲੱਗਦਾ ਸੀ।

ਉਸਦੀ ਸਾਰੀ ਖੇਤੀ ਉਸਦੇ ਭੈਅ ਕਾਰਣ ਹੁੰਦੀ ਸੀ। ਉਸਦੇ ਅੱਗੇ ਕੋਈ ਮਜ਼ਦੂਰ ਮੂੰਹ ਨਹੀਂ ਸੀ ਖੋਲ੍ਹ ਸਕਦਾ। ਹਾਲਾਂ ਕਿ ਉਹ ਪੜ੍ਹਿਆ ਲਿਖਿਆ ਵੀ ਨਹੀਂ ਸੀ; ਸਿਰੇ ਦਾ ਜਾਹਲ ਬੰਦਾ ਸੀ ਉਹ ਅਤੇ ਮੂੰਹੋਂ ਨਿਰੀ ਅੱਗ ਉਗਲ਼ਦਾ ਸੀ। ਡਰਦਾ ਮਾਰਾ ਕੋਈ ਉਸਦੇ ਅੱਗਿਉਂ ਨਹੀਂ ਸੀ ਲੰਘਦਾ।

ਕੁਲਕ ਦਾ ਮੂਲ ਅਰਥ ਘੁੱਟੀ ਹੋਈ ਬੰਦ ਮੁੱਠੀ ਹੈ। ਅਰਥਾਤ ਐਸਾ ਖ਼ਾਨਦਾਨ, ਟੱਬਰ ਜਾਂ ਬੰਦਾ, ਜਿਸਦੇ ਅੰਦਰੂਨੀ ਹੀਜ-ਪਿਆਜ਼ ਦੀ ਬਾਹਰ ਭਿਣਕ ਤੱਕ ਨਹੀਂ ਪੈਂਦੀ। ਉਹ ਇੱਕ ਜ਼ਬਰਦਸਤ ਧਮੁੱਕ ਜਾਂ ਮੁੱਕਾ ਹੁੰਦਾ ਹੈ, ਜੋ ਬਿਨਾਂ ਵੱਜੇ ਹੀ ਮਾੜੇ ਧੀੜੇ ਦੀ ਜਾਨ ਕੱਢੀ ਰੱਖਦਾ ਹੈ।

ਕੁਲਕ ਸਿਰੇ ਦਾ ਵਿਹਲੜ, ਬਦਤਮੀਜ਼ ਤੇ ਇਆਸ਼ ਹੁੰਦਾ ਹੈ, ਜਿਸਨੂੰ ਗਰੀਬ ਗੁਰਬੇ ਦਾ ਲਹੂ ਪੀਣ ਤੋਂ ਬਗੈਰ ਕੋਈ ਕੰਮ ਨਹੀਂ ਹੁੰਦਾ। ਗਰੀਬ ਦਾ ਲਹੂ ਉਸਦੇ ਪੂਰੇ ਖ਼ਾਨਦਾਨ ਦੀਆਂ ਰਗਾਂ ਵਿੱਚ ਦੌੜਦਾ ਹੈ ਤੇ ਮਜ਼ਦੂਰਾਂ ਦੀ ਦੇਹ ਦਾ ਮਾਸ ਕੁਲਕਾਂ ਦੀਆਂ ਗੋਗੜਾਂ ਦੀ ਸ਼ਾਨ ਬਣਦਾ ਹੈ। ਕਿਸੇ ਵੀ ਸਮਾਜ ਦੇ ਦੁਖਾਂਤ, ਤ੍ਰਾਸਦੀ ਅਤੇ ਵਿਯੋਗ ਵਿਚ ਸਭ ਤੋਂ ਵੱਧ ਹਿੱਸਾ ਕੁਲਕਾਂ ਦਾ ਹੁੰਦਾ ਹੈ।

ਕਿਸਾਨ ਤੇ ਕੁਲਕ ਵਿੱਚ ਢੇਰ ਅੰਤਰ ਹੈ। ਕਿਸਾਨ ਖੇਤ ਵਿੱਚ ਮਿੱਟੀ ਨਾਲ਼ ਮਿੱਟੀ ਹੁੰਦਾ ਹੈ। ਉਸਦਾ ਸਾਰਾ ਟੱਬਰ, ਨਿੱਕੇ ਵੱਡੇ ਜੀ ਸਖ਼ਤ ਮਿਹਨਤ ਕਰਦੇ ਹਨ। ਉਸਨੇ ਪਿੰਡ ਦਾ ਕੋਈ ਬੇਜਮੀਨਾ ਸੀਰੀ ਵੀ ਰੱਖਿਆ ਹੁੰਦਾ ਹੈ। ਸਾਡੇ ਵੱਲ੍ਹ ਸੀਰੀ ਨੂੰ ਸਾਂਝੀ ਕਹਿੰਦੇ ਹਨ। ਸੀਰੀ ਦਾ ਵੀ ਸਾਰਾ ਟੱਬਰ ਖੇਤਾਂ ਵਿੱਚ ਟੁੱਟ ਟੁੱਟ ਮਰਦਾ ਹੈ। ਸੀਰੀ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਖੇਤਾਂ ਵਿੱਚੋਂ ਕਿਸੇ ਵੀ ਸਮੇਂ ਅਤੇ ਕੋਈ ਵੀ ਚੀਜ ਲੋੜ ਮੁਤਾਬਕ ਲਿਆ ਸਕੇ। ਉਸਨੂੰ ਕਿਸੇ ਨੂੰ ਪੁੱਛਣ ਦੱਸਣ ਦੀ ਵੀ ਕੋਈ ਲੋੜ ਨਹੀਂ ਹੁੰਦੀ। ਕਿਸਾਨ ਤੇ ਸੀਰੀ ਅਲੱਗ ਹੁੰਦੇ ਹੋਏ ਵੀ ਇੱਕ ਟੱਬਰ ਵਾਂਗ ਰਹਿੰਦੇ ਹਨ ਤੇ ਇੱਕ ਦੂਜੇ ਦੀਆਂ ਇੱਜਤਾਂ ਦੇ ਵੀ ਰਾਖੇ ਹੁੰਦੇ ਹਨ। 

ਗੁਰਦਿਆਲ ਸਿੰਘ ਦੇ ਨਾਵਲ ‘ਮੜ੍ਹੀ ਦਾ ਦੀਵਾ’ ਵਿੱਚ ਦੱਸਿਆ ਗਿਆ ਹੈ ਕਿ ਸੀਰੀ ਨਾਲ਼ ਕਿਸਾਨ ਕਿਸਤਰਾਂ ਪੇਸ਼ ਆਉਂਦਾ ਹੈ ਤੇ ਕਿਸਾਨ ਤੋਂ ਕੁਲਕ ਬਣਿਆਂ ਉਸਦਾ ਮੁੰਡਾ ਸੀਰੀ ਦਾ ਜੀਣਾਂ ਕਿਵੇਂ ਦੁੱਭਰ ਕਰਦਾ ਹੈ। ਗੁਰਦਿਆਲ ਸਿੰਘ ਨੇ ਕਿਸਾਨ ਦਾ ਨਾਂ ਧਰਮ ਸਿੰਘ ਰੱਖਿਆ ਹੈ ਤੇ ਉਸਦੇ ਬੇਟੇ, ਕੁਲਕ ਦਾ ਨਾਂ ਭੰਤਾ ਰੱਖਿਆ ਹੈ। ਧਰਮ ਸਿੰਘ ਅਤੇ ਭੰਤੇ ਦੇ ਨਾਂ ਵਿੱਚ ਕਿਸਾਨ ਅਤੇ ਕੁਲਕ ਦੇ ਅੰਤਰ ਦਾ ਸੰਕੇਤ ਕੀਤਾ ਗਿਆ ਹੈ। 

ਕਿਸਾਨ ਦੇ ਹੁੰਦਿਆਂ ਸੀਰੀ ਆਪਣੇ ਬਾਪ ਦੀ ਮੜ੍ਹੀ ਵੀ ਕਿਸਾਨ ਦੇ ਖੇਤ ਵਿੱਚ ਖੜ੍ਹੀ ਟਾਲ੍ਹੀ ਹੇਠ ਬਣਾ ਸਕਦਾ ਹੈ। ਪਰ ਕੁਲਕ ਸੀਰੀ ਦੀ ਟਾਲ੍ਹੀ ਵੀ ਵਢਵਾਹ ਦਿੰਦਾ ਹੈ ਤੇ ਉਸਦੇ ਬਾਪ ਦੀ ਮੜ੍ਹੀ ਵੀ ਪੁਟਵਾ ਦਿੰਦਾ ਹੈ। ਕੁਲਕ ਅਤੇ ਕਿਸਾਨ ਵਿੱਚ ਕਾਤਲ ਅਤੇ ਰਹਿਬਰ ਜਿੰਨਾਂ ਅੰਤਰ ਹੈ।

ਕੁਲਕ ਦਾ ਕੋਈ ਸੀਰੀ ਅਤੇ ਸਾਂਝੀ ਨਹੀਂ ਹੁੰਦਾ। ਉਹ ਹਰ ਕਿਸੇ ਤੋਂ ਬੇਗਾਰ ਕਰਾਉਂਦਾ ਹੈ। ਗਰੀਬ ਗੁਰਬੇ ਨੂੰ ਤਾਂ ਉਹ ਧੌਂਸ ਵਿੱਚ ਹੀ ਆਪਣੇ ਟੱਬਰ ਦੀਆਂ ਬੁੱਤੀਆਂ ‘ਤੇ ਲਾਈ ਰੱਖਦਾ ਹੈ। ਉਹ ਹਰ ਕਿਸੇ ਦੇ ਪੈਸੇ ਦੱਬ ਕੇ ਰੱਖਦਾ ਹੈ ਤੇ ਮਿੰਨਤਾਂ ਤਰਲੇ ਕਰਾ ਕਰਾ ਕੇ ਮੁੱਠੀ ਢਿੱਲੀ ਕਰਦਾ ਹੈ। ਬੇਹੀਆਂ ਦਾਲ਼ਾਂ, ਬੇਸੁਆਦ ਸਬਜ਼ੀਆਂ, ਬਚੇ ਹੋਏ ਬਾਸੀ ਫੁਲਕੇ, ਖਸਤਾ-ਹਾਲ ਉੱਚੇ ਝੱਗੇ ਤੇ ਤੰਗ ਪੈਂਟਾਂ ਬਦਲੇ ਗ਼ਰੀਬਾਂ ਦਾ ਲਹੂ ਨਿਚੋੜਦਾ ਹੈ ਤੇ ਉਨ੍ਹਾਂ ਦੇ ਬੱਚਿਆਂ ਦਾ ਬਚਪਨ ਰੋਲ਼ ਦਿੰਦਾ ਹੈ। 

ਕੁਲਕਾਂ ਦੇ ਦਰਿੰਦੇ ਚੋਬਰ ਕੰਮੀਆਂ ਦੀਆਂ ਇਜ਼ਤਾਂ ਨਾਲ ਆਪਣੇ ਚੰਦਰੇ ਮੂੰਹ ਕਾਲ਼ੇ ਕਰਦੇ ਹਨ। ਅਹਿਮਦ ਨਦੀਮ ਕਾਸਮੀ ਦੀ ਕਹਾਣੀ ‘ਲਾਰੰਸ ਔਫ ਥਲੇਬੀਆ’ ਵਿੱਚ ਕੁਲਕ ਦੀ ਦਰਿੰਦਗੀ ਦੇਖੀ ਜਾ ਸਕਦੀ ਹੈ।

ਪੰਜਾਬ ਦਾ ਕਿਸਾਨ ਆਪਣੀ ਅਨਪੜ੍ਹਤਾ ਅਤੇ ਜਹਾਲਤ ਕਾਰਣ ਖ਼ੁਦ ਨੂੰ ਜਿਮੀਦਾਰ ਕੁਲਕਾਂ ਤੋਂ ਵਖਰਿਆ ਕੇ ਨਹੀਂ ਦੇਖਦਾ। ਉਹ ਖ਼ੁਦ ਨੂੰ ਜਿਮੀਦਾਰ ਸਦਵਾ ਕੇ ਖੁਸ਼ ਹੁੰਦਾ ਹੈ। ਉਸਨੂੰ ਪਤਾ ਹੀ ਨਹੀਂ ਲੱਗਦਾ ਕਿ ਉਸਦੇ ਭਲੇਵੇਂ ਵਿੱਚ ਜਿਮੀਦਾਰ ਕੁਲਕ ਸਾਰੀਆਂ ਸਰਕਾਰੀ ਸਹੂਲਤਾਂ ਹੜੱਪ ਜਾਂਦੇ ਹਨ। ਕੁਲਕ ਜਿਮੀਦਾਰ ਗਰੀਬ ਕਿਸਾਨਾਂ ਦੇ ਨਾਂ ‘ਤੇ ਕੀਤੀ ਲੁੱਟ ਦੇ ਬਲ ਬੂਤੇ ਬਾਲਾਸਰ ਜਹੇ ਫ਼ਾਰਮ ਉਸਾਰ ਲੈਂਦੇ ਹਨ ਤੇ ਕਿਸਾਨਾਂ ਦੇ ਪੱਲੇ ਪੈਂਦਾ ਹੈ ਜੈਜੀ ਗਿੱਪੀ ਦਲਜੀਤ ਦੇ ਗਾਣਿਆਂ ਦਾ ਅਲਹਾਦ, ਜੋ ਉਨ੍ਹਾਂ ਨੂੰ ਕਰਜ਼ਿਆਂ ਦੇ ਰਾਹ ਤੋਰ ਦਿੰਦਾ ਹੈ ਤੇ ਅਖੀਰ ਵਿੱਚ ਖ਼ੁਦਕੁਸ਼ੀ ਦੀ ਖ਼ਬਰ ‘ਤੇ ਗੱਲ ਮੁੱਕਦੀ ਹੈ।

ਚੰਦ ਕਿਸਾਨ ਹਿਤੈਸ਼ੀ ਵਿਦਵਾਨਾ ਨੂੰ ਜਿਮੀਦਾਰ ਕੁਲਕਾਂ ਦੀ ਅਸਲੀਅਤ ਦਿਖਣ ਲੱਗ ਪਈ ਹੈ, ਪਰ ਕੁਲਕੀ ਦੇ ਝੂਠੇ ਨਸ਼ੇ ਅਧੀਨ ਵਿਚਰਦੇ ਕਿਸਾਨਾਂ ਨੂੰ ਉਹ ਦੁਸ਼ਮਣ ਪ੍ਰਤੀਤ ਹੁੰਦੇ ਹਨ।

ਮਾਹਿਰ ਦੱਸਦੇ ਹਨ ਕਿ ਇੱਕ ਕਿੱਲੋ ਚੌਲ਼ ਪੈਦਾ ਕਰਨ ਲਈ ਸਾਡੇ ਪੂਰੇ ਮੁਲਕ ਵਿੱਚ ਔਸਤਨ 3875 ਲੀਟਰ ਪਾਣੀ ਵਰਤਿਆ ਜਾਂਦਾ ਹੈ। ਪਰ ਪੰਜਾਬ ਵਿੱਚ ਇਹ ਔਸਤ 5337 ਲੀਟਰ ਹੈ। ਪੰਜਾਬ ਵਿੱਚ ਇਕ ਕਿੱਲੋ ਚੌਲ਼ਾਂ ਪਿੱਛੇ 1462 ਲੀਟਰ ਫਾਲਤੂ ਪਾਣੀ ਇਸ ਲਈ ਇਸਤੇਮਾਲ ਹੁੰਦਾ ਹੈ ਕਿਉਂਕਿ ਮੋਟਰਾਂ ਮੁਫ਼ਤ ਚੱਲਦੀਆਂ ਸਨ। ਜੇ ਕਿਤੇ ਮੋਟਰਾਂ ਦਾ ਬਿੱਲ ਦੇਣਾ ਹੋਵੇ ਤਾਂ ਸਮੁੱਚੇ ਦੇਸ਼ ਦੀ ਔਸਤ ਨਾਲੋਂ ਪੰਜਾਬ ਦੀ ਅੌਸਤ ਘੱਟ ਹੋਵੇ।

ਸ਼ਹਿਰਾਂ ਵਿੱਚ ਬਿਜਲੀ ਤੇ ਪਾਣੀ ਦੇ ਦੋ ਬਿੱਲ ਆਉਂਦੇ ਹਨ। ਜ਼ਿਮੀਂਦਾਰਾਂ ਨੂੰ ਦੋਵੇਂ ਮਾਫ ਹਨ। ਜੇ ਕਰ ਮੋਟਰਾਂ ਦੇ ਨਾਲ਼ ਪਾਣੀ ਦੇ ਮੀਟਰ ਵੀ ਲੱਗ ਜਾਣ ਤਾਂ ਪਾਣੀ ਦੀ ਅੰਨ੍ਹੀ ਲੁੱਟ ਘਟ ਸਕਦੀ ਹੈ।  

ਆਰ ਓ ਵਾਲੇ ਪਾਣੀ ਦੀ ਬੋਤਲ ਵੀਹ ਰੁਪਏ ਦੀ ਮਿਲਦੀ ਹੈ। ਕਈ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਪਾਣੀ ਦਾ ਝੱਕਰਾ ਦਸ ਰੁਪਏ ਦਾ ਮਿਲ਼ਦਾ ਹੈ; ਪਾਣੀ ਵੀ ਉਹ ਜਿਹੜਾ ਰਾਜ-ਮਿਸਤਰੀ ਇਸਤੇਮਾਲ ਕਰਦੇ ਹਨ। ਝੱਕਰੇ ਵਿੱਚ ਚਾਰ ਪੰਜ ਲੀਟਰ ਪਾਣੀ ਮਿਲ਼ਦਾ ਹੋਵੇਗਾ। ਇਸ ਹਿਸਾਬ ਨਾਲ ਝੋਨੇ ਨੂੰ ਲਾਏ ਜਾਣ ਵਾਲਾ ਪਾਣੀ ਦੋ ਰੁਪਏ ਲੀਟਰ ਤਾਂ ਹੈ ਹੀ।

ਮੈਨੂੰ ਨਹੀਂ ਪਤਾ ਕਿ ਸਾਡੇ ਕੁਲਕ ਅਤੇ ਕਿਸਾਨ ਨੂੰ ਇੱਕ ਕਿੱਲੋ ਚੌਲ਼ਾਂ ਬਦਲੇ ਕਿੰਨੇ ਪੈਸੇ ਮਿਲ਼ਦੇ ਹੋਣਗੇ। ਪਰ 5337 ਲੀਟਰ ਪਾਣੀ ਦੇ, ਦੋ ਰੁਪਏ ਲੀਟਰ ਦੇ ਹਿਸਾਬ ਨਾਲ, 10675 ਰੁਪਏ ਦੇ ਪਾਣੀ ਦੇ ਪੈਸੇ ਕਿੱਥੇ ਜਾਂਦੇ ਹਨ? ਇਸ ਪਾਣੀ ਨੂੰ ਕੱਢਣ ਲਈ ਵਰਤੀ ਗਈ ਬਿਜਲੀ ਦੇ ਪੈਸੇ ਕਿਸਨੇ ਦੇਣੇ ਹਨ?

ਮੈਨੂੰ ਲੱਗਦਾ ਹੈ ਕਿ ਅਰਬੀ ਮੁਲਕਾਂ ਦੀ ਤਰਾਂ ਜੇ ਪੰਜਾਬ ਸਭ ਕੁਝ ਛੱਡ ਕੇ ਆਪਣਾ ਪਾਣੀ ਹੀ ਠੀਕ ਢੰਗ ਨਾਲ਼ ਵੇਚਣ ਲੱਗ ਜਾਵੇ ਤਾਂ ਪੰਜਾਬ ਦੇ ਵਾਰੇ ਨਿਆਰੇ ਹੋ ਸਕਦੇ ਹਨ। ਚੇਤੇ ਰਹੇ ਕਿ ਪਾਣੀ ਜਿੰਦਗੀ ਲਈ ਤੇਲ ਤੋਂ ਵੱਧ ਮਹੱਤਵਪੂਰਣ ਹੈ। ਪਾਣੀ ਦੀ ਪਿਆਸ ਤੇਲ ਨਾਲ਼ ਨਹੀਂ ਮਿਟ ਸਕਦੀ।

ਕਾਰ ਕਿਰਾਏ ‘ਤੇ ਕਰਦੇ ਹਾਂ ਤਾਂ ਕਾਰ-ਘਸਾਈ, ਡਰਾਇਵਰ ਦੀ ਦਿਹਾੜੀ ਤੇ ਬਲ਼ੇ ਪੈਟਰੌਲ ਦੀ ਲਾਗਤ ਦੇਣੀ ਪੈਂਦੀ ਹੈ। ਪਰ ਚੌਲਾਂ ਦੀ ਲਾਗਤ ਵਿੱਚ ਬਿਜਲੀ ਅਤੇ ਪਾਣੀ ਦਾ ਕੋਈ ਜ਼ਿਕਰ ਹੀ ਨਹੀਂ ਹੈ। ਇਸਦੇ ਇਲਾਵਾ ਕਿਰਤੀ ਦੀ ਬਲ਼ੀ ਕੈਲਰੀ ਤੇ ਢਲ਼ੀ ਚਰਬੀ ਦਾ ਕੋਈ ਲੇਖਾ ਹੀ ਨਹੀਂ।

ਜਿਮੀਦਾਰ ਲੰਬਾਈ ਚੁੜਾਈ ਦੇ ਹਿਸਾਬ ਨਾਲ਼ ਜ਼ਮੀਨ ਦਾ ਮਾਲਕ ਹੁੰਦਾ ਹੈ। ਉੱਪਰ ਦਾ ਇਲਮ ਨਹੀਂ ਹੈ, ਪਰ ਹੇਠ ਨੂੰ ਉਹ ਚੰਦ ਫੁੱਟ ਦਾ ਮਾਲਕ ਹੁੰਦਾ ਹੈ। ਦੋ ਦੋ ਸੌ ਫੁੱਟ ਹੇਠਲੇ ਪਾਣੀ ਦਾ ਮਾਲਕ ਜਿਮੀਦਾਰ ਨਹੀਂ ਹੁੰਦਾ। ਉਹ ਪਾਣੀ ਪੂਰੇ ਪੰਜਾਬ ਦੀ ਸਾਂਝੀ ਪੂੰਜੀ ਹੈ, ਜਿਸਦੀ ਅੰਨ੍ਹੀ ਲੁੱਟ ਕਿਸਾਨ ਅਤੇ ਕੁਲਕ ਰਲ਼ ਕੇ ਕਰਵਾ ਰਹੇ ਹਨ। ਬੇਸ਼ੱਕ ਕੁਲਕਾਂ ਦਾ ਕੁਝ ਨਹੀਂ ਜਾਂਦਾ; ਮੁਲਕ ਰੇਗਿਸਤਾਨ ਬਣਦਾ ਜਾ ਰਿਹਾ ਹੈ।

ਜਿਮੀਦਾਰ ਕੇਵਲ ਜ਼ਮੀਨ ਖਰੀਦ ਸਕਦਾ ਹੈ। ਉਹ ਆਪਣੀ ਜ਼ਮੀਨ ਉਪਰ ਆਉਣ ਵਾਲੇ ਚੰਨ ਤਾਰਿਆਂ ਦਾ ਮਾਲਕ ਨਹੀਂ ਬਣ ਜਾਂਦਾ। ਜੇ ਇਸਤਰਾਂ ਹੋਵੇ ਫਿਰ ਤਾਂ ਉਹ ਆਪਣੇ ਖੇਤਾਂ ਉੱਤੋਂ ਲੰਘਣ ਵਾਲੇ ਜਹਾਜ਼ਾਂ ਨੂੰ ਵੀ ਟੌਲ ਲਗਾ ਦੇਵੇ। ਕਹਿੰਦੇ ਹਨ ਕਿ ਜਿਮੀਦਾਰ ਆਪਣੀ ਜ਼ਮੀਨ ‘ਤੇ ਕੁਦਰਤਨ ਰਹਿਣ ਵਾਲੇ ਪਸ਼ੂ ਪੰਛੀਆਂ ਦਾ ਵੀ ਮਾਲਕ ਨਹੀਂ ਹੁੰਦਾ; ਬਲਕਿ ਉਹ ਮਾਲਕ ਹੁੰਦੇ।

ਇਸੇ ਤਰਾਂ ਹੇਠਾਂ ਨੂੰ ਵੀ। ਧਰਤੀ ਹੇਠੋਂ ਮਿਲਣ ਵਾਲੇ ਤਰਲ ਅਤੇ ਖਣਿਜ ਪਦਾਰਥ ਜਿਮੀਦਾਰ ਦੇ ਨਾਂ ਨਹੀਂ ਚੜ੍ਹ ਜਾਂਦੇ; ਉਹ ਸਰਕਾਰੀ ਹੁੰਦੇ ਅਤੇ ਰਹਿੰਦੇ ਹਨ। ਇਸਤਰਾਂ ਨਹੀਂ ਹੈ ਕਿ ਪੰਜਾਬੀ ਬੰਦਾ ਬੋਰ ਕਰਕੇ ਅਮਰੀਕਾ ‘ਚ ਜਾ ਵੜੇ ਤੇ ਕਹੇ ‘ਇਹ ਮੇਰਾ ਹੈ’।

ਹਰ ਗੱਲ ਦੀ ਕੋਈ ਹੱਦ ਹੁੰਦੀ ਹੈ। ਪਰ ਸਾਡੀ ਬੇਈਮਾਨੀ ਅਤੇ ਜਹਾਲਤ ਦੀ ਕੋਈ ਹੱਦ ਨਹੀਂ। ਫਿਰ ਵੀ, ਆਉ ਕੁਲਕ ਨੂੰ ਸਮਝੀਏ, ਕਿਸਾਨ ਨੂੰ ਸਮਝਾਈਏ ਤੇ ਮੁਲਕ ਨੂੰ ਬਚਾਈਏ। ਨਹੀਂ ਤਾਂ ਚੌਂਲ਼ ਹੀ ਸਾਨੂੰ ਸਾਬਤ ਸਬੂਤੇ ਨਿਗਲ ਜਾਣਗੇ। ਬੇਹੱਦ ਸੰਜੀਦਾ ਸ਼ਾਇਰ ਗੁਰਤੇਜ ਕੁਹਾਰਵਾਲੇ ਦੀ ਤੀਹ ਸਾਲ ਪਹਿਲਾਂ ਲਿਖੀ ਗ਼ਜ਼ਲ ਦਾ ਸ਼ੇਅਰ ਯਾਦ ਕਰੀਏ: 

           ਔੜ ਏਦਾਂ ਹੀ ਜੇਕਰ ਇਹ ਜਾਰੀ ਰਹੀ, 
           ਰੂਹਾਂ ਤੇਹਾਂ ਦੇ ਮਸਲੇ ਹੀ  ਮੁੱਕ ਜਾਣਗੇ।

ਅਵਤਾਰ ਸਿੰਘ (ਪ੍ਰੋ)
ਫ਼ੋਨ: 9417518384