ਕੋਟਕਪੂਰਾ ਗੋਲੀਕਾਂਡ ਸਬੰਧੀ ਦਰਜ ਐਫਆਈਆਰ ਨੂੰ ਰੱਦ ਕਰਵਾਉਣ ਹਾਈਕੋਰਟ ਪਹੁੰਚੇ ਪੁਲਸੀਏ

ਕੋਟਕਪੂਰਾ ਗੋਲੀਕਾਂਡ ਸਬੰਧੀ ਦਰਜ ਐਫਆਈਆਰ ਨੂੰ ਰੱਦ ਕਰਵਾਉਣ ਹਾਈਕੋਰਟ ਪਹੁੰਚੇ ਪੁਲਸੀਏ

ਚੰਡੀਗੜ੍ਹ: ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਪੰਜਾਬ ਪੁਲੀਸ ਦੇ ਦੋ ਮੁਲਾਜ਼ਮਾਂ ਨੇ ਹਾਈਕੋਰਟ ਵਿੱਚ ਪਹੁੰਚ ਕਰਕੇ ਉਹਨਾਂ ਨਾਲ ਸਬੰਧਤ ਐੱਫਆਈਆਰ ਰੱਦ ਕਰਨ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਜਾਂਚ ਟੀਮ ’ਚੋਂ ਆਈਪੀਐੱਸ ਅਫਸਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਹਟਾਉਣ ਦੇ ਲਈ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। 

ਜੱਜ ਤੇਜਿੰਦਰ ਸਿੰਘ ਢੀਂਡਸਾ ਦੇ ਮੇਜ ਅੱਗੇ ਦਰਜ ਇਸ ਪਟੀਸ਼ਨ ਵਿੱਚ ਗੁਰਦੀਪ ਸਿੰਘ ਅਤੇ ਰਸ਼ਪਾਲ ਸਿੰਘ ਨੇ ਕਿਹਾ ਹੈ ਕਿ 7 ਅਗਸਤ 2018 ਨੂੰ ਵਿਸ਼ੇਸ਼ ਐੱਫਆਈਆਰ, ਜੋ ਇਰਾਦਾ ਕਤਲ ਅਤੇ ਹੋਰ ਦੋਸ਼ਾਂ ਤਹਿਤ ਆਈਪੀਸੀ ਦੀ ਧਾਰਾ 307, 326, 324, 323, 341, 201, 218, 120-2, 34 ਅਧੀਨ ਥਾਣਾ ਕੋਟਕਪੂਰਾ ਸਿਟੀ ਵਿੱਚ ਦਰਜ ਕੀਤੀ ਗਈ ਹੈ, ਗੈਰਕਾਨੂੰਨੀ ਹੈ।

ਇਸ ਅਪੀਲ ਸਬੰਧੀ ਸੀਨੀਅਰ ਵਕੀਲ ਆਰਐੱਸ ਚੀਮਾ ਅਤੇ ਅਰਸ਼ਦੀਪ ਸਿੰਘ ਚੀਮਾ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਐੱਫਆਈਆਰ ਪਹਿਲਾਂ ਹੀ 14 ਅਕਤੂਬਰ 2015 ਨੂੰ ਰਾਜ ਵਿੱਚ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਦਰਜ ਹੈ। ਪਟੀਸ਼ਨਰਾਂ ਨੇ ਅਦਾਲਤ ਤੋਂ ਇਹ ਵੀ ਮੰਗ ਕੀਤੀ ਹੈ ਕਿ ਜਾਂਚ ਏਜੰਸੀ ਨੂੰ ਪਹਿਲੀ ਐੱਫਆਈਆਰ ਦੀ ਜਾਂਚ ਕਰਨ ਲਈ ਵੀ ਕਿਹਾ ਜਾਵੇ। ਪਟੀਸ਼ਨਰ ਨੇ ਕਿਹਾ ਹੈ ਕਿ ਥਾਣਾ ਕੋਟਕਪੂਰਾ (ਸਿਟੀ) ਵਿੱਚ ਐੱਫਆਈਆਰ ਤਿੰਨ ਸਾਲ ਬਾਅਦ ਅਜੀਤ ਸਿੰਘ ਦੇ ਬਿਆਨਾਂ ਉੱਤੇ ਦਰਜ ਕੀਤੀ ਗਈ ਹੈ, ਜਦੋਂ ਕਿ ਅਜੀਤ ਸਿੰਘ ਨੇ ਇਸ ਮਾਮਲੇ ਵਿੱਚ ਪਹਿਲਾਂ ਕਿਤੇ ਵੀ ਕੋਈ ਸ਼ਿਕਾਇਤ ਨਹੀਂ ਕੀਤੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ