ਸਮੇਂ ਦੀ ਲੋੜ ਬੱਚਿਆਂ ਨਾਲ ਦੋਸਤੀ ਰਖਣਾ

ਸਮੇਂ ਦੀ ਲੋੜ ਬੱਚਿਆਂ ਨਾਲ ਦੋਸਤੀ ਰਖਣਾ

ਘਰ ਪਰਿਵਾਰ

ਕੁਲਵਿੰਦਰ ਕੌਰ

ਯੁੱਗਾਂ ਵੱਲ ਝਾਤੀ ਮਾਰੀਏ ਤਾਂ ਇਹ ਪ੍ਰਤੀਤ ਹੁੰਦਾ ਹੈ ਕਿ ਵਰਤਮਾਨ ਯੁੱਗ ਸਭ ਤੋਂ ਕਠਿਨ ਅਤੇ ਗੁੰਝਲਦਾਰ ਹੈ। ਇਹ ਸੰਤਾਪ ਹਰ ਇਕ ਵਰਕ ਨੂੰ ਹੰਢਾਉਣਾ ਪੈ ਰਿਹਾ ਹੈ। ਵੱਡਿਆਂ ਦੇ ਨਾਲ-ਨਾਲ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ। ਅਜੋਕੇ ਦੌਰ ਵਿਚ ਨਸ਼ਿਆਂ ਦਾ ਵਧ ਰਿਹਾ ਰੁਝਾਨ, ਨਿਰਾਸ਼ਾ, ਆਤਮ ਹੱਤਿਆਵਾਂ ਇਸੇ ਹੀ ਔਖੀ ਘੜੀ ਦਾ ਨਿਚੋੜ ਹਨ। ਜੇਕਰ ਅਸੀਂ ਇਕੱਲੇ ਭਾਰਤ ਦੇ ਅੰਕੜਿਆਂ ਵੱਲ ਵੀ ਝਾਤੀ ਮਾਰੀਏ ਤਾਂ ਨਸ਼ਿਆਂ ਵੱਲ ਵਧਦੇ ਬੱਚਿਆਂ ਦੀ ਗਿਣਤੀ ਡੇਢ ਕਰੋੜ ਤੋਂ ਵੀ ਵਧ ਚੁੱਕੀ ਹੈ। ਪਰ ਇਨ੍ਹਾਂ ਸਮੱਸਿਆਵਾਂ ਦਾ ਸਿਹਰਾ ਸਿਰਫ਼ ਇਕ ਦੋ ਤੱਤਾਂ ਨੂੰ ਦੇ ਕੇ ਅਸੀਂ ਫਾਰਗ ਨਹੀਂ ਹੋ ਸਕਦੇ। ਬੱਚਿਆਂ ਦਾ ਅਜਿਹੀਆਂ ਬੁਰੀਆਂ ਆਦਤਾਂ ਵੱਲ ਵਧਣ ਦਾ ਸਭ ਤੋਂ ਵੱਡਾ ਕਾਰਨ ਮਾਨਸਿਕਤਾ ਨਾਲ ਜੁੜਿਆ ਹੈ। ਅਜਿਹੀਆਂ ਭਵਿੱਖ ਉਜਾੜੂ ਲਾਹਨਤਾਂ ਵੱਲ ਉਹ ਉਦੋਂ ਹੀ ਰੁਖ ਕਰਦੇ ਹਨ ਜਦੋਂ ਉਨ੍ਹਾਂ ਨੂੰ ਛੋਟੀਆਂ ਨਿਰਾਸ਼ਾਵਾਂ ਨੂੰ ਮੋੜਾ ਦੇਣ ਲਈ ਕਿਤੋਂ ਭਾਵਨਾਤਮਿਕ ਸਹਾਇਤਾ ਦੀ ਕਮੀ ਮਹਿਸੂਸ ਹੁੰਦੀ ਹੈ। ਇਸ ਭਾਵਨਾਤਮਿਕ ਸਹਾਇਤਾ ਵਿਚ ਮਾਪਿਆਂ ਦਾ ਕਿਰਦਾਰ ਸਭ ਤੋਂ ਅਹਿਮ ਹੈ ਕਿਉਂਕਿ ਉਹ ਸਭ ਤੋਂ ਪਹਿਲਾਂ ਬੱਚੇ ਦੇ ਸੰਪਰਕ ਵਿਚ ਆਉਂਦੇ ਹਨ। ਬੌਬ ਕਿਸਾਨ ਨੇ ਸਹੀ ਹੀ ਕਿਹਾ ਹੈ ਮਾਪਿਆਂ ਤੋਂ ਵੱਧ ਕੋਈ ਵੀ ਬਾਹਰੀ ਵਿਅਕਤੀ ਜਾਂ ਬਾਹਰੀ ਸ਼ਕਤੀ ਬੱਚਿਆਂ 'ਤੇ ਵਧੇਰੇ ਅਸਰ ਨਹੀਂ ਕਰ ਸਕਦੀ। ਇਸ ਲਈ ਬੱਚਿਆਂ ਦੀ ਸ਼ੁਰੂ ਤੋਂ ਹੀ ਅਜਿਹੇ ਮਾਹੌਲ ਵਿਚ ਪਰਵਰਿਸ਼ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਕੋਈ ਵੀ ਗੱਲ ਜਾਂ ਪ੍ਰੇਸ਼ਾਨੀਆਂ ਮਾਪਿਆਂ ਨਾਲ ਸਾਂਝੀ ਕਰਨ ਤੋਂ ਹਿਚਕਿਚਾਹਟ ਨਾ ਹੋਵੇ।

ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਆਦਤ ਪਵੇਗੀ ਕਿਸ ਤਰ੍ਹਾਂ। ਇਸ ਦਾ ਜਵਾਬ ਵੀ ਅਸੀਂ ਆਪ ਹੀ ਲੱਭਣਾ ਹੈ ਅਤੇ ਪਰ ਅੱਜ ਦੀ ਰੁੱਝੀ ਸਮਾਂ ਸੂਚੀ ਵਿਚੋਂ ਇਹ ਕਰਨਾ ਆਸਾਨ ਨਹੀਂ ਹੈ। ਪਰ ਫਿਰ ਵੀ ਜੇ ਅਸੀਂ ਕੋਸ਼ਿਸ਼ ਕਰੀਏ ਤਾਂ ਇਸ ਵਾਸਤੇ ਸਮਾਂ ਸਾਨੂੰ ਸ਼ਾਮ ਦੀ ਚਾਹ ਦੇ ਮੇਜ਼ ਜਾਂ ਰਾਤ ਦੇ ਖਾਣੇ ਦੇ ਮੇਜ਼ 'ਤੇ ਲੱਭ ਸਕਦਾ ਹੈ। ਅਸੀਂ ਨੇਮ ਨਾਲ ਇਕੱਠੇ ਬੈਠ ਕੇ ਦਿਨ ਦੀਆਂ ਸਾਰੀਆਂ ਗਤੀਵਿਧੀਆਂ ਸਾਂਝੀਆਂ ਕਰ ਸਕਦੇ ਹਾਂ ਅਤੇ ਬੱਚਿਆਂ ਨੂੰ ਵੀ ਪੁੱਛ ਸਕਦੇ ਹਾਂ। ਅਜਿਹਾ ਕਰਨ ਨਾਲ ਉਨ੍ਹਾਂ ਦੀ ਵੀ ਛੋਟੀਆਂ-ਛੋਟੀਆਂ ਸਮੱਸਿਆਵਾਂ ਦੱਸਣ ਦੀ ਆਦਤ ਬਣ ਜਾਵੇਗੀ ਅਤੇ ਉਨ੍ਹਾਂ ਸਮੱਸਿਆਵਾਂ ਦਾ ਹੱਲ ਵੀ ਪਰਿਵਾਰ ਵਿਚੋਂ ਹੀ ਲੱਭ ਜਾਵੇਗਾ। ਇਹੀ ਆਦਤ ਉਨ੍ਹਾਂ ਦੀ ਜ਼ਿੰਦਗੀ ਭਰ ਚੱਲਦੀ ਰਹੇਗੀ ਅਤੇ ਗ਼ਲਤ ਰਾਹੇ ਜਾਣ ਦੇ ਮੌਕੇ ਬਹੁਤ ਘੱਟ ਰਹਿ ਜਾਣਗੇ।ਸੋ, ਸਮੇਂ ਦੀ ਲੋੜ ਹੈ ਘਰ ਵਿਚ ਅਜਿਹਾ ਦੋਸਤਾਨਾ ਮਾਹੌਲ ਕਾਇਮ ਕਰਨਾ ਕਿਉਂਕਿ ਅਜਿਹੇ ਮਾਹੌਲ ਦੀ ਘਰ ਵਿਚ ਘਾਟ ਹੋਣ ਕਰਕੇ ਬੱਚੇ ਇਹ ਕਮੀ ਕਿਤੋਂ ਹੋਰ ਪੂਰੀ ਕਰਨ ਲਗਦੇ ਹਨ। ਇਸ ਦਾ ਸਮਾਜ ਦੇ ਸ਼ਰਾਰਤੀ ਅਨਸਰ ਗ਼ਲਤ ਫ਼ਾਇਦਾ ਚੁੱਕਦੇ ਹਨ ਅਤੇ ਬੱਚੇ ਅੱਗੇ ਜਾ ਕੇ ਨਸ਼ੇ ਵਰਗੀਆਂ ਲਾਹਨਤਾਂ ਵਿਚ ਪੈ ਜਾਂਦੇ ਹਨ। ਬਸ ਧਿਆਨ ਇਸ ਗੱਲ ਦਾ ਰੱਖਣਾ ਹੈ ਕਿ ਇਸ ਦੋਸਤਾਨਾ ਮਾਹੌਲ ਵਿਚ ਬੱਚਿਆਂ ਦਾ ਵੱਡਿਆਂ ਪ੍ਰਤੀ ਆਦਰ ਬਿਲਕੁਲ ਵੀ ਸੂਲੀ 'ਤੇ ਨਾ ਚੜ੍ਹੇ ਅਤੇ ਉਨ੍ਹਾਂ ਦੇ ਮਾਪਿਆਂ ਪ੍ਰਤੀ ਸਤਿਕਾਰ ਵਿਚ ਕੋਈ ਵੀ ਕਮੀ ਨਾ ਆਵੇ।