ਰਾਜਨੀਤਕਾਂ ਸਿਰ ਦੋਸ਼ ਮੜ੍ਹ ਕੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ

ਰਾਜਨੀਤਕਾਂ ਸਿਰ ਦੋਸ਼ ਮੜ੍ਹ ਕੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ

ਲੋਕਤੰਤਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ

ਪ੍ਰਸਿੱਧ ਦਾਰਸ਼ਨਿਕ ਪਲੂਟੋ ਨੇ ਆਪਣੀ ਪ੍ਰਸਿੱਧ ਕਿਤਾਬ 'ਦ ਰਿਪਬਲਿਕ' ਵਿਚ ਲੋਕਤੰਤਰ ਦੀ ਆਲੋਚਨਾ ਕਰਦੇ ਹੋਏ ਉਸ ਵਾਰਤਾਲਾਪ ਦਾ ਜ਼ਿਕਰ ਕੀਤਾ ਹੈ, ਜੋ ਉਸ ਦੇ ਅਤੇ ਉਸ ਦੇ ਗੁਰੂ ਸੁਕਰਾਤ ਵਿਚ ਲੋਕਤੰਤਰ ਦੀਆਂ ਖਾਮੀਆਂ ਨੂੰ ਲੈ ਕੇ ਹੋਇਆ ਸੀ, ਉਦੋਂ ਪਲੂਟੋ ਇਕ ਥਾਂ ਕਹਿੰਦਾ ਹੈ ਕਿ ਲੋਕਤੰਤਰ ਵਿਚ ਉਦੋਂ ਸਥਿਤੀ ਬਹੁਤ ਖ਼ਤਰਨਾਕ ਹੋ ਜਾਂਦੀ ਹੈ ਜਦੋਂ ਸਮਾਜ ਵਿਚ ਰਾਜਨੀਤਕ ਭ੍ਰਿਸ਼ਟਾਚਾਰ ਕਰਕੇ ਅਸਮਾਨਤਾ ਬਹੁਤ ਵੱਧ ਜਾਂਦੀ ਹੈ, ਫਿਰ ਸਮਾਜ ਵਿਚ ਸਮਾਨਤਾ ਪ੍ਰਾਪਤ ਕਰਨ ਦੀ ਭਾਵਨਾ ਬਹੁਤ ਪ੍ਰਬਲ ਹੋ ਜਾਂਦੀ ਹੈ ਤੇ ਲੋਕ ਅਸੰਤੁਸ਼ਟ ਹੋ ਕੇ ਇਸ ਨੂੰ ਪ੍ਰਾਪਤ ਕਰਨ ਲਈ ਭਟਕਣ ਲਗਦੇ ਹਨ। ਅਜਿਹੇ ਸਮੇਂ ਸਮਾਜ ਦੇ ਗੁੰਮਰਾਹ ਹੋਣ ਦਾ ਖ਼ਤਰਾ ਸਭ ਤੋਂ ਵੱਧ ਵਧ ਜਾਂਦਾ ਹੈ। ਕਈ ਚਲਾਕ ਬੁੱਧੀ ਦੇ ਲੋਕ ਇਸ ਸਥਿਤੀ ਦਾ ਬਾਖੂਬੀ ਲਾਭ ਉਠਾ ਜਾਂਦੇ ਹਨ ਤੇ ਲੋਕਾਂ ਨੂੰ ਭਾਵਨਾਮਕ ਪੱਖ ਤੋਂ ਗੁੰਮਰਾਹ ਕਰਕੇ ਆਪਣੇ ਨਾਲ ਜੋੜ ਕੇ ਸੱਤਾ ਤੱਕ ਪਹੁੰਚ ਜਾਂਦੇ ਹਨ। ਅਕਸਰ ਸਿਆਸਤਦਾਨ ਲੋਕਾਂ ਦੀਆਂ ਭਾਵਨਾਵਾਂ ਦਾ ਇਸਤੇਮਾਲ ਕਰ ਜਾਂਦੇ ਹਨ ਫਿਰ ਚਾਹੇ ਉਹ ਧਰਮ, ਜਾਤ ਜਾਂ ਸਮਾਜ ਦੇ ਕਿਸੇ ਹੋਰ ਖੇਤਰ ਨਾਲ ਜੁੜੀਆਂ ਹੋਣ ਜਾਂ ਕਿਸੇ ਖ਼ਾਸ ਮੁੱਦੇ ਨਾਲ।

20ਵੀਂ ਸਦੀ ਵਿਚ ਹਿਟਲਰ ਨੇ ਵੀ ਜਰਮਨੀ ਵਿਚ ਇਸੇ ਤਰ੍ਹਾਂ ਕੀਤਾ ਸੀ। 1930 ਦੇ ਗ੍ਰੇਟ ਡਿਪਰੈਸ਼ਨ ਦੇ ਸਮੇਂ ਹਿਟਲਰ ਜਰਮਨੀ ਦੇ ਨਿਰਾਸ਼ ਲੋਕਾਂ ਦੀ ਇਸ ਭਾਵਨਾ ਨੂੰ ਬਾਖੂਬੀ ਸਮਝ ਚੁੱਕਾ ਸੀ ਕਿ ਲੋਕ ਪਹਿਲੇ ਵਿਸ਼ਵ ਯੁੱਧ ਵਿਚ ਜਰਮਨੀ ਦੀ ਮਿੱਤਰ ਦੇਸ਼ਾਂ ਹੱਥੋਂ ਹੋਈ ਹਾਰ ਤੇ ਫਿਰ ਜੋ ਹਰਜਾਨੇ ਜਰਮਨੀ ਨੂੰ ਇਸ ਦੇ ਬਾਬਤ ਭਰਨੇ ਪਏ, ਕਾਰਨ ਆਪਣੇ ਆਪ ਨੂੰ ਦੁਨੀਆ ਅੱਗੇ ਅਪਮਾਨਿਤ ਹੋਇਆ ਮਹਿਸੂਸ ਕਰਦੇ ਸਨ। ਹਿਟਲਰ ਨੇ ਲੋਕਾਂ ਦੀ ਇਸ ਭਾਵਨਾ ਦਾ ਲਾਭ ਚੁੱਕਿਆ ਤੇ ਆਪਣੀ ਭਾਸ਼ਨ ਕਲਾ ਨਾਲ ਲੋਕਾਂ ਨੂੰ ਇਹ ਯਕੀਨ ਦੁਆ ਦਿੱਤਾ ਕਿ ਉਹ ਨਾ ਸਿਰਫ ਜਰਮਨੀ ਦੀ ਹਾਰ ਦਾ ਮਿੱਤਰ ਦੇਸ਼ਾਂ ਤੋਂ ਬਦਲਾ ਲਵੇਗਾ, ਬਲਕਿ ਜਰਮਨੀ ਦਾ ਖੋਇਆ ਹੋਇਆ ਮਾਣ-ਸਨਮਾਨ ਵੀ ਫਿਰ ਬਹਾਲ ਕਰਵਾਏਗਾ ਤੇ ਦੁਨੀਆ ਨੂੰ ਜਰਮਨੀ ਦੇ ਕਦਮਾਂ ਵਿਚ ਲੈ ਆਵੇਗਾ। ਹਿਟਲਰ ਦਾ ਨਿਸ਼ਾਨਾ ਠੀਕ ਲੱਗਾ ਤੇ 1924 ਵਿਚ ਬਹੁਤ ਘੱਟ ਸਮਰਥਨ ਪ੍ਰਾਪਤ ਕਰਨ ਵਾਲੀ ਹਿਟਲਰ ਦੀ ਨਾਜ਼ੀ ਪਾਰਟੀ 1933 ਵਿਚ ਵੱਡਾ ਬਹੁਮਤ ਪ੍ਰਾਪਤ ਕਰਕੇ ਸੱਤਾ 'ਤੇ ਕਾਬਜ਼ ਹੋ ਗਈ। ਇਸ ਤਰ੍ਹਾਂ ਜਰਮਨੀ ਵਿਚ ਲੋਕਤੰਤਰ ਵਿਚੋਂ ਹੀ ਨਾਜ਼ੀ ਤਾਨਾਸ਼ਾਹੀ ਦਾ ਉਦੈ ਹੋਇਆ, ਜਿਸ ਨੇ ਅੱਗੇ ਜਾ ਕੇ ਜਰਮਨੀ ਸਮੇਤ ਪੂਰੀ ਦੁਨੀਆ ਨੂੰ ਦੂਜੇ ਸੰਸਾਰ ਯੁੱਧ ਦੀ ਅੱਗ ਵਿਚ ਧੱਕ ਦਿੱਤਾ। ਇਸੇ ਲਈ ਪਲੂਟੋ ਅਜਿਹੀ ਸਥਿਤੀ ਨੂੰ ਲੋਕਤੰਤਰ ਲਈ ਖ਼ਤਰਨਾਕ ਮੰਨਦਾ ਹੈ, ਜਦੋਂ ਲੋਕਤੰਤਰ ਵਿਚੋਂ ਤਾਨਾਸ਼ਾਹੀ ਜਨਮ ਲੈਂਦੀ ਹੈ। ਇਸ ਲਈ ਭਾਰਤ ਸਮੇਤ ਹੋਰ ਸਭ ਲੋਕਤੰਤਰਿਕ ਦੇਸ਼ਾਂ ਦੇ ਲੋਕਾਂ ਨੂੰ ਇਸ ਗੱਲ ਤੋਂ ਸਦਾ ਜਾਗਰੂਕ ਤੇ ਚੌਕਸ ਰਹਿਣ ਦੀ ਲੋੜ ਹੈ ਕਿ ਉਹ ਕਦੇ ਵੀ ਮਤਦਾਨ ਭਾਵਨਾਵਾਂ ਦੇ ਵੱਸ ਹੋ ਕੇ ਨਾ ਕਰਨ ਬਲਕਿ ਸਦਾ ਰਾਜਨੀਤਕ ਲੋਕਾਂ ਦੇ ਦਾਅਵਿਆਂ ਨੂੰ ਤੱਥਾਂ ਤੇ ਤਰਕ ਦੀ ਕਸੌਟੀ 'ਤੇ ਪਰਖ ਕੇ ਹੀ ਆਪਣੇ ਮਤ ਦਾ ਉਪਯੋਗ ਉਨ੍ਹਾਂ ਦੇ ਹੱਕ ਵਿਚ ਕਰਨ। ਜੇਕਰ ਵਿਸ਼ਵਾਸ ਦਾ ਬੀਜ ਤਰਕ ਦੀ ਭੂਮੀ ਵਿਚੋਂ ਫੁੱਟੇ ਤਾਂ ਹੀ ਜੀਵਤ ਰਹਿ ਸਕਦਾ ਹੈ। ਇਸ ਤਰ੍ਹਾਂ ਗ਼ਲਤ ਪੱਖ ਵਿਚ ਕੀਤਾ ਗਿਆ ਲੋਕਾਂ ਦਾ ਮਤਦਾਨ ਕਿਸੇ ਤਾਨਾਸ਼ਾਹੀ ਤੱਕ ਨੂੰ ਸਥਾਪਤ ਕਰਵਾ ਸਕਦਾ ਹੈ, ਜਿਸ ਦੇ ਨਤੀਜੇ ਆਮ ਤੌਰ 'ਤੇ ਲੋਕਾਂ ਲਈ ਬਹੁਤ ਵਿਨਾਸ਼ਕਾਰੀ ਹੁੰਦੇ ਹਨ।

ਚੋਣਾਂ ਭਾਵੇਂ ਕਿਸੇ ਦੇਸ਼ ਦੀਆਂ ਹੋਣ ਜਾਂ ਕਿਸੇ ਛੋਟੇ ਰਾਜ ਦੀਆਂ ਉਥੋਂ ਦੇ ਵਸਨੀਕਾਂ ਲਈ ਇਹ ਬਹੁਤ ਅਹਿਮ ਹਨ, ਕਿਉਂਕਿ ਚੋਣਾਂ ਹੀ ਲੋਕਤੰਤਰ ਦੀ ਉਹ ਪ੍ਰਕਿਰਿਆ ਹੈ, ਜਿਸ ਰਾਹੀਂ ਸੱਤਾ ਇਕ ਨਿਸਚਿਤ ਕਾਰਜਕਾਲ ਬਾਅਦ ਵਾਪਸ ਲੋਕਾਂ ਦੇ ਹੱਥਾਂ ਵਿਚ ਵਾਪਸ ਆ ਜਾਂਦੀ ਹੈ, ਜਿਸ ਨੂੰ ਉਹ ਅੱਗੇ ਦੋਬਾਰਾ ਅਗਲੇ ਕਾਰਜਕਾਲ ਲਈ ਕਿਸੇ ਹੋਰ ਦੇ ਸਪੁਰਦ ਕਰਦੇ ਹਨ। ਇਹ ਲੋਕਤੰਤਰ ਦਾ ਇਕ ਬਹੁਤ ਵੱਡਾ ਲਾਭ ਹੈ, ਵਰਨਾ ਪੁਰਾਣੇ ਸਮੇਂ ਵਿਚ ਜਦੋਂ ਸੱਤਾ ਦਾ ਤਬਾਦਲਾ ਹੁੰਦਾ ਸੀ ਤਾਂ ਹਜ਼ਾਰਾਂ ਲੱਖਾਂ ਲੋਕਾਂ ਦਾ ਲਹੂ ਵਹਾ ਕੇ ਇਹ ਪ੍ਰਕਿਰਿਆ ਸਿਰੇ ਚੜ੍ਹਦੀ ਸੀ, ਪਰ ਹੁਣ ਇਹ ਕੰਮ ਲੋਕ ਪਰਦੇ ਪਿੱਛੇ ਜਾ ਕੇ ਇਕ ਬਟਨ ਦੱਬ ਕੇ ਹੀ ਕਰ ਸਕਦੇ ਹਨ। ਲੋਕਾਂ ਨੂੰ ਇਹ ਬਹੁਤ ਵੱਡਾ ਅਧਿਕਾਰ ਲੱਖਾਂ ਕੁਰਬਾਨੀਆਂ ਦੇ ਕੇ ਮਿਲਿਆ ਹੈ ਪਰ ਬਹੁਤ ਸਾਰੇ ਲੋਕ ਇਸ ਨੂੰ ਹਲਕੇ ਵਿਚ ਲੈਂਦੇ ਹਨ ਤੇ ਛੋਟੇ-ਛੋਟੇ ਲਾਲਚਾਂ ਦੇ ਵੱਸ ਪੈ ਕੇ ਹੀ ਇਸ ਅਨਮੋਲ ਅਧਿਕਾਰ ਨੂੰ ਵੇਚ ਦਿੰਦੇ ਹਨ ਜੋ ਅਸਲ ਵਿਚ ਉਨ੍ਹਾਂ ਦੁਆਰਾ, ਉਨ੍ਹਾਂ ਉੱਪਰ ਸ਼ਾਸਨ ਕਰਨ ਦਾ ਰਾਹ ਖੋਲ੍ਹਦਾ ਹੈ।

ਜੇਕਰ ਅੱਜ ਭਾਰਤ ਦੇ ਲੋਕਤੰਤਰ ਦੀ ਗੱਲ ਕਰੀਏ ਤਾਂ ਭਾਵੇਂ ਇਹ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਤਾਂ ਹੈ ਪਰ ਇਸ ਵਿਚ ਬਹੁਤ ਕਮੀਆਂ ਹਨ, ਜਿਵੇਂ ਲੋਕਾਂ ਦੀ ਅਨਪੜ੍ਹਤਾ, ਆਪਣੇ ਹੱਕਾਂ ਪ੍ਰਤੀ ਉਦਾਸੀਨਤਾ, ਰਾਜਨੀਤੀ ਵਿਚ ਸਿੱਧੀ ਹਿਸੇਦਾਰੀ ਦੀ ਕਮੀ ਆਦਿ ਜਿਸ ਕਰਕੇ ਰਾਜਨੀਤਕ ਲੋਕਾਂ ਤੇ ਵੱਡੇ ਪੂੰਜੀਪਤੀਆਂ ਦਾ ਇਕ ਗਠਜੋੜ ਜਿਹਾ ਹੋ ਗਿਆ ਹੈ ਜਿਸ ਨੇ ਲੋਕਤੰਤਰ ਦੀ ਅਸਲ ਭਾਵਨਾ ਨੂੰ ਸੱਟ ਮਾਰੀ ਹੈ। ਲੋਕਤੰਤਰ 'ਤੇ ਹੁਣ ਮਾਇਆ ਤੰਤਰ ਹਾਵੀ ਹੁੰਦਾ ਜਾ ਰਿਹਾ, ਜਿਵੇਂ ਕਿ ਪੈਸੇ ਨਾਲ ਵੋਟ ਖ਼ਰੀਦਣੇ, ਝੂਠੇ ਪ੍ਰਚਾਰ, ਮੌਕਾਪ੍ਰਸਤੀ, ਦਲਬਦਲੀ, ਗਿਣਤੀ ਦੇ ਪੂੰਜੀਪਤੀਆਂ ਦੇ ਹਿੱਤਾਂ ਨੂੰ ਬਹੁਗਿਣਤੀ ਆਮ ਲੋਕਾਂ ਦੇ ਹਿਤਾਂ ਨਾਲੋਂ ਵੱਧ ਤਰਜੀਹ ਦੇਣੀ ਜਿਹੀਆਂ ਕੁਰੀਤਿਆਂ ਨੇ ਭਾਰਤ ਦੇ ਲੋਕਤੰਤਰ ਨੂੰ ਅਪਾਹਜ ਜਿਹਾ ਕਰ ਦਿੱਤਾ ਹੈ। ਪਰ ਪਿਛਲੇ ਸਾਲ ਹੋਏ ਕਿਸਾਨ ਅੰਦੋਲਨ ਨੇ ਜਿਵੇਂ ਇਸ ਵਿਵਸਥਾ ਨੂੰ ਇਕ ਤਰ੍ਹਾਂ ਨਾਲ ਝਿੰਜੋੜ ਜਿਹਾ ਦਿੱਤਾ ਹੈ। ਇਹ ਅੰਦੋਲਨ ਖੇਤੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਾਰਵਾਉਣ ਵਿਚ ਤਾਂ ਸਫਲ ਹੋਇਆ ਹੀ ਸੀ, ਪਰ ਨਾਲ ਹੀ ਇਸ ਨੇ ਆਮ ਲੋਕਾਂ ਨੂੰ ਆਪਣੇ ਹਿਤਾਂ ਪ੍ਰਤੀ ਵੱਡੇ ਪੱਧਰ 'ਤੇ ਜਾਗਰੂਕ ਵੀ ਕੀਤਾ ਹੈ। ਇਹ ਭਾਰਤ ਦੇ ਲੋਕਤੰਤਰ ਦੇ ਹੋ ਰਹੇ ਵਿਕਾਸ ਦਾ ਪ੍ਰਤੀਕ ਹੈ। ਦਰਅਸਲ ਲੋਕਤੰਤਰ ਦਾ ਜਨਮ ਤੇ ਵਿਕਾਸ ਪੱਛਮ ਵਿਚ ਹੋਇਆ ਸੀ। ਆਜ਼ਾਦੀ ਮਗਰੋਂ ਭਾਰਤ ਨੇ ਭਾਵੇਂ ਲੋਕਤੰਤਰ ਦਾ ਮਾਡਲ ਤਾਂ ਅਪਣਾ ਲਿਆ ਪਰ ਲੋਕਤੰਤਰ ਨੂੰ ਚਲਾਉਣ ਬਾਰੇ ਸਾਡੇ ਲੋਕ ਜਾਗਰੂਕ ਨਹੀਂ ਸਨ। ਇਹ ਸਾਡੇ ਲੋਕਾਂ ਲਈ ਬਿਲਕੁਲ ਇਸ ਤਰ੍ਹਾਂ ਸੀ ਜਿਵੇਂ ਕਿਸੇ ਪਿੰਡ ਦੇ ਅਨਪੜ੍ਹ ਤੇ ਭੋਲੇ ਜਿਹੇ ਵਿਅਕਤੀ ਨੂੰ ਅਤੀ ਆਧੁਨਿਕ ਟਕਨਾਲੋਜੀ ਵਾਲਾ ਸਮਾਰਟ ਫੋਨ ਦੇ ਦਿੱਤਾ ਜਾਵੇ, ਜੋ ਉਸ ਵਿਅਕਤੀ ਨੂੰ ਚਲਾਉਣਾ ਹੀ ਨਹੀ ਆਉਂਦਾ। ਇਸ ਲਈ ਉਹ ਇਸ ਦੇ ਲਾਭ ਪ੍ਰਾਪਤ ਕਰਨੋ ਅਸਮਰੱਥ ਹੀ ਰਹੇਗਾ ਤੇ ਇਹ ਫੋਨ ਇਕ ਡੱਬੀ ਤੋਂ ਵੱਧ ਉਸ ਲਈ ਕੁਝ ਨਹੀ। ਇਹੀ ਭਾਰਤ ਦੇ ਲੋਕਤੰਤਰ ਨਾਲ ਹੋਇਆ ਹੈ।

ਲੋਕਤੰਤਰ ਦੀ ਇਹ ਵਿਆਖਿਆ ਕਿ ਲੋਕਤੰਤਰ ਲੋਕਾਂ ਦੀ, ਲੋਕਾਂ ਲਈ, ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੈ, ਲੋਕਤੰਤਰ ਦੀ ਸੰਪੂਰਨ ਵਿਆਖਿਆ ਨਹੀਂ ਹੈ। ਪੰਜ ਸਾਲ ਵਿਚ ਇਕ ਵਾਰ ਸਰਕਾਰ ਬਣਾਉਣ ਲਈ ਮਤਦਾਨ ਕਰਨਾ ਹੀ ਅਸਲ ਲੋਕਤੰਤਰ ਨਹੀਂ ਹੈ। ਅਸਲ ਵਿਚ ਲੋਕਤੰਤਰ ਇਕ ਕਦੇ ਨਾ ਰੁਕਣ ਵਾਲੀ ਤੇ ਨਿਰੰਤਰ ਚੱਲਣ ਵਾਲੀ ਪ੍ਰਕਿਰਿਆ ਹੈ, ਜਿਸ ਦੀ ਅਸਲ ਚਾਲਕ ਸ਼ਕਤੀ ਖ਼ੁਦ ਲੋਕ ਹੀ ਹਨ ਪਰ ਰਾਜਨੀਤਕ ਲੋਕ, ਲੋਕਾਂ ਨੂੰ ਏਨਾ ਜਾਗਰੂਕ ਨਹੀਂ ਕਰਨਾ ਚਾਹੁੰਦੇ। ਇਕ ਵਿਧਾਇਕ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾ ਕੇ ਹੀ ਲੋਕ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਜਾਂਦੇ। ਉਸ ਵਿਧਾਇਕ ਨੂੰ ਉਸ ਦੇ ਕਾਰਜਕਾਲ ਦੌਰਾਨ ਲਗਾਤਾਰ ਆਪਣੇ ਪ੍ਰਭਾਵ ਤੇ ਦਬਾਓ ਦੇ ਅਧੀਨ ਰੱਖਣਾ, ਤਾਂ ਜੋ ਉਹ ਆਪਣੀ ਸਰਕਾਰ ਕੋਲ ਲੋਕਾਂ ਦੀ ਸਹੀ ਪ੍ਰਤੀਨਿਧਤਾ ਕਰ ਸਕੇ, ਲੋਕਾਂ ਦਾ ਕੰਮ ਹੈ। ਸਰਕਾਰ ਤਦ ਹੀ ਲੋਕਾਂ ਦੇ ਹਿਤ ਵਿਚ ਚੱਲੇਗੀ ਜਦੋਂ ਲੋਕ ਖ਼ੁਦ ਸਰਕਾਰ ਨੂੰ ਆਪਣੇ ਚੁਣੇ ਹੋਏ ਵਿਧਾਇਕਾਂ, ਪ੍ਰਤੀਨਿਧਾਂ ਰਾਹੀਂ ਚਲਾਉਣਗੇ। ਇਸ ਦੀ ਤਾਜ਼ਾ ਉਦਾਹਰਨ ਕਿਸਾਨ ਅੰਦੋਲਨ ਨੇ ਹੀ ਪੇਸ਼ ਕੀਤੀ ਹੈ ਜਦੋਂ ਲੋਕਾਂ ਦੇ ਰੋਹ ਅੱਗੇ ਨਾ ਸਿਰਫ ਰਾਜ ਸਰਕਾਰਾਂ ਦੇ ਵਿਧਾਇਕ, ਮੰਤਰੀ ਤੇ ਮੁੱਖ ਮੰਤਰੀ ਪਾਣੀ ਭਰਦੇ ਨਜ਼ਰ ਆਏ ਬਲਕਿ ਕੇਂਦਰ ਦੀ ਮੋਦੀ ਸਰਕਾਰ ਜੋਂ ਨਿਰੰਕੁਸ਼ ਹੋਣ ਦਾ ਪ੍ਰਭਾਵ ਰੱਖਦੀ ਸੀ, ਕਿਸਾਨੀ ਅੰਦੋਲਨ ਅੱਗੇ ਝੁੱਕ ਗਈ। ਇਹੀ ਲੋਕਤੰਤਰ ਦੀ ਅਸਲ ਝਾਕੀ ਹੈ ਜਦੋਂ ਲੋਕ ਸਰਕਾਰਾਂ ਨੂੰ ਮੂਹਰੇ ਲਾ ਲੈਣ ਨਾ ਕਿ ਸਰਕਾਰਾਂ ਦੇ ਮੂਹਰੇ ਲੱਗ ਕੇ ਖ਼ੁਦ ਧਰਮ, ਜਾਤ ਜਾਂ ਰੁਤਬੇ ਦੇ ਆਧਾਰ 'ਤੇ ਫੱਟ ਜਾਣ। ਜੇਕਰ ਲੋਕਤੰਤਰ ਵਿਚ ਲੋਕ ਜਾਗਰੂਕ ਰਹਿਣਗੇ ਤੇ ਆਪਣੇ ਚੁਣੇ ਪ੍ਰਤਿਨਿਧੀ ਨੂੰ ਜਵਾਬਦੇਹ ਬਣਾਉਣ ਲਈ ਲੋੜੀਂਦਾ ਦਬਾਓ ਸ਼ਾਂਤਮਈ ਸਾਧਨਾਂ ਰਾਹੀਂ ਲਗਾਤਾਰ ਬਣਾਈ ਰੱਖਣਗੇ ਤਾਂ ਲੋਕਤੰਤਰ ਆਮ ਲੋਕਾਂ ਲਈ ਬੜੇ ਫਾਇਦੇ ਦੀ ਵਿਵਸਥਾ ਸਿੱਧ ਹੋ ਸਕਦਾ ਹੈ। ਕਿਸੇ ਵੀ ਚੁਣੀ ਹੋਈ ਰਾਜਨੀਤਕ ਪਾਰਟੀ ਨੂੰ ਭ੍ਰਿਸ਼ਟ ਤੇ ਨਿਰੰਕੁਸ਼ ਬਣਦਿਆਂ ਦੇਰ ਨਹੀਂ ਲਗਦੀ ਜਦੋਂ ਉਹ ਇਹ ਜਾਣ ਲਵੇ ਕਿ ਲੋਕ ਆਪਣੇ ਹੱਕਾਂ ਪ੍ਰਤੀ ਬਹੁਤ ਅਵੇਸਲੇ ਹਨ। ਸੋ ਸਿਰਫ ਰਾਜਨੀਤਕ ਲੋਕਾਂ ਸਿਰ ਦੋਸ਼ ਮੜ੍ਹ ਕੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਬਦਲਾਅ ਲਿਆਉਣ ਲਈ ਪਹਿਲਾਂ ਖ਼ੁਦ ਬਦਲਣਾ ਪਵੇਗਾ। ਲੋਕਾਂ ਨੂੰ ਇੰਜਣ ਬਣ ਕੇ ਅੱਗੇ ਲਗਣਾ ਪਵੇਗਾ। ਕਿਸਾਨ ਅੰਦੋਲਨ ਨੇ ਲੋਕਾਂ ਦੀ ਬੁਝੀ ਹੋਈ ਚੇਤਨਾ ਨੂੰ ਇਕ ਚਿਣਗ ਦਿੱਤੀ ਹੈ ਜਿਸ ਨੂੰ ਮਸ਼ਾਲ ਬਣਾਉਣਾ ਲੋਕਾਂ ਦਾ ਕੰਮ ਹੈ।

ਅੱਜ ਪੰਜਾਬ ਸਮੇਤ ਪੰਜ ਰਾਜਾਂ ਵਿਚ ਚੋਣ ਅਮਲ ਚੱਲ ਰਿਹਾ ਹੈ। ਲੋਕਾਂ ਨੇ ਆਪਣੀ ਜਾਗਰੂਕਤਾ ਦਾ ਸਬੂਤ ਦੇ ਕੇ ਆਪਣੇ ਭਵਿੱਖ ਦੀ ਚੋਣ ਕਰਨੀ ਹੈ। ਚੋਣ ਮੈਦਾਨ ਵਿਚ ਕਈ ਖਿਡਾਰੀ ਹਨ ਪਰ ਕਿਸ ਦੇ ਦਾਅਵੇ ਤੱਥਾਂ 'ਤੇ ਆਧਾਰਿਤ ਹਨ ਤੇ ਤਰਕ ਦੀ ਕਸੌਟੀ 'ਤੇ ਖਰੇ ਉਤਰਦੇ ਹਨ ਇਸ ਦੀ ਜਾਂਚ ਮਤਦਾਤਾ ਖ਼ੁਦ ਪੂਰੀ ਬਾਰੀਕੀ ਨਾਲ ਕਰਨ ਤੇ ਇਹ ਵੀ ਦੇਖਣ ਕਿ ਕੌਣ ਸਿਰਫ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਹੀ ਇਸਤੇਮਾਲ ਕਰਕੇ ਸੱਤਾ ਹਥਿਆਉਣਾ ਚਾਹੁੰਦਾ ਹੈ ਉਸ ਪ੍ਰਤੀ ਵੀ ਸਾਵਧਾਨ ਹੋ ਜਾਣ।

 

ਖੁਸ਼ਵਿੰਦਰ ਸਿੰਘ