ਦੀਪ ਸਿੱਧੂ' ਦੀ ਯਾਦ 'ਚ ਪਾਕਿਸਤਾਨ ਦੀਆਂ ਸੰਗਤਾਂ ਵੱਲੋਂ ਨਨਕਾਣਾ ਸਾਹਿਬ ਵਿਖੇ ਸ਼ਰਧਾਜ਼ਲੀ ਸਮਾਗਮ

ਅੰਮ੍ਰਿਤਸਰ ਟਾਈਮਜ਼

ਨਨਕਾਣਾ ਸਾਹਿਬ (ਨਿਊਜ਼) : ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ ਅਤੇ ਫਿਲਮੀ ਅਦਾਕਾਰ ਸੰਦੀਪ ਸਿੰਘ 'ਦੀਪ ਸਿੱਧੂ' ਨੂੰ ਐਕਸੀਡੈਂਟ ਦੇ ਬਹਾਨੇ ਇੱਕ ਡੂੰਘੀ ਸਾਜਿਸ਼ ਤਹਿਤ ਇੰਡੀਅਨ ਸਟੇਟ ਵੱਲੋਂ ਕਤਲ ਕੀਤਾ ਗਿਆ ਸੀ। ਇਸ ਯੋਧੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਉਸ ਪਵਿੱਤਰ ਆਤਮਾ ਨੂੰ ਸ਼ਰਧਾਂਜ਼ਲੀ ਦੇਣ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪੰਜਾਬੀ ਸਿੱਖ ਸੰਗਤ ਅਤੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ ਵੱਲੋਂ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਅੱਜ ਸ਼ਾਮ ਦੇ ਦੀਵਾਨ ਵਿੱਚ ਭੋਗ ਪਏ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ 'ਵਿਸ਼ੇਸ਼ ਸ਼ਰਧਾਜ਼ਲੀ ਸਮਾਗਮ' ਰੱਖੇ ਗਏ। ਇਸ ਮੌਕੇ 'ਤੇ ਗਿਆਨੀ ਜਨਮ ਸਿੰਘ ਜੀ ਨੇ ਚਾਨਣ ਪਾਉਂਦੇ ਹੋਏ ਸਭ ਤੋਂ ਪਹਿਲਾਂ ਭਾਈ ਸੰਦੀਪ ਸਿੰਘ 'ਦੀਪ ਸਿੱਧੂ' ਜੀ ਦੇ ਜੀਵਨ ਤੇ ਝਾਤ ਪਾਈ ਅਤੇ ਦੱਸਿਆ ਕਿ ਆਪ ਸਾਢੇ ਕੂ ਤਿੰਨ ਸਾਲ ਦੇ ਸਨ ਅਤੇ ਆਪ ਦਾ ਛੋਟਾ ਭਰਾ ਡੇਢ ਸਾਲ ਦਾ ਸੀ ਜਦੋਂ ਆਪ ਜੀ ਦੇ ਮਾਤਾ ਜੀ ਰੱਬ ਨੂੰ ਪਿਆਰੇ ਹੋ ਗਏ। ਹੋਲੀ-ਹੋਲੀ ਵੱਡੇ ਹੋਣ ਲੱਗੇ ਅਤੇ ਦਿਲ ਲਗਾ ਕੇ ਪੜ੍ਹਦੇ ਸਨ। ਉਨ੍ਹਾਂ ਦੇ ਪੜ੍ਹਨ ਦੇ ਜਨੂਨ ਦਾ ਪਤਾ ਸਾਨੂੰ ਇਸ ਗੱਲ ਤੋਂ ਵੀ ਚਲਦਾ ਹੈ ਆਖਰੀ ਵੇਲੇ ਵੀ ਉਹਨਾਂ ਦੀ ਗੱਡੀ 'ਚੋਂ ਖ਼ਾਲਸਾ ਫ਼ਤਹਿਨਾਮਾ ਮੈਗਜ਼ੀਨ ਮਿਲਿਆ। ਅੱਜ ਨੌਜਵਾਨਾਂ ਨੇ ਇਸ ਗੱਲ ਤੋਂ ਸੇਧ ਲੈਣੀ ਹੈ ਕਿ ਅਗਰ ਪੜ੍ਹਨਾ ਵੀ ਹੈ ਤੇ ਕੀ ਪੜ੍ਹਣਾ ਹੈ। ਇਹੀ ਕਾਰਨ ਸੀ ਕਿ ਆਪ ਜੀ ਨੇ ਪੂਨੇ ਲਾਅ ਕਾਲਜ ਵਿੱਚ ਦਾਖਲਾ ਲੈ ਲਿਆ। ਆਪ ਦੇ ਯਾਰ ਮਿੱਤਰ ਸਕੇ ਸਬੰਧੀ ਜਦੋਂ  ਆਪ ਜੀ ਨੂੰ ਮਿਲਦੇ ਤਾਂ ਕਹਿੰਦੇ ਦੀਪ ਇਕ ਦਿਨ ਜ਼ਰੂਰ ਬਹੁਤ ਵੱਡਾ ਵਕੀਲ ਬਣੇਗਾ। ਉਹਨਾਂ ਦੀ ਗੱਲ ਸੁਣ ਕੇ ਦੀਪ ਸਿੱਧੂ ਹੱਸ ਪੈਂਦੇ ਤੇ ਕਹਿੰਦੇ ਸਨ। ਨਹੀਂ ਨਹੀਂ ਸਿਰਫ਼ ਵਕੀਲ ਬਨਣਾ ਮੇਰੀ ਮੰਜਿਲ ਨਹੀਂ ਆ...! ਭਾਈ ਸਾਹਿਬ ਨੇ ਦੱਸਿਆ ਕਿ ਆਹ ਗੱਲਾਂ ਉਹ ਕੋਈ ਆਪ ਥੋੜਾ ਬੋਲਦੇ ਸਨ। ਆ ਸਾਰੀਆਂ ਗੱਲਾਂ ਆਪ ਨਿਰੰਕਾਰ ਉਨ੍ਹਾਂ ਦੇ ਮੂੰਹੋ ਕੱਢਵਾ ਰਿਹਾ ਸੀ। ਉੱਥੇ ਆਪ ਜੀ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਕਰਨੀ ਸ਼ੁਰੂ ਕਰ ਦਿੱਤੀ। ਪੜ੍ਹਾਈ ਦੇ ਨਾਲ ਆਪ ਜੀ ਇੱਕ ਚੰਗੇ ਖਿਡਾਰੀ ਵੀ ਸਨ ਤੇ ਕਸਰਤ ਵੀ ਕਰਦੇ ਸਨ।

ਆਪ ਜੀ ਦੇ ਨਾਲ ਦੇ ਗੱਲਾਂ ਕਰਦੇ ਸਨ ਕਿ ਦੀਪ ਹੁਣ ਜਾਂ ਤਾਂ ਇੱਕ ਚੰਗਾ ਨਾਮਵਰ ਖਿਡਾਰੀ ਜਾਂ ਮਾਡਲ ਜਾਂ ਬੋਡੀ ਬਿਲਡਰ ਬਣੇਗਾ। ਪਰ ਉਹ ਹਮੇਸ਼ਾਂ ਹੱਸ ਕੇ ਕਹਿ ਦਿਆ ਕਰਦੇ ਸਨ ਨਹੀਂ ਆਹ ਮੇਰੀ ਮੰਜ਼ਿਲ ਥੌੜੀ ਆ। ਮੇਰੀ ਮੰਜ਼ਿਲ ਲਿਖਣ ਵਾਲਾ ਤਾਂ ਮੇਰਾ ਬਾਬਾ ਗੁਰੂ ਨਾਨਕ ਹੈ। ਮੈਂ ਸੋਚਦਾ ਹਾਂ ਉਹ ਸੱਚ ਹੀ ਕਹਿੰਦੇ ਸਨ ਤਾਂ ਹੀ ਅੱਜ ਨਨਕਾਣਾ ਵਿੱਚ ਹੀ ਨਹੀਂ ਪੂਰੇ ਪਾਕਿਸਤਾਨ ਦੇ ਸਿੱਖ ਮੁਸਲਿਮ ਤੇ ਹੋਰ ਧਰਮਾਂ ਦੇ ਲੋਕਾਂ ਦੀਆਂ ਅੱਖਾਂ ਨਮ ਹੋਈਆਂ। ਅੱਜ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿੱਚ ਉਸ ਦੀ ਫਿਰਦੀ ਰੂਹ ਨਜ਼ਰ ਆ ਰਹੀ ਹੈ ਜਿਹੜੀ ਸ਼ਹੀਦ ਭਾਈ ਲਛਮਣ ਸਿੰਘ ਧਾਰੋਵਾਲ ਅਤੇ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਨੂੰ ਸੱਜਦਾ ਕਰਨ ਲਈ ਪਹੁੰਚੀ ਹੋਈ ਹੈ ਤਾਂ ਹੀ ਅੱਜ ਦੇ ਦੀਵਾਨ ਦਾ ਵਰਤਾਰਾ ਕੁਝ ਹੋਰ ਹੈ। ਉਹ ਜਿਸ ਨੂੰ ਸਾਡੇ ਵਿੱਚੋਂ ਕੋਈ ਉਸ ਨੂੰ ਸਰੀਰਕ ਤੌਰ ਤੇ ਮਿਲਿਆ ਵੀ ਨਹੀਂ ਫੇਰ ਵੀ ਸਭ ਨੂੰ ਆਪਣਾ-੨ ਜਿਹਾ ਲੱਗਦਾ ਹੈ। ਕਿਉਂਕਿ ਉਹ ਹਰਿ ਦਾ ਪਿਆਰਾ ਸੀ ਤੇ ਜਿਹੜਾ ਹਰੀ ਪ੍ਰਮਾਤਮਾ ਦਾ ਪਿਆਰਾ ਬਣ ਜਾਂਦਾ ਹੈ ਉਹ ਸਭ ਦਾ ਪਿਆਰਾ ਹੁੰਦਾ ਹੈ। ਗੁਰਬਾਣੀ ਦਾ ਫੁਰਮਾਨ ਹੈ- ਜੋ ਹਰਿ ਕਾ ਪਿਆਰਾ ਸੋ ਸਭਨਾ ਕਾ  ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥


ਹਮੇਸ਼ਾਂ ਦੀਪ ਸਿੱਧੂ ਦੇ ਮੂੰਹੋ ਇੱਕੋ ਗੱਲ ਨਿਕਲਦੀ ਸੀ ਮੇਰੀ ਮੰਜ਼ਿਲ ਹੋਰ ਆ। ਨਾ ਮੇਰੀ ਮੰਜ਼ਿਲ ਵਕਾਲਤ ਹੈ....ਨਾ ਮੇਰੀ ਮੰਜ਼ਿਲ ਪੈਸਾ ਸ਼ੋਹਰਤ ਹੈ। ਮੇਰੀ ਮੰਜ਼ਿਲ ਕੋਈ ਫ਼ਿਲਮੀ ਹੀਰੋ ਬਨਣਾ ਵੀ ਨਹੀਂ ਹੈ। ਉਸ ਨੂੰ ਜਿਹੜਾ ਮੁਕਾਮ ਇਸ ਬਾਬੇ ਨਾਨਕ ਦੇ ਘਰੋਂ ਮਿਲਣਾ ਸੀ ਸ਼ਾਇਦ ਇਹ ਗੱਲ ਉਹ ਵੀ ਨਹੀਂ ਜਾਣਦਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਜਨਮ ਅਸਥਾਨ ਤੋਂ ਸੰਗਤ ਮੇਰਾ ਨਾਮ ਸ਼ਹੀਦਾਂ ਦੇ ਨਾਵਾਂ ਦੀ ਕਤਾਰ ਵਿੱਚ ਲਿਖ ਦੇਵੇਗੀ। ਮੇਰੇ ਨਾਮ ਲੈ ਕੇ ਸੰਗਤਾਂ ਉਸ ਜਨਮ ਅਸਥਾਨ ਤੇ ਨਾਹਰੇ ਮਾਰਨਗੀਆਂ। ਜਿਸ ਦਰ ਦੇ ਦਰਸ਼ਨਾਂ ਕਰਨ ਲਈ ਹਰ ਸਿੱਖ ਦੀਆਂ ਅੱਖੀਆਂ ਤਰਸਦੀਆਂ ਹਨ। 'ਦੀਪ ਸਿੱਧੂ ਅਮਰ ਰਹੇ' ਦੀਪ ਸਿੱਧੂ ਜ਼ਿੰਦਾਬਾਦ। ਛੋਟੇ-ਛੋਟੇ ਬੱਚੇ ਮੇਰਾ ਨਾਮ ਲੈ ਕੇ ਕਵਿਤਾਵਾਂ ਪੜ੍ਹਨਗੇ। ਸਾਧ ਸੰਗਤ ਜੀ ਇਹ ਸਭ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀਆਂ ਬਖਸ਼ਿਸ਼ਾਂ ਹਨ ਜੋ ਦੀਪ ਸਿੱਧੂ ਦੀ ਝੋਲੀ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ ਪਈਆਂ। ਕਿਸੇ ਨੇ ਬੜਾ ਵਧੀਆ ਕਿਹਾ-
    ਇਕ ਮੋਇਆ ਪੁੱਤ ਪੰਜਾਬ ਦਾ ਕੁੱਲ ਦੁਨੀਆਂ ਰੋਈ।

ਭਾਈ ਜਨਮ ਸਿੰਘ  ਦਾ ਕਹਿਣਾ ਸੀ  ਕਿ ਅਸੀਂ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦੀ ਤੋਂ ਬਾਅਦ ਦੇ ਇਕੱਠ ਅਸੀ ਆਪਣੀਆਂ ਅੱਖਾਂ ਨਾਲ ਉਹ ਇਕੱਠ ਦੇਖੈ ਤਾਂ ਨਹੀਂ ਹਨ। ਪਰ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਜਦੋਂ ਦੀਪ ਸਿੱਧੂ ਦੇ ਸੰਸਕਾਰ ਮੌਕੇ ਸਿੰਘਾਂ ਨੇ ਤਲਵਾਰਾਂ ਦੀ ਛਾਂ ਕੀਤੀ ਹੋਈ ਸੀ ਤੇ ਲੋਕੀ ਸਿਵੇ ਨੂੰ ਜਿਵੇਂ ਮੱਥਾ ਟੇਕ ਕੇ ਮੁੜ੍ਹ ਰਹੇ ਹੋਣ ਇਵੇਂ ਦਾ ਮਾਹੌਲ ਉੱਥੇ ਬਣਿਆ ਹੋਇਆ ਸੀ। ਸਾਰੀ ਰਾਤ ਨੌਜਵਾਨ ਉੱਥੇ ਬੈਠ ਕੇ ਨਾਮ- ਸਿਮਰਨ ਤੇ ਬਾਣੀ ਪੜ੍ਹਦੇ ਰਹੇ ਇਹ ਕਿਸੇ ਭਾਗਾਂ ਵਾਲੇ ਦੀ ਕਿਸਮਤ ਵਿੱਚ ਹੀ ਆਉਂਦਾ ਹੈ। ਅੱਜ ਸਿਰਫ਼ ਅਖੰਡ ਪਾਠ ਤੇ ਲੰਗਰ ਛੱਕਣ ਤੱਕ ਹੀ ਆਪਾਂ ਗੱਲ ਨਹੀਂ ਮੁਕਾਉਣੀ ਹੈ ਬਲਕਿ ਜਿੰਨ੍ਹਾਂ ਆਦਰਸ਼ਾਂ ਕਰਕੇ ਜਿਸ ਹੱਕ ਸੱਚ ਦੀ ਗੱਲ ਕਰਨ ਕਰਕੇ ਇਹ ਭਾਣਾ ਵਾਪਰਿਆ ਹੈ। ਉਸ ਦੀਪ ਨੂੰ ਆਪਾਂ ਹਮੇਸ਼ਾਂ ਜਗਾ ਕੇ ਰੱਖਣਾ ਹੈ। ਇਸ ਵਾਰ ਦੀ ਤਰ੍ਹਾਂ ਹੀ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੇ ਸਾਕਾ ਨਨਕਾਣਾ ਤੋਂ ਪਹਿਲਾ ਸ਼ਹੀਦ ਸੰਦੀਪ ਸਿੰਘ 'ਦੀਪ ਸਿੱਧੂ' ਦੀ ਸ਼ਹਾਦਤ ਦਾ ਦਿਹਾੜਾ ਹਰ ਸਾਲ ਇਸੀ ਤਰ੍ਹਾਂ ਮਨਾਇਆ ਜਾਵੇਗਾ। 

ਇਸ ਵੀਚਾਰ ਚਰਚਾ 'ਚ ਬੋਲਦਿਆਂ ਭਾਈ ਪ੍ਰੇਮ ਸਿੰਘ ਹੈੱਡ ਗ੍ਰੰਥੀ ਜੀ ਨੇ ਗਿਆਨੀ ਜਨਮ ਸਿੰਘ ਦੀਆਂ ਗੱਲਾਂ ਦੀ ਪ੍ਰੋੜਤਾ ਕਰਦੇ ਹੋਏ ਕਿਹਾ ਕਿ ਅੱਜ ਚਾਹੇ ਅਸੀਂ 'ਸਾਕਾ ਨਨਕਾਣਾ ਸਾਹਬਿ' ਦੀ ਸ਼ਤਾਬਦੀ ਮਨਾਉਣ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਾਂ ਪਰ ਸਾਨੂੰ ਦੀਪ ਸਿੱਧੂ ਵੱਲੋਂ ਕੀਤੀਆਂ  'ਖਾਲਸਾ ਰਾਜ'  ਦੀਆਂ ਗੱਲ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ। ਸਾਨੂੰ ਗੰਭੀਰਤਾ ਨਾਲ ਵੀਚਾਰ ਕਰਨੀ ਪਵੇਗੀ। ਅਸੀਂ ਕੀ ਖੱਟਆਿ ਤੇ ਕੀ ਗਵਾਇਆ ? ਦੀਪ ਸਿੱਧੂ ਦੀ ਲੱਗੀ ਤਸਵੀਰ ਦੇ ਥੱਲੇ ਲਿਖੀਆਂ ਪੰਗਤੀਆਂ ਬਹੁਤ ਕੁਝ ਯਾਦ ਕਰਵਾ ਰਹੀਆਂ ਹਨ। ਇਕ ਖੁੱਲ੍ਹਿਆ ਬੂਹਾ ਆਸ ਦਾ ਫਿਰ ਜਿੰਦਰਾ ਵੱਜਾ। ਅੱਜ ਕੰਵਰਨੌਨਿਹਾਲ 'ਤੇ ਫਿਰ ਡਿੱਗਿਆ ਛੱਜਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਭਾਈ ਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਾਲਿਆਂ ਨੇ ਰੱਬੀ ਬਾਣੀ ਦੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਦੀਪ ਸਿੱਧੂ ਦੇ ਸੰਘਰਸ਼ਮਈ ਜੀਵਨ ਤੇ ਵੀ ਚਾਨਣ ਪਾਇਆ। 

ਛੋਟੀ ਬੱਚੀ ਅਨੁਰਾਜ ਕੌਰ ਨੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੰਦਿਆ ਕਵਿਤਾ ਪੜੀ- "ਕਰਾਂ ਅਰਜ਼ੋਈ ਰੱਬ ਸੀਨੇ ਨਾਲ ਲਾ ਲਏ। ਬਾਜਾ ਵਾਲਾ ਤੈਂਨੂੰ ਰੱਜ ਆਪਣਾ ਪਿਆਰ ਦੇ........ਓਏ ਤੂੰ ਅਮਰ ਅਨੁਰਾਜ ਆਖੇ ਵੀਰੇਆ....ਜਾਂਦੀ ਵਾਰੀ ਤੈਂਨੂੰ ਸਿੱਜਦਾ ਹੈ ਦੀਪ ਸਿੱਧੂ ਵੀਰੇਆ।  ਕਰਾਂ ਅਰਜ਼ੋਈ ਰੱਬ ਸੀਨੇ ਨਾਲ ਲਾ ਲਏ। ਗੁਰੂ ਨਾਨਕ ਤੈਂਨੂੰ ਰੱਜ ਆਪਣਾ ਪਿਆਰ ਦੇ.......
ਸਾਰੀਆਂ ਸੰਗਤਾਂ ਹੀ ਇਸ ਕਵਿਤਾ ਨਾਲ ਝੂਮਣ ਲੱਗ ਪਈਆਂ ਤੇ ਕਈਆਂ ਦੀਆਂ ਅੱਖਾਂ 'ਚ ਹੰਝੂ ਸਨ। ਇਵੇਂ ਲੱਗਦਾ ਸੀ  'ਦੀਪ ਸਿੱਧੂ'   ਨਨਕਾਣਾ ਸਾਹਿਬ ਹੀ ਸੰਗਤ 'ਚ ਬੈਠਾ ਹੈ ਤੇ ਸੰਗਤਾਂ ਦਾ ਪਿਆਰ ਤੇ ਅਸੀਸਾਂ ਲੈ ਰਿਹਾ ਹੈ।


ਇਸ ਪ੍ਰੋਗਰਾਮ ਦੇ ਅੰਤ ਵਿੱਚ ਪੰਜਾਬੀ ਸਿੱਖ ਸੰਗਤ ਦੇ ਚੇਅਰਮੈਂਨ ਸ੍ਰ. ਗੋਪਾਲ ਸਿੰਘ ਚਾਵਲਾ ਵੱਲੋਂ ਨਨਕਾਣਾ ਸਾਹਿਬ ਦੀਆਂ ਸਮ੍ਹੂਹ ਸੰਗਤਾਂ ਦਾ ਇਸ ਤਰ੍ਹਾਂ ਦੇ ਪ੍ਰੋਗਰਾਮ ਮਨਾਉਣ ਲਈ ਧੰਨਵਾਦ ਕੀਤਾ। ਉਥੇ ਹੀ ਉਨ੍ਹਾਂ ਨੇ ਕਿਹਾ ਅਫ਼ਸੋਸ ! ਅਤਿ ਦੁਖਦਾਇਕ ! ਅਸੀਂ ਪੰਥ ਤੇ ਪੰਜਾਬ ਦੇ ਵਾਰਸ ਬਾਈ ਦੀਪ ਸਿੱਧੂ ਨੂੰ ਉਸ ਦੇ ਜਿੰਦੇ ਜੀਅ ਉਹ ਮੁਕਾਮ ਨਾ ਦੇ ਸਕੇ ਜੋ ਦੇਣਾ ਬਨਣਾ ਸੀ। ਚਾਵਲਾ ਸਾਹਿਬ ਨੇ ਕਿਹਾ ਕਿ ਸ੍ਰ. ਸਿਮਰਨਜੀਤ ਸਿੰਘ ਮਾਨ ਵਰਗੇ ਸ਼ੇਰ ਨੇ ਬਿਲਕੁਲ ਠੀਕ ਕਿਹਾ ਹੈ ਕਿ ਅਗਰ ੧੯੪੭ ਵਿੱਚ ਦੀਪ ਸਿੱਧੂ ਵਰਗਾ ਲੀਡਰ ਸਾਡੇ ਪਾਸ ਹੁੰਦਾ ਤਾਂ ਸਾਨੂੰ ਉਸੇ ਸਮੇਂ ਆਪਣਾ ਦੇਸ਼ ਖਾਲਿਸਤਾਨ ਮਿਲ ਜਾਣਾ ਸੀ। ਦੀਪ ਸਿੱਧੂ ਨੂੰ ਸ਼ਹੀਦ ਕਰਨ ਵਾਲੇ ਕਿਹੜੇ ਲੋਕ ਨੇ ਉਹ ਸਾਡੇ ਪਾਸੋਂ ਛੁੱਪੇ ਨਹੀਂ ਹਨ। ਇਕ ਦੀਪ ਨੂੰ ਬੁਝਾ ਕੇ ਸ਼ਾਇਦ ਉਹ ਸੋਚਦੇ ਹੋਣ ਕਿ ਹੁਣ ਕੰਮ ਖਤਮ ਹੋ ਗਿਆ ਹੈ। ਹੁਣ ਤਾਂ ਕੰਮ ਸ਼ੁਰੂ ਹੋਇਆ ਹੈ। ਦੀਪ ਬੁਝਿਆ ਨਹੀਂ ਹੈ ਉਹ ਤਾਂ ਲੱਖਾਂ ਹੀ ਦੇਸ਼ਾਂ- ਵਿਦੇਸ਼ਾਂ ਵਿਚ ਬੈਠੇ ਉਸ ਨੂੰ ਸਿੱਖੀ ਨੂੰ ਪਿਆਰ ਕਰਨ ਵਾਲਿਆਂ ਦੇ ਦਿਲਾਂ ਅੰਦਰ ਦੀਪ ਜਗਾ ਗਿਆ ਹੈ। ਅਗਰ ਅੱਜ ਦੁਨੀਆਂ ਭਰ ਦੇ ਗੁਰਦੁਆਰਿਆਂ 'ਚ ਕੋਈ ਸਮਾਗਮ ਚਲ ਰਿਹਾ ਹੈ ਤਾਂ ਉਹ ਸ਼ਹੀਦ ਸੰਦੀਪ ਸਿੰਘ 'ਦੀਪ ਸਿੱਧੂ' ਜੀ ਦਾ ਹੀ ਹੈ। ਦੀਪ ਸਿੱਧੂ ਪੰਥ, ਪੰਜਾਬ, ਖ਼ਾਲਿਸਤਾਨ, ਹੱਕ, ਸੱਚ ਅਤੇ ਧਰਮ ਦੀ ਗੱਲ ਠੋਕ ਵਜਾ ਕੇ ਕਰਦਾ ਸੀ ਜਿਸ ਕਰਕੇ ਉਹ ਇੰਡੀਅਨ ਸਟੇਟ, ਹਿੰਦੁਤਵੀ ਤਾਕਤਾਂ, ਭਾਜਪਾ ਸਰਕਾਰ ਦੀਆਂ ਅੱਖਾਂ 'ਚ ਰੜਕਦਾ ਸੀ।  ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਆਓ ! ਰਲ ਮਿਲ ਕੇ ਆਪਣੀ ਮਹਾਨ ਵਿਰਾਸਤ ਨੂੰ ਜਾਣੀਏ, ਸਾਂਭੀਏ ਅਤੇ ਉਸ ਉੱਤੇ ਮਾਣ ਕਰੀਏ। ਦੀਪ ਸਿੱਧੂ ਸਿੱਖ ਕੌਮ ਦੀ ਵਿਰਾਸਤ ਹੈ। ਜਿਸ ਨੂੰ ਨਨਕਾਣਾ ਸਾਹਿਬ ਅਤੇ ਪਾਕਿਸਤਾਨ ਵਿੱਚ ਵੱਸਣ ਵਾਲੀਆਂ ਸੰਗਤਾਂ ਵਿਰਾਸਤ ਵਾਂਗ ਹੀ ਸਾਂਭੇਗੀ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸਾਕਾ ਨਨਕਾਣਾ ਸਾਹਿਬ ੧੯-੨੧ ਫਰਵਰੀ ੨੦੨੨ ਨੂੰ ਮਨਾਉਣ ਲਈ ਪਹੁੰਚੇ ਸ੍ਰ. ਪਰਮਜੀਤ ਸਿੰਘ ਚੰਢੋਕ ਮੁੱਖ ਸਲਾਹਕਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਹਾਜ਼ਰੀ ਭਰੀ ਅਤੇ ਦੀਪ ਸਿੱਧੂ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਜ਼ਿਕਰ ਕੀਤਾ ਤੇ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ।
ਅਰਦਾਸ ਦੀ ਸੇਵਾ ਮਾਸਟਰ ਬਲਵੰਤ ਸਿੰਘ ਜੀ ਵੱਲੋ ਬੜੇ ਪਿਆਰ ਨਾਲ ਕੀਤੀ ਗਈ। ਦੀਵਾਨ ਦੀ ਸਮਾਪਤੀ ਤੋਂ ਬਾਅਦ ਨਿਰਵੈਰ ਖਾਲਸਾ ਗੱਤਕਾ ਦਲ ਅਤੇ ਗੁਰੂ ਨਾਨਕ ਕੀ ਮਿਸ਼ਨ ਸਕੂਲ ਦੇ ਬੱਚਿਆਂ ਵੱਲੋਂ ਦੀਪ ਸਿੱਧੂ ਦੇ ਬੈਨਰਾਂ ਤਸਵੀਰਾਂ ਸਹਿਤ ਮੋਮਬੱਤੀਆਂ ਜਲਾਈਆਂ ਗਈਆਂ ਅਤੇ ਦੀਪ ਮਾਰਚ ਕੱਢਿਆ ਗਿਆ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਿਆ।ਸ਼ਹੀਦ ਦੀਪ ਸਿੱਧੂ ਅਮਰ ਰਹੇ। ਸ਼ਹੀਦ ਦੀਪ ਸਿੱਧੂ ਜ਼ਿੰਦਾਬਾਦ ਦੇ ਨਾਅਰਿਆਂ, ਜੈਕਾਰਿਆਂ ਨਾਲ ਬੱਚਿਆਂ ਨੇ ਨਨਕਾਣਾ ਸ਼ਹਿਰ ਗੁੰਜਣ ਲਾ ਦਿੱਤਾ।