ਖ਼ਾਲਸਾ ਪੰਥ ਦੇ ਪ੍ਰਥਮ ਮਰਜੀਵੜੇ ਪੰਜ ਪਿਆਰੇ

ਖ਼ਾਲਸਾ ਪੰਥ ਦੇ ਪ੍ਰਥਮ ਮਰਜੀਵੜੇ ਪੰਜ ਪਿਆਰੇ

ਪ੍ਰਿੰ. ਕੁਲਵੰਤ ਸਿੰਘ ਅਣਖੀ

ਸੰਮਤ 1756 ਦੀ ਵਿਸਾਖੀ (30 ਮਾਰਚ ਸੰਨ 1699) ਵਾਲੇ ਸ਼ੁਭ ਦਿਨ ‘ਖ਼ਾਲਸਾ ਪੰਥ’ ਦੀ ਸਾਜਨਾ ਦੇ ਸੰਕਲਪ ਦੀ ਘਾੜਤ ਤਾਂ  ਗੁਰੂ ਗੋਬਿੰਦ ਸਿੰਘ ਜੀ ਦੇ ਹਿਰਦੇ ’ਚ ਨਵੰਬਰ 1675 ਦੌਰਾਨ ਹੀ ਘੜੀ ਗਈ ਸੀ, ਜਿਸ ਦਿਨ ਭਾਈ ਜੈਤਾ ਜੀ ਨੌਵੇਂ ਗੁਰਦੇਵ  ਗੁਰੂ ਤੇਗ ਬਹਾਦਰ ਜੀ ਦੀ ਚਾਂਦਨੀ ਚੌਕ ਦਿੱਲੀ ’ਚ ਸ਼ਹੀਦੀ ਉਪਰੰਤ ਸਤਿਗੁਰਾਂ ਦਾ ਸੀਸ ਅਨੰਦਪੁਰ ਸਾਹਿਬ ਲੈ ਕੇ ਆਏ ਸਨ। ਗੁਰੂ-ਪਿਤਾ ਜੀ ਦੇ ਪਾਵਨ ਸੀਸ ਦੇ ਸਸਕਾਰ ਤੋਂ ਅਗਲੇ ਦਿਨੀਂ ਜਦੋਂ ਦਸਮ ਗੁਰੂ ਨੇ ਭਾਈ ਜੈਤਾ ਜੀ ਪਾਸੋਂ ਸ਼ਹੀਦੀ ਸਾਕੇ ਵਕਤ ਦਿੱਲੀ ਦੀ ਸਿੱਖ ਸੰਗਤ ਦੀ ਮਨੋ-ਦਸ਼ਾ ਅਤੇ ਪ੍ਰਤੀਕਰਮ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਗਹਿਰੇ ਸਦਮੇ ਤੇ ਭਰੇ ਗਲ ਨਾਲ ਦੱਸਿਆ ਕਿ ਉਸ ਕਹਿਰ ਦੇ ਸਮੇਂ ਸਿੱਖ-ਸੇਵਕਾਂ ਦੇ ਮਨਾਂ ਵਿਚ ਡੂੰਘਾ ਸਹਿਮ ਸੀ। ਬਹੁ-ਗਿਣਤੀ ਸਿੱਖ-ਸੇਵਕ ਤਾਂ ਗੁਰੂ ਦੇ ਸਿੱਖ ਹੋਣ ਤੋਂ ਵੀ ਮੁਨਕਰ ਸਨ। ਤਮਾਸ਼ਬੀਨਾਂ ’ਚ ਹਾਜ਼ਰ ਸਿੱਖਾਂ ਦੇ ਚਿਹਰਿਆਂ ’ਤੇ ਮੁਰਦੇਹਾਣੀ ਛਾਈ ਹੋਈ ਸੀ ਤੇ ਉਹ ਉੱਚਾ ਸਾਹ ਵੀ ਨਹੀਂ ਲੈ ਰਹੇ ਸਨ। ਇਹ ਸੁਣ ਕੇ ਦਸਮ ਪਾਤਸ਼ਾਹ ਨੇ ਪੱਕਾ ਨਿਸ਼ਚਾ ਕਰ ਲਿਆ ਕਿ ਸਿੱਖਾਂ ਨੂੰ ਇਹੋ ਜਿਹਾ ਵਿਲੱਖਣ ਤੇ ਨਿਵੇਕਲਾ ਰੂਪ ਦਿੱਤਾ ਜਾਵੇਗਾ ਕਿ ਉਹ ਲੱਖਾਂ ਵਿਚ ਵੀ ਨਿਰਾਲੇ ਹੋਣਗੇ ਤੇ ਆਪਣੀ ਪਛਾਣ ’ਤੇ ਮਾਣ ਮਹਿਸੂਸ ਕਰਨਗੇ, ਲੁਕਾਉਣਗੇ ਨਹੀਂ। ਸਿੱਖ ਚੱਜ-ਅਚਾਰੀ, ਨਿਰਭਉ,ਨਿਰਸੁਆਰਥ, ਵਿਕਾਰ ਰਹਿਤ ਅਤੇ ਬੁਲੰਦ ਰੂਹ-ਆਤਮਾ ਦੇ ਧਾਰਨੀ ਹੋ “ਸਿਰੁ ਧਰਿ ਤਲੀ ਗਲੀ ਮੇਰੀ ਆਉ’ ਗੁਰ-ਸਿਧਾਂਤ ਉੱਤੇ ਪੂਰੇ-ਸੂਰੇ ਉਤਰਨਗੇ।

ਆਚਰਣਕ ਨਿਰਮਲਤਾ ਤੇ ਉੱਚਤਾ ਦੇ ਉਦੇਸ਼ ਨੂੰ ਸਨਮੁੱਖ ਰੱਖ ਕੇ ਸਿੱਖਾਂ ਦੇ ਖ਼ਾਲਸ ਚਰਿੱਤਰ ਨਿਰਮਾਣ ਨੂੰ ਮਾਨਵਤਾ ਦੇ ਮਾਪ-ਦੰਡਾਂ ਉੱਤੇ ਖਰਾ ਉਸਾਰਨ ਹਿੱਤ ਦਸਮੇਸ਼ ਪਿਤਾ ਨੇ ਖ਼ਾਲਸਾ ਪੰਥ ਸਾਜਣ ਦਾ ਕਾਰਜ ਨਿਸ਼ਚਿਤ ਕਰ ਲਿਆ। ਜੰਗਾਂ-ਯੁੱਧਾਂ ਵਿਚ ਬਾਦਸ਼ਾਹ ਦਰਵੇਸ਼ ਦਾ ਕਾਫ਼ੀ ਵਕਤ ਬਤੀਤ ਹੋ ਗਿਆ। ਅਖੀਰ ਖ਼ਾਲਸਾ ਪੰਥ ਦੀ ਸਾਜਨਾ ਦੇ ਉੱਤਮ ਉਦੇਸ਼ ਦੀ ਪੂਰਤੀ ਅਤੇ ਪ੍ਰਾਪਤੀ ਲਈ ਪਹਿਲੀ ਵੈਸਾਖ ਸੰਮਤ 1756 ਦਾ ਦਿਨ ਮੁਕੱਰਰ ਕੀਤਾ। ਇਸ ਸੁਭਾਗੇ ਦਿਨ ਦਸਵੇਂ ਗੁਰਾਂ ਵੱਲੋਂ ਭੇਜੇ ਪ੍ਰੇਮ-ਸੰਦੇਸ਼ਾਂ ਨੂੰ ਸਿਰ-ਮੱਥੇ ਪ੍ਰਵਾਨ ਕਰਦਿਆਂ ਹੋਇਆਂ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤੀ ਰੂਪ ਵਿਚ  ਅਨੰਦਪੁਰ ਸਾਹਿਬ ਗੁਰੂ ਚਰਨੀਂ ਆ ਹਾਜ਼ਰ ਹੋਏ। ਵਿਸਾਖੀ ਵਾਲੇ ਦਿਨ ਨਿੱਤਨੇਮ ਅਤੇ ਕਥਾ ਕੀਰਤਨ ਦੀ ਸਮਾਪਤੀ ਉਪਰੰਤ ਗੁਰੂ ਜੀ ਨੇ ਸ੍ਰੀ ਕੇਸਗੜ੍ਹ ਉੱਤੇ ਖਲੋ ਮਿਆਨ ’ਚੋਂ ਲਿਸ਼ਕਦੀ ਕਿਰਪਾਨ ਕੱਢ ਕੇ ਸਾਹਮਣੇ ਦੀਵਾਨ ਵਿਚ ਬੈਠੇ ਸਿੱਖਾਂ ਨੂੰ ਜੋਸ਼ ਭਰੀ ਆਵਾਜ਼ ’ਚ ਇਕ ਸੀਸ ਅਰਪਣ ਕਰਨ ਦੀ ਵੰਗਾਰ ਪਾਈ। ਇਤਿਹਾਸਕਾਰਾਂ ਅਨੁਸਾਰ ਇਸ ਅਸਚਰਜ ਤੇ ਅਣਕਿਆਸੀ ਵੰਗਾਰ ਨੂੰ ਸੁਣ ਕੇ ਦੀਵਾਨ ’ਚ ਘਬਰਾਹਟ ਭਰਿਆ ਸੰਨਾਟਾ ਛਾ ਗਿਆ। ਕੁਝ ਹੀ ਪਲਾਂ ਪਿੱਛੋਂ ਭਾਈ ਦਯਾ ਰਾਮ ਜੀ ਬੜੀ ਆਜ਼ਿਜ਼ੀ ਅਤੇ ਹਲੀਮੀ ਸਹਿਤ ਨੀਵੀਂ ਪਾਈ ਸਤਿਗੁਰਾਂ ਦੇ ਚਰਨਾਂ ਵਿਚ ਸੀਸ ਅਰਪਣ ਕਰਨ ਲਈ ਪੇਸ਼ ਹੋ ਗਏ। ਕੁਝ ਪਲ ਹੋਈ ਦੇਰੀ ਲਈ ਭਾਈ ਸਾਹਿਬ ਨੇ ਸਤਿਗੁਰਾਂ ਪਾਸੋਂ ਖਿਮਾ ਯਾਚਨਾ ਕੀਤੀ। ਦਸਮੇਸ਼ ਪਿਤਾ ਜੀ ਭਾਈ ਸਾਹਿਬ ਨੂੰ ਨਵੇਂ ਸਜਾਏ ਤੰਬੂ ਵਿਚ ਲੈ ਗਏ। ਛਿਣਾਂ ਬਾਅਦ ਹੀ ਦੀਵਾਨ ’ਚ ਬੈਠੀ ਸੰਗਤ ਨੂੰ ਕਿਰਪਾਨ ਨਾਲ ਕੀਤੇ ਝਟਕੇ ਦੀ ਭੈਅਭੀਤ ਕਰਨ ਵਾਲੀ ਆਵਾਜ਼ ਆਈ। ਅਗਲੇ ਹੀ ਪਲ ਸਤਿਗੁਰ ਜੀ ਲਹੂ ਲਿੱਬੜੀ ਕਿਰਪਾਨ ਲੈ ਕੇ ਫਿਰ ਦੀਵਾਨ ’ਚ ਹਾਜ਼ਰ ਹੋ ਗਏ ਤੇ ਦੂਜੇ ਸੀਸ ਲਈ ਗੜ੍ਹਕਵੀਂ ਲਲਕਾਰ ਪਾਈ। ਇਸ ਵਾਰੀ ਹੱਥ ਜੋੜ ਕੇ ਭਾਈ ਧਰਮ ਚੰਦ ਜੀ ਤੇ ਫਿਰ ਤੀਜਾ ਸੀਸ ਲੈ ਕੇ ਭਾਈ ਹਿੰਮਤ ਰਾਇ ਜੀ, ਚੌਥੀ ਵਾਰ ਭਾਈ ਸਾਹਿਬ ਚੰਦ ਜੀ ਤੇ ਪੰਜਵਾਂ ਸੀਸ ਭਾਈ ਮੋਹਕਮ ਚੰਦ ਜੀ ਗੁਰੂ ਚਰਨਾਂ ’ਚ ਭੇਟ ਕਰਨ ਲਈ ਹਾਜ਼ਰ ਹੋਏ।

ਹਰੇਕ ਮਰਜੀਵੜੇ ਨੂੰ ਦਸਮੇਸ਼ ਪਿਤਾ ਤੰਬੂ ’ਚ ਲੈ ਜਾਂਦੇ ਤੇ ਕਿਰਪਾਨ ਨਾਲ ਕੀਤੇ ਝਟਕੇ ਦੀ ਆਵਾਜ਼ ਸੰਗਤ ਸੁਣਦੀ। ਵੱਡਾ ਤੇ ਇਤਿਹਾਸਕ ਇਨਕਲਾਬ ਲਿਆਉਣ ਲਈ ਤਿਆਰ ਇਨਕਲਾਬੀਆਂ ਦਾ ਇਮਤਿਹਾਨ ਵੀ ਤਾਂ ਅਨੋਖਾ ਅਤੇ ਰੱਤੜਾ ਹੁੰਦਾ ਹੈ। ਦੀਵਾਨ ਵਿਚ ਪੱਸਰੀ ਸ਼ਾਂਤੀ ਅਤੇ ਸਹਿਮ ਭਰੀ ਚੁੱਪ ਉਸ ਵੇਲੇ ਹਰਸ਼-ਉਲਾਸ ’ਚ ਤਬਦੀਲ ਹੋ ਗਈ ਜਦੋਂ ਗੁਰਦੇਵ ਪਿਤਾ ਕਮਰਕੱਸਿਆਂ ’ਚ ਬੱਝੇ ਨਵੇਂ ਚੋਲਿਆਂ ਵਿਚ ਅਤੇ ਨਵੀਆਂ ਦਸਤਾਰਾਂ ਸਜਾਈ ਪੰਜਾਂ ਮਰਜੀਵੜਿਆਂ ਸਮੇਤ ਤੰਬੂ ’ਚੋਂ ਦੀਵਾਨ ’ਚ ਹਾਜ਼ਰ ਹੋ ਗਏ। ਗੁਰੂ ਸਾਹਿਬ ਨੇ ਇਨ੍ਹਾਂ ਪੰਜ ‘ਗੁਰੂ ਸਵਾਰਿਆਂ’ ਨੂੰ ‘ਪੰਜ ਪਿਆਰੇ’ ਦੇ ਖਿਤਾਬ ਨਾਲ ਨਿਵਾਜ਼ਿਆ ਤੇ ਆਪਣੀ ਛਾਤੀ ਨਾਲ ਲਾ ਕੇ ਮਿਹਰ ਭਰੀ ਨਜ਼ਰ ਨਾਲ ਉਨ੍ਹਾਂ ਦੇ ਨਿਮਰ ਚਿਹਰਿਆਂ ’ਤੇ ਕਿਰਪਾ ਦਿ੍ਰਸ਼ਟੀ ਬਖ਼ਸ਼ਿਸ਼ ਕੀਤੀ। ਗੁਰੂ ਗ਼ਰੀਬ-ਨਿਵਾਜ਼ ਸਤਿਗੁਰ ਜੀ ਨੇ ‘ਬੀਰ-ਆਸਣ’ ਹੋ ਸਰਬ-ਲੋਹ ਦੇ ਬਾਟੇ ’ਚ ਨਿਰਮਲ ਜਲ ਨੂੰ ਸਰਬ-ਲੋਹ ਦੇ ਖੰਡੇ ਨਾਲ ਹਿਲਾਉਣਾ ਸ਼ੁਰੂ ਕੀਤਾ। ਖੰਡਾ ਫੇਰਦੇ ਹੋਏ ਗੁਰਦੇਵ ਆਪਣੇ ਮੁਖਾਰਬਿੰਦ ਤੋਂ ਬਾਣੀ ਦਾ ਉਚਾਰਨ ਕਰਦੇ ਰਹੇ। ਗੁਰੂ ਜੀ ਵੱਲੋਂ ਜਪੁਜੀ ਸਾਹਿਬ, ਜਾਪੁ ਸਾਹਿਬ, ਪੰਜ ਸਵੈਯੇ, ਚੌਪਈ ਸਾਹਿਬ ਤੇ ਅਨੰਦ ਸਾਹਿਬ ਦੇ ਪਾਠ ਉਚਾਰਦਿਆਂ ਮਾਤਾ ਜੀਤੋ ਜੀ ਨੇ ਸਰਬ-ਲੋਹ ਦੇ ਬਾਟੇ ਵਿਚਲੇ ਨਿਰਮਲ ਜਲ ’ਚ ਪਤਾਸੇ ਪਾ ਕੇ ‘ਅੰਮਿ੍ਰਤ’ ਤਿਆਰ ਕਰ ਦਿੱਤਾ। ਗੁਰੂ ਜੀ ਵੱਲੋਂ ਅੰਮਿ੍ਰਤ ਤਿਆਰ ਕਰਦੇ ਵਕਤ ਪੰਜ ਪਿਆਰੇ ‘ਵਾਹਿਗੁਰੂ’ ਦਾ ਜਾਪ ਕਰਦੇ ਰਹੇ। ਪੰਜ ਬਾਣੀਆਂ ਦੇ ਪਾਠ ਦਾ ਭੋਗ ਪਾ ਕੇ ਅਰਦਾਸਾ ਸੋਧ ਕੇ ਪੰਜ ਪਿਆਰਿਆਂ ਨੂੰ ਗੁਰੂ ਗੋਬਿੰਦ ਰਾਇ ਜੀ ਨੇ ਬੀਰ ਆਸਣ ਹੋ ਕੇ ਸਜਣ ਲਈ ਫੁਰਮਾਇਆ । ਬੀਰ-ਆਸਣ ਮੁਦਰਾ ’ਚ ਸਜੇ ਪੰਜ ਪਿਆਰਿਆਂ ਨੂੰ ਦਸਮੇਸ਼ ਪਿਤਾ ਨੇ ਆਪਣੇ ਕਰ-ਕਮਲਾਂ ਨਾਲ ਪੰਜ ਪੰਜ ਚੂਲੇ ਅੰਮਿ੍ਰਤ ਦੇ ਛਕਾਏ। ਹਰੇਕ ਚੂਲਾ ਛਕਾਉਣ ਪਿੱਛੋਂ ਗੁਰੂ ਜੀ ਬੁਲੰਦ ਆਵਾਜ਼ ਵਿਚ ‘ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ’ ਗਜਾਉਂਦੇ। ਨਵੇਂ ਸਜੇ ਪੰਜ ਪਿਆਰਿਆਂ ਨੇ ਉਸੇ ਲਹਿਜ਼ੇ ’ਚ ਫਤਿਹ ਦਾ ਪੂਰੇ ਜਲੌ ’ਚ ਜਵਾਬ ਦਿੱਤਾ। ਇਸ ਪਿੱਛੋਂ ਪੰਜ- ਪੰਜ ਚੂਲੇ ਪੰਜ ਪਿਆਰਿਆਂ ਦੇ ਨੇਤਰਾਂ ਅਤੇ ਕੇਸਾਂ ਉੱਪਰ ਕਲਗੀਧਰ ਪਾਤਸ਼ਾਹ ਨੇ ਆਪ ਛਿੜਕੇ।ਫਿਰ ਗੁਰੂ ਸਾਹਿਬ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਸੰਦੇਸ਼ ਦਿੱਤਾ ਕਿ ਹੁਣ ਪੰਜ ਪਿਆਰੇ ਸਿੱਖ ਕੌਮ ਦੇ ਰਹਿਨੁਮਾ ਹੋਣਗੇ। ਖ਼ਾਲਸਾ ਪੰਥ ਲਈ ਪੰਜ ਕਕਾਰਾਂ, ਕੇਸ, ਕੰਘਾ, ਕੜਾ, ਕਿਰਪਾਨ ਤੇ ਕਛਿਹਰੇ ਦਾ ਧਾਰਨੀ ਹੋਣਾ ਲਾਜ਼ਮੀ ਕਰ ਦਿੱਤਾ। ਅਕਾਲ ਪੁਰਖ ਦੀ ਰਜ਼ਾ ’ਚ ਰਾਜ਼ੀ ਰਹਿੰਦਿਆਂ ਅਤੇ ਸਿਰ ਤਲੀ ਉੱਤੇ ਰੱਖਣ ਦੇ ਉਦੇਸ਼ ਦੀ ਪੂਰਤੀ ਲਈ ਹੇਠ ਲਿਖੀਆਂ ਚਾਰ ਬੱਜਰ ਕੁਰਹਿਤਾਂ ਤੋਂ ਵਰਜਿਆ :

1. ਪਰਾਈ ਔਰਤ ਦੇ ਸੰਗ ਤੋਂ ਬਚਣਾ। ਇੱਥੋਂ ਤਕ ਕਿ ਵੈਰੀ ਦੀ ਔਰਤ ਵੱਲ ਵੀ ਮੈਲੀ ਨਜ਼ਰ ਨਹੀਂ ਰੱਖਣੀ।

2. ਕੁੱਠਾ ਮਾਸ ਨਹੀਂ ਖਾਣਾ।

3. ਤੰਬਾਕੂ ਵਰਤਣ ਦੀ ਪੱਕੀ ਮਨਾਹੀ।

4. ਕੇਸਾਂ ਦੀ ਬੇਅਦਬੀ ਨਹੀਂ ਕਰਨੀ।

ਦਸਮੇਸ਼ ਪਿਤਾ ਨੇ ਪੰਜ ਪਿਆਰਿਆਂ ਨੂੰ ਅੰਮਿ੍ਰਤ ਛਕਾਉਣ ਉਪਰੰਤ ਉਨ੍ਹਾਂ ਅੰਦਰ ਨਵਾਂ ਆਤਮਿਕ ਹੁਲਾਰਾ ਇਹ ਫੁਰਮਾ ਕੇ ਪੈਦਾ ਕੀਤਾ ਕਿ ਖ਼ਾਲਸੇ ਦੀ ਕੇਵਲ ਮਾਨਸ ਜਾਤ ਹੈ। ਜਾਤਾਂ ਦੇ ਬੰਧਨ ਕੱਟ ਕੇ ਉਨ੍ਹਾਂ ਦੇ ਨਾਵਾਂ ਨਾਲ ‘ਸਿੰਘ’ ਜੋੜ ਕੇ ਜਾਤੀ ਆਧਾਰਿਤ ਊਚ-ਨੀਚ ਦਾ ਭੇਦ ਮਿਟਾ ਦਿੱਤਾ। ਪੰਜ ਪਿਆਰਿਆਂ ਦੇ ਨਾਂ ਭਾਈ ਦਇਆ ਸਿੰਘ ,ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਸਾਹਿਬ ਸਿੰਘ ਤੇ ਭਾਈ ਮੋਹਕਮ ਸਿੰਘ ਰੱਖ ਦਿੱਤੇ। ਇਸ ਮੌਕੇ ਗੁਰੂ ਜੀ ਨੇ ਅਨੋਖੀ ਖੇਡ ਵਰਤਾ ਦਿੱਤੀ। ਸਤਿਗੁਰ ਜੀ ਖ਼ੁਦ ਬੀਰ ਆਸਣ ਮੁਦਰਾ ’ਚ ਸਜ ਗਏ ਤੇ ਪੰਜ ਪਿਆਰਿਆਂ ਨੂੰ ਅਰਜ਼ੋਈ ਕੀਤੀ ਕਿ ਉਨ੍ਹਾਂ ਨੂੰ ਵੀ ਅੰਮਿ੍ਰਤ ਦੀ ਦਾਤ ਬਖ਼ਸ਼ਣ ਦੀ ਕਿ੍ਰਪਾਲਤਾ ਕੀਤੀ ਜਾਵੇ। ਪੰਜਾਂ ਪਿਆਰਿਆਂ ਲਈ ਇਹ ਨਵੀਂ ਪਰਖ ਸੀ, ਜਿਸ ਵਿਚ ਉਹ ਪੂਰੇ ਉੱਤਰੇ। ਪੰਜ ਪਿਆਰਿਆਂ ਪਾਸੋਂ ਅੰਮਿ੍ਰਤ ਛਕ ਕੇ ਗੁਰੂ ਗੋਬਿੰਦ ਰਾਇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੋ ਗਏ। ਗੁਰੂ ਨਾਨਕ ਦੇਵ ਜੀ ਨੇ ਸਿੱਖੀ ਮਹੱਲ ਦੀ ਨੀਂਹ ਰੱਖੀ, ਅੱਠ ਨਾਨਕ-ਜੋਤ ਗੁਰੂ ਸਾਹਿਬਾਨ ਨੇ ਨਿੱਗਰ ਉਸਾਰੀ ਜਾਰੀ ਰੱਖੀ ਤੇ ਦਸਵੇਂ ਜਾਮੇ ’ਚ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਪੂਰਤੀ ਕਰ ਦਿੱਤੀ। ਪੰਜ ਪਿਆਰਿਆਂ ਸਬੰਧੀ ਸੰਖੇਪ ਵੇਰਵਾ ਭਾਈ ਮੰਗਲ ਸਿੰਘ ਉਪਦੇਸ਼ਕ ਨੇ ‘ਜਨਮਸਾਖੀ ਬਾਬਾ ਬੁੱਢਾ ਜੀ’ ਵਿਚ ਦਿੱਤਾ ਹੈ :

ਭਾਈ ਮੋਹਕਮ ਸਿੰਘ

ਭਾਈ ਮੋਹਕਮ ਸਿੰਘ ਜੀ ਦਾ ਜਨਮ 1720 ਬਿਕ੍ਰਮੀ ਨੂੰ ਦੁਆਰਕਾ (ਗੁਜਰਾਤ) ’ਚ ਭਾਈ ਤੀਰਥ ਚੰਦ ਛੀਂਬੇ ਦੇ ਘਰ ਮਾਤਾ ਦੇਵਾ ਬਾਈ ਦੀ ਕੁੱਖੋਂ ਜਨਮੇ। ਉਨ੍ਹਾਂ ਦਾ ਪਰਿਵਾਰ ਸੰਨ 1685 ’ਚ ਅਨੰਦਪੁਰ ਸਾਹਿਬ ਆ ਵੱਸਿਆ। ਉਨ੍ਹਾਂ ਨੇ ਪਹਾੜੀ ਰਾਜਿਆਂ ਤੇ ਔਰੰਗਜ਼ੇਬ ਦੀਆਂ ਫ਼ੌਜਾਂ ਵਿਰੁੱਧ ਲੜਾਈਆਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ। ਉਹ 7 ਪੋਹ 1761 ਬਿਕ੍ਰਮੀ ਨੂੰ ਸ੍ਰੀ ਚਮਕੌਰ ਸਾਹਿਬ ਦੀ ਜੰਗ ’ਚ ਸ਼ਹੀਦ ਹੋਏ।

ਭਾਈ ਸਾਹਿਬ ਸਿੰਘ

ਭਾਈ ਸਾਹਿਬ ਸਿੰਘ ਜੀ ਸੰਮਤ 1719 ਨੂੰ ਬਿਦਰ ਪੁਰੀ (ਕਰਨਾਟਕ) ’ਚ ਭਾਈ ਚਮਨੇ ਨਰਾਇਣਾ ਜੀ ਨਾਈ ਦੇ ਘਰ ਮਾਤਾ ਸੋਨਾਬਾਈ ਤੋਂ ਜਨਮੇ। ਭਾਈ ਸਾਹਿਬ 16 ਸਾਲ ਦੀ ਉਮਰ ’ਚ ਸੰਨ 1681 ’ਚ ਅਨੰਦਪੁਰ ਸਾਹਿਬ ਆ ਗਏ ਅਤੇ ਗੁਰੂ ਗੋਬਿੰਦ ਜੀ ਦੇ ਸੇਵਕ ਬਣ ਗਏ। ਉਨ੍ਹਾਂ ਨੇ ਅੰਮਿ੍ਰਤ ਛਕਣ ਤੋਂ ਪਹਿਲਾਂ ਵੀ ਧਰਮਯੁੱਧਾਂ ’ਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ’ਚ ਉਨ੍ਹਾਂ ਨੇ ਵੱਡੀ ਵੀਰਤਾ ਦਿਖਾਈ। ਆਪ ਜੀ 7 ਪੋਹ 1762 ਬਿਕ੍ਰਮੀ ਵਾਲੇ ਦਿਨ ਚਮਕੌਰ ਸਾਹਿਬ ਦੀ ਜੰਗ ’ਚ ਸ਼ਹੀਦ ਹੋਏ।

ਭਾਈ ਹਿੰਮਤ ਸਿੰਘ

ਭਾਈ ਹਿੰਮਤ ਸਿੰਘ ਜੀ ਦਾ ਜਨਮ 1718 ਬਿਕ੍ਰਮੀ ਨੂੰ ਜਗਨ ਨਾਥ ਪੁਰੀ (ਉੜੀਸਾ) ਵਿਖੇ ਭਾਈ ਗੁਲਜ਼ਾਰੇ ਝੀਵਰ ਦੇ ਘਰ ਮਾਤਾ ਧਨਬਾਈ ਦੀ ਕੁੱਖੋਂ ਹੋਇਆ। ਆਪ ਜੀ 17 ਸਾਲ ਦੀ ਉਮਰੇ ਸੰਨ 1678 ’ਚ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਹਾਜ਼ਰ ਹੋ ਗਏ। ਆਪ ਜੀ ਪਹਾੜੀ ਰਾਜਿਆਂ ਅਤੇ ਮੁਗਲਈ ਹਕੂਮਤ ਵੱਲੋਂ ਛੇੜੀਆਂ ਲੜਾਈਆਂ ’ਚ ਗੁਰੂ ਦੇ ਬਹਾਦਰ ਯੋਧੇ ਵਜੋਂ ਹਿੱਸਾ ਲੈਂਦੇ ਰਹੇ। ਆਪ ਜੀ 7 ਪੋਹ 1761 ਬਿਕ੍ਰਮੀ ਨੂੰ ਚਮਕੌਰ ਸਾਹਿਬ ਦੀ ਜੰਗ ਵਿਚ ਸ਼ਹੀਦ ਹੋਏ।’ ਗੁਰੂ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕਰ ਕੇ ਪੰਜਾਬੀ ਅਣਖ ,ਗੈਰਤ ਅਤੇ ਸਵੈ-ਮਾਣ ਨੂੰ ਪੁਨਰ- ਸੁਰਜੀਤ ਕਰ ਦਿੱਤਾ। ਇਸ ਜਜ਼ਬੇ ਸਦਕਾ ਹੀ ਨਾਦਿਰ ਸ਼ਾਹ, ਅਹਿਮਦ ਸ਼ਾਹ ਅਬਦਾਲੀ, ਤੈਮੂਰ ਸ਼ਾਹ ਜਿਹੇ ਜ਼ਾਲਮ ਹਮਲਾਵਰਾਂ ਦਾ ਸਿੱਖਾਂ ਨੇ ਅਜਿਹਾ ਕੁਰਬ ਰੋਲਿਆ ਕਿ ਦੱਰਾ ਖੈਬਰ ਤੋਂ ਪੰਜਾਬ ਦਾ ਰਸਤਾ ਉਨ੍ਹਾਂ ਵਾਸਤੇ ਸਦਾ ਲਈ ਬੰਦ ਹੋ ਗਿਆ। ਫਿਰੰਗੀ ਸਾਮਰਾਜੀਆਂ ਨੂੰ ਵੀ ਹਿੰਦੁਸਤਾਨ ’ਚੋਂ ਟਿੰਡ-ਫੂਹੜੀ ਵਲੇਟਣ ਲਈ ਮੁੱਖ ਤੌਰ ’ਤੇ ਸਿੱਖ ਇਨਕਲਾਬੀਆਂ ਨੇ ਹੀ ਮਜਬੂਰ ਕੀਤਾ। ਪੰਜ ਪਿਆਰੇ ਤੇ ਖ਼ਾਲਸਾ ਸਾਜਨਾ ਜਿਹਾ ਕਾਇਨਾਤੀ, ਕ੍ਰਾਂਤੀਕਾਰੀ ਸੁਰਖ਼, ਚਿਰੰਜੀਵੀ, ਇਤਿਹਾਸਕ ਅਤੇ ਨਿਵੇਕਲਾ ਵਰਤਾਰਾ ਮਾਨਵਤਾ ਲਈ ਨਰੋਆ ਮਾਰਗ-ਦਰਸ਼ਨ ਹੈ।

ਭਾਈ ਦਇਆ ਸਿੰਘ

ਭਾਈ ਦਇਆ ਸਿੰਘ ਜੀ ਸੰਮਤ 1726 ਬਿਕਰਮੀ ਨੂੰ ਲਾਹੌਰ (ਪੰਜਾਬ) ਵਿਖੇ ਬੁੱਧੂ ਦੇ ਆਵੇ ਕੋਲ ਸੋਬਤੀ ਖੱਤਰੀ ਭਾਈ ਸੁੱਧੇ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ ਜਨਮੇ। ਭਾਈ ਸੁਧਾ ਗੁਰੂ ਤੇਗ ਬਹਾਦਰ ਜੀ ਦੇ ਅਨਿੰਨ ਸ਼ਰਧਾਲੂ ਸਨ ਅਤੇ ਪਰਿਵਾਰ ਸਮੇਤ 1677 ’ਚ ਅਨੰਦਪੁਰ ਸਾਹਿਬ ’ਚ ਆ ਕੇ ਵੱਸ ਗਏ ਸਨ। ਉਹ ਪੰਜਾਂ ਪਿਆਰਿਆਂ ਦੇ ਜਥੇਦਾਰ ਥਾਪੇ ਗਏ। ਉਨ੍ਹਾਂ ਨੇ ਮੁਗਲ ਹਕੂਮਤ ਅਤੇ ਪਹਾੜੀ ਰਾਜਿਆਂ ਵੱਲੋਂ ਥੋਪੀਆਂ ਸਾਰੀਆਂ ਜੰਗਾਂ ’ਚ ਭਾਗ ਲਿਆ। ਉਹ ਔਰੰਗਜ਼ੇਬ ਕੋਲ ਜ਼ਫ਼ਰਨਾਮਾ ਲੈ ਕੇ ਗਏ ਸਨ। ਸਾਰੀ ਉਮਰ ਗੁਰੂ ਸੇਵਾ ’ਚ ਲਾ ਕੇ 7 ਅੱਸੂ ਸੰਮਤ 1765 ਨੂੰ ਗੋਦਾਵਰੀ ਨਦੀ ਦੇ ਕਿਨਾਰੇ ਹਜ਼ੂਰ ਸਾਹਿਬ ਵਿਖੇ ਚਲਾਣਾ ਕਰ ਗਏ।

ਭਾਈ ਧਰਮ ਸਿੰਘ

ਭਾਈ ਧਰਮ ਸਿੰਘ ਜੀ ਦਾ ਜਨਮ ਸੰਮਤ 1723 ’ਚ ਹਸਤਨਾਪੁਰ (ਜ਼ਿਲ੍ਹਾ ਮੇਰਠ,ਉੱਤਰ ਪ੍ਰਦੇਸ਼) ਵਿਖੇ ਭਾਈ ਸੰਤ ਰਾਮ ਜਵੰਧੇ ਜੱਟ ਦੇ ਘਰ ਮਾਤਾ ਸਾਭੋ ਜੀ ਦੀ ਕੁੱਖੋਂ ਹੋਇਆ। ਬਚਪਨ ’ਚ ਹੀ ਉਹ ਸਿੱਖ ਧਰਮ ਪ੍ਰਤੀ ਸ਼ਰਧਾਵਾਨ ਹੋ ਗਏ ਅਤੇ 1698 ’ਚ ਅਨੰਦਪੁਰ ਸਾਹਿਬ ਆ ਗਏ ਸਨ। ਔਰੰਗਜ਼ੇਬ ਕੋਲ ਜ਼ਫ਼ਰਨਾਮਾ ਪਹੁੰਚਾਉਣ ਲਈ ਉਹ ਭਾਈ ਦਇਆ ਸਿੰਘ ਦੇ ਨਾਲ ਸਨ। ਸੰਮਤ 1774 ਬਿਕ੍ਰਮੀ ਨੂੰ ਗੋਦਾਵਰੀ ਨਦੀ ਦੇ ਕਿਨਾਰੇ ਹਜ਼ੂਰ ਸਾਹਿਬ ਵਿਖੇ ਚਲਾਣਾ ਕਰ ਗਏ।