ਮੈਕਸ ਆਰਥਰ ਮੈਕਾਲਿਫ਼ ਦੀ ਸਿਖ ਪੰਥ ਨੂੰ ਦੇਣ

ਮੈਕਸ ਆਰਥਰ ਮੈਕਾਲਿਫ਼ ਦੀ ਸਿਖ ਪੰਥ ਨੂੰ ਦੇਣ

ਇਤਿਹਾਸ 

ਰਣਜੀਤ ਸਿੰਘ

ਸਿੱਖ ਧਰਮ ਦੁਨੀਆ ਭਰ ਦੇ ਧਰਮਾਂ ਵਿਚੋਂ ਸਭ ਤੋਂ ਛੋਟੀ ਉਮਰ ਦਾ ਧਰਮ ਹੈ। ਇਸ ਧਰਮ ਦੀ ਨੀਂਹ ਅੱਜ ਤੋਂ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਰੱਖੀ ਸੀ। ਸੰਸਾਰ ਭਰ ਦੇ ਚਿੰਤਕਾਂ ਤੇ ਵਿਦਵਾਨਾਂ ਦਾ ਧਿਆਨ ਇਸ ਧਰਮ ਨੇ ਆਪਣੇ ਵੱਲ ਖਿੱਚਿਆ ਹੈ। ਜਿਨ੍ਹਾਂ ਫ਼ਿਲਾਸਫ਼ਰਾਂ ਨੇ ਡੂੰਘੀ ਵਿਚਾਰ ਨਾਲ ਇਸ ਦੀ ਬਾਣੀ, ਇਹਿਤਾਸ ਤੇ ਫਿਲਾਸਫ਼ੀ ਨੂੰ ਵਾਚਿਆ ਹੈ ਉਹ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕੇ। ਅਜਿਹੇ ਵਿਦਵਾਨਾਂ ਵਿਚੋਂ ਇਕ ਆਇਰਲੈਂਡ ਦਾ ਜੰਮਪਲ ਵਿਦਵਾਨ ਸੰਨ 1864 ਵਿਚ ਪੰਜਾਬ ਆਇਆ ਤੇ ਸਿੱਖ ਧਰਮ ਤੋਂ ਪ੍ਰਭਾਵਿਤ ਹੋ ਕੇ ਸਾਰੀ ਉਮਰ ਇਸ ਦੇ ਅਧਿਐਨ ਤੇ ਉਸ ਨੇ ਖੋਜ ਉੱਤੇ ਲਾ ਦਿੱਤੀ।ਮੈਕਸ ਆਰਥਰ ਮੈਕਾਲਿਫ਼ ਦਾ ਜਨਮ 11 ਸਤੰਬਰ ਸੰਨ 1838 ਨੂੰ ਨਿਊਕੈਸਲ ਵੈਸਟ, ਲਿਮੇਰਿਕ ਕਾਉਂਟੀ, ਆਇਰਲੈਂਡ ਵਿਖੇ ਹੋਇਆ। ਉਸ ਨੇ ਸਕੂਲੀ ਵਿਦਿਆ ਨਿਊਕੈਸਲ ਸਕੂਲ ਤੋਂ ਪ੍ਰਾਪਤ ਕੀਤੀ। ਕਾਲਜ ਦੀ ਉੱਚ ਸਿੱਖਿਆ ਉਸ ਨੇ ਆਲਬੇਨੀ ਕਾਲਜ ਅਤੇ ਕਵੀਨਜ਼ ਕਾਲਜ ਗਾਲ੍ਹੇ ਤੋਂ ਪ੍ਰਾਪਤ ਕੀਤੀ ਸੀ। ਉਸ ਨੇ ਮੂਲ ਭਾਸ਼ਾਵਾਂ ਵਿਚੋਂ ਯੂਨਾਨੀ ਤੇ ਲਾਤੀਨੀ ਕਲਾਸਿਕ ਪੜ੍ਹੀ। ਫਿਰ ਉਸ ਨੇ ਫਰੈਂਚ ਅਤੇ ਇਤਾਲਵੀ ਭਾਸ਼ਾ ਦਾ ਗਿਆਨ ਵੀ ਪ੍ਰਾਪਤ ਕੀਤਾ। ਸੰਨ 1862 ਵਿਚ ਉਹ ਇੰਡੀਅਨ ਸਿਵਲ ਸਰਵਿਸ ਪ੍ਰੀਖਿਆ ਲਈ ਚੁਣਿਆ ਗਿਆ ਅਤੇ ਉਸ ਦੀ ਨਿਯੁਕਤੀ ਫਰਵਰੀ 1864 ਵਿਚ ਪੰਜਾਬ ਵਿਚ ਹੋ ਗਈ। ਆਪਣੀ ਮਿਹਨਤ ਸਦਕਾ ਉਹ 1882 ਵਿਚ ਡਿਪਟੀ ਕਮਿਸ਼ਨਰ ਦੇ ਅਹੁਦੇ ਅਤੇ ਸੰਨ 1884 ਵਿਚ ਫਿਰੋਜ਼ਪੁਰ ਵਿਖੇ ਪਹੁੰਚਿਆ ਮੰਡਲ ਜੱਜ ਦੇ ਤੌਰ 'ਤੇ ਨਿਯੁਕਤ ਹੋ ਗਿਆ। ਇੰਡੀਅਨ ਸਿਵਲ ਸਰਵਿਸ ਦੇ ਦੌਰਾਨ ਉਸ ਦੇ ਕੈਰੀਅਰ ਨੂੰ ਕੋਈ ਖਾਸ ਇਤਿਹਾਸ ਨੋਟ ਨਹੀਂ ਮਿਲਿਆ ਪਰ ਉਸ ਦੀ ਡੂੰਘੀ ਸਮਝ ਅਤੇ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਅਤੇ ਉਸ ਦੀਆਂ ਧਾਰਮਿਕ ਗਤੀ ਵਿਧੀਆਂ ਵਿਚਲੀ ਦਿਲਚਸਪੀ ਨੇ ਉਸ ਨੂੰ ਇਕ ਪ੍ਰਸਿੱਧ ਸਰਕਾਰੀ ਉੱਚ ਅਧਿਕਾਰੀ ਬਣਾਇਆ। ਸ਼ਾਇਦ ਇਸੇ ਕਾਰਨ ਉਸ ਦੇ ਭਾਰਤ ਵਿਚ ਸਾਥੀ ਅੰਗਰੇਜ਼ਾਂ ਨਾਲ ਕਈ ਵਾਰ ਵਾਦ-ਵਿਵਾਦ ਵੀ ਰਹੇ।

ਮੈਕਾਲਿਫ਼ ਦੇ ਮਨ ਵਿਚ ਪੰਜਾਬ ਦੇ ਸੱਭਿਆਚਾਰ ਤੇ ਧਾਰਮਿਕ ਅਕੀਦਿਆਂ ਨੂੰ ਸਮਝਣ ਦਾ ਸ਼ੌਕ ਜਾਗਿਆ। ਉਸ ਨੇ ਡੇਰਾ ਗਾਜ਼ੀਖਾਨ ਵਿਚ ਸੁਲੇਮਾਨ ਪਹਾੜ੍ਹੀਆਂ ਹੇਠ ਸਖੀ ਸਰਵਰ ਦਾ ਮੇਲਾ ਦੇਖਿਆ ਤਾਂ ਇਸ ਦਾ ਹਾਲ ਆਪਣੇ ਲੋਕਾਂ ਲਈ ਲਿਖਿਆ। ਸੰਨ 1880 ਵਿਚ ਇਸ ਨੇ ਅੰਮ੍ਰਿਤਸਰ ਦੀ ਦੀਵਾਲੀ ਵੇਖੀ, ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਤੇ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਇਥੋਂ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਸੁਣਿਆ ਤਾਂ ਇਸ ਦਾ ਮਨ ਮੋਹਿਆ ਗਿਆ। ਸੰਨ 1880-81 ਦੇ 'ਕਲਕੱਤਾ ਰੀਵਿਊ' ਦੇ ਤਿੰਨੇ ਅੰਕਾਂ ਵਿਚ ਇਸ ਨੇ ਵਿਸਥਾਰਪੂਰਵਕ ਲੇਖ ਲਿਖ ਕੇ ਆਪਣੇ ਪ੍ਰਭਾਵਾਂ ਨੂੰ ਪੇਸ਼ ਕੀਤਾ। ਉਸ ਨੇ ਪੰਜਾਬ ਵਿਚ ਰਹਿੰਦਿਆਂ ਪੰਜਾਬੀ, ਸੰਸਕ੍ਰਿਤ ਤੇ ਫਾਰਸੀ ਭਾਸ਼ਾ ਦਾ ਚੰਗਾ ਅਧਿਅਨ ਕਰ ਲਿਆ। ਅੰਮ੍ਰਿਤਸਰ ਦੀ ਦੀਵਾਲੀ ਵੇਖਣ ਤੋਂ ਬਾਅਦ ਜੀਵਨ ਦੇ ਅੰਤ ਤੱਕ ਆਪਣੀ ਸਾਰੀ ਉਮਰ ਉਸ ਨੇ ਇਕ ਜਨੂਨੀ ਵਾਂਗ ਸਿੱਖ ਧਰਮ ਦੇ ਲੇਖੇ ਲਾ ਦਿੱਤੀ।ਸੰਨ 1880-81 ਦੇ ਸਮੇਂ ਸਿੱਖਾਂ ਦਾ ਜੀਵਨ ਕਿੰਨਾ ਉੱਚਾ ਤੇ ਸੁੱਚਾ ਹੋਵੇਗਾ ਜਿਸ ਨੇ ਅੰਮ੍ਰਿਤਸਰ ਦੀ ਦੀਵਾਲੀ ਮੌਕੇ ਸੱਤ ਸਮੁੰਦਰਾਂ ਤੋਂ ਪਾਰ ਆਏ ਇਕ ਆਇਰਲੈਂਡ ਦੇ ਜੰਮਪਲ ਦਾ ਮਨ ਮੋਹ ਲਿਆ ਅਤੇ ਉਹ ਸਿੱਖੀ ਦਾ ਦੀਵਾਨਾ ਹੋ ਗਿਆ। ਇਸ ਦੇ ਪਿਛੋਕੜ ਵਿਚ ਜਾਈਏ ਤਾਂ ਪਤਾ ਲਗਦਾ ਹੈ ਕਿ ਇਸ ਵਿਚ ਬਹੁਤ ਯੋਗਦਾਨ ਓਰੀਐਂਟਲ ਕਾਲਜ ਵਾਲੇ ਪ੍ਰੋ: ਗੁਰਮੁਖ ਸਿੰਘ ਦਾ ਹੈ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਪੰਜਾਬੀ ਅਖ਼ਬਾਰ ਚਲਾਇਆ ਸੀ। ਦੂਜਾ ਯੋਗਦਾਨ ਭਾਈ ਕਾਨ੍ਹ ਸਿੰਘ ਨਾਭਾ ਹੋਰਾਂ ਦਾ ਵੀ ਹੈ ਜਿਨ੍ਹਾਂ ਦੀ ਉਮਰ ਉਸ ਵੇਲੇ ਕੇਵਲ 22 ਕੁ ਸਾਲ ਦੀ ਸੀ। ਉਸ ਵਕਤ ਰਿਆਸਤ ਨਾਭਾ ਦੇ ਮਹਾਰਾਜਾ ਹੀਰਾ ਸਿੰਘ ਹੋਰੀਂ ਸਨ। 46 ਸਾਲ ਦੀ ਉਮਰ ਦਾ ਆਈ.ਸੀ.ਐਸ. ਅਫ਼ਸਰ ਮਹਾਰਾਜਾ ਨਾਭਾ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਭਾਈ ਕਾਨ੍ਹ ਸਿੰਘ ਨਾਭਾ ਜੀ ਨੂੰ ਕਹੋ ਕਿ ਉਹ ਮੈਨੂੰ ਆਪਣਾ ਸ਼ਾਗਿਰਦ ਬਣਾ ਲਵੇ। ਮੈਨੂੰ ਦੋ ਸਾਲ ਵਾਸਤੇ ਗੁਰਬਾਣੀ ਤੇ ਗੁਰਮਤਿ ਦੀ ਸਿੱਖਿਆ ਦੇਵੇ। ਮਹਾਰਾਜਾ ਸਾਹਿਬ ਨੇ ਉਸ ਦੀ ਬੇਨਤੀ ਮੰਨ ਲਈ ਤੇ ਭਾਈ ਸਾਹਿਬ ਨੇ ਗੁਰਬਾਣੀ, ਸਿੱਖ ਇਤਿਹਾਸ ਨੇ ਸਿੱਖ ਫਿਲਾਸਫ਼ੀ ਤੇ ਗੁਰਮਤਿ ਗਿਆਨ ਦੀ ਚਿਣਗ ਉਸ ਦੇ ਅੰਦਰ ਜਗਾ ਦਿੱਤੀ।

ਮੈਕਾਲਿਫ਼ ਨੇ ਸੰਨ 1885 ਵਿਚ ਹਾਫਿਜ਼ਾਬਾਦ ਵਾਲੀ ਜਨਮ ਸਾਖੀ ਆਪਣੇ ਖਰਚੇ ਉਤੇ ਰਾਵਲਪਿੰਡੀ ਤੋਂ ਛਪਵਾਈ। ਸਿੱਖ ਧਰਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰਨ ਲਈ ਉਸ ਨੇ ਗਿਆਨੀ ਗਿਆਨ ਸਿੰਘ (ਰਚਿਤ ਪੰਥ ਪ੍ਰਕਾਸ਼) ਦੇ ਸਪੁੱਤਰ ਭਾਈ ਸਰਦੂਲ ਸਿੰਘ ਅਤੇ ਹੋਰ ਸਿੱਖ ਧਰਮ ਦੇ ਵਿਦਵਾਨ ਤੇ ਵਿਆਖਿਆਕਾਰ ਗਿਆਨੀ ਸੰਤ ਸਿੰਘ, ਭਾਈ ਦਿੱਤ ਸਿੰਘ, ਭਗਤ ਲਛਮਣ ਸਿੰਘ, ਭਾਈ ਦਸੌਂਧਾ ਸਿੰਘ, ਭਾਈ ਪ੍ਰੇਮ ਸਿੰਘ, ਭਾਈ ਭਗਵਾਨ ਸਿੰਘ ਤੇ ਭਾਈ ਹਜ਼ਾਰਾ ਸਿੰਘ ਆਦਿ ਨਾਲ ਵਿਚਾਰਾਂ ਕਰਨੀਆਂ ਅਰੰਭ ਕਰ ਦਿੱਤੀਆਂ। ਸੀਨਾ ਬਸੀਨਾ ਜੋ ਪਰੰਪਰਾਵਾਂ ਚਲਦੀਆਂ ਆ ਰਹੀਆਂ ਸਨ, ਉਨ੍ਹਾਂ ਦੀ ਵੀ ਪੁਣਛਾਣ ਉਹ ਕਰਨ ਲੱਗਾ। ਇਸ ਤੋਂ ਪਹਿਲਾਂ ਜਰਮਨ ਦਾ ਈਸਾਈ ਪਾਦਰੀ ਡਾ: ਅਰਨੈਸਟ ਟਰੰਪ ਸਿੱਖ ਇਤਿਹਾਸ ਦੀ ਵਿਆਖਿਆ ਕਰ ਚੁੱਕਾ ਸੀ। ਉਸ ਦੀ ਪੁਸਤਕ ਸੰਨ 1877 ਵਿਚ ਛਪ ਚੁੱਕੀ ਸੀ ਜਿਸ ਤੋਂ ਸਿੱਖ ਬਿਲਕੁਲ ਸੰਤੁਸ਼ਟ ਨਹੀਂ ਸਨ।ਟਰੰਪ ਦਾ ਲਿਖਿਆ ਹੋਇਆ ਇਤਿਹਾਸ ਤੇ ਗੁਰਬਾਣੀ ਬਾਰੇ ਜੋ ਵਿਵਾਦ ਸੀ, ਉਸ ਤੋਂ ਮੈਕਾਲਿਫ਼ ਅਣਜਾਣ ਨਹੀਂ ਸੀ। ਇਸ ਲਈ ਸੰਨ 1880 ਤੋਂ ਜਿਸ ਪ੍ਰੇਮ ਤੇ ਦਿਆਨਤਦਾਰੀ ਨਾਲ ਮੈਕਾਲਿਫ਼ ਇਸ ਕਾਰਜ ਲਈ ਲੱਗਾ ਹੋਇਆ ਸੀ, ਉਸ ਨੇ ਆਪਣੇ ਪੈਸੇ ਤੇ ਸਿਹਤ ਦੀ ਵੀ ਪ੍ਰਵਾਹ ਨਾ ਕੀਤੀ। ਨੌਕਰੀ ਦੇ ਦੌਰਾਨ ਏਨਾ ਜ਼ਿਆਦਾ ਸਮਾ ਕੱਢਣਾ ਬਹੁਤ ਮੁਸ਼ਕਿਲ ਜਾਪਿਆ। ਜੋ ਕੰਮ ਉਸ ਨੇ ਅਰੰਭ ਕੀਤਾ ਸੀ, ਉਹ ਬਹੁਤ ਮਹਾਨ ਸੀ। ਇਹ ਦੇਖਦੇ ਹੋਏ ਸੰਨ 1893 ਵਿਚ ਕਈ ਪ੍ਰਮੁੱਖ ਸਿੱਖਾਂ ਤੇ ਸਿੱਖ ਸੰਸਥਾਵਾਂ ਨੇ ਉਸ ਨੂੰ ਪ੍ਰੇਰਿਆ ਕਿ ਉਹ ਨੌਕਰੀ ਛੱਡ ਕੇ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਬਾਰੇ ਹੀ ਅਧਿਐਨ ਕਰੇ। ਉਸ ਦੀ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾਵੇਗੀ। ਮੈਕਾਲਿਫ਼ ਨੂੰ ਖੁਦ ਵੀ ਇਹ ਜਨੂਨ ਹੀ ਸੀ ਕਿ ਉਹ ਗੁਰਬਾਣੀ ਅਤੇ ਸਾਰਾ ਸਿੱਖ ਇਤਿਹਾਸ ਅੰਗਰੇਜ਼ੀ ਵਿਚ ਲਿਖ ਕੇ ਛਪਵਾਵੇ। ਇਸ ਕਾਰਜ ਲਈ ਉਸ ਨੇ ਨੌਕਰੀ ਛੱਡ ਦਿੱਤੀ।

ਮੈਕਾਲਿਫ਼ ਹਮੇਸ਼ਾ ਸਿੱਖ ਵਿਦਵਾਨਾਂ ਨਾਲ ਘਿਰਿਆ ਰਹਿੰਦਾ ਸੀ। ਅੰਮ੍ਰਿਤਸਰ ਵਿਚ ਉਸ ਦਾ ਘਰ ਇਕ ਸੈਮੀਨਾਰ ਦੀ ਤਰ੍ਹਾਂ ਹੀ ਸੀ ਜਿਥੇ ਧਰਮ ਸਬੰਧੀ ਵਿਚਾਰ-ਵਟਾਂਦਰੇ ਦੇ ਨਾਲ-ਨਾਲ ਸਾਹਿਤਕ ਤੇ ਭਾਸ਼ਾਈ ਗਿਆਨ ਦੀ ਵਿਚਾਰਧਾਰਾ ਵੀ ਚੱਲਦੀ ਰਹਿੰਦੀ ਸੀ। ਉਸ ਨੇ ਅੰਗਰੇਜ਼ੀ ਜਾਣਨ ਵਾਲੇ ਸਿੱਖ ਵਿਦਵਾਨਾਂ ਦੀ ਸਲਾਹ ਵੀ ਲਈ ਅਤੇ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਵੱਖਰੇ-ਵੱਖਰੇ ਹਿੱਸੇ ਦੀਆਂ ਕਾਪੀਆਂ ਵੰਡੀਆਂ ਗਈਆਂ ਜਿਸ ਦਾ ਉਸ ਨੇ ਅਨੁਵਾਦ ਕੀਤਾ ਸੀ। ਜਦੋਂ ਉਸ ਨੇ 'ਜਪੁ' ਬਾਣੀ ਦਾ ਅਨੁਵਾਦ ਕੀਤਾ ਤਾਂ ਉਸ ਨੇ ਭਗਤ ਲਛਮਣ ਸਿੰਘ ਨੂੰ ਭੇਜਿਆ ਤੇ ਉਸ ਨੇ ਅੱਗੇ ਆਪਣੇ ਭਰਾ ਬਾਲ ਮੁਕੰਦ ਜੋ ਐਲ.ਐਲ.ਬੀ. ਸੀ ਅਤੇ ਇਕ ਹੋਰ ਉਦਾਸੀ ਮਿੱਤਰ ਜੋ ਸੰਸਕ੍ਰਿਤ ਦੇ ਮਹਾਨ ਵਿਦਵਾਨ ਸੀ ਦੀ ਮਦਦ ਨਾਲ ਇਸ ਨੂੰ ਸੋਧਿਆ। ਮੈਕਾਲਿਫ਼ ਨੇ ਕੁਝ ਸਿੱਖ ਪਤਵੰਤਿਆਂ ਨੂੰ ਅਤੇ ਵਿਦੇਸ਼ਾਂ ਵਿਚ ਉੱਘੇ ਵਿਦਵਾਨਾਂ ਨੂੰ ਵੀ ਕਾਪੀਆਂ ਭੇਜੀਆਂ। ਇਸ ਦੇ ਬਦਲੇ ਵਿਚ ਬਹੁਤ ਸਾਰੇ ਸਿੱਖ ਵਿਦਵਾਨਾਂ ਅਤੇ ਯੂਰਪੀਅਨ ਵਿਦਵਾਨਾਂ ਨੇ ਮੈਕਾਲਿਫ਼ ਨੂੰ ਪ੍ਰਸੰਸਾ ਪੱਤਰ ਭੇਜੇ।ਮੈਕਾਲਿਫ਼ ਆਪਣਾ ਸਾਰਾ ਕੰਮ ਪੂਰਾ ਕਰਨ ਹਿੱਤ ਜਿਨ੍ਹਾਂ ਸਿੱਖ ਵਿਦਵਾਨਾਂ ਨੂੰ ਆਪਣੇ ਕੋਲ ਬਲਾਉਂਦਾ ਸੀ ਉਨ੍ਹਾਂ ਨੂੰ ਆਉਣ-ਜਾਣ ਦੇ ਕਿਰਾਏ ਤੋਂ ਇਲਾਵਾ ਅਤੇ ਬਣਦੀ ਤਨਖਾਹ ਦਾ ਇਵਜ਼ਾਨਾ ਵੀ ਦਿੰਦਾ ਸੀ ਅਤੇ ਉਨ੍ਹਾਂ ਦੀ ਦਿਲੋਂ ਸੇਵਾ ਵੀ ਕਰਦਾ ਸੀ। 1907 ਵਿਚ ਤੇ 1908 ਵਿਚ ਦੋ ਵਾਰ ਉਸ ਨੇ ਆਪਣੇ ਖਰਚ 'ਤੇ ਭਾਈ ਕਾਨ੍ਹ ਸਿੰਘ ਨੂੰ ਇੰਗਲੈਂਡ ਸੱਦ ਕੇ ਅੱਠ-ਅੱਠ ਮਹੀਨੇ ਆਪਣੇ ਕੋਲ ਰੱਖਿਆ। ਹੋਰ ਤਾਂ ਹੋਰ ਉਸ ਨੇ 30 ਸਾਲ ਦੀ ਮਿਹਨਤ ਨਾਲ ਪ੍ਰਕਾਸ਼ਿਤ ਆਪਣੀਆਂ ਲਿਖਤਾਂ ਦੇ ਸਾਰੇ ਅਧਿਕਾਰ ਭਾਈ ਕਾਨ੍ਹ ਸਿੰਘ ਨੂੰ ਦੇ ਦਿੱਤੇ। ਇੱਥੇ ਹੀ ਬਸ ਨਹੀਂ, ਉਸ ਨੇ ਲੰਡਨ ਦੀ ਆਪਣੀ ਆਲੀਸ਼ਾਨ ਕੋਠੀ ਦੀ ਪੇਸ਼ਕਸ਼ ਭਾਈ ਸਾਹਿਬ ਨੂੰ ਕੀਤੀ ਅਤੇ ਕਿਹਾ ਕਿ ਤੁਸੀਂ ਉਮਰ ਭਰ ਇਥੇ ਰਹਿ ਕੇ ਪੜ੍ਹੋ-ਲਿਖੋ। ਇਹ ਕੋਠੀ ਤੁਹਾਡੀ ਹੀ ਹੈ। ਪਰ ਭਾਈ ਸਾਹਿਬ ਦੀ ਵਿਸ਼ਾਲ ਦਿਲੀ ਇਹ ਕਿ ਉਨ੍ਹਾਂ ਨੇ ਧੰਨਵਾਦ ਸਹਿਤ ਇਸ ਨੂੰ ਅਸਵੀਕਾਰ ਕਰ ਦਿੱਤਾ।ਜਦੋਂ ਕੰਮ ਪੂਰਾ ਹੋ ਗਿਆ ਤਾਂ ਮੈਕਾਲਿਫ਼ ਨੇ ਬੇਨਤੀ ਕੀਤੀ ਕਿ ਸਿੱਖ ਵਿਦਵਾਨਾਂ ਦੀ ਇਕ ਕਮੇਟੀ ਬਣਾਈ ਜਾਵੇ ਜੋ ਉਸ ਦੇ ਅਨੁਵਾਦ ਦੀ ਪੜਤਾਲ ਕਰੇ। ਉਸ ਨੂੰ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ ਬੁੰਗਾ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਇਆ ਗਿਆ ਕਿ ਉਹ ਇਸ ਸਬੰਧੀ ਸਿੱਖਾਂ ਦੀ ਇਕੱਤਰਤਾ ਨੂੰ ਸੰਬੋਧਨ ਕਰੇ। ਹਰਿਮੰਦਰ ਸਾਹਿਬ ਦੇ ਸੁਪਰਡੈਂਟ ਕਰਨਲ ਜਵਾਲਾ ਸਿੰਘ ਨੇ ਅਨੁਵਾਦ ਦੀ ਪੜਤਾਲ ਕਰਨ ਲਈ ਭਾਈ ਸਰਦੂਲ ਸਿੰਘ, ਭਾਈ ਸੰਤ ਸਿੰਘ ਤੇ ਭਾਈ ਪ੍ਰੇਮ ਸਿੰਘ ਦੀ ਇਕ ਕਮੇਟੀ ਦਾ ਮਤਾ ਰੱਖਿਆ ਜਿਸ ਨੂੰ ਸਰਬ ਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ। ਜਦੋਂ ਕਮੇਟੀ ਦਾ ਕੰਮ ਪੂਰਾ ਹੋ ਗਿਆ ਤਾਂ ਮੈਕਾਲਿਫ਼ ਨੇ ਕਾਰਜ ਦੀ ਸਫ਼ਲਤਾ ਲਈ ਅਖੰਡ ਪਾਠ ਕਰਵਾਇਆ ਅਤੇ ਉਨ੍ਹਾਂ ਲਈ ਨਿੱਜੀ ਤੌਰ 'ਤੇ ਵਿਸ਼ੇਸ਼ ਅਰਦਾਸ ਕੀਤੀ ਗਈ। ਅਖੀਰ ਵਿਚ ਕਮੇਟੀ ਨੇ ਆਪਣੀ ਰਾਏ ਇਸ ਤਰ੍ਹਾਂ ਦਰਜ ਕੀਤੀ।'ਅਸੀਂ ਅੰਗਰੇਜ਼ੀ ਨਾਲ ਜਾਣੂ ਵਿਦਵਾਨ ਸਿੱਖਾਂ ਦੀ ਕਮੇਟੀ ਰਾਹੀਂ ਮੈਕਾਲਿਫ਼ ਵਲੋਂ ਅਨੁਵਾਦਿਤ ਗ੍ਰੰਥ ਨੂੰ ਧਿਆਨ ਨਾਲ ਵਾਚਿਆ ਹੈ। ਜਿੱਥੇ ਕੋਈ ਗ਼ਲਤੀ ਜਾਪਦੀ ਸੀ, ਅਸੀਂ ਸਾਰੇ ਮਿਲ ਕੇ ਵਿਚਾਰ-ਵਟਾਂਦਰਾ ਕਰ ਲੈਂਦੇ ਸੀ ਤੇ ਇਸ ਨੂੰ ਸੋਧ ਦਿੰਦੇ। ਇਸ ਲਈ ਅਸੀਂ ਹੁਣ ਸਾਰੇ ਇਕ ਮੱਤ ਨਾਲ ਦੱਸ ਰਹੇ ਹਾਂ ਕਿ ਸ਼੍ਰੀ ਮੈਕਾਲਿਫ਼ ਦੁਆਰਾ ਲਿਖਿਆ ਅਨੁਵਾਦ ਪੂਰੀ ਤਰ੍ਹਾਂ ਸੋਧਿਆ ਗਿਆ ਹੈ ਅਤੇ ਸਹੀ ਹੈ। ਅਨੁਵਾਦ ਨੂੰ ਸਿੱਖਾਂ ਦੇ ਧਾਰਮਿਕ ਸਿਧਾਂਤਾਂ ਦੇ ਅਨੁਕੂਲ ਬਣਾਉਣ ਵਿਚ ਸਭ ਤੋਂ ਵੱਧ ਧਿਆਨ ਰੱਖਿਆ ਗਿਆ ਹੈ। ਅਨੁਵਾਦ ਸਾਰੇ ਵਿਆਕਰਣਕ ਨਿਯਮਾਂ ਦੇ ਅਨੁਸਾਰ ਕੀਤਾ ਗਿਆ ਹੈ। ਅਨੁਵਾਦ ਕਰਨ ਲਈ ਮੈਕਾਲਿਫ਼ ਨੇ ਗੁਰੂਆਂ, ਸੰਤਾਂ ਤੇ ਸੂਫੀਆਂ ਦੇ ਜੀਵਨ ਬਿਰਤਾਂਤ ਵੀ ਸ਼ਾਮਿਲ ਕੀਤੇ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦਾ ਹਿੱਸਾ ਹੈ।

ਇਸ ਉਪਰੰਤ ਮੈਕਾਲਿਫ਼ ਨੇ ਇਹ ਸਾਰਾ ਅਨੁਵਾਦ ਔਕਸਫੋਰਡ ਯੂਨੀਵਰਸਟੀ, ਇੰਗਲੈਂਡ ਵਿਚ ਭੇਜਿਆ। ਪ੍ਰਕਾਸ਼ਨ ਦੇ ਪ੍ਰਬੰਧ ਲਈ ਅਤੇ ਸਬੂਤਾਂ ਦੀ ਜਾਂਚ ਲਈ ਭਾਈ ਕਾਨ੍ਹ ਸਿੰਘ ਨਾਭਾ ਇੰਗਲੈਂਡ ਵਿਚ ਹੀ ਰਹੇ। ਸੰਨ 1909 ਵਿਚ ਇਹ ਕਿਤਾਬ 6 ਹਿੱਸਿਆਂ ਵਿਚ ਛਪ ਗਈ ਜਿਸ ਨਾਲ ਮੈਕਾਲਿਫ਼ ਦੇ ਦਿਲ ਨੂੰ ਬਹੁਤ ਪ੍ਰਸੰਨਤਾ ਹੋਈ।1909 ਵਿਚ 6 ਜਿਲਦਾਂ ਵਿਚ ਛਪੇ ਇਸ 'ਸਿੱਖ ਰਿਲੀਜਨ' ਗ੍ਰੰਥ ਵਿਚ ਮੈਕਾਲਿਫ਼ ਨੇ ਕੀ ਕੁੱਝ ਕੀਤਾ। ਸਭ ਤੋਂ ਪਹਿਲੀ ਗੱਲ ਉਸ ਨੇ ਇਹ ਕੀਤੀ ਕਿ ਡਾ: ਅਰਨੈਸਟ ਟਰੰਪ ਦੁਆਰਾ ਸਿੱਖ ਧਰਮ, ਗੁਰਬਾਣੀ ਤੇ ਇਤਿਹਾਸ ਬਾਰੇ ਜੋ ਗ਼ਲਤ ਬਿਆਨੀ ਕੀਤੀ, ਉਸ ਨੂੰ ਦਰੁਸਤ ਕੀਤਾ। ਫਿਰ ਉਸ ਨੇ ਹਰ ਨੁਕਤੇ ਨੂੰ ਸਿੱਖਾਂ ਦੇ ਪ੍ਰਵਾਣਿਤ ਦ੍ਰਿਸ਼ਟੀਕੋਣ ਤੋਂ ਪੂਰੀ ਇਮਾਨਦਾਰੀ ਨਾਲ ਪੇਸ਼ ਕੀਤਾ। ਪਹਿਲੀ ਜਿਲਦ ਵਿਚ ਮੈਕਾਲਿਫ਼ ਨੇ ਸਿੱਖ ਧਰਮ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ ਗੁਰੂ ਨਾਨਕ ਦੇਵ ਜੀ ਦਾ ਜੀਵਨ 'ਤੇ ਉਨ੍ਹਾਂ ਦੀਆਂ ਚੋਣਵੀਆਂ ਬਾਣੀਆਂ ਬਾਰੇ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਦੂਜੀ ਜਿਲਦ ਵਿਚ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਜੀਵਨ 'ਤੇ ਉਨ੍ਹਾਂ ਦੀਆਂ ਚੋਣਵੀਆਂ ਬਾਣੀਆਂ ਦਾ ਅਨੁਵਾਦ ਪੇਸ਼ ਕੀਤਾ। ਤੀਜੀ ਜਿਲਦ ਵਿਚ ਗੁਰੂ ਅਰਜਨ ਦੇਵ ਜੀ ਦੀ ਜੀਵਨੀ ਤੇ ਉਨ੍ਹਾਂ ਦੀਆਂ ਚੋਣਵੀਆਂ ਬਾਣੀਆਂ ਦਾ ਅਨੁਵਾਦ ਹੈ। ਚੌਥੀ ਜਿਲਦ ਵਿਚ ਛੇਵੇਂ, ਸੱਤਵੇਂ, ਅੱਠਵੇਂ ਤੇ ਨੌਵੇਂ ਗੁਰੂ ਸਾਹਿਬ ਦਾ ਜੀਵਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਸ਼ਾਮਿਲ ਹੈ। ਪੰਜਵੀ ਜਿਲਦ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਉਨ੍ਹਾਂ ਦੀ ਚੋਣਵੀਂ ਬਾਣੀ ਦੇ ਅਨੁਵਾਦ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਦਰਜ ਹੈ। ਛੇਵੀਂ ਜਿਲਦ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਗੁਰੂਆਂ ਦੀ ਬਾਣੀ ਤੋਂ ਇਲਾਵਾ ਜੋ ਹੋਰ ਬਾਣੀਕਾਰ ਜਿਵੇਂ 15 ਭਗਤ, 11 ਭੱਟ ਤੇ 3 ਗੁਰਸਿੱਖਾਂ ਦਾ ਜੀਵਨ ਬਿਰਤਾਂਤ 'ਤੇ ਉਨ੍ਹਾਂ ਦੀ ਚੋਣਵੀ ਬਾਣੀ ਦਾ ਅੰਗਰੇਜ਼ੀ ਅਨੁਵਾਦ ਅੰਕਿਤ ਹੈ। 2500 ਪੰਨਿਆਂ ਦਾ ਇਹ ਗ੍ਰੰਥ ਜੋ 6 ਜਿਲਦਾਂ ਵਿਚ ਮੌਜੂਦ ਹੈ ਜਿਸ ਵਿਚ ਲੱਗਭਗ ਅੱਧੇ ਪੰਨੇ ਗੁਰਬਾਣੀ ਦੇ ਅਨੁਵਾਦ ਦੇ ਅਤੇ ਜੀਵਨੀਆਂ ਨਾਲ ਸਬੰਧਿਤ ਹਨ।ਮੈਕਾਲਿਫ਼ ਨੇ ਕੇਵਲ ਇਹ 6 ਜਿਲਦਾਂ ਵਾਲਾ ਗ੍ਰੰਥ ਹੀ ਨਹੀਂ ਲਿਖਿਆ, ਸਗੋਂ ਉਸ ਨੇ ਵਿਸ਼ਵ ਭਰ ਵਿਚ ਹੋਣ ਵਾਲੇ ਧਾਰਮਿਕ ਸੰਮੇਲਨਾਂ ਵਿਚ ਸਿੱਖ ਧਰਮ ਦੀ ਪ੍ਰਤੀਨਧਤਾ ਵੀ ਕੀਤੀ। 1897 ਵਿਚ ਰੋਮ ਵਿਚ ਹੋਈ 'ਕਾਂਗਰਸ ਆਫ ਓਰੀਐਂਟਲਿਸਟਸ' ਵਿਚ ਉਸ ਨੇ ਪਵਿੱਤਰ ਗੁਰਬਾਣੀ ਬਾਰੇ ਆਪਣਾ ਖੋਜ ਪੱਤਰ ਪੜ੍ਹਿਆ। 1899 ਵਿਚ ਇਸੇ ਹੀ ਕਾਂਗਰਸ ਸੰਮੇਲਨ ਵਿਚ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਖੋਜ ਪੱਤਰ ਪੇਸ਼ ਕੀਤਾ। 1905 ਵਿਚ ਪੈਰਿਸ ਵਿਚ ਹੋਈ ਇਸ ਕਾਂਗਰਸ ਵਿਚ ਸਿੱਖਾਂ ਦੇ ਸ਼ਾਂਤਮਈ ਧਾਰਮਿਕ ਸਮੂਹ ਤੋਂ ਜੰਗਜੂ ਕੌਮ ਵਿਚ ਬਦਲਣ ਦਾ ਇਤਿਹਾਸ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ। ਦੇਸ਼ ਵਿਚ ਵੀ ਵੱਖ-ਵੱਖ ਥਾਵਾਂ 'ਤੇ ਜਿਥੇ ਵੀ ਉਹ ਜਾਂਦਾ, ਸਿੱਖ ਧਰਮ ਇਕ ਨਿਵੇਕਲਾ ਧਰਮ ਵਿਸ਼ੇ 'ਤੇ ਵਿਚਾਰ ਪੇਸ਼ ਕਰਦਾ ਸੀ। 1899 ਵਿਚ ਉਸ ਨੇ ਸਿੱਖ ਸੰਗਤਾਂ ਨੂੰ ਖ਼ਾਲਸੇ ਦੀ ਦੂਜੀ ਸ਼ਤਾਬਦੀ ਮਨਾਉਣ ਲਈ ਉਤਸ਼ਾਹਿਤ ਕੀਤਾ ਅਤੇ ਮਾਇਕ ਤੌਰ 'ਤੇ ਇਸ ਵਿਚ ਆਪਣਾ ਯੋਗਦਾਨ ਵੀ ਪਾਇਆ। ਸਿੱਖ ਧਰਮ ਪ੍ਰਤੀ ਉਸ ਦੀ ਕਿੰਨੀ ਕੁ ਸ਼ਰਧਾ ਸੀ, ਉਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਜਦੋਂ 1911 ਵਿਚ ਐਨਸਾਈਕਲੋ ਪੀਡੀਆ ਬ੍ਰਿਟੈਨਿਕਾ ਛਾਪਿਆ ਗਿਆ ਤਾਂ ਸਿੱਖਾਂ ਨਾਲ ਸਬੰਧਤ ਹਰ ਇੰਦਰਾਜ ਮੈਕਾਲਿਫ਼ ਨੇ ਲਿਖਿਆ।

ਮੈਕਾਲਿਫ਼ ਦੇ ਜ਼ਿਹਨ ਵਿਚ ਸਿੱਖ ਧਰਮ ਤੇ ਸਿੱਖੀ ਪ੍ਰਤੀ ਸ਼ਰਧਾ ਏਨੀ ਘਰ ਕਰ ਗਈ ਸੀ ਕਿ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਸਿੱਖੀ ਦੇ ਰੰਗ ਵਿਚ ਰੰਗਿਆ ਗਿਆ। ਸੱਤ ਸਮੁੰਦਰੋਂ ਪਾਰ ਮੈਕਾਲਿਫ਼ ਨੇ ਆਪਣੀ ਵਸੀਅਤ ਵਿਚ ਲਿਖਿਆ ਕਿ ਮੇਰੀਆਂ ਅੰਤਮ ਰਸਮਾ ਈਸਾਈ ਮੱਤ ਅਨੁਸਾਰ ਕਰਨ ਦੀ ਬਜਾਏ ਸਿੱਖ ਰਹੁਰੀਤਾਂ ਅਨੁਸਾਰ ਨਿਭਾਈਆਂ ਜਾਣ। 15 ਮਾਰਚ, 1913 ਦੀ ਰਾਤ ਨੂੰ 8 ਵੱਜ ਕੇ 10 ਮਿੰਟ 'ਤੇ ਮੈਕਾਲਿਫ਼ ਇਸ ਨਾਸ਼ਵਾਨ ਸੰਸਾਰ ਨੂੰ ਵੈਸਟ ਕੈਨਸਿੰਗ ਲੰਡਨ ਵਿਖੇ ਆਪਣੇ ਘਰ ਸਿਨਕਲੇਅਰ ਗਾਰਡਨਜ਼ ਵਿਖੇ ਅਲਵਿਦਾ ਕਹਿ ਗਿਆ। ਮੌਤ ਤੋਂ ਦਸ ਮਿੰਟ ਪਹਿਲਾਂ ਉਸ ਨੇ ਜਪੁ ਜੀ ਸਾਹਿਬ ਦਾ ਪਾਠ ਸੰਪੂਰਨ ਕੀਤਾ ਤੇ ਅਰਦਾਸ ਕੀਤੀ ਸੀ। ਮੈਕਾਲਿਫ਼ ਦੀ ਮੌਤ ਦੀ ਖਬਰ ਪੰਜਾਬ ਵਿਚ ਉਸ ਦੇ ਅਣਗਿਣਤ ਦੋਸਤਾਂ ਲਈ ਇਕ ਵੱਡਾ ਨਿੱਜੀ ਸਦਮਾ ਸੀ। ਰਾਵਲਪਿੰਡੀ ਦੇ ਸਿੱਖਾਂ ਨੇ ਮੈਕਾਲਿਫ਼ ਮੈਮੋਰੀਅਲ ਸੁਸਾਇਟੀ ਦੀ ਸਥਾਪਨਾ ਕੀਤੀ।ਮੈਕਾਲਿਫ਼ ਨੂੰ ਇਸ ਗੱਲ ਦਾ ਵੀ ਪਛਤਾਵਾ ਸੀ ਕਿ ਉਸ ਦੇ ਇਸ ਪਵਿੱਤਰ ਕਾਰਜ ਨੂੰ ਸਰਕਾਰੀ ਸਰਪ੍ਰਸਤੀ ਨਹੀਂ ਸੀ ਮਿਲੀ। ਸਰਕਾਰਾਂ ਦੇ ਰਵੱਈਏ ਤੋਂ ਸੰਕੇਤ ਲੈਂਦਿਆਂ ਸਿੱਖ ਕੌਮ ਦਾ ਇਕ ਹਿੱਸਾ ਵੀ ਠੰਢਾ ਹੋ ਗਿਆ। ਉਸ ਦੀਆਂ ਅੰਤਿਮ ਰਸਮਾਂ ਸਮੇਂ ਈਸਾਈ ਕਹਿ ਰਹੇ ਸਨ ਕਿ ਉਹ ਆਪਣੇ ਆਪ ਨੂੰ ਈਸਾਈ ਨਹੀਂ ਸੀ ਮੰਨਦਾ ਇਸ ਲਈ ਈਸਾਈ ਧਰਮ ਮੁਤਾਬਕ ਉਸ ਨੂੰ ਕਬਰ ਵਿਚ ਨਹੀਂ ਦਫ਼ਨਾਵਾਂਗੇ। ਤੰਗ ਨਜ਼ਰੀਏ ਵਾਲੇ ਸਿੱਖ ਕਹਿ ਰਹੇ ਸਨ ਕਿ ਉਹ ਕੇਸਾਧਾਰੀ ਨਹੀਂ ਸੀ, ਇਸ ਲਈ ਸਿੱਖ ਰਹੁ ਰੀਤਾਂ ਅਨੁਸਾਰ ਸਸਕਾਰ ਨਹੀਂ ਹੋ ਸਕਦਾ। ਅਖੀਰ ਇਹ ਫੈਸਲਾ ਕੀਤਾ ਗਿਆ ਕਿ ਉਸ ਦੀ ਦੇਹ ਨੂੰ ਤਾਬੂਤ ਵਿਚ ਪਾ ਕੇ ਪੰਜ ਮਿੰਟ ਲਈ ਕਬਰ ਵਿਚ ਰੱਖਿਆ ਜਾਵੇ, ਇਸ ਉਪਰੰਤ ਉਸ ਦਾ ਸਸਕਾਰ ਕੀਤਾ ਜਾਵੇ। ਛੇਤੀ ਹੀ ਸਿੱਖਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। ਹਫ਼ਤੇ ਕੁ ਬਾਅਦ ਅੰਬਾਲੇ ਵਿਚ ਸਿੱਖ ਐਜੂਕੇਸ਼ਨਲ ਕਾਨਫ਼ਰੰਸ ਹੋਈ ਤਾਂ ਇਕ ਮਤਾ ਪਾਸ ਕਰਕੇ ਉਸੇ ਦੀ ਸਿੱਖ ਧਰਮ ਪ੍ਰਤੀ ਕੀਤੇ ਕਾਰਜਾਂ ਦੀ ਭਰਪੂਰ ਪ੍ਰਸੰਸਾ ਦਾ ਮਤਾ ਪਾਸ ਕੀਤਾ ਗਿਆ। ਇਤਿਹਾਸ ਤੇ ਗੁਰਬਾਣੀ ਦੇ ਖੋਜੀਆਂ ਲਈ ਮੈਕਾਲਿਫ਼ ਦਾ ਗ੍ਰੰਥ 'ਸਿੱਖ ਰਿਲੀਜਨ' ਚਾਨਣ ਮੁਨਾਰੇ ਦਾ ਕੰਮ ਕਰਦਾ ਰਹੇਗਾ।

 

 

-