ਬਾਦਸ਼ਾਹ ਅਕਬਰ ਦੀ ਗੁਰੂ ਅਮਰਦਾਸ ਜੀ ਲਈ ਸ਼ਰਧਾ

ਬਾਦਸ਼ਾਹ ਅਕਬਰ ਦੀ ਗੁਰੂ ਅਮਰਦਾਸ ਜੀ ਲਈ ਸ਼ਰਧਾ

ਧਰਮ ਤੇ ਵਿਰਸਾ

ਡਾਕਟਰ ਨਿਰਮਲ ਸਿੰਘ ਕਾਹਲੋਂ

ਬਾਦਸ਼ਾਹ ਅਕਬਰ ਨੇ 1566 ਤੋਂ 1567 ਈ: ਤੱਕ ਲਾਹੌਰ ਦੇ ਕਿਲ੍ਹੇ ਵਿਚ ਹੀ ਰਿਹਾਇਸ਼ ਕੀਤੀ ਅਤੇ ਦਰਬਾਰ ਲਗਾ ਕੇ ਲੋਕਾਂ ਦੀਆਂ ਫ਼ਰਿਆਦਾਂ ਵੀ ਸੁਣਦਾ ਸੀ। ਗੁਰੂ ਘਰ ਵਿਚ ਊਚ-ਨੀਚ ਸਾਰੇ ਇਕ ਬਰਾਬਰ ਸਮਝੇ ਜਾਂਦੇ ਹਨ, ਇਕ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਸਾਰੇ ਹੀ ਇਕੱਠੇ ਹੋ ਕੇ  ਸਿਮਰਨ ਵੀ ਕਰਦੇ ਹਨ। ਇਸ ਕਰਕੇ ਪੰਜਾਬ ਵਿਚ ਸਤਿਗੁਰੂ ਅਮਰਦਾਸ ਸਾਹਿਬ ਦਾ ਪ੍ਰਭਾਵ ਬਹੁਤ ਹੀ ਵਧ ਗਿਆ ਸੀ। ਬਾਦਸ਼ਾਹ ਅਕਬਰ ਨੇ 1566 ਤੋਂ 1567 ਈ: ਤੱਕ ਲਾਹੌਰ ਦੇ ਕਿਲ੍ਹੇ ਵਿਚ ਹੀ ਰਿਹਾਇਸ਼ ਕੀਤੀ ਅਤੇ ਦਰਬਾਰ ਲਗਾ ਕੇ ਲੋਕਾਂ ਦੀਆਂ ਫ਼ਰਿਆਦਾਂ ਵੀ ਸੁਣਦਾ ਸੀ।ਮਨੂੰਵਾਦ ਲਈ ਸ੍ਰੀ ਗੁਰੂ ਅਮਰਦਾਸ ਸਾਹਿਬ ਨੂੰ ਮਨੂੰਵਾਦੀ ਖ਼ਤਰਨਾਕ ਸਮਝਦੇ ਸਨ। ਲਾਹੌਰ ਦੇ ਮਨੂੰਵਾਦੀਆਂ ਨੂੰ ਇਕੱਠੇ ਹੋ ਕੇ ਪ੍ਰਦੇਸ਼ਕ ਅਤੇ ਕੇਂਦਰੀ ਸਰਕਾਰਾਂ ਨੂੰ ਪ੍ਰਾਚੀਨ ਧਰਮ ਦੀ ਰੱਖਿਆ ਕਰਨ ਲਈ ਦਖਲ ਦੇਣ ਲਈ ਜਾਚਨਾ ਕਰਨ ਵਾਸਤੇ ਪੱਕਾ ਇਰਾਦਾ ਕਰ ਲਿਆ। ਉਨ੍ਹਾਂ ਨੇ ਬਾਦਸ਼ਾਹ ਅਕਬਰ ਕੋਲ ਜਾ ਕੇ ਸ਼ਿਕਾਇਤ ਕੀਤੀ। ਮਨੂੰਵਾਦੀਆਂ ਦੀ ਸ਼ਿਕਾਇਤ ਬੜੀ ਹੀ ਦਿਲਚਸਪ ਸੀ, ਸ਼ਿਕਾਇਤ ਇਸ ਪ੍ਰਕਾਰ ਸੀ

'ਬਾਦਸ਼ਾਹ ਸਲਾਮਤ, ਆਪ ਜੀ ਸਾਡੇ ਰੀਤਾਂ ਰਿਵਾਜਾਂ ਦੇ ਰਖਵਾਲੇ ਅਤੇ ਦੋਸ਼ਾਂ ਦੇ ਸੁਧਾਰਕ ਹੋ। ਹਰ ਇਕ ਵਿਅਕਤੀ ਨੂੰ ਆਪਣਾ ਧਰਮ ਪਿਆਰਾ ਹੁੰਦਾ ਹੈ। ਸਾਨੂੰ ਵੀ ਆਪਣਾ ਧਰਮ ਪਿਆਰਾ ਹੈ। ਗੋਇੰਦਵਾਲ ਦੇ ਗੁਰੂ ਅਮਰਦਾਸ ਨੇ ਸਾਰੇ ਹੀ ਧਾਰਮਿਕ ਅਤੇ ਸਮਾਜਿਕ ਰੀਤੀ ਰਿਵਾਜ ਤਿਆਗ ਦਿੱਤੇ ਹਨ ਅਤੇ ਚਾਰ ਜਾਤੀਆਂ ਦੇ ਭੇਦ-ਭਾਵ ਵੀ ਮਿਟਾ ਦਿੱਤੇ ਹਨ। ਅਜਿਹੀ ਮਨਮਤ ਚਾਰਾਂ ਜੁੱਗਾਂ ਵਿਚ ਕਦੇ ਵੀ ਨਹੀਂ ਸੁਣੀ। ਹੁਣ ਗੋਇੰਦਵਾਲ ਵਿਚ ਨਾ ਤਾਂ ਉਸ ਵੇਲੇ ਦੀ ਪੂਜਾ ਹੁੰਦੀ ਹੈ, ਨਾ ਗਾਇਤਰੀ ਦਾ ਪਾਠ ਹੁੰਦਾ ਹੈ, ਨਾ ਪਿੱਤਰਾਂ ਨੂੰ ਪਾਣੀ ਦਿੱਤਾ ਜਾਂਦਾ ਹੈ, ਨਾ ਹੀ ਤੀਰਥਾਂ ਦੀ ਯਾਤਰਾ ਕੀਤੀ ਜਾਂਦੀ ਹੈ, ਨਾ ਹੀ ਜਗਰਾਤਾ ਕਰਦੇ ਹਨ, ਨਾ ਹਵਨ ਆਦਿ ਕਿਰਿਆ ਕਰਮ ਕੀਤੇ ਜਾਂਦੇ ਹਨ ਅਤੇ ਨਾ ਹੀ ਵੇਦ ਪੜ੍ਹੇ ਜਾਂਦੇ ਹਨ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਅਤੇ ਪਵਿੱਤਰ ਸਾਲਿਗਰਾਮ ਦੀ ਪੂਜਾ ਵੀ ਨਹੀਂ ਹੁੰਦੀ। ਗੋਇੰਦਵਾਲ ਵਿਚ ਕਿਸੇ ਵੀ ਦੇਵੀ ਦੇਵਤੇ ਦੀ ਮੂਰਤੀ ਨਹੀਂ ਹੈ, ਇਕ ਵੀ ਮੰਦਰ ਨਹੀਂ ਹੈ ਅਤੇ ਨਾ ਹੀ ਪਵਿੱਤਰ ਸਾਲਿਗਰਾਮ ਹੈ। ਇਸ ਗੁਰੂ ਨੇ ਇਨ੍ਹਾਂ ਸਾਰੇ ਹੀ ਕਿਰਿਆ ਕਰਮਾਂ ਨੂੰ ਤਿਆਗ ਦਿੱਤਾ ਹੈ ਅਤੇ ਰਾਮ ਰਾਮ ਦੀ ਥਾਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਗੋਇੰਦਵਾਲ ਵਿਚ ਕੋਈ ਵੀ ਵੇਦ ਅਤੇ ਸਿਮਰਤੀਆਂ ਅਨੁਸਾਰ ਚੱਲ ਨਹੀਂ ਰਿਹਾ। ਜੋਗੀਆਂ ਅਤੇ ਬ੍ਰਾਹਮਣਾਂ ਦਾ ਇਹ ਗੁਰੂ ਸਤਿਕਾਰ ਵੀ ਨਹੀਂ ਕਰਦਾ। ਨਾ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਅਤੇ ਆਪਣੇ ਸਿੱਖਾਂ ਨੂੰ ਹੁਕਮ ਦਿੱਤਾ ਹੈ ਕਿ ਇਨ੍ਹਾਂ ਕਾਰਜਾਂ ਨੂੰ ਅੱਗੇ ਤੋਂ ਕਦੇ ਵੀ ਨਹੀਂ ਕਰਨਾ। ਇਹ ਕਾਰਜ ਫਜ਼ੂਲ ਹਨ, ਸਿਰਫ ਇਕ ਪ੍ਰਮੇਸ਼ਵਰ ਨੂੰ ਮੰਨਣਾ ਹੈ। ਇਹ ਆਪਣੇ ਸਿੱਖਾਂ ਨੂੰ ਬਿਨਾਂ ਜਾਤਪਾਤ ਦੇ ਭੇਦ ਭਾਵ ਸਾਰਿਆਂ ਨੂੰ ਇਕ ਕਤਾਰ ਵਿਚ ਬਿਠਾ ਕੇ ਆਪਣੇ ਲੰਗਰ ਵਿਚੋਂ ਭੋਜਨ ਛਕਾਉਂਦਾ ਹੈ, ਚਾਹੇ ਉਹ ਕਿਸੇ ਵੀ ਜਾਤ ਬਿਰਾਦਰੀ ਦੇ ਹੋਣ ਕੋਈ ਊਚ ਨੀਚ ਨਹੀਂ ਮੰਨਦਾ। ਇਹ ਆਧਰਮੀ ਗੁਰੂ ਧਰਮ ਦਾ ਨਿਅਰਥ ਕਰ ਰਿਹਾ ਹੈ। ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਆਧਰਮੀ ਨੰ ਹੁਣ ਹੀ ਰੋੋਕ ਦਿਓ, ਨਹੀਂ ਤਾਂ ਬਾਅਦ ਵਿਚ ਮੁਸ਼ਕਿਲ ਹੋ ਜਾਵੇਗਾ।'

ਬਾਦਸ਼ਾਹ ਅਕਬਰ ਨੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਸੱਦਣ ਲਈ ਆਪਣੇ ਅਹਿਲਕਾਰ ਭੇਜ ਦਿੱਤੇ। ਸਤਿਗੁਰਾਂ ਨੇ ਅਹਿਲਕਾਰਾਂ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਇਆ। ਅਹਿਲਕਾਰਾਂ ਨੇ ਗੁਰੂ ਮਹਾਰਾਜ ਨੂੰ ਮੱਥਾ ਟੇਕਿਆ ਅਤੇ ਗੁਰੂ ਮਹਾਰਾਜ ਨੇ ਭਾਈ ਜੇਠਾ ਜੀ (ਬਾਅਦ ਵਿਚ ਸ੍ਰੀ ਗੁਰੂ ਰਾਮਦਾਸ ਜੀ) ਨੂੰ ਅਹਿਲਕਾਰਾਂ ਦੇ ਨਾਲ ਹੀ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਸਪੱਸ਼ਟੀਕਰਨ ਦੇਣ ਲਈ ਲਾਹੌਰ ਭੇਜ ਦਿੱਤਾ। ਬਾਦਸ਼ਾਹ ਅਕਬਰ ਨੂੰ ਸਪੱਸ਼ਟੀਕਰਨ ਦਿੰਦਿਆਂ ਭਾਈ ਜੇਠਾ ਜੀ ਨੇ ਸਿੱਖ ਮੱਤ ਦੇ ਸਿਧਾਂਤਾਂ ਨੂੰ ਵਿਸਥਾਰ ਨਾਲ ਦੱਸਿਆ।'ਸਿੱਖ ਮੱਤ ਅਨੁਸਾਰ ਜਨਮ ਅਤੇ ਜਾਤ-ਪਾਤ ਦਾ ਕੋਈ ਭਿੰਨ ਭਾਵ ਨਹੀਂ ਹੈ। ਧਰਮ ਨੂੰ ਬਣਾਉਣ ਅਤੇ ਵਿਗਾੜਨ ਦੇ ਮਨੁੱਖ ਦੇ ਆਪਣੇ ਹੀ ਕੰਮ ਹਨ। ਭੋਲੇ ਭਾਲੇ ਲੋਕਾਂ ਨੂੰ ਵਹਿਮਾਂ ਅਤੇ ਭਰਮਾਂ ਵਿਚ ਪਾ ਕੇ ਬ੍ਰਾਹਮਣ ਲੁੱਟ ਮਾਰ ਕਰਦੇ ਹਨ ਅਤੇ ਦੱਸਦੇ ਹਨ ਕਿ ਇਹ ਹੀ ਸੱਚਾ ਧਰਮ ਹੈ। ਅਕਾਲ ਪੁਰਖ ਦਾ ਕਿਸੇ ਪਸ਼ੂ ਆਦਿ ਦੇ ਰੂਪ ਦਾ ਕਾਲਪਨਿਕ ਬੁੱਤ ਬਣਾ ਕੇ ਬੁੱਤਾਂ ਦੀ ਪੂਜਾ ਕਰਦੇ ਹਨ। ਇਨ੍ਹਾਂ ਦੇ ਸਾਰੇ ਹੀ ਦੇਵੀ ਦੇਵਤੇ ਕਾਲਪਨਿਕ ਹਨ। ਨਿਗੂਣੇ ਦੀ ਕੁਦਰਤੀ ਪਦਾਰਥਾਂ ਰਾਹੀਂ ਪੂਜਾ ਕਰਨੀ, ਜਾਂ ਦਇਆ ਅਤੇ ਹਉਮੈ ਤਿਆਗਣ ਦੀ ਥਾਂ ਪਾਪ ਧੋਣ ਲਈ ਤੀਰਥਾਂ ਦੇ ਇਸ਼ਨਾਨ ਕਰਨੇ ਧਰਮ ਨਹੀਂ ਹੈ। ਮਨੁੱਖਾਂ ਨੂੰ ਬ੍ਰਾਹਮਣ ਨੀਚ ਕਹਿ ਕੇ ਤ੍ਰਿਸਕਾਰਦੇ ਹਨ ਅਤੇ ਉਨ੍ਹਾਂ ਨੂੰ ਧਾਰਮਿਕ ਗ੍ਰੰਥਾਂ ਦਾ ਪਾਠ ਕਰਨ ਨਹੀਂ ਦਿੰਦੇ ਅਤੇ ਨਾ ਹੀ ਸੁਣਨ ਦਿੰਦੇ ਹਨ। ਮਨੁੱਖ ਨੂੰ ਮਨੁੱਖ ਨਾਲੋਂ ਪਾੜਨ ਦਾ ਕੰਮ ਹੀ ਕਰਦੇ ਹਨ।ਭਾਈ ਜੇਠਾ ਜੀ ਦਾ ਉੱਤਰ ਸੁਣ ਕੇ ਬਾਦਸ਼ਾਹ ਅਕਬਰ ਦੀ ਤਸੱਲੀ ਹੋ ਗਈ। ਭਾਈ ਜੇਠਾ ਦੀ ਇਸ ਵਿਆਖਿਆ ਨੇ ਬਾਦਸ਼ਾਹ ਅਕਬਰ ਨੂੰ ਸਾਰੇ ਮਨੁੱਖਾਂ ਲਈ ਦੀਨ-ਏ-ਇਲਾਹੀ ਧਰਮ ਅਪਣਾਉਣ ਲਈ ਪ੍ਰੇਰਿਤ ਕੀਤਾ। ਪਰ ਅਕਬਰ ਦੀ ਮੌਤ ਦੇ ਬਾਅਦ ਦੀਨ-ਏ-ਇਲਾਹੀ ਦਾ ਕਾਜ਼ੀਆਂ ਨੇ ਖ਼ਾਤਮਾ ਕਰ ਦਿੱਤਾ।ਭਾਈ ਜੇਠਾ ਜੀ ਦੇ ਸਪੱਸ਼ਟੀਕਰਨ ਤੋਂ ਬਾਦਸ਼ਾਹ ਅਕਬਰ ਐਨਾ ਪ੍ਰਭਾਵਤ ਹੋਇਆ ਕਿ ਉਸ ਨੇ ਨਾ ਕੇਵਲ ਗੁਰੂ ਵਿਰੋਧੀਆਂ ਦੀ ਸ਼ਿਕਾਇਤ ਹੀ ਖਾਰਜ ਕਰ ਦਿੱਤੀ ਸਗੋਂ ਅਖੌਤੀ ਊਚ ਜਾਤੀ ਦੇ ਪ੍ਰਤੀਨਿਧ ਮੰਡਲ ਨੂੰ ਮਾਫੀ ਮੰਗਣ ਲਈ ਵੀ ਹੁਕਮ ਦੇ ਦਿੱਤਾ। ਸ੍ਰੀ ਗੁਰੂ ਰਾਮਦਾਸ ਜੀ ਨੇ ਅਕਾਲ ਪੁਰਖ ਦੇ ਸ਼ੁਕਰਾਨੇ ਲਈ ਸ਼ਬਦ ਉਚਾਰਨ ਕੀਤਾ -

ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥ ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥ 

(ਅੰਗ : 308)

ਬਾਦਸ਼ਾਹ ਅਕਬਰ ਲੰਗਰ ਛਕਦਾ ਹੋਇਆ ਬਾਦਸ਼ਾਹ ਅਕਬਰ ਸਤਿਗੁਰੂ ਅਮਰਦਾਸ ਜੀ ਦੇ ਨਤਮਸਤਕ ਹੋਇਆ। ਬਾਦਸ਼ਾਹ ਅਕਬਰ 1571 ਈ: ਨੂੰ ਧਾਰਮਿਕ ਮਹਾਂਪੁਰਸ਼ਾਂ ਨੂੰ ਮਿਲਣ ਲਈ ਨਿਕਲਿਆ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਗੋਇੰਦਵਾਲ ਸਾਹਿਬ ਵੀ ਆ ਗਿਆ। ਗੁਰੂ ਸਾਹਿਬ ਨੇ ਇਹ ਜ਼ਰੂਰੀ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਦਰਸ਼ਨ ਕਰਨ ਤੋਂ ਪਹਿਲਾਂ ਗੁਰੂ ਦੇ ਲੰਗਰ ਵਿਚ ਪੰਗਤ ਵਿਚ ਬੈਠ ਕੇ ਲੰਗਰ ਛਕ ਕੇ ਹੀ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ। ਗੁਰੂ ਸਾਹਿਬ ਦੇ ਥੜ੍ਹੇ ਤੱਕ ਅਕਬਰ ਦੇ ਕਰਮਚਾਰੀਆਂ ਨੇ ਕੱਪੜੇ ਦਾ ਇਕ ਥਾਨ ਵਿਸ਼ਾ ਦਿੱਤਾ। ਲੰਗਰ ਵਿਚੋਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਅਕਬਰ ਨੰਗੇ ਪੈਰੀਂ ਜਾ ਰਿਹਾ ਸੀ। ਇਸ ਗੁਰੂ ਦੇ ਦਰਸ਼ਨ ਕਰਨ ਲਈ ਕੱਪੜੇ ਉੱਤੋਂ ਜਾਣਾ ਹੈ, ਅਕਬਰ ਨੇ ਥਾਣ ਖਿੱਚ ਕੇ ਪਰਾਂ ਛੁਟਿਆ, ਨੰਗੇ ਪੈਰੀਂ ਜਾ ਕੇ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਅਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਲੰਗਰ ਚਲਾਉਣ ਲਈ ਅਕਬਰ ਨੇ ਗੁਰੂ ਸਾਹਿਬ ਨੂੰ ਜਗੀਰ ਦੇਣ ਦੀ ਪੇਸ਼ਕਸ਼ ਕੀਤੀ। ਗੁਰੂ ਸਾਹਿਬ ਨੇ ਉੱਤਰ ਦਿੱਤਾ 'ਗੁਰੂ ਦਾ ਲੰਗਰ ਕੋਈ ਰਾਜਾ ਜਾਂ ਬਾਦਸ਼ਾਹ ਨਹੀਂ ਚਲਾ ਸਕਦਾ। ਗੁਰੂ ਦਾ ਲੰਗਰ ਸਿਰਫ ਗੁਰੂ ਦੀਆਂ ਸੰਗਤਾਂ ਹੀ ਚਲਾ ਸਕਦੀਆਂ ਹਨ'।