ਲੋਕਤੰਤਰ ਦੀ ਰੱਖਿਆ ਲਈ ਸਾਨੂੰ ਹੋਣਾ ਪਵੇਗਾ ਖਬਰਦਾਰ 

ਲੋਕਤੰਤਰ ਦੀ ਰੱਖਿਆ ਲਈ ਸਾਨੂੰ ਹੋਣਾ ਪਵੇਗਾ ਖਬਰਦਾਰ 

ਲੋਕਤੰਤਰ ਤਾਨਾਸ਼ਾਹੀ ਰੂਪ ਅਖ਼ਤਿਆਰ ਨਾ ਕਰੇ

ਜੇਕਰ ਅਸੀਂ ਲੋਕਤੰਤਰ ਨੂੰ ਆਪਣੀ ਸੱਭਿਅਤਾ ਦਾ ਇੱਕ ਹਿੱਸਾ ਮੰਨਦੇ ਹਾਂ ਤਾਂ ਫਿਰ ਜੀਵਨ ਪੰਧ ਵਿੱਚ ਪੈਰ ਧਰਨ ਲੱਗੇ ਹਰ ਨਾਗਰਿਕ ਨੂੰ ਹਰ ਚੀਜ਼ ਚੁੱਪ ਚਾਪ ਨਹੀਂ ਮੰਨ ਲੈਣੀ ਚਾਹੀਦੀ ਬਲਕਿ ਇਹ ਪਤਾ ਕਰਨਾ ਚਾਹੀਦਾ ਹੈ ਕਿ ਇਹ ਚੀਜ਼ ਕਿਵੇਂ ਪੈਦਾ ਹੋਈ, ਇਸ ਪਿੱਛੇ ਕੀ ਕਾਰਨ ਰਹੇ? ਇਸਦੀ ਅਸਲੀਅਤ ਕੀ ਹੈ? ਕਿਸੇ ਵੀ ਕਾਨੂੰਨ ਜਾਂ ਚੀਜ਼ ਦੀ ਮਹਾਨਤਾ ਜਾਣੇ ਬਿਨਾ ਉਸਨੂੰ ਆਪਣੇ ਮਨ ਵਿੱਚ ਆਦਰ ਨਹੀਂ ਦੇ ਦੇਣਾ ਚਾਹੀਦਾ। ਜਿੰਨੀ ਦੇਰ ਤੱਕ ਕਿਸੇ ਵੀ ਕਾਨੂੰਨ ਦੇ ਸਹੀ ਰੂਪ  ਜਾਂ ਲਾਭ ਹਾਨੀ ਦਾ ਪਤਾ ਨਹੀਂ ਚੱਲਦਾ, ਓਨੀ ਦੇਰ ਤੱਕ ਕਦੇ ਵੀ ਕਿਸੇ ਚੀਜ਼ ਨੂੰ ਸਵੀਕਾਰ ਨਾ ਕੀਤਾ ਜਾਵੇ, ਇਹੀ ਅਸਲੀ ਲੋਕਤੰਤਰ ਹੈ। ਲੋਕਤੰਤਰਿਕ ਹਰ ਦੇਸ਼ ਦੇ ਨਾਗਰਿਕਾਂ ਨੂੰ ਇਹ ਪਤਾ ਹੋਣਾ ਬਹੁਤ ਜਰੂਰੀ ਹੈ ਕਿ ਨੇਤਾਵਾਂ ਦੁਆਰਾ ਕੀਤੀਆਂ ਜਾਣ ਵਾਲੀਆਂ ਅਪੀਲਾਂ ਦੀ ਤਹਿ ਹੇਠ ਕੀ ਗੱਲਾਂ ਹਨ। ਅਸੀਂ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਲੋਕਤੰਤਰ, ਮਨੁੱਖੀ ਅਧਿਕਾਰਾਂ, ਸੰਵਿਧਾਨ ਦੀਆਂ ਪਰਿਭਾਸ਼ਾਵਾਂ ਨੂੰ ਰੱਟੇ  ਲਗਵਾਉਣ ਉੱਪਰ ਜੋਰ ਦਿੰਦੇ ਰਹਿੰਦੇ ਹਾਂ ਬਜਾਇ ਇਸਦੇ ਕਿ ਸਕੂਲ ਤੋਂ ਹੀ ਨੋਜਵਾਨਾਂ ਨੂੰ, ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਵੇ, ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਕਰਵਾਇਆ ਜਾਵੇ ਕਿ ਆਪਣੇ ਹੱਕਾਂ ਲਈ ਅਵਾਜ਼ ਉਠਾਉਣੀ ਸਾਡਾ ਅਧਿਕਾਰ ਹੈ, ਲੋਕਤੰਤਰ ਤੋਂ ਭਾਵ ਕੇਵਲ ਲੋਕਾਂ ਦੁਆਰਾ ਚੁਣਿਆ ਤਾਨਾਸ਼ਾਹ ਨਹੀਂ ਬਲਕਿ ਲੋਕਤੰਤਰ ਤੋਂ ਭਾਵ ਲੋਕਾਂ ਦਾ ਸੇਵਕ ਹੈ। 

ਇਹ ਪੂਰਾ ਬ੍ਰਹਿਮੰਡ ਨਿਯਮਾਂ ਅਧੀਨ ਬੱਝਾ ਹੋਇਆ ਹੈ। ਧਰਤੀ ਦਾ ਇੱਕ ਨਿਯਮ ਹੈ ਕਿ ਉਸਨੇ ਸੂਰਜ ਦੁਆਲੇ ਘੁੰਮਣਾ ਹੈ, ਇਸੇ ਨਿਯਮ ਦੀ ਬੰਧਨ ਵਿੱਚ ਦਿਨ ਤੋਂ ਰਾਤ , ਰਾਤ ਤੋਂ ਦਿਨ, ਹਫਤੇ, ਮਹੀਨੇ  , ਸਾਲਾਂ ਦਾ ਚੱਕਰ ਚੱਲਦਾ ਰਹਿੰਦਾ ਹੈ । ਮੰਨ ਲਵੋ ਇਸ ਪ੍ਰਕਿਰਆ ਵਿੱਚ ਮਾੜਾ ਜਿੰਨੀ ਵੀ ਹਿਲਜੁਲ ਹੁੰਦੀ ਹੈ ਤਾਂ ਕੁਦਰਤੀ ਆਫਤਾਂ ਦਾ ਆਉਣਾ ਸੁਭਾਵਿਕ ਹੈ। ਬਿਲਕੁਲ ਇਸੇ ਤਰ੍ਹਾਂ ਹਰ ਚੀਜ਼ ਦਾ ਨਿਯਮ ਹੈ, ਲੋਕਤੰਤਰ ਦੇ ਵੀ ਨਿਯਮ ਹਨ, ਪਰ ਜੇ ਸਰਕਾਰਾਂ ਇਸਦੇ ਨਿਯਮਾਂ ਦੇ ਵਿਰੁੱਧ ਚੱਲਣਗੀਆਂ ਤਾਂ ਵਿਵਸਥਾ ਵਿੱਚ ਹਿਲਜੁਲ ਹੋਣੀ ਸੁਭਾਵਿਕ ਹੈ। ਜੇਕਰ ਮੋਜੂਦਾ ਸਮੇਂ ਵੱਲ ਧਿਆਨ ਮਾਰੀਏ ਤਾਂ ਭਾਰਤੀ ਲੋਕਤੰਤਰ ਦੇ ਹਾਲਾਤ ਕੁਝ ਸੁਖਾਵੇਂ ਨਜ਼ਰ ਨਹੀਂ ਆਉਂਦੇ। ਕਿਧਰੇ  ਪੋਹ ਦੀਆਂ ਠੰਡੀਆਂ ਰਾਤਾਂ ਤੇ ਜੇਠ, ਹਾੜ ਦੀਆਂ ਤਪਦੀਆਂ ਲੋਆਂ ਆਪਣੇ ਪਿੰਡੇ ਤੇ ਸਹਾਰਦਾ ਕਿਸਾਨ, ਕਿਧਰੇ ਭੁੱਖਮਰੀ, ਕਿਧਰੇ ਇਲਾਜ਼ ਹੱਥੋਂ ਤ੍ਰਿਹ ਤ੍ਰਿਹ ਕਰਦੇ ਲੋਕ, ਗਰੀਬੀ, ਲਾਚਾਰੀ ਨੇ ਲੋਕਤੰਤਰ ਦਾ ਲੱਕ ਵਿੰਨਿਆ ਪਿਆ ਹੈ। ਸਿਆਣੇ ਕਹਿੰਦੇ ਨੇ ਕਿ ਗਲਤੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਪਰ ਅਸੀਂ ਅੱਜ ਤੱਕ ਆਪਣੀਆਂ ਗਲਤੀਆਂ ਨਹੀਂ ਸੁਧਾਰੀਆਂ, ਅਸੀਂ ਕਦੇ ਆਪਣੇ ਫਰਜ਼ ਨੂੰ ਨਹੀਂ ਪਹਿਚਾਣਿਆ ਬਸ ਵੋਟ ਪਾਉਣ ਨੂੰ ਇੱਕ ਰਸਮ ਬਣਾ ਕੇ ਹਰ ਪੰਜਾਂ ਸਾਲਾਂ ਬਾਅਦ ਅਦਾ ਕਰ ਆਉਂਦੇ ਹਾਂ ਅਤੇ ਅਜਿਹੇ ਲੋਕਾਂ ਹੱਥ ਦੇਸ਼ ਦੀ ਵਾਂਗਡੋਰ ਥਮਾ ਦਿੰਦੇ ਹਾਂ ਜਿੰਨਾ ਨੂੰ ਲੋਕਤੰਤਰ ਦੇ ਸ਼ਾਬਦਿਕ ਅਰਥ ਵੀ ਨਹੀਂ ਪਤਾ ਹੋਣਗੇ। 

ਮੈਂ ਸੋਚਦੀ ਹੁੰਦੀ ਹਾਂ ਸਾਨੂੰ ਹਰ ਪੰਜ ਸਾਲਾਂ ਬਾਅਦ ਬਦਲਾਅ ਲਿਆਉਣ ਦਾ ਮੌਕਾ ਮਿਲਦਾ, ਪਰ ਬਦਲਾਅ ਤਾਂ ਆਵੇਗਾ ਜੇਕਰ ਅਸੀਂ ਆਪਣੇ ਫਰਜ਼ ਨੂੰ ਪਹਿਚਾਣਿਆ ਹੋਵੇਗਾ, ਜੇਕਰ ਅਸੀਂ ਖਬਰਦਾਰ ਹੋਏ ਹੋਵਾਂਗੇ। ਮੈਂ ਇੱਥੇ ਇੱਕ ਗੱਲ ਕਹਿਣਾ ਮੁਨਾਸਿਬ ਸਮਝਾਗੀਂ ਕਿ ਗੱਲਾਂ ਨਾਲ ਬਦਲਾਅ ਕਦੇ ਨਹੀਂ ਆਉਦੇ ਹੁੰਦੇ। ਪਿੰਡ ਦੀਆਂ ਸੱਥਾਂ ਵਿੱਚ ਬੈਠ ਕੇ ਜਾਂ ਚਾਰ ਬੰਦਿਆਂ ਦੀ ਢਾਣੀ ਵਿੱਚ ਖਲੋ ਸਰਕਾਰਾਂ ਨੂੰ ਬੋਲ ਕਬੋਲ ਬੋਲਣ ਦਾ ਕੋਈ ਫਾਇਦਾ ਨਹੀਂ। ਬਦਲਾਅ ਚਾਹੁੰਦੇ ਹੋ ਤਾਂ ਬਦਲਾਅ ਲਿਆਉਣ ਦੀ ਹਿੰਮਤ ਰੱਖੋ। ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਸੂਝਬੂਝ ਨਾਲ ਕਰੋ, ਨਿਡਰ ਹੋਕੇ ਕਰੋ।ਜੇਕਰ ਅਸੀਂ ਚਾਹੁੰਦੇ ਹਾਂ ਕਿ ਲੋਕਤੰਤਰ ਤਾਨਾਸ਼ਾਹੀ ਰੂਪ ਅਖ਼ਤਿਆਰ ਨਾ ਕਰੇ ਤਾਂ ਆਪਣੀ ਸੋਚ ਬਦਲੀਏ, ਆਪਣੀ ਕੀਮਤ ਪਹਿਚਾਣੀਏ ਅਤੇ ਆਪਣੇ ਫਰਜਾਂ ਪ੍ਰਤੀ ਖਬਰਦਾਰ ਹੋਈਏ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਲੋਕਤੰਤਰ ਦੀ ਪਰਿਭਾਸ਼ਾ  ਕੇਵਲ ਕਿਤਾਬਾਂ ਤੱਕ ਰਹਿ ਜਾਵੇਗੀ। 

 

ਹਰਕੀਰਤ ਕੌਰ

9779118066