ਸ਼ਾਂਤੀ ਦਾ ਗਵਾਹ ਮਲੇਰਕੋਟਲੇ ਦਾ ਇਤਿਹਾਸ

ਸ਼ਾਂਤੀ ਦਾ ਗਵਾਹ ਮਲੇਰਕੋਟਲੇ ਦਾ ਇਤਿਹਾਸ

ਡਾਕਟਰ ਮੁਹੰਮਦ ਜਮੀਲ

ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਈਦ ਦੇ ਪਵਿੱਤਰ ਮੌਕੇ 'ਤੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦਾ ਰਸਮੀ ਐਲਾਨ ਕੀਤਾ ਗਿਆ ਹੈ। 5 ਜੂਨ ਨੂੰ ਇਸ ਦਾ ਡਿਜੀਟਲ ਉਦਘਾਟਨ ਕੀਤਾ ਜਾ ਰਿਹਾ ਹੈ। ਪੇਸ਼ ਹੈ ਚਰਚਾ ਵਿਚ ਆਏ ਇਸ ਮੁਸਲਿਮ ਬਹੁਗਿਣਤੀ ਆਬਾਦੀ ਵਾਲੇ, ਅਮਨ-ਸ਼ਾਂਤੀ, ਪਿਆਰ-ਮੁਹੱਬਤ ਤੇ ਆਪਸੀ ਭਾਈਚਾਰੇ ਦੀ ਮਿਸਾਲ ਰਹੇ ਇਸ ਸ਼ਹਿਰ ਦੇ ਇਤਿਹਾਸਕ, ਧਾਰਮਿਕ ਪਿਛੋਕੜ ਅਤੇ ਹੋਰ ਵੱਖ-ਵੱਖ ਪਹਿਲੂਆਂ ਉੱਤੇ ਰੌਸ਼ਨੀ ਪਾਉਂਦਾ ਲੇਖ।

ਸੰਪਾਦਕ

ਰਿਕਾਰਡ ਅਨੁਸਾਰ ਮਲੇਰਕੋਟਲਾ ਦੀ ਨੀਂਹ 1454 ਈਸਵੀ ਵਿਚ ਸ਼ੇਖ਼ ਸਦਰ-ਉਦ-ਦੀਨ ਸਦਰ-ਏ-ਜਹਾਂ ਜਿਨ੍ਹਾਂ ਦਾ ਜਨਮ 1434 ਈ: ਨੂੰ ਅਫ਼ਗ਼ਾਨਿਸਤਾਨ ਦੇ ਦਰਬੰਦ ਵਿਖੇ ਹੋਇਆ ਸੀ, ਦੇ ਕਰ ਕਮਲਾਂ ਨਾਲ ਰੱਖੀ ਗਈ ਸੀ। ਜੋ ਅਫ਼ਗ਼ਾਨਿਸਤਾਨ ਤੋਂ ਇੱਥੇ ਆ ਕੇ ਵਸੇ ਸਨ। ਇਨ੍ਹਾਂ ਨੂੰ 57 ਪਿੰਡ ਤਿੰਨ ਲੱਖ ਰੁਪਏ ਜਾਗੀਰ ਵਜੋਂ ਬਹਿਲੋਲ ਲੋਧੀ ਨੇ ਅਨਾਇਤ ਕੀਤੇ ਸਨ। ਇਨ੍ਹਾਂ ਦੀ ਸ਼ਾਦੀ ਵੀ ਬਹਿਲੋਲ ਲੋਧੀ ਦੀ ਬੇਟੀ ਨਾਲ ਹੋਈ ਸੀ। ਮਲੇਰਕੋਟਲਾ ਨੂੰ 1656 ਈ: ਵਿਚ ਬਾਯਜ਼ੀਦ ਖ਼ਾਂ ਨੇ ਨਵੇਂ ਸਿਰੇ ਤੋਂ ਤਾਮੀਰ ਕਰਵਾਇਆ ਸੀ, ਜਿਸ ਨੂੰ ਅੱਜਕਲ੍ਹ ਟਾਊਨ ਆਫ਼ ਉਰਦੂ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇਥੇ ਦੀ ਅਵਾਮ ਦੀ ਮਾਤਰ ਭਾਸ਼ਾ ਪੰਜਾਬੀ ਹੋਣ ਦੇ ਬਾਵਜੂਦ ਉਰਦੂ ਜ਼ਬਾਨ ਨੂੰ ਗਲੇ ਲਾਇਆ ਹੋਇਆ ਹੈ। 16ਵੀਂ ਸਦੀ ਤੱਕ ਪਹਿਲਾ ਨਾਂਅ ਕੋਟਲਾ ਮਲੇਰ ਪਰੰਤੂ ਬਾਯਜ਼ੀਦ ਖ਼ਾਂ (1600-1659) ਦੇ ਸਮੇਂ ਮਲੇਰਕੋਟਲਾ ਤਬਦੀਲ ਹੋ ਗਿਆ ਸੀ। ਮਲੇਰਕੋਟਲਾ ਨੂੰ ਰਿਆਸਤਾਂ ਵਿਚੋਂ 10ਵਾਂ ਦਰਜਾ ਹਾਸਲ ਸੀ। ਇਨ੍ਹਾਂ ਨਵਾਬਾਂ ਨੂੰ ਵਾਇਸਰਾਏ ਨਾਲ ਸਿੱਧੇ ਤੌਰ 'ਤੇ ਮਿਲਣ ਦਾ ਰੁਤਬਾ ਮਿਲਿਆ ਹੋਇਆ ਸੀ। ਇਸ ਰਿਆਸਤ ਦਾ 167 ਵਰਗ ਮੀਲ ਰਕਬਾ ਅਤੇ ਆਬਾਦੀ 71174, ਮਾਲੀਆ ਲਗਾਨ ਸਵਾ ਬਾਰਾਂ ਲੱਖ, ਫ਼ੌਜ ਇੰਪੀਰੀਅਲ, ਰਸਾਲੇ ਦੇ 54 ਜਵਾਨ, ਪਲਟਨ ਵਿਚ 600 ਜਵਾਨ, ਦੋ ਤੋਪਾਂ ਅਤੇ ਸਲਾਮੀ 11 ਟੋਪਾਂ ਦੀ ਹਾਸਲ ਸੀ।

2011 ਈ: ਦੀ ਮਰਦੁਮਸ਼ੁਮਰੀ ਅਨੁਸਾਰ ਮਲੇਰਕੋਟਲਾ ਦੀ ਆਬਾਦੀ 1,35,330 ਦੱਸੀ ਗਈ ਹੈ। ਸਾਖਰਤਾ ਦਰ 70.35 ਅਤੇ ਮੁਸਲਿਮ ਆਬਾਦੀ 55 ਪ੍ਰਤੀਸ਼ਤ ਹੈ। ਮਲੇਰਕੋਟਲਾ ਦੀਆਂ ਸੀਮਾਵਾਂ ਲੁਧਿਆਣਾ, ਪਟਿਆਲਾ, ਬਰਨਾਲਾ ਨਾਲ ਮਿਲਦੀਆਂ ਹਨ। ਹਜ਼ਰਤ ਸ਼ੇਖ਼ ਸਦਰ-ਇ-ਜਹਾਂ ਨੂੰ ਰੱਬ ਨੇ ਤਿੰਨ ਪੁੱਤਰਾਂ ਦੀ ਦਾਤ ਨਾਲ ਬਖ਼ਸ਼ਿਆ ਸੀ। ਬਾਯਜ਼ੀਦ ਦੇ ਪੁੱਤਰ ਸਿਲਸਿਲੇਵਾਰ ਗੱਦੀ 'ਤੇ ਬੈਠੇ ਤੇ ਆਲਮਗੀਰ ਸ਼ਹਿਨਸ਼ਾਹ ਨਾਲ ਬਿਹਾਰ ਦੀ ਲੜਾਈ ਵਿਚ ਵੀ ਸ਼ਾਮਿਲ ਹੋਏ ਸਨ। ਇਨ੍ਹਾਂ ਨੂੰ ਇਨਾਮ ਵਜੋਂ 70 ਪਿੰਡ ਮਿਲੇ। ਸ਼ੇਰਪੁਰ ਦਾ ਇਲਾਕਾ ਇਨ੍ਹਾਂ ਨੇ ਹੀ ਆਬਾਦ ਕੀਤਾ ਸੀ। ਜਦੋਂ ਸ਼ੇਰ ਮੁਹੰਮਦ ਖ਼ਾਂ ਦਾ ਇੰਤਕਾਲ ਹੋਇਆ ਉਸ ਵੇਲੇ ਇਨ੍ਹਾਂ ਦੇ ਈਸੜੂ, ਜਰਗ (ਲੁਧਿਆਣਾ), ਰੋਪੜ, ਖ਼ਿਜ਼ਰ ਆਬਾਦ (ਅੰਬਾਲਾ) ਖੁਮਾਣੋਂ, ਪਾਇਲ, ਢਮੋਟ, ਸ਼ੇਰ ਪੁਰ, ਬਾਲੀਆਂ, ਨੌਗਾਉਂ (ਪਟਿਆਲਾ) ਅਮਲੋਹ, ਕਪੂਰਗੜ੍ਹ (ਨਾਭਾ) ਤੇ ਮਲੇਰਕੋਟਲਾ ਆਦਿ ਇਲਾਕੇ ਕਬਜ਼ੇ ਅਧੀਨ ਸਨ। ਨਵਾਬ ਸ਼ੇਰ ਮੁਹੰਮਦ ਦੇ ਰਾਜ ਕਾਲ ਦਾ ਸੁਨਹਿਰਾ ਦੌਰ ਉਸ ਸਮੇਂ ਰਕਮ ਹੋਇਆ ਜਦੋਂ ਸਿੱਖ ਧਰਮ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਦੋ ਮਾਸੂਮ ਅਤੇ ਬੇਕਸੂਰ ਬੱਚਿਆਂ ਨੂੰ ਸਰਹਿੰਦ ਦੀਆ ਦੀਵਾਰਾਂ ਵਿਚ ਜ਼ਿੰਦਾ ਚਿਣਵਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਨਵਾਬ ਸ਼ੇਰ ਮੁਹੰੰਮਦ ਖ਼ਾਂ ਨੇ ਸੂਬਾ ਸਰਹਿੰਦ ਦੀ ਭਰੀ ਕਚਹਿਰੀ ਵਿਚ ਹਾਅ ਦਾ ਨਾਅਰਾ ਮਾਰਿਆ ਤੇ ਸਮੇਂ ਦੀ ਸਰਕਾਰ ਨੂੰ ਅਹਿਸਾਸ ਕਰਵਾਇਆ ਕਿ ਇਹ ਕੰਮ ਗ਼ੈਰ-ਇਸਲਾਮੀ ਅਤੇ ਗ਼ੈਰ-ਇਨਸਾਨੀ ਹੈ। ਇਹੋ ਨਹੀਂ ਬਲਕਿ ਕੇਂਦਰ ਸਰਕਾਰ ਨੂੰ ਵੀ ਪੁਰਜ਼ੋਰ ਸਿਫ਼ਾਰਸ਼ ਸਹਿਤ ਫ਼ਾਰਸੀ ਵਿਚ ਖ਼ਤ ਲਿਖਿਆ ਜਿਵੇਂ ਲਿਖਦੇ ਹਨ:-

'ਆਲੀ ਜਾਹ! ਕੀ ਸੂਬੇਦਾਰ ਸਰਹਿੰਦ ਨੂੰ ਕਿਸੇ ਤਰ੍ਹਾਂ ਦਾ ਅਧਿਕਾਰ ਹੈ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦੀਆਂ ਹੁਕਮ ਅਦੂਲੀਆਂ ਦੀ ਸਜ਼ਾ ਉਨ੍ਹਾਂ ਦੇ ਮਾਸੂਮ ਬੱਚਿਆਂ ਨੂੰ ਦੇ ਦੇਵੇ? ਕੇਵਲ ਇਸ ਲਈ ਕਿ ਉਹ ਉਨ੍ਹਾਂ ਦੇ ਬੱਚੇ ਹਨ ਅਤੇ ਉਨ੍ਹਾਂ ਨੂੰ ਜ਼ਿੰਦਾ ਦੀਵਾਰ ਵਿਚ ਚਿਣਵਾ ਦੇਵੇ, ਏਥੋਂ ਤੀਕ ਕਿ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣ।'

ਨਵਾਬ ਸ਼ੇਰ ਮੁਹੰਮਦ ਖ਼ਾਂ ਸਿਰਫ਼ ਨਾਂ ਦਾ ਹੀ ਸ਼ੇਰ ਨਹੀਂ ਬਲਕਿ ਕੰਮ ਦਾ ਵੀ ਸ਼ੇਰ ਸੀ। ਨਵਾਬ ਸ਼ੇਰ ਮੁਹੰਮਦ ਖ਼ਾਂ ਦੇ ਅੱਠ ਪੁੱਤਰ ਸਨ। 1809 ਈ: ਵਿਚ ਗੱਦੀ ਸਾਂਭਣ ਦਾ ਫ਼ੈਸਲਾ ਵਜ਼ੀਰ ਖ਼ਾਂ ਦੇ ਹੱਕ ਵਿਚ ਹੋਇਆ ਸੀ। ਹੁਣ ਇਸ ਰਿਆਸਤ ਦਾ ਕੰਟਰੋਲ ਅੰਗਰੇਜ਼ ਸਿਆਸਤ ਕੋਲ ਚਲਿਆ ਗਿਆ ਸੀ। ਵਜ਼ੀਰ ਖ਼ਾ ਨੇ ਅੰਗਰੇਜ਼ ਸਰਕਾਰ ਨਾਲ ਨੇੜਤਾ ਵਧਾਈ ਤਾਂ ਜੋ ਰਿਆਸਤ ਨੂੰ ਸੁਖਾਂਵੇਂ ਢੰਗ ਨਾਲ ਚਲਾਇਆ ਜਾ ਸਕੇ। ਇਨ੍ਹਾਂ ਨੂੰ ਵੀ ਉਮਰ ਨੇ ਵਫ਼ਾ ਨਹੀਂ ਕੀਤੀ ਆਖ਼ਰ 1821 ਈ: ਵਿਚ ਇਸ ਦੁਨੀਆ ਤੋਂ ਟੁਰ ਗਏ। 1821 ਈ: ਵਿਚ ਅਮੀਰ ਅਲੀ ਖ਼ਾਂ ਨਵਾਬ ਮਲੇਰਕੋਟਲਾ ਬਣਾਏ ਗਏ। ਇਨ੍ਹਾਂ ਦੀ ਬੇ-ਮਿਸਾਲ ਸੇਵਾ ਨੂੰ ਵੇਖਦਿਆ ਅੰਗਰੇਜ਼ ਸਰਕਾਰ ਨੇ 'ਨਵਾਬ' ਅਤੇ 'ਹਿਜ਼ ਹਾਈਨੈੱਸ' ਦੇ ਖ਼ਿਤਾਬ ਨਾਲ ਨਿਵਾਜ਼ਿਆ। ਨਵਾਬ ਮਹਿਬੂਬ ਅਲੀ ਖ਼ਾ ਦੇ ਦੌਰ ਵਿਚ 1857 ਈ: ਦਾ ਗ਼ਦਰ ਹੋਇਆ। ਇਸੇ ਦੌਰਾਨ ਇਹ ਵੀ ਇਸ ਜਹਾਨ ਤੋਂ 'ਚ ਟੁਰ ਗਏ। ਇਨ੍ਹਾਂ ਤੋਂ ਬਾਅਦ ਸਿਕੰਦਰ ਅਲੀ ਖ਼ਾਂ ਰਿਆਸਤ ਮਲੇਰਕੋਟਲਾ ਦੇ ਨਵਾਬ ਬਣੇ। ਇਨ੍ਹਾਂ ਦੇ ਰਾਜਕਾਲ 'ਚ ਡੀ. ਸੀ. ਲੁਧਿਆਣਾ ਇਥੇ ਆਏ ਅਤੇ ਮਲੇਰਕੋਟਲਾ ਲੁਧਿਆਣਾ ਰੋਡ ਤਾਮੀਰ ਕਰਵਾਈ ਗਈ। ਸ਼ਹਿਰ ਦੀ ਵੱਡੀ ਤੇ ਛੋਟੀ ਈਦਗਾਹ ਦੀ ਤਾਮੀਰ ਵੀ ਇਨ੍ਹਾਂ ਨੇ ਕਰਵਾਈ ਸੀ। ਜਾਮਾ ਮਸਜਿਦ ਨੂੰ ਮੁਕੰਮਲ ਇਨ੍ਹਾਂ ਨੇ ਹੀ ਕਰਵਾਇਆ ਸੀ। 1871 ਈ: ਵਿਚ ਨਵਾਬ ਸਿਕੰਦਰ ਅਲੀ ਖ਼ਾਂ ਦੇ ਮਰਨ ਤੋਂ ਪਹਿਲਾਂ ਦਿਲਾਵਰ ਅਲੀ ਖ਼ਾਂ ਪੁੱਤਰ ਇਬਰਾਹੀਮ ਅਲੀ ਖ਼ਾਂ ਨੂੰ ਉੱਤਰ ਅਧਿਕਾਰੀ ਥਾਪਿਆ ਗਿਆ। 1903 ਈ: ਵਿਚ ਇਬਰਾਹੀਮ ਅਲੀ ਖ਼ਾਂ ਦੇ ਦੂਜੇ ਪੁੱਤਰ ਅਹਿਮਦ ਅਲੀ ਖ਼ਾਂ ਨੂੰ ਰਿਆਸਤ ਦਾ ਨਵਾਬ ਬਣਾਇਆ ਗਿਆ। 1908 ਈ: ਵਿਚ ਇਬਰਾਹੀਮ ਅਲੀ ਖ਼ਾ ਦਾ ਇੰਤਕਾਲ ਹੋ ਗਿਆ ਸੀ ਜਿਸ ਕਾਰਨ ਨਵਾਬ ਅਹਿਮਦ ਅਲੀ ਖ਼ਾਂ ਨੂੰ ਪੂਰਨ ਤੌਰ 'ਤੇ ਨਵਾਬੀ ਦੇ ਅਧਿਕਾਰ ਮਿਲ ਗਏ ਸਨ। ਅੰਗਰੇਜ਼ਾਂ ਵਲੋਂ ਇਨ੍ਹਾਂ ਨੂੰ ਕੇ. ਸੀ. ਐਸ. ਆਈ. ਅਤੇ ਕੇ. ਸੀ. ਆਈ. ਈ. ਜਿਹੀਆਂ ਅਨੇਮ ਪਦਵੀਆਂ ਦਿੱਤੀਆਂ ਗਈਆਂ ਸਨ। ਰਿਆਸਤ ਦੇ ਸਿੱਕੇ 'ਤੇ ਆਪਣਾ ਨਾਂਅ ਲਿਖਣ ਦਾ ਅਧਿਕਾਰ ਪ੍ਰਾਪਤ ਹੋਇਆ ਸੀ। ਇਨ੍ਹਾਂ ਨੇ ਸ਼ਹਿਰ ਦੀ ਉੱਨਤੀ ਅਤੇ ਇੰਡਸਟਰੀ ਵੱਲ ਖ਼ਾਸ ਧਿਆਨ ਦਿੱਤਾ ਸੀ। ਪੁਲਿਸ ਅਤੇ ਕਚਹਿਰੀ ਦੇ ਨਿਜ਼ਾਮ ਨੂੰ ਨਵੀਨ ਢੰਗ ਨਾਲ ਨਜਿੱਠਿਆਂ ਗਿਆ। ਮੁਬਾਰਕ ਮੰਜ਼ਿਲ ਜਿਸ ਨੂੰ ਸਮੇਂ ਦੇ ਸਿਰਕੱਢ ਨਕਸ਼ਾ ਨਵੀਸ ਰਾਹੀਂ ਮੁਕੰਮਲ ਕਰਵਾਇਆ ਅਤੇ ਮੋਤੀ ਬਾਜ਼ਾਰ, ਲਾਲ ਬਾਜ਼ਾਰ, ਸਦਰ ਬਾਜ਼ਾਰ, ਸਰਕਾਰੀ ਸਕੂਲ ਦਿੱਲੀ ਗੇਟ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਆਦਿ ਮਨਮੋਹਣੀਆਂ ਇਮਾਰਤਾਂ ਇਨ੍ਹਾਂ ਨੇ ਹੀ ਤਾਮੀਰ ਕਰਵਾਈਆਂ ਸਨ ਜੋ ਸਮੇਂ ਦੀ ਲਾ-ਪ੍ਰਵਾਹੀ ਦਾ ਸ਼ਿਕਾਰ ਹੋ ਰਹੀਆਂ ਹਨ। 1915 ਈ: ਵਿਚ ਅੰਗਰੇਜ਼ਾਂ ਵਲੋਂ ਮਲੇਰਕੋਟਲਾ ਨੂੰ ਸਟੇਟ ਆਫ਼ ਇੰਡੀਆ ਦਾ ਦਰਜਾ ਦੇ ਦਿੱਤਾ ਗਿਆ ਸੀ। 1947 ਈ: ਦੀ ਮੰਦਭਾਗੀ ਘਟਨਾ ਨੇ ਨਵਾਬ ਮਲੇਰਕੋਟਲਾ ਅਤੇ ਇੱਥੇ ਵਸਦੀ ਜਨਤਾ 'ਤੇ ਗਹਿਰਾ ਪ੍ਰਭਾਵ ਛੱਡਿਆ। ਇੱਥੇ ਇਹ ਗੱਲ ਕਾਬਿਲ-ਏ-ਜ਼ਿਕਰ ਹੈ ਕਿ ਜਦੋਂ ਪੂਰੇ ਪੰਜਾਬ ਨੂੰ ਫ਼ਿਰਕੂ ਦੰਗਿਆਂ ਨੇ ਆਪਣੀ ਲਪੇਟ 'ਚ ਲੈ ਲਿਆ ਸੀ ਪ੍ਰੰਤੂ ਸਰ ਜ਼ਮੀਨ-ਏ-ਮਲੇਰਕੋਟਲਾ ਅਮਨ-ਸ਼ਾਂਤੀ ਦਾ ਗਹਿਵਾਰਾ ਬਣੀ ਰਹੀ। ਇਸ ਦਾ ਕਾਰਨ ਨਵਾਬ ਮਲੇਰਕੋਟਲਾ ਦੇ ਛੋਟੇ ਸਾਹਿਬਜ਼ਾਦਿਆਂ ਲਈ ਮਾਰਿਆ ਹਾਅ ਦਾ ਨਾਅਰਾ ਵੀ ਹੋ ਸਕਦਾ ਹੈ। ਨਵਾਬ ਮਲੇਰਕੋਟਲਾ ਇਸ ਅਸਹਿ ਦੁੱਖ ਨੂੰ ਨਾ ਸਹਾਰਦੇ ਹੋਏ ਇੰਤਕਾਲ ਕਰ ਗਏ। ਇਸ ਪਿੱਛੋਂ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਜੋ ਯੂਰਪ ਤੋਂ ਪੜ੍ਹ ਕੇ ਆਏ ਸਨ, ਨਵਾਬ ਬਣੇ। ਹਾਲਾਤ ਖ਼ਰਾਬ ਹੋ ਗਏ। ਰਿਆਸਤਾਂ ਟੁੱਟ ਗਈਆਂ ਸਨ। ਇਨ੍ਹਾਂ ਨੇ ਸਮਝਦਾਰੀ ਕੀਤੀ ਅਤੇ ਆਪਣੇ ਸਾਰੇ ਨਵਾਬੀ ਅਧਿਕਾਰ ਤਿਆਗ ਦਿੱਤੇ। 20 ਅਗਸਤ 1948 ਈ: ਨੂੰ ਰਿਆਸਤ ਦਾ ਸਾਰਾ ਨਿਜ਼ਾਮ ਪੈਪਸੂ ਦੇ ਅਧੀਨ ਆ ਗਿਆ ਸੀ। 1952 ਅਤੇ 1954 ਈ: ਵਿਚ ਸ਼ੇਰਵਾਨੀ ਖ਼ਾਨਦਾਨ ਦਾ ਚਮਕਦਾ ਚਿਰਾਗ਼ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਨੂੰ ਚੋਣਾਂ 'ਚ ਸ਼ਾਨਦਾਰ ਜਿੱਤ ਪ੍ਰਾਪਤ ਹੋਈ। ਇਨ੍ਹਾਂ ਤੋਂ ਬਾਅਦ ਬੇਗਮ ਯੁਸੂਫ਼ ਜ਼ਮਾ ਅਤੇ ਸਾਜਿਦਾ ਬੇਗਮ ਸਾਹਿਬਾ ਮਲੇਰਕੋਟਲਾ ਦੀਆਂ ਐਮ.ਐਲ. ਏ. ਬਣੀਆਂ ਸਨ। ਨਵਾਬ ਇਫ਼ਤਿਖ਼ਾਰ ਖ਼ਾਂ ਅੰਤ 20 ਨਵੰਬਰ 1982 ਈ: ਨੂੰ ਹਮੇਸ਼ਾ ਲਈ ਬੁਝ ਗਿਆ। ਡਾ: ਇਕਬਾਲ ਨੇ ਕਿਹਾ ਸੀ:-

ਹੁਏ ਨਾਮਵਰ ਬੇ-ਨਿਸ਼ਾਂ ਕੈਸੇ ਕੈਸੇ

ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ

ਹੁਣ ਬੇਗਮ ਮੁਨੱਵਰ-ਉਨ-ਨਿਸਾ ਉਮਰ ਦੇ ਆਖ਼ਰੀ ਪੜਾਅ 'ਚ ਜ਼ਿੰਦਗੀ ਬਤੀਤ ਕਰ ਰਹੀ ਹੈ। ਮਲੇਰਕੋਟਲਾ 'ਚ ਜਨਾਬ ਗੁਰਨਾਮ ਸਿੰਘ ਜੋ ਲਾਅ ਗਰੇਜੂਏਟ ਸਨ, ਨੂੰ ਪਹਿਲਾ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਸੀ। ਅਬਦੁਲ ਗ਼ਫ਼ੂਰ ਨੇ ਨਾਭਾ, ਸੰਗਰੂਰ ਅਤੇ ਬਠਿੰਡਾ ਵਿਖੇ ਬਤੌਰ ਮੈਜਿਸਟ੍ਰੇਟ ਸੇਵਾ ਨਿਭਾਈ। ਇਥੇ ਪਰਜਾਪੱਤ ਲਹਿਰ ਦੀ ਵੀ ਅਹਿਮ ਭੂਮਿਕਾ ਰਹੀ ਹੈ।ਇੱਥੇ ਦੀਆ ਤਾਰੀਖ਼ੀ ਇਮਾਰਤਾਂ ਵਿਚੋਂ ਮੋਤੀ ਬਾਜ਼ਾਰ 1903 ਈ, ਜੈਪੁਰ ਦੇ ਖ਼ੂਬਸੂਰਤ ਤਰਜ਼ 'ਤੇ ਬਣਵਾਇਆ ਗਿਆ ਸੀ, ਇਥੇ ਲਾਲ ਬਾਜ਼ਾਰ, ਸਦਰ ਬਾਜ਼ਾਰ, ਲੋਹਾ ਬਾਜ਼ਾਰ, ਬਾਂਸ ਬਜ਼ਾਰ, ਸੱਟਾ ਬਜ਼ਾਰ ਹਨ। ਇਸ ਸ਼ਹਿਰ ਦੇ ਸੱਤ ਦਰਵਾਜ਼ੇ ਜਿਵੇ ਸ਼ੇਰਵਾਨੀ ਗੇਟ, ਸੁਨਾਮੀ ਗੇਟ, ਦਿੱਲੀ ਗੇਟ, ਸਰਹਿੰਦੀ ਗੇਟ, ਮੰਡੀ ਗੇਟ, ਮਲੇਰੀ ਗੇਟ, ਢਾਬੀ ਗੇਟ ਹਨ। ਕਿਲ੍ਹਾ ਰਹਿਮਤ ਗੜ੍ਹ, ਜਾਮਾ ਮਸਜਿਦ, ਈਦ ਗਾਹ, ਦੀਵਾਨ ਖ਼ਾਨਾ ਸ਼ੀਸ਼ ਮਹਿਲ ਜੋ ਸਿਕੰਦਰ ਅਲੀ ਖ਼ਾਂ ਨੇ 1857 ਈ: 'ਚ ਬਣਵਾਇਆ ਸੀ, ਮੁਬਾਰਕ ਮੰਜ਼ਿਲ, ਦਰਗਾਹ ਬਾਬਾ ਸ਼ੇਖ਼ ਸਦਰ-ਉਦ-ਦੀਨ ਆਦਿ ਮਸ਼ਹੂਰ ਇਮਾਰਤਾਂ ਹਨ। 1901 ਈ: ਵਿਚ ਲੁਧਿਆਣਾ-ਮਲੇਰਕੋਟਲਾ ਰੇਲਵੇ ਲਾਈਨ ਵਿਛਾਈ ਗਈ। ਸ਼ਹਿਰ ਦੁਆਲੇ ਬਣੀ ਡੇਢ ਗਜ਼ ਚੌੜੀ ਫ਼ਸੀਲ 1657 ਈ: 'ਚ ਬਾਯਜ਼ੀਦ ਖ਼ਾਂ ਨੇ ਬਣਵਾਈ ਸੀ। ਬਹੁਤ ਮਿਹਨਤ ਅਤੇ ਮੁਸ਼ੱਕਤ ਨਾਲ ਬਣੀਆਂ ਇਹ ਸੁੰਦਰ ਇਮਾਰਤਾਂ ਸਰਕਾਰ ਅਤੇ ਅਵਾਮ ਦੀ ਬੇਧਿਆਨੀ ਕਰਕੇ ਖੰਡਰ ਬਣਨ ਲਈ ਤਿਆਰ ਹਨ। ਕੂਕਾ ਸਮਾਰਕ, ਗੁਰੂਦੁਆਰਾ ਹਾਅ ਦਾ ਨਾਅਰਾ, ਗੁਰੂਦੁਆਰਾ ਸ਼ਹੀਦਾਂ ਜਿਸ ਨੂੰ ਨਵਾਬ ਇਫ਼ਤਿਖ਼ਾਰ ਅਲੀ ਖ਼ਾਂ ਨੇ 25 ਬੀਘੇ ਜ਼ਮੀਨ ਦਾਨ ਕੀਤੀ ਅਤੇ ਕਾਲੀ ਮਾਤਾ ਮੰਦਿਰ ਆਦਿ ਧਾਰਮਿਕ ਇਮਾਰਤਾਂ ਗੰਗਾ ਜਮਨੀ ਤਹਿਜ਼ੀਬ ਦੀ ਬਿਹਤਰੀਨ ਮਿਸਾਲਾਂ ਪੇਸ਼ ਕਰਦੀਆਂ ਹਨ।

ਮਸ਼ਹੂਰ ਵਿੱਦਿਅਕ ਅਦਾਰਿਆਂ ਵਿਚੋਂ ਇਸਲਾਮੀਆ ਸੀ. ਸੈ. ਸਕੂਲ, ਐਸ. ਡੀ. ਪੀ. ਪੀ. ਹਾਈ ਸਕੂਲ, ਜੈਨ ਹਾਈ ਸਕੂਲ, ਸਰਕਾਰੀ ਹਾਈ ਸਕੂਲ ਦਿੱਲੀ ਗੇਟ, ਅਹਿਲ-ਏ-ਹਦੀਸ ਸਕੂਲ ਮੋਤੀ ਬਾਜ਼ਾਰ ਤੋਂ ਇਲਾਵਾ ਅਲ ਫ਼ਲਾਹ ਸੀ. ਸੈ. ਸਕੂਲ, ਸਾਹਿਬਜ਼ਾਦਾ ਫ਼ਤਹਿ ਸਿੰਘ ਸੀ. ਸੈ. ਸਕੂਲ, ਸੀਤਾ ਗ੍ਰਾਮਰ ਸੀ. ਸੈ. ਸਕੂਲ, ਦਾ ਟਾਊਨ ਸਕੂਲ, ਸਰਕਾਰੀ ਕਾਲਜ, ਆਰ. ਡੀ. ਜੈਨ ਕਾਲਜ, ਇਸਲਾਮੀਆ ਗਰਲਜ਼ ਕਾਲਜ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਂ ਇੰਸਟੀਚਿਊਟ ਆਫ਼ ਪੰਜਾਬੀ ਯੂਨੀਵਰਸਿਟੀ, ਪੰਜਾਬ ਉਰਦੂ ਅਕਾਦਮੀ ਆਦਿ ਆਪਣੀ ਇਲਮੀ ਹੋਂਦ ਦਾ ਇਜ਼ਹਾਰ ਕਰ ਰਹੀਆਂ ਹਨ। ਇਨ੍ਹਾਂ ਤੋਂ ਇਲਾਵਾ ਕੁਝ ਅਜਿਹੇ ਤਾਲੀਮੀ ਅਦਾਰੇ ਹਨ ਜੋ ਜਨਮ ਲੈਣ ਤੋਂ ਬਾਅਦ ਆਖ਼ਰੀ ਸਾਹਾਂ 'ਤੇ ਹਨ।ਉਰਦੂ ਸਾਹਿਤ ਨੂੰ ਪ੍ਰਫੁੱਲਿਤ ਕਰਨ ਲਈ 1940 ਈ: ਵਿਚ ਬਜ਼ਮ-ਏ-ਤਰੱਕੀ-ਏ ਅਦਬ ਵਜੂਦ 'ਚ ਆਈ। ਡਾ: ਨਰੇਸ਼ ਨੇ 1965 ਈ: 'ਚ ਅੰਜੁਮਨ-ਏ-ਪੰਜਾਬ ਕਾਇਮ ਕੀਤੀ। ਬਜ਼ਮ-ਏ-ਕਮਾਲ, ਇਲਮੀ ਮਜਲਿਸ, ਮਜਲਿਸ-ਏ-ਇਲਮ-ਓ-ਅਦਬ, ਹਮ ਅਸਰ ਪੰਜਾਬ, ਅਲ ਕਲਮ, ਅਫ਼ਸਾਨਾ ਕਲੱਬ, ਮਕਤਬਾ ਗੁਲਜ਼ਾਰ-ਏ-ਇਸਮਾਈਲ, ਪੰਜਾਬੀ ਇਸਲਾਮਿਕ ਪਬਲੀਕੇਸ਼ਨਜ਼, ਜਾਮੀਆ ਦਾਰ-ਉਸ-ਸਲਾਮ, ਨੰਦਨ ਪਬਲੀਕੇਸ਼ਨਜ਼, ਇਕਰਾ ਪਬਲੀਕੇਸ਼ਨਜ਼ ਤੋਂ ਇਲਾਵਾ ਬਰਾੜ ਐਂਡ ਸੰਨਜ਼ ਆਦਿ ਸਾਹਿਤ ਦੇ ਖੇਤਰ 'ਚ ਪ੍ਰਸਿੱਧ ਵਿੱਦਿਅਕ ਅੰਜੁਮਨਾਂ ਹਨ। ਸ਼ਹਿਰ ਵਿਚ ਨਸ਼ਾ-ਪੱਤਾ, ਲੜਾਈ-ਝਗੜਾ, ਮਾਰ-ਕੁਟਾਈ, ਜੂਆ-ਸੱਟਾ ਜ਼ੋਰਾਂ 'ਤੇ ਹੈ। ਅਜਿਹੀ ਹਾਲਤ 'ਚ ਜਨਤਾ ਦੇ ਸਿਰ 'ਤੇ ਨਰਮੀ ਦਾ ਹੱਥ ਰੱਖਣ ਵਾਲਾ ਸਿਆਸੀ ਜਾਂ ਮਜ਼੍ਹਬੀ ਰਹਿਨੁਮਾ ਕੋਈ ਨਹੀਂ। ਵੋਟਾਂ ਲੈ ਕੇ ਕਿਸੇ ਵੱਡੇ ਸ਼ਹਿਰ ਵਿਚ ਜ਼ਿੰਦਗੀ ਗੁਜ਼ਾਰਨਾ ਸਿਆਸੀ ਲੀਡਰਾਂ ਦਾ ਵਤੀਰਾ ਬਣ ਚੁੱੱਕਿਆ ਹੈ। ਸ਼ਹਿਰ ਦੀ ਨੋਕ ਪਲਕ ਦਰੁਸਤ ਕਰਨ ਵਿਚ ਮਰਹੂਮ ਸਾਜਿਦਾ ਬੇਗਮ, ਮਰਹੂਮ ਅਨਵਾਰ ਅਹਿਮਦ ਖ਼ਾਂ, ਮਰਹੂਮ ਨੁਸਰਤ ਅਲੀ ਖ਼ਾਂ ਅਤੇ ਚੌਧਰੀ ਅਬਦੁਲ ਗ਼ੱਫ਼ਾਰ ਦੀ ਅਹਿਮ ਭੂਮਿਕਾ ਰਹੀ ਹੈ। ਨੌਜਵਾਨਾਂ ਵਿਚ ਕਾਬਲੀਅਤ ਬਹੁਤ ਹੈ ਪ੍ਰੰਤੂ ਰਹਿਨੁਮਾਈ ਦੀ ਘਾਟ ਹੈ। ਖੇਡ ਦੇ ਹਰ ਈਵੈਂਟ 'ਚ ਇਥੇ ਦੇ ਖਿਡਾਰੀ ਕੌਮੀ ਅਤੇ ਕੌਮਾਂਤਰੀ ਪੱਧਰ ਤੱਕ ਖੇਡ ਚੁੱਕੇ ਹਨ। ਅੰਤ ਵਿਚ ਮੇਰੀ ਦੁਆ ਹੈ ਕਿ ਇਹ ਅਮਨ-ਸ਼ਾਂਤੀ, ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਸ਼ਹਿਰ ਹਮੇਸ਼ਾ ਵਧਦਾ-ਫੁੱਲਦਾ ਰਹੇ। ਸ਼ਾਇਰ ਲਿਖਦਾ ਹੈ:-

ਫਲਾ ਫੂਲਾ ਰਹੇ ਯਾ ਰੱਬ ਯੇ ਚਮਨ ਮੇਰੀ ਉਮੀਦੋਂ ਕਾ,

ਜਿਗਰ ਕਾ ਖ਼ੂਨ ਦੇ ਦੇ ਕਰ ਯੇ ਬੂਟੇ ਮੈਨੇ ਪਾਲੇ ਹੈਂ।