ਪੁਲਿਸ ਅਤਿਆਚਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਅਮਰੀਕੀ ਬਜੁਰਗ ਨੂੰ ਮਿਲਣਗੇ 1.75 ਮਿਲੀਅਨ ਡਾਲਰ

ਪੁਲਿਸ ਅਤਿਆਚਾਰ ਦਾ ਸ਼ਿਕਾਰ ਹੋਏ ਭਾਰਤੀ ਮੂਲ ਦੇ ਅਮਰੀਕੀ ਬਜੁਰਗ ਨੂੰ ਮਿਲਣਗੇ 1.75 ਮਿਲੀਅਨ ਡਾਲਰ
 ਸੁਰੇਸ਼ਭਾਈ ਪਟੇਲ ਦੀ ਇਲਾਜ ਦੌਰਾਨ ਦੀ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ :(ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਅਮਰੀਕੀ ਬਜੁਰਗ ਸੁਰੇਸ਼ਭਾਈ ਪਟੇਲ ਜਿਸ ਨੂੰ 6 ਫਰਵਰੀ 2015 ਨੂੰ ਪੁਲਿਸ ਅੱਤਿਆਚਾਰ ਦਾ ਸ਼ਿਕਾਰ ਹੋਣਾ ਪਿਆ ਸੀ, ਨੂੰ ਅਦਾਲਤ ਵਿਚ ਹੋਏ ਸਮਝੌਤੇ ਅਨੁਸਾਰ 1.75 ਮਿਲੀਅਨ ਡਾਲਰ ਮੁਆਵਜੇ ਵਜੋਂ ਮਿਲਣਗੇ। ਇਸ ਘਟਨਾ ਵਿਚ ਦੋ ਪੁਲਿਸ ਅਧਿਕਾਰੀ ਸ਼ਾਮਿਲ ਸਨ। ਹਾਲਾਂ ਕਿ ਪਟੀਸ਼ਨ ਵਿਚ ਪੁਲਿਸ ਅਧਿਕਾਰੀਆਂ ਦੇ ਨਾਂ ਨਹੀਂ ਲਿਖੇ ਗਏ ਸਨ । ਇਹ ਬਜੁਰਗ 11 ਦਿਨ ਪਹਿਲਾਂ ਹੀ ਭਾਰਤ ਤੋਂ ਅਮਰੀਕਾ ਆਪਣੇ ਪੁੱਤਰ ਕੋਲ ਪੁੱਜਾ ਸੀ। ਉਸ ਦੇ ਗਵਾਂਢੀ ਨੇ ਪੁਲਿਸ ਨੂੰ ਫੋਨ ਉਪਰ ਦਸਿਆ ਕਿ ਇਕ ਕਾਲਾ ਵਿਅਕਤੀ ਗਵਾਂਢ ਵਿਚ ਘੁੰਮ ਰਿਹਾ ਹੈ। ਇਸ 'ਤੇ ਪੁਲਿਸ ਮੌਕੇ ਉਪਰ ਪੁੱਜੀ ਤੇ ਬਿਨਾਂ ਕੋਈ ਜਾਂਚ ਪੜਤਾਲ ਕੀਤਿਆਂ ਉਸ ਨਾਲ ਕੁੱਟਮਾਰ ਕੀਤੀ। ਪਟੇਲ ਜੋ ਅੰਗਰੇਜੀ ਨਹੀਂ ਜਾਣਦਾ ਸੀ ਨੇ ਪੁਲਿਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਪੁਲਿਸ ਨੇ ਉਸ ਦੀ ਇਕ ਨਾ ਸੁਣੀ। ਉਸ ਸਮੇ ਪਟੇਲ ਦੀ  ਉਮਰ 57 ਸਾਲ ਸੀ। ਪੁਲਿਸ ਦੀ ਕੁੱਟਮਾਰ ਦੌਰਾਨ ਉਹ ਜਮੀਨ ਉਪਰ ਡਿੱਗ ਗਿਆ ਤੇ ਉਸ ਨੂੰ ਅਧਰੰਗ ਹੋ ਗਿਆ ਸੀ। ਰੀਡ ਦੀ ਹੱਡੀ ਵਿਚ ਹੋਏ ਜਖਮ ਕਾਰਨ ਉਸ ਨੂੰ ਲੰਬਾ ਸਮਾਂ ਹਸਪਤਾਲ ਰਹਿਣਾ ਪਿਆ ਸੀ। ਉਸ ਦੇ ਪੁੱਤਰ ਚਿਰਾਗ ਪਟੇਲ ਅਨੁਸਾਰ ਉਸ ਦਾ ਪਿਤਾ ਵਾਕਰ ਦੀ ਮੱਦਦ ਤੋਂ ਬਿਨਾਂ ਤੁਰ  ਨਹੀਂ ਸਕਦਾ।