ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ

ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ

 

   

ਧਰਮ ਤੇ ਵਿਰਸਾ         

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ

ਕਹੁ ਨਾਨਕ ਸੁਨਿ ਰੇ ਮਨਾ

ਗਿਆਨੀ ਤਾਹਿ ਬਖਾਨਿ (ਅੰਗ : ੧੪੨੭)

ਜਿਸ ਮਨੁੱਖ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਪੜ੍ਹੀ ਜਾਂ ਸੁਣੀ ਹੈ, ਉਹ ਉਨ੍ਹਾਂ ਦੇ ਇਸ ਲੋਕ ਤੋਂ ਜ਼ਰੂਰ ਜਾਣੂ ਹੋਵੇਗਾ। ਇਸ ਵਿਚ ਗੁਰੂ ਮਹਾਰਾਜ ਨੇ ਮਨੁੱਖੀ ਧਰਮ ਦੇ ਇਕ ਮਹਾਨ ਪਹਿਲੂ ਦਾ ਜ਼ਿਕਰ ਕੀਤਾ ਹੈ। ਉਨ੍ਹਾਂ ਫੁਰਮਾਇਆ ਹੈ ਕਿ ਜੋ ਆਦਮੀ ਕਿਸੇ ਨੂੰ ਡਰ ਪਾਉਂਦਾ ਨਹੀਂ ਅਤੇ ਨਾ ਹੀ ਆਪ ਕਿਸੇ ਤੋਂ ਖੌਫ਼ ਖਾਂਦਾ ਹੈ, ਉਸ ਨੇ ਮਾਨੋਂ ਸੱਚਾ ਗਿਆਨ ਪ੍ਰਾਪਤ ਕਰ ਲਿਆ ਹੈ ਕਿਉਂਕਿ ਜੋ ਹੋਰਨਾਂ ਨੂੰ ਡਰਾਉਂਦਾ ਹੈ, ਉਹ ਜਰਵਾਣਾ ਹੈ, ਅਪਰਾਧੀ ਹੈ ਅਤੇ ਜੋ ਕਿਸੇ ਦੇ ਡਰ ਥੱਲੇ ਝੁਕ ਜਾਂਦਾ ਹੈ, ਉਹ ਕਾਇਰ ਹੈ, ਬੁਜ਼ਦਿਲ ਹੈ, ਜ਼ਾਲਮਾਂ ਨੂੰ ਜ਼ੁਲਮ ਦੀ ਪ੍ਰੇਰਨਾ ਦਿੰਦਾ ਹੈ।ਔਰੰਗਜ਼ੇਬ ਸੰਨ 1656 ਈਸਵੀ ਵਿਚ ਤਖ਼ਤ 'ਤੇ ਬੈਠਾ। ਇਸ ਦੇ ਨਾਲ ਹੀ ਅਕਬਰ ਦੀਆਂ ਉਦਾਰ ਨੀਤੀਆਂ ਦਾ ਜੁਗ ਸਮਾਪਤ ਹੋ ਗਿਆ। ਔਰੰਗਜ਼ੇਬ 'ਤੇ ਸ਼ੁਰੂ ਤੋਂ ਹੀ ਇਸਲਾਮੀ ਕੱਟੜਤਾ ਦਾ ਬਹੁਤ ਅਸਰ ਸੀ।

ਇਸ ਦੌਰਾਨ ਗੁਰੂ ਤੇਗ ਬਹਾਦਰ ਜੀ ਅਸਾਮ ਵਿਚ ਅੰਬੇਰਪਤੀ ਰਾਜਾ ਰਾਮ ਸਿੰਘ ਜੀ ਨਾਲ ਸਨ। ਜਦੋਂ ਉਨ੍ਹਾਂ ਨੂੰ ਸਰਕਾਰ ਦੇ ਨਵੇਂ ਅੱਤਿਆਚਾਰ ਦੀ ਸੂਹ ਮਿਲੀ, ਉਹ ਫੋਰਨ ਉਥੋਂ ਪੰਜਾਬ ਲਈ ਵਾਪਸ ਚਲ ਪਏ। ਰਸਤੇ ਵਿਚ ਉਨ੍ਹਾਂ ਨੇ ਦੀਵਾਨ ਮਤੀ ਦਾਸ ਨੂੰ ਭੇਜ ਕੇ ਪਟਨੇ ਤੋਂ ਆਪਣੇ ਸਾਰੇ ਪਰਿਵਾਰ ਸਮੇਤ ਸਿੱਧਾ ਲਖਨੌਰ ਪੁੱਜਣ ਦਾ ਆਦੇਸ਼ ਦੇ ਕੇ ਆਪ ਦੀਵਾਨ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਆਦਿ ਸਿੱਖਾਂ ਨਾਲ ਦਿੱਲੀ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਆਪ ਨੇ ਰਾਜਾ ਰਾਮ ਸਿੰਘ ਦੀ ਮਾਤਾ ਪੁਸ਼ਪਾ ਦੇਵੀ ਨੂੰ ਬੁਲਾ ਕੇ ਰਾਜਾ ਸਾਹਿਬ ਦੀ ਸੁਖ ਸਾਂਦ ਦੀ ਖ਼ਬਰ ਦਿੱਤੀ ਅਤੇ ਉਪਰੰਤ ਲਖਨੌਰ ਲਈ ਚੱਲ ਪਏ। ਸਾਰਾ ਪਰਿਵਾਰ ਪਹਿਲਾਂ ਹੀ ਲਖਨੌਰ ਪੁੱਜ ਚੁੱਕਾ ਸੀ ਅਤੇ ਦੁਸਹਿਰੇ ਦੇ ਪਵਿੱਤਰ ਦਿਹਾੜੇ 'ਤੇ ਮਾਮਾ ਮਿਹਰਚੰਦ ਜੀ ਨੇ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਦੀ ਦਸਤਾਰਬੰਦੀ ਦੀ ਰਸਮ ਸੰਪੂਰਨ ਕੀਤੀ ਸੀ।

ਕੁਝ ਸਮਾਂ ਲਖਨੌਰ ਠਹਿਰ ਕੇ ਗੁਰੂ ਜੀ ਪੰਜਾਬ ਦੇ ਵੱਖ-ਵੱਖ ਭਾਗਾਂ ਦੇ ਰਟਨ ਲਈ ਤੁਰ ਪਏ। ਚੱਲਣ ਵੇਲੇ ਪਰਿਵਾਰ ਨੂੰ ਕਿਹਾ ਕਿ ਉਹ ਸਭ ਹਾਲੀਂ ਉਥੇ ਹੀ ਟਿਕੇ ਰਹਿਣ। ਮਗਰੋਂ ਕਿਸੇ ਵੇਲੇ ਉਨ੍ਹਾਂ ਨੂੰ ਸੁਨੇਹਾ ਭੇਜ ਕੇ ਮੰਗਵਾ ਲਿਆ ਜਾਵੇਗਾ।ਇਸ ਸਮੇਂ ਜਨਤਾ ਵਿਚ ਬੜੀ ਬੇਚੈਨੀ ਸੀ। ਸਰਕਾਰ ਦੇ ਅੱਤਿਆਚਾਰਾਂ ਨਾਲ ਲੋਕ ਸਹਿਮ ਗਏ ਸਨ। ਇਹ ਕਾਇਦਾ ਹੁੰਦਾ ਹੈ ਕਿ ਲੋਕ ਭਾਵੇਂ ਧਾਰਮਿਕ ਜੀਵਨ ਵਿਚ ਏਨੇ ਪੱਕੇ ਨਾ ਵੀ ਹੋਣ ਫਿਰ ਵੀ ਜਦ ਕੋਈ ਉਨ੍ਹਾਂ ਦੇ ਧਰਮ ਨਾਲ ਧੱਕਾ ਕਰੇ, ਉਨ੍ਹਾਂ ਦੇ ਧਰਮ ਅਸਥਾਨਾਂ ਨੂੰ ਹਾਨੀ ਪਹੁੰਚਾਏ ਜਾਂ ਜ਼ਬਰਦਸਤੀ ਉਨ੍ਹਾਂ ਨੂੰ ਕਿਸੇ ਦੂਜੇ ਧਰਮ ਵਿਚ ਲਿਆਉਣ ਦਾ ਯਤਨ ਕਰੇ, ਉਨ੍ਹਾਂ ਦੇ ਦਿਲਾਂ ਨੂੰ ਤੇ ਜਜ਼ਬਾਤ ਨੂੰ ਚੋਟ ਲੱਗਦੀ ਹੈ।

ਦੁੱਖਾਂ ਤੇ ਤਕਲੀਫ਼ਾਂ ਦੇ ਇਸ ਸੰਘਣੇ ਹਨੇਰੇ ਵਿਚ ਗੁਰੂ ਜੀ ਦੇ ਮਿਠੇ, ਅਸਰਦਾਰ ਤੇ ਜੀਵਨ ਦਾਨ ਦੇਣ ਵਾਲੇ ਉਪਦੇਸ਼ ਨੇ ਚਿਰਾਗ ਦਾ ਕੰਮ ਕੀਤਾ। ਲੋਕ ਹੁੰਮ-ਹੁਮਾ ਕੇ ਉਨ੍ਹਾਂ ਦੇ ਸਤਿ ਬਚਨਾਂ ਨੂੰ ਸੁਣਨ ਲਈ ਇਕੱਠੇ ਹੋਣੇ ਸ਼ੁਰੂ ਹੋ ਗਏ। ਗੁਰੂ ਜੀ ਮਹਾਰਾਜ ਜਿਥੇ ਵੀ ਜਾਂਦੇ, ਭੀੜਾਂ ਲੱਗ ਜਾਂਦੀਆਂ। 'ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ' ਗੁਰੂ ਜੀ ਦੇ ਇਸ ਸਿਧਾਂਤ ਦਾ ਵਿਸ਼ੇਸ਼ ਕਰਕੇ ਬਿਜਲੀ ਵਾਂਗ ਅਸਰ ਹੁੰਦਾ ਅਤੇ ਲੋਕਾਂ ਨੂੰ ਇਉਂ ਮਹਿਸੂਸ ਹੁੰਦਾ ਕਿ ਜਿਵੇਂ ਉਨ੍ਹਾਂ ਦੇ ਢਹਿ ਰਹੇ ਜੀਵਨ ਨੂੰ ਕੋਈ ਥੰਮ੍ਹੀ ਮਿਲ ਗਈ ਹੈ। ਪ੍ਰੰਤੂ ਸਰਕਾਰੀ ਅਫ਼ਸਰਾਂ ਤੇ ਰਿਪੋਰਟ-ਨਵੀਸਾਂ 'ਤੇ ਇਸ ਦਾ ਪ੍ਰਭਾਵ ਉਲਟਾ ਪਿਆ। ਉਨ੍ਹਾਂ ਨੇ ਬਾਦਸ਼ਾਹ ਨੂੰ ਵਧਾ ਚੜ੍ਹਾ ਕੇ, ਤਰੋੜ ਮਰੋੜ ਕੇ, ਸੂਚਨਾਵਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਹੌਲੀ-ਹੌਲੀ ਸਰਕਾਰ ਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ।ਇਹ ਸਭ ਸਫ਼ਰ ਖ਼ਤਮ ਕਰ ਕੇ ਜਦੋਂ ਗੁਰੂ ਜੀ ਮਹਾਰਾਜ ਚੱਕ ਨਾਨਕੀ ਪੁੱਜੇ, ਉਥੇ 25 ਮਈ, 1675 ਈ: ਨੂੰ ਕਸ਼ਮੀਰੀ ਪੰਡਿਤਾਂ ਦਾ ਕਿ 16-ਮੈਂਬਰੀ ਵਫ਼ਦ ਉਨ੍ਹਾਂ ਦੇ ਦਰਬਾਰ ਵਿਚ ਹਾਜ਼ਰ ਹੋਇਆ। ਭੱਟ ਵਹੀ ਵਿਚ ਇਉਂ ਲਿਖਿਆ ਹੈ :-

'ਕਿਰਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬਰਹਮ ਦਾਸ ਕਾ ਬਨਸ ਠਾਕਰ ਦਾਸ ਕੀ ਭਾਰਦਵਾਜੀ ਗੋਤਰਾ ਸਾਰਸੁਤ ਦਤ ਬ੍ਰਾਹਮਨ ਬਾਸੀ ਮਟਨ ਪਰਗਨਾ ਸਿਰੀ ਨਗਰ ਦੇਸ ਕਸ਼ਮੀਰ ਖੋੜਸ ਮੁਖੀ (ਸੋਲਾਂ) ਬ੍ਰਾਹਮਨੋਂ ਕੋ ਸੰਗ ਲੈ ਕੇ ਚੱਕ ਨਾਨਕੀ ਆਇਆ, ਪਰਗਨਾ ਕਹਿਲੂਰ ਮੇਂ ਸਮਤ ਸਤਰੈ ਸੈ ਬਤੀਸ ਜੇਠ ਮਾਸੇ ਸੁਦ ਇਕਾਦਸੀ ਕੇ ਦਿਹੁ ਗੁਰੂ ਤੇਗ ਬਹਾਦਰ ਮਹਲ ਨਾਵਾਂ ਨੇ ਇਨੇ ਧੀਰਜ ਦਈ।'ਪੰਡਤਾਂ ਦੀ ਪੁਕਾਰ ਬੜੀ ਹੀ ਦਰਦਨਾਕ ਸੀ। ਗੁਰੂ ਜੀ ਹਾਲਾਤ ਤੋਂ ਪਹਿਲਾਂ ਹੀ ਭਲੀ ਭਾਂਤ ਜਾਣੂ ਸਨ, ਪਰ ਇਸ ਪੁਕਾਰ ਦਾ ਉਨ੍ਹਾਂ ਦੇ ਦਿਲ 'ਤੇ ਡੂੰਘਾ ਅਸਰ ਹੋਇਆ। ਗੁਰੂ ਜੀ ਸੋਚਾਂ ਵਿਚ ਪੈ ਗਏ ਕਿ ਹੁਣ ਇਸ ਸਾਰੇ ਜ਼ੁਲਮ ਦਾ ਕਿਵੇਂ ਖ਼ਾਤਮਾ ਕੀਤਾ ਜਾਵੇ। ਪਿਤਾ ਜੀ ਨੂੰ ਗੰਭੀਰ ਚੁੱਪ ਦੀ ਹਾਲਤ ਵਿਚ ਵੇਖ ਕੇ ਸਾਹਿਬਜ਼ਾਦਾ ਗੋਬਿੰਦ ਰਾਏ ਨੇ ਜੋ ਹੁਣੇ ਹੁਣੇ ਬਾਹਰੋਂ ਆਏ ਸਨ, ਪੁੱਛਿਆ, 'ਪਿਤਾ ਜੀ! ਆਪ ਕੀ ਸੋਚ ਰਹੇ ਹੋ?' ਤਾਂ ਗੁਰੂ ਜੀ ਨੇ ਅੱਗੋਂ ਫੁਰਮਾਇਆ, 'ਬੇਟਾ, ਇਹ ਲੋਕ, ਆਏ ਹਨ, ਬੜੇ ਦੁਖੀ ਹਨ, ਸਹਾਇਤਾ ਚਾਹੁੰਦੇ ਹਨ।' ਇਹ ਸੁਣ ਕੇ ਬਾਲਾ ਪ੍ਰੀਤਮ ਫਿਰ ਬੋਲੇ, 'ਪਿਤਾ ਜੀ, ਫਿਰ ਕੀ ਹੋ ਸਕਦਾ ਹੈ?' ਪਿਤਾ ਜੀ ਨੇ ਉੱਤਰ ਵਿਚ ਕਿਹਾ, 'ਪੁੱਤਰ, ਲੋਕਾਂ ਦੇ ਦੁੱਖਾਂ ਦਾ ਇਕੋ ਇਕ ਹੱਲ ਇਹ ਹੈ ਕਿ ਕੋਈ ਮਹਾਤਮਾ ਜਨ ਆਪਣਾ ਬਲੀਦਾਨ ਦੇਵੇ।' ਤੁਰੰਤ ਸਾਹਿਬਜ਼ਾਦਾ ਬੋਲੇ, 'ਤੁਹਾਡੇ ਤੋਂ ਵੱਡਾ ਮਹਾਤਮਾ ਕੌਣ ਹੋ ਸਕਦਾ ਹੈ।' ਇਹ ਬੀਰਤਾ-ਭਰਪੂਰ ਉੱਤਰ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, 'ਸ਼ਾਬਾਸ਼ ਬੇਟਾ, ਬੱਸ ਮੈਂ ਇਸੇ ਉੱਤਰ ਦੀ ਉਡੀਕ ਵਿਚ ਸਾਂ।' ਉਸੇ ਵੇਲੇ ਗੁਰੂ ਜੀ ਨੇ ਫ਼ੈਸਲਾ ਕਰ ਲਿਆ ਕਿ ਬਲੀਦਾਨ ਦੇਣ ਦੀ ਜ਼ਿੰਮੇਵਾਰੀ ਉਹ ਖ਼ਦ ਹੀ ਸੰਭਾਲਣਗੇ।

ਲਗਪਗ ਦੋ ਮਹੀਨੇ ਮਗਰੋਂ ਗੁਰੂ ਜੀ ਆਪਣੇ ਬੇਟੇ ਗੋਬਿੰਦ ਰਾਏ ਜੀ ਨੂੰ ਗੁਰਿਆਈ ਦੇ ਕੇ ਦੀਵਾਨ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਨਾਲ ਲੈ ਕੇ ਚੱਕ ਨਾਨਕੀ ਤੋਂ ਦਿੱਲੀ ਦੀ ਦਿਸ਼ਾ ਵੱਲ ਰਵਾਨਾ ਹੋ ਗਏ।ਦਿੱਲੀ ਵਿਚ ਤਾਕਤ ਵਿਚ ਨਸ਼ਿਆਏ ਅਤੇ ਮਜ਼੍ਹਬੀ ਜਨੂੰਨ ਵਿਚ ਅੰਨ੍ਹੇ ਮੁਗਲ ਅਧਿਕਾਰੀਆਂ ਨੇ ਗੁਰੂ ਜੀ ਤੇ ਉਨ੍ਹਾਂ ਦੇ ਸਿਦਕੀ ਸਿੱਖਾਂ 'ਤੇ ਦਬਾਉ ਪਾਉਣਾ ਸ਼ੁਰੂ ਕੀਤਾ ਕਿ ਉਹ ਸਭ ਆਪਣਾ ਮਤ ਛੱਡ ਕੇ ਇਸਲਾਮ ਧਾਰਨ ਕਰ ਲੈਣ। ਕਦੀ ਲਾਲਚ ਦਿੱਤੇ ਜਾਂਦੇ, ਕਦੀ ਧਮਕੀਆਂ, ਕਦੀ ਸਤਿਕਾਰ ਵਜੋਂ ਪੇਸ਼ ਆਇਆ ਜਾਂਦਾ ਤੇ ਕਦੀ ਤਸੀਹੇ ਦਿੱਤੇ ਜਾਂਦੇ। ਪ੍ਰੰਤੂ ਗੁਰੂ ਜੀ ਤੇ ਉਨ੍ਹਾਂ ਦੇ ਸਿੱਖਾਂ ਦੇ ਹੌਸਲੇ ਚਟਾਨ ਵਾਂਗ ਅਡੋਲ ਸਨ। ਜਦੋਂ ਹਾਕਮਾਂ ਦੀ ਪੇਸ਼ ਨਾ ਗਈ ਤਾਂ ਉਨ੍ਹਾਂ ਨੇ ਗੁਰੂ ਜੀ 'ਤੇ ਜ਼ੋਰ ਪਾਇਆ ਕਿ ਜੇ ਉਹ ਫ਼ਕੀਰ ਹਨ ਤਾਂ ਕੋਈ ਕਰਾਮਾਤ ਵਿਖਾਉਣ। ਗੁਰਮਤਿ ਵਿਚ ਕਰਾਮਾਤ ਕਹਿਰ ਸਮਝੀ ਜਾਂਦੀ ਹੈ, ਇਸ ਲਈ ਆਪ ਨੇ ਕਰਾਮਾਤ ਤੋਂ ਵੀ ਇਨਕਾਰ ਕਰ ਦਿੱਤਾ। ਅੰਤ ਨੂੰ ਜਦ ਸਰਕਾਰ ਦੀ ਕੋਈ ਕੋਸ਼ਿਸ਼ ਵੀ ਸਫਲ ਨਾ ਹੋਈ, ਤਾਂ ਉਸ ਨੇ ਕਤਲ ਦੇ ਹੁਕਮ ਜਾਰੀ ਕੀਤੇ। ਗੁਰੂ ਜੀ ਦੀ ਹਜ਼ੂਰੀ ਵਿਚ ਪਹਿਲਾਂ ਉਨ੍ਹਾਂ ਦੇ ਤਿੰਨਾਂ ਪਿਆਰੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਅੱਗ ਲਾਈ ਗਈ ਤੇ ਭਾਈ ਦਿਆਲਾ ਜੀ ਨੂੰ ਦੇਗ ਵਿਚ ਉਬਾਲਿਆ ਗਿਆ। ਸਰਕਾਰ ਨੂੰ ਵਹਿਮ ਸੀ ਕਿ ਇਨ੍ਹਾਂ ਭਿਆਨਕ ਸਜ਼ਾਵਾਂ ਨਾਲ ਗੁਰੂ ਜੀ ਦਾ ਹੌਸਲਾ ਢਹਿ ਪਏਗਾ ਅਤੇ ਉਹ ਡੋਲ ਕੇ ਸਭ ਗੱਲਾਂ ਪ੍ਰਵਾਨ ਕਰ ਲੈਣਗੇ, ਪਰ ਗੁਰੂ ਜੀ ਆਤਮ ਅਸਥਿਤ, ਨਾਮ ਸਥਿਤ ਸਨ। ਉਨ੍ਹਾਂ 'ਤੇ ਕੋਈ ਵੀ ਅਸਰ ਨਾ ਹੋਇਆ। ਅੰਤ ਨੂੰ ਜਲਾਦ ਦੀ ਤਲਵਾਰ ਗੁਰੂ ਜੀ ਦੇ ਪਵਿੱਤਰ ਸੀਸ 'ਤੇ ਵੀ ਚੱਲੀ। ਸਾਖੀ ਹੈ ਕਿ ਸ਼ਹੀਦੀ ਤੋਂ ਥੋੜ੍ਹਾ ਚਿਰ ਪਹਿਲਾਂ ਫਿਰ ਇਕ ਵਾਰ ਗੁਰੂ ਜੀ ਨੂੰ ਕਰਾਮਾਤ ਵਿਖਾਉਣ ਲਈ ਕਿਹਾ ਗਿਆ। ਇਸ ਵਾਰ ਚੋਜੀ ਪਿਤਾ ਨੇ ਕਾਗਜ਼ 'ਤੇ ਕੁਝ ਲਿਖ ਕੇ ਆਪਣੀ ਪਗੜੀ ਦੀ ਕੰਨੀ ਬੰਨ੍ਹ ਦਿੱਤਾ ਤੇ ਕਹਿਣ ਲੱਗੇ, 'ਭਲਿਓ ਲੋਕੋ, ਇਸ ਕਾਗਜ਼ ਦੇ ਟੁਕੜੇ ਦਾ ਇਹ ਅਸਰ ਹੋਵੇਗਾ ਕਿ ਤੁਹਾਡੀ ਤਲਵਾਰ ਚੱਲੇਗੀ, ਪਰ ਮੇਰੇ ਸੀਸ 'ਤੇ ਇਸ ਦਾ ਕੋਈ ਪ੍ਰਭਾਵ ਨਹੀਂ ਪਏਗਾ।' ਜਰਵਾਣੇ ਦੀ ਤਲਵਾਰ ਚੱਲਣੀ ਸੀ, ਚੱਲੀ ਤੇ ਸਿਰ ਧੜ ਤੋਂ ਜੁਦਾ ਹੋ ਗਿਆ। ਉਹ ਹੈਰਾਨ ਸੀ ਕਿ ਉਸ ਕਾਗਜ਼ ਦਾ ਕੀ ਅਸਰ ਹੋਇਆ। ਜਦ ਉਹ ਖੋਲ੍ਹਿਆ ਗਿਆ ਤਾਂ ਉਸ 'ਤੇ ਇਹ ਲਿਖਿਆ ਹੋਇਆ ਸੀ, 'ਸੀਸ ਦੇ ਦਿਤਾ ਪਰ ਸਿਰਰੁ ਨਾ ਦਿਤਾ।' ਇਹ ਵੇਖ ਕੇ ਜ਼ਾਲਮਾਂ ਨੂੰ ਡਾਢੀ ਪਸ਼ੇਮਾਨੀ ਹੋਈ।

ਡਾਕਟਰ ਫੌਜਾ ਸਿੰਘ