ਆਨਲਾਈਨ ਫਰਾਡ ਤੋਂ ਬਚਣ ਦੀ ਲੋੜ 

ਆਨਲਾਈਨ ਫਰਾਡ ਤੋਂ ਬਚਣ ਦੀ ਲੋੜ 

ਵਿਸ਼ੇਸ਼ ਮੁੱਦਾ

ਸਾਇੰਸ ਦੀ ਤਰੱਕੀ ਨਾਲ ਸਾਡੀ ਜਿ਼ੰਦਗੀ ਬੇਸ਼ੱਕ ਕਾਫੀ ਸੁਖਾਲੀ ਹੋ ਗਈ ਹੈ ਪਰ ਇਹ ਆਪਣੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਲੈ ਕੇ ਆਈ ਹੈ। ਆਨਲਾਈਨ ਫਰਾਡ ਦਾ ਹੀ ਮਸਲਾ ਹੈ। ਠੱਗਾਂ, ਚੋਰਾਂ, ਧੋਖੇਬਾਜ਼ਾਂ ਦੀ ਅੱਖ ਹਮੇਸ਼ਾ ਪੈਸਿਆਂ ਉੱਪਰ ਰਹਿੰਦੀ ਹੈ। ਉਹ ਹਰ ਹਰਬਾ ਵਰਤ ਕੇ ਤੁਹਾਡੀ ਜਮ੍ਹਾਂ ਪੂੰਜੀ ਉਡਾ ਲਿਜਾਣਾ ਸੋਚਦੇ ਹਨ ਤਾਂ ਕਿ ਰਾਤੋ-ਰਾਤ ਅਮੀਰ ਹੋ ਸਕਣ। ਇਹਨਾਂ ਲੋਕਾਂ ਦੁਆਰਾ ਵਰਤੇ ਜਾਂਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦੇਣ ਲਈ ਭਾਰਤੀ ਰਿਜ਼ਰਵ ਬੈਂਕ ਨੇ 28-30 ਪੰਨਿਆਂ ਦਾ ਕਿਤਾਬਚਾ ਲਿਆਂਦਾ ਗਿਆ ਹੈ ਜਿਸ ਦਾ ਨਾਂ ਰੱਖਿਆ ਹੈ: ਰਾਜੂ ਅਤੇ ਚਾਲੀ ਚੋਰ। ਇਸ ਵਿਚ ਦਰਜ ਸਮੱਗਰੀ ਦਾ ਸੰਖੇਪ ਵਰਨਣ ਇਸ ਤਰ੍ਹਾਂ ਹੈ:

-ਤੁਹਾਨੂੰ ਫੋਨ ਆਉਂਦਾ ਹੈ ਕਿ ਤੁਹਾਡੇ ਕੇਵਾਈਸੀ ਵੇਰਵੇ ਅਧੂਰੇ ਹਨ। ਇਨ੍ਹਾਂ ਨੂੰ ਮੁਕੰਮਲ ਕਰਨ ਦੇ ਬਹਾਨੇ ਮਹੱਤਵਪੂਰਨ ਜਾਣਕਾਰੀ ਲੈ ਲਈ ਜਾਂਦੀ ਹੈ।

-ਫੋਨ ਉੱਤੇ ਦੱਸਿਆ ਜਾਂਦਾ ਹੈ ਕਿ ਤੁਹਾਡੇ ਏਟੀਐੱਮ ਕਾਰਡ ਦੀ ਮਿਆਦ ਲੰਘਣ ਵਾਲੀ ਹੈ ਅਤੇ ਬਲੌਕ ਹੋਣ ਦਾ ਡਰ ਹੈ। ਇਹ ਕਹਿ ਕੇ ਕਾਰਡ ਬਾਰੇ ਜਾਣਕਾਰੀ ਹਾਸਲ ਕਰ ਲਈ ਜਾਂਦੀ ਹੈ।

-ਪਹਿਲਾਂ ਤੁਹਾਨੂੰ ਦੱਸਿਆ ਜਾਂਦਾ ਹੈ ਕਿ ਇੱਕ ਪਾਲਿਸੀ ਬਹੁਤ ਹੀ ਸਸਤੇ ਰੇਟ ’ਤੇ ਤੁਹਾਨੂੰ ਜਾਰੀ ਕਰ ਦਿੱਤੀ ਗਈ ਹੈ ਅਤੇ ਤੁਹਾਡੇ ਇਨਕਾਰ ਕਰਨ ਅਤੇ ਡੀਐਕਟੀਵੇਟ ਕਰਨ ਦੇ ਬਹਾਨੇ ਓਟੀਪੀ ਮੰਗਿਆ ਜਾਂਦਾ ਹੈ ਅਤੇ ਤੁਹਾਡੇ ਖਾਤੇ ਵਿਚਲੀ ਰਕਮ ਗਾਇਬ ਕਰ ਦਿੱਤੀ ਜਾਂਦੀ ਹੈ।

-ਤੁਹਾਨੂੰ ਕ੍ਰੈਡਿਟ ਕਾਰਡ ਦੇ ਖਰਚੇ ਤੋਂ ਛੋਟ ਦੇ ਬਹਾਨੇ ਕ੍ਰੈਡਿਟ ਕਾਰਡ ਦੀ ਜਾਣਕਾਰੀ ਲੈ ਕੇ ਚੂਨਾ ਲਗਾ ਦਿੱਤਾ ਜਾਂਦਾ ਹੈ।

-ਤੁਸੀਂ ਕੋਈ ਵਸਤੂ ਆਨਲਾਈਨ ਵੇਚਣ ਦਾ ਇਸ਼ਤਿਹਾਰ ਦਿੱਤਾ ਹੈ ਤਾਂ ਝੱਟ ਹੀ ਕੋਈ ਧੋਖੇਬਾਜ਼ ਗ੍ਰਾਹਕ ਬਣ ਕੇ ਤੁਹਾਨੂੰ ਮੂੰਹ ਮੰਗੀ ਕੀਮਤ ਦੇਣ ਲਈ ਤਿਆਰ ਹੋ ਜਾਂਦਾ ਹੈ ਅਤੇ ਬਹੁਤ ਥੋੜ੍ਹੀ ਰਕਮ ਤੁਹਾਡੇ ਖਾਤੇ ਵਿਚ ਵੀ ਪਾ ਦਿੰਦਾ ਹੈ ਪਰ ਇਸ ਦੇ ਨਾਲ ਹੀ ਫਰਾਡ ਦਾ ਖੇਡ ਸ਼ੁਰੂ ਹੁੰਦਾ ਹੈ।

-ਵਿਦੇਸ਼ੀਂ ਬੈਠੇ ਤੁਹਾਡੇ ਕਿਸੇ ਜਾਣਕਾਰ ਨੂੰ ਮੁਸੀਬਤ ਵਿਚ ਫਸਿਆ ਦੱਸ ਕੇ ਤੁਹਾਨੂੰ ਕਿਸੇ ਖਾਤੇ ਵਿਚ ਪੈਸੇ ਪਾਉਣ ਲਈ ਆਖਿਆ ਜਾਂਦਾ ਹੈ।

-ਇਸੇ ਤਰ੍ਹਾਂ ਤੁਹਾਡੇ ਕਿਸੇ ਜਾਣਕਾਰ ਦੀ ਫੇਕ ਆਈਡੀ ਬਣਾ ਕੇ ਉਸ ਦੀ ਐਮਰਜੈਂਸੀ ਵਿੱਤੀ ਸਹਾਇਤਾ ਵਾਸਤੇ ਕਿਹਾ ਜਾਂਦਾ ਹੈ।

-ਇਹ ਕਹਿ ਕੇ ਕਿ ਤੁਹਾਨੂੰ ਤੁਹਾਡੀ ਪੁੱਗ ਚੁੱਕੀ ਬੀਮਾ ਪਾਲਿਸੀ ਉੱਤੇ ਬੋਨਸ ਦੇਣਾ ਹੈ ਅਤੇ ਤੁਹਾਡੇ ਖਾਤੇ ਦੀ ਜਾਣਕਾਰੀ ਵਰਤ ਕੇ ਫਰਾਡ ਕੀਤਾ ਜਾਂਦਾ ਹੈ।

-ਏਟੀਐੱਮ ਵਿਚੋਂ ਪੈਸੇ ਕਢਵਾਉਂਦੇ ਵਕਤ ਤੁਹਾਡਾ ਕਾਰਡ ਬਦਲ ਦੇਣਾ ਹੁਣ ਆਮ ਹੋ ਗਿਆ ਹੈ।

-ਤੁਹਾਡੇ ਏਟੀਐੱਮ ਕਾਰਡ ਦੀ ਜਾਣਕਾਰੀ ਇਕੱਤਰ ਕਰਨ ਲਈ ਏਟੀਐੱਮ ਰੂਮ ਵਿਚ ਬਹੁਤ ਹੀ ਮਹੀਨ ਕੈਮਰੇ ਫਿੱਟ ਕਰ ਦਿੱਤੇ ਜਾਂਦੇ ਹਨ ਜਿਸ ਦੇ ਜ਼ਰੀਏ ਕਾਰਡ ਅਤੇ ਪਾਸਵਰਡ ਦੀ ਜਾਣਕਾਰੀ ਲੈ ਲਈ ਜਾਂਦੀ ਹੈ।

-ਏਟੀਐੱਮ ਮਸ਼ੀਨ ਦੇ ਸੁਰਾਖ਼ ਵਿਚ ਯੰਤਰ ਫਿੱਟ ਕਰ ਕੇ ਸਾਰੀ ਜਾਣਕਾਰੀ ਕਾਪੀ ਕਰ ਲਈ ਜਾਂਦੀ ਹੈ।

-ਤੁਹਾਨੂੰ ਆਨਲਾਈਨ ਨੌਕਰੀ ਦੀ ਪੇਸ਼ਕਸ਼ ਆਉਂਦੀ ਹੈ ਅਤੇ ਕਿਸੇ ਅਣਜਾਣ ਸਾਈਟ ’ਤੇ ਕਲਿਕ ਕਰਨ ਨੂੰ ਕਿਹਾ ਜਾਂਦਾ ਹੈ। ਉਸ ਸਾਈਟ ਉੱਪਰ ਤੁਹਾਡੇ ਦੁਆਰਾ ਦਿੱਤੀ ਜਾਣਕਾਰੀ ਨੂੰ ਧੋਖੇਬਾਜ਼ ਫਰਾਡ ਕਰਨ ਲਈ ਇਸਤੇਮਾਲ ਕਰ ਸਕਦਾ ਹੈ।

-ਘਰੋਂ ਬੈਠ ਕੇ ਕੰਮ ਕਰੋ ਅਤੇ ਮੋਟੀ ਕਮਾਈ ਕਰੋ, ਵਾਲਾ ਸੂਤਰ ਵੀ ਇਸੇ ਤਰ੍ਹਾਂ ਦੇ ਫਰਾਡ ਲਈ ਵਰਤਿਆ ਜਾਂਦਾ ਹੈ। ਨੌਕਰੀ ਲਈ ਚੋਣ ਹੋ ਗਈ ਦੱਸ ਕੇ ਕੁੱਝ ਰਕਮ ਜ਼ਮਾਨਤ ਰਾਸ਼ੀ ਵਜੋਂ ਮੰਗੀ ਜਾਂਦੀ ਹੈ।

-ਮੋਬਾਈਲ ਟਾਵਰ ਲਗਵਾਉਣ ਲਈ ਚਾਹਵਾਨ ਮਿਲੋ। ਝੱਟ ਤੁਹਾਡੀ ਅਰਜ਼ੀ ਮਨਜ਼ੂਰ ਕਰ ਕੇ ਜ਼ਮਾਨਤ ਰਕਮ ਜਮ੍ਹਾਂ ਕਰਵਾਉਣ ਲਈ ਕਿਹਾ ਜਾਂਦਾ ਹੈ।

-ਰੇਲਵੇ ਸਟੇਸ਼ਨ, ਬੱਸ ਸਟੈਂਡ, ਮਾਲ ਵਰਗੀਆਂ ਸਾਂਝੀਆਂ ਥਾਵਾਂ ਉੱਪਰ ਚਾਰਜਿੰਗ ਕੇਬਲ ਰਾਹੀਂ ਡੇਟਾ ਚੋਰੀ ਕਰਨ ਦੀਆਂ ਘਟਨਾਵਾਂ ਵੀ ਵਾਪਰਨ ਲੱਗੀਆਂ ਹਨ।

-ਕਈ ਵਾਰੀ ਆਨਲਾਈਨ ਅਦਾਇਗੀ ਕਰਨ ਵੇਲੇ ਨੈੱਟ ਦੀ ਸਮੱਸਿਆ ਆ ਜਾਂਦੀ ਹੈ ਅਤੇ ਤੁਹਾਨੂੰ ਮੁਫ਼ਤ ਦੀ ਵਾਈ ਫਾਈ ਦੈ ਪੇਸ਼ਕਸ਼ ਕੀਤੀ ਜਾਂਦੀ ਹੈ। ਉਸ ਵਾਈ ਫਾਈ ਰਾਹੀਂ ਇਕੱਤਰ ਕੀਤੀ ਸੂਚਨਾ ਨੂੰ ਫਰਾਡ ਕਰਨ ਲਈ ਵਰਤਿਆ ਜਾਂਦਾ ਹੈ।

-ਪੈਨਸ਼ਨਰਾਂ ਨੂੰ ਆਨਲਾਈਨ ਲਾਈਫ ਸਰਟੀਫਿਕੇਟ ਦੇਣ ਲਈ ਆਖ ਕੇ ਓਟੀਪੀ ਸ਼ੇਅਰ ਕਰਨ ਲਈ ਆਖਿਆ ਜਾਂਦਾ ਹੈ।

-ਤੁਹਾਡੇ ਈਮੇਲ ਆਈਡੀ ਉੱਤੇ ਤੁਹਾਡਾ ਮਿੱਤਰ ਬਣ ਕੇ ਐਮਰਜੈਂਸੀ ਆਰਥਿਕ ਸਹਾਇਤਾ ਵਾਸਤੇ ਬੇਨਤੀ ਕੀਤੀ ਜਾਂਦੀ ਹੈ।

-ਮੈਸੇਜ ਐਪ ਉੱਤੇ ਕਿਸੇ ਖਾਸ ਐਪ ਨੂੰ ਵਰਤਣ ਵਜੋਂ ਗਿਫਟ ਵਾਊਚਰ ਦੀ ਆਫਰ ਦੇ ਕੇ ਕਾਲ ਡਿਟੇਲ ਅੱਪਡੇਟ ਕਰਨ ਲਈ ਭੇਜੇ ਗਏ ਓਟੀਪੀ ਨੂੰ ਵਰਤ ਕੇ ਫਰਾਡ ਕਰ ਲਿਆ ਜਾਂਦਾ ਹੈ।

-ਕਈ ਫੇਕ ਏਜੰਸੀਆਂ ਕਰਜ਼ ਦੀ ਆਫਰ ਲੈ ਕੇ ਹਾਜ਼ਰ ਹੁੰਦੀਆਂ ਹਨ। ਤੁਹਾਡੇ ਘਰੋਂ ਤੁਹਾਡੇ ਦਸਤਾਵੇਜ਼ ਲੈ ਲਏ ਜਾਂਦੇ ਹਨ। ਲੋਨ ਤੁਹਾਡੇ ਦਸਤਾਵੇਜ਼ਾਂ ਨਾਲ ਤੁਹਾਡੇ ਨਾਂ ਹੋਵੇਗਾ ਜਦਕਿ ਫਾਇਦਾ ਕੋਈ ਹੋਰ ਹੀ ਉਠਾ ਗਿਆ ਹੋਵੇਗਾ।

-ਕ੍ਰਿਕਟ ਵਰਗੀ ਗੇਮ ਵਿਚ ਸੱਟੇ ਰਾਹੀਂ ਸੌਖਿਆਂ ਲੱਖਪਤੀ ਬਣਨ ਦਾ ਝਾਂਸਾ ਦਿੱਤਾ ਜਾਂਦਾ ਹੈ। ਰਜਿਸਟਰੇਸ਼ਨ ਦੇ ਨਾਂ ’ਤੇ ਪੈਸੇ ਮੰਗ ਲਏ ਜਾਂਦੇ ਹਨ।

-ਫੇਕ ਕਾਲ ਰਾਹੀਂ ਟੀਕਾਕਰਨ ਲਈ ਤੁਹਾਡੇ ਆਧਾਰ ਕਾਰਡ, ਪੈਨ ਕਾਰਡ ਵਗੈਰਾ ਦੀ ਜਾਣਕਾਰੀ ਲੈ ਕੇ ਧੋਖਾ ਕੀਤਾ ਜਾਂਦਾ ਹੈ।

-ਸੜਕ ਕਿਨਾਰੇ ਸਸਤੀਆਂ ਬੀਮਾ ਪਾਲਿਸੀਆਂ ਦਾ ਲਾਲਚ ਦਿੱਤਾ ਜਾਂਦਾ ਹੈ ਜਦ ਕਿ ਅਜਿਹੀ ਕੋਈ ਕੰਪਨੀ ਹੋਂਦ ਵਿਚ ਹੀ ਨਹੀਂ ਹੁੰਦੀ।

-ਸਰਕਾਰ ਦੀਆਂ ਸਮਾਜ ਭਲਾਈ ਸਕੀਮਾਂ ਦਾ ਫ਼ਾਇਦਾ ਦੇਣ ਦੇ ਬਹਾਨੇ ਤੁਹਾਡੇ ਕੋਲੋਂ ਤੁਹਾਡੇ ਬੈਂਕ ਖਾਤੇ, ਆਧਾਰ ਕਾਰਡ ਅਤੇ ਪੈਨ ਕਾਰਡ ਵਗੈਰਾ ਦੀ ਜਾਣਕਾਰੀ ਲੈ ਲਈ ਜਾਂਦੀ ਹੈ।

-ਆਨਲਾਈਨ ਸੇਲ ਰਾਹੀਂ ਵਸਤੂਆਂ ਦੇ ਰੇਟ ਅੱਧਿਆਂ ਤੋਂ ਵੀ ਘੱਟ ਦੱਸ ਕੇ 50% ਰਕਮ ਪਹਿਲਾਂ ਭੇਜਣ ਨੂੰ ਕਿਹਾ ਜਾਂਦਾ ਹੈ ਪਰ ਆਰਡਰ ਕੀਤੀ ਵਸਤੂ ਭੇਜੀ ਹੀ ਨਹੀਂ ਜਾਂਦੀ।

-ਤੁਹਾਨੂੰ ਜੈਕਪਾਟ ਲਾਟਰੀ ਦਾ ਝਾਂਸਾ ਦਿੱਤਾ ਜਾਂਦਾ ਹੈ ਅਤੇ ਕੁਝ ਰਕਮ ਪ੍ਰਾਸੈਸਿੰਗ ਚਾਰਜਜ਼ ਦੇ ਤੌਰ ’ਤੇ ਮੰਗੀ ਜਾਂਦੀ ਹੈ। ਜਦੋਂ ਤੁਸੀਂ ਮੰਗੀ ਗਈ ਰਾਸ਼ੀ ਭੇਜ ਦਿੰਦੇ ਹੋ, ਉਸੇ ਵਕਤ ਹੋਰ ਰਕਮ ਟੈਕਸ ਵਸੂਲੀ ਦੇ ਬਹਾਨੇ ਮੰਗੀ ਜਾਂਦੀ ਹੈ।

-ਸੁੰਦਰ ਲੜਕੀਆਂ ਰਾਹੀਂ ਤੁਹਾਡੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਦੇਰ ਬਾਅਦ ਤੁਹਾਨੂੰ ਕਿਸੇ ਨਕਲੀ ਪੁਲੀਸ ਵਾਲੇ ਵੱਲੋਂ ਤੁਹਾਡੇ ਖਿਲਾਫ ਆਈ ਸਿ਼ਕਾਇਤ ਸਬੰਧੀ ਫੋਨ ਆਉਂਦਾ ਹੈ। ਤੁਹਾਨੂੰ ਡਰਾ ਧਮਕਾ ਕੇ ਪੈਸੇ ਬਟੋਰ ਲਏ ਜਾਂਦੇ ਹਨ।

-ਜਾਅਲੀ ਰਿਕਵਰੀ ਏਜੰਟ ਬਣ ਕੇ ਤੁਹਾਡੇ ਕੋਲੋਂ ਪੈਸੇ ਬਟੋਰ ਕੇ ਤਿੱਤਰ ਹੋ ਜਾਂਦੇ ਹਨ।

-ਕ੍ਰੈਡਿਟ ਕਾਰਡ ਵਗੈਰਾ ਚਾਲੂ ਕਰਨ ਦੇ ਬਹਾਨੇ ਐਕਟੀਵੇਸ਼ਨ ਕੋਡ ਮੰਗਿਆ ਜਾਂਦਾ ਹੈ ਅਤੇ ਉਸ ਕੋਡ ਆਸਰੇ ਫਰਾਡ ਕਰ ਲਿਆ ਜਾਂਦਾ ਹੈ।

-ਹੀ ਕ੍ਰੈਡਿਟ ਕਾਰਡ ਲਿਮਿਟ ਵਧਾਉਣ ਦਾ ਲਾਲਚ ਦੇ ਕੇ ਲਿਮਿਟ ਅੱਪ ਗਰਡੇਸ਼ਨ ਕੋਡ ਮੰਗਦੇ ਹਨ।-ਧੋਖੇ ਨਾਲ ਤੁਹਾਡੇ ਖਾਤੇ ਵਿਚਲਾ ਰਜਿਸਟਰਡ ਮੋਬਾਈਲ ਨੰਬਰ ਬਦਲ ਦਿੱਤਾ ਜਾਂਦਾ ਹੈ, ਹੁਣ ਧੋਖੇਬਾਜ਼ ਕੁਝ ਵੀ ਕਰ ਸਕਦਾ ਹੈ।

-ਤੁਹਾਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਤੁਹਾਡੇ ਦੁਆਰਾ ਕੀਤੀ ਖਰੀਦ ਉੱਤੇ ਕੈਸ਼ਬੈਕ ਬਣਦਾ ਹੈ। ਤੁਸੀਂ ਉਹਨਾਂ ਦੇ ਦੱਸਣ ਮੁਤਾਬਿਕ ਬਟਨ ਦੱਬੀ ਜਾਂਦੇ ਹੋ। ਤੁਹਾਨੂੰ ਪੈਸੇ ਮੋੜਨ ਦੀ ਬਜਾਇ ਪੈਸੇ ਧੋਖੇਬਾਜ਼ ਦੇ ਖਾਤੇ ਵਿਚ ਪੁਆ ਲਏ ਜਾਂਦੇ ਹਨ।

-ਜਾਅਲੀ ਦਾਨੀ ਸੰਸਥਾਵਾਂ ਇਸ਼ਤਿਹਾਰ ਦੇ ਕੇ, ਵਾਪਸੀ ਯੋਗ ਜ਼ਮਾਨਤ ਰਾਸ਼ੀ ਠੱਗ ਕੇ ਨੌਂ ਦੋ ਗਿਆਰਾਂ ਹੋ ਜਾਂਦੀਆਂ ਹਨ।

-ਬਜ਼ੁਰਗ ਪੈਨਸ਼ਨਰਾਂ ਕੋਲੋਂ ਐੱਫਡੀ ਉੱਪਰ ਵੱਧ ਵਿਆਜ ਦਾ ਲਾਲਚ ਦੇ ਕੇ ਘਰੋਂ ਹੀ ਦਸਤਖ਼ਤ ਕਰਵਾ ਲਏ ਜਾਂਦੇ ਹਨ। ਜਾਅਲੀ ਐੱਫਡੀ ਮਾਲਕ ਨੂੰ ਦੇ ਕੇ ਅਸਲੀ ਐੱਫਡੀ ਉੱਤੇ ਧੋਖੇਬਾਜ਼ ਓਵਰਡ੍ਰਾਫਟ ਦੀ ਸਹੂਲਤ ਲੈ ਜਾਂਦਾ ਹੈ।

-ਬਿਨਾ ਪੜਤਾਲ ਕੀਤਿਆਂ ਕਿਸੇ ਅਣਜਾਣ ਜਾਅਲੀ ਐਪ ਨੂੰ ਡਾਊਨਲੋਡ ਕਰਨਾ ਵੀ ਠੱਗੀ ਨੂੰ ਸੱਦਾ ਦਿੰਦਾ ਹੈ।

-ਵਪਾਰਕ ਅਦਾਰਿਆਂ ਵਿਚ ਅਨਜਾਣ ਦੇ ਹੱਥ ਅਪਣਾ ਕਾਰਡ ਫੜਾ ਦੇਣਾ, ਕਾਰਡ ਦਾ ਕਲੋਨ ਬਣਾਉਣ ਵਿਚ ਸਹਾਈ ਹੋ ਜਾਂਦਾ ਹੈ।

-ਆਪਣੇ ਜਾਣ-ਪਛਾਣ ਵਾਲਿ਼ਆਂ ਨਾਲ ਕਾਰਡ ਦਾ ਵੇਰਵਾ ਫੋਨ ਰਾਹੀਂ ਸਾਂਝਾ ਕਰਨਾ ਮਹਿੰਗਾ ਪੈ ਸਕਦਾ ਹੈ।

-ਖਰੀਦਦਾਰ ਕਿਊਆਰ ਕੋਡ ਸਕੈਨਿੰਗ ਰਾਹੀਂ ਅਦਾਇਗੀ ਕਰਦਿਆਂ ਜਾਅਲੀ ਅਦਾਇਗੀ ਦਿਖਾ ਕੇ ਦੁਕਾਨਦਾਰ ਨਾਲ ਠੱਗੀ ਕਰ ਲੈਂਦੇ ਹਨ।

-ਏਟੀਐੱਮ ਰੂਮ ਵਿਚ ਸਹਾਇਤਾ ਦੇਣ ਦੇ ਬਹਾਨੇ ਸਹਾਇਕ ਤੁਹਾਡੇ ਨਾਲ ਧੋਖਾ ਕਰ ਸਕਦਾ ਹੈ।

-ਆਨਲਾਈਨ ਖਰੀਦਦਾਰੀ ਵੇਲੇ ਪਹਿਲਾਂ ਪੈਸੇ ਭੇਜ ਦੇਣੇ ਕਈ ਵਾਰੀ ਗਲਤ ਸਾਬਤ ਹੋ ਜਾਂਦੇ ਹਨ।

ਇਨ੍ਹਾਂ ਨੁਕਤਿਆਂ ਦੇ ਮੱਦੇਨਜ਼ਰ ਹੇਠ ਲਿਖੀਆਂ ਸਾਵਧਾਨੀਆਂ ਅਨੁਸਾਰ ਠੱਗੀ ਤੋਂ ਬਚਿਆ ਜਾ ਸਕਦਾ ਹੈ:

-ਓਟੀਪੀ ਅਤੇ ਯੂਪੀਆਈ ਪਿਨ ਤੁਹਾਡੀ ਦੌਲਤ ਨੂੰ ਲੱਗੇ ਜਿੰਦਰੇ ਦੀ ਚਾਬੀ ਹਨ। ਇਸ ਲਈ ਕਦੇ ਵੀ ਕਿਸੇ ਨਾਲ ਇਹ ਸਾਂਝੇ ਨਾ ਕਰੋ।

-ਤੁਹਾਡੇ ਮਹੱਤਵਪੂਰਨ ਦਸਤਾਵੇਜ਼ਾਂ ਦੀ ਜਾਣਕਾਰੀ ਜਿਵੇਂ ਆਧਾਰ ਕਾਰਡ, ਪੈਨ ਕਾਰਡ, ਖਾਤੇ ਸਬੰਧੀ ਜਾਣਕਾਰੀ ਅਤੇ ਸਿਮ ਵੇਰਵੇ ਕਿਸੇ ਅਣਜਾਣ ਨਾਲ ਸਾਂਝੇ ਨਾ ਕਰੋ।

-ਜੈਕਪਾਟ, ਲਾਟਰੀ ਦੇ ਲਾਲਚ ਵਿਚ ਨਾ ਫਸੋ।

-ਨੌਕਰੀ ਦਾ ਝਾਂਸਾ ਦੇ ਕੇ ਜ਼ਮਾਨਤ ਰਾਸ਼ੀ ਮੰਗਣ ਵਾਲਿਆਂ ਤੋਂ ਬਚੋ।

-ਕਿਸੇ ਵੀ ਅਨਜਾਣ ਦੇ ਖਾਤੇ ਵਿਚ ਪੈਸੇ ਪੜਤਾਲ ਕਰ ਲੈਣ ਤੋਂ ਬਾਅਦ ਹੀ ਪਾਓ।

-ਆਪਣੇ ਭਾਂਤ ਭਾਂਤ ਦੇ ਪਾਸਵਰਡ ਫੋਨ ਜਾਂ ਪਾਸਬੁੱਕ ਵਿਚ ਕਦੇ ਵੀ ਲਿਖ ਕੇ ਨਾ ਰੱਖੋ।

-ਆਪਣਾ ਹਰ ਪਾਸਵਰਡ ਸਮੇਂ ਸਮੇਂ ਬਦਲਦੇ ਰਹੋ।

-ਆਪਣੇ ਫੋਨ ਵਿਚ ਐਂਟੀ-ਵਾਇਰਸ ਸਾਫਟਵੇਅਰ ਇੰਸਟਾਲ ਕਰਵਾਓ।

-ਆਨਲਾਈਨ ਖਰੀਦਦਾਰੀ ਕਰਦਿਆਂ ਕੋਸਿ਼ਸ਼ ਕਰੋ ਕਿ ਅਦਾਇਗੀ ਚੀਜ਼ ਪ੍ਰਾਪਤ ਕਰਨ ਵੇਲੇ ਹੀ ਕੀਤੀ ਜਾਵੇ।

-ਫਰਾਡ ਹੋਣ ਦੀ ਸੂਰਤ ਵਿਚ ਬਿਨਾ ਸਮਾਂ ਗੁਆਇਆਂ ਆਪਣੀ ਬੈਂਕ ਬਰਾਂਚ ਨੂੰ ਸੂਚਿਤ ਕਰੋ। ਛੁੱਟੀ ਹੋਣ ਦੀ ਸੂਰਤ ਵਿਚ ਬੈਂਕ ਦੇ ਗ੍ਰਾਹਕ ਸੇਵਾ ਕੇਂਦਰ ’ਤੇ ਗੱਲ ਕਰੋ। ਆਪਣਾ ਖਾਤਾ ਅਤੇ ਕਾਰਡ ਦੋਨੋਂ ਹੀ ਫਰੀਜ਼ ਕਰਵਾਉਣਾ ਨਾ ਭੁੱਲੋ। ਆਪਣੇ ਨਾਲ ਹੋਈ ਠੱਗੀ ਬਾਬਤ ਨੇੜੇ ਦੇ ਸਾਈਬਰ ਕ੍ਰਾਈਮ ਪੁਲੀਸ ਸਟੇਸ਼ਨ ਵਿਚ ਲਿਖਤੀ ਸਿ਼ਕਾਇਤ ਦਿਓ। ਬੈਂਕ ਦੇ ਸਾਈਬਰ ਸੈੱਲ ਨੂੰ ਸੂਚਿਤ ਕਰਨਾ ਵੀ ਨਾ ਭੁੱਲੋ। ਆਪ ਫੋਨ ਕਰ ਕੇ 155260 ਨੰਬਰ ’ਤੇ ਵੀ ਸੂਚਿਤ ਕਰ ਸਕਦੇ ਹੋ।

ਇਹ ਸਾਵਧਾਨੀਆਂ ਵਰਤ ਕੇ ਰੋਜ਼ਾਨਾ ਹੋਣ ਵਾਲੀਆਂ ਧੋਖਾਧੜੀਆਂ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।

 

ਜਗਦੇਵ ਸ਼ਰਮਾ ਬੁਗਰਾ