ਪੰਜਾਬ ਸੰਕਟ ਨਾਲ ਜੂਝਣ ਲਈ ਸਮੁਚੇ ਪੰਜਾਬੀ ਸਾਂਝੀ ਪਹੁੰਚ ਅਪਨਾਉਣ

ਪੰਜਾਬ ਸੰਕਟ ਨਾਲ ਜੂਝਣ ਲਈ ਸਮੁਚੇ ਪੰਜਾਬੀ ਸਾਂਝੀ ਪਹੁੰਚ ਅਪਨਾਉਣ

ਪੰਜਾਬ ਦੇ ਮਸਲੇ ਇਕੱਲੇ ਸਿੱਖਾਂ ਦੇ ਮਸਲੇ ਨਹੀਂ ਹਨ। ਇਹ ਸਮੁੱਚੇ ਪੰਜਾਬੀਆਂ ਦੇ ਹਨ। ਸਹੀ ਵਿਖਿਆਨ ਨਾ ਹੋਣ ਕਰਕੇ ਇਹ ਮਸਲੇ ਸਿੱਖਾਂ ਦੇ ਮਸਲੇ ਬਣ ਕੇ ਰਹਿ ਜਾਂਦੇ ਹਨ।

ਪੰਜਾਬ ਅੱਜ ਫਿਰ ਤੋਂ ਗੰਭੀਰ ਹਾਲਾਤ ਵੱਲ ਨੂੰ ਵਧ ਰਿਹਾ ਹੈ। ਜੋ ਪਹਿਲਾਂ ਕਦੇ ਨਹੀਂ ਹੋਇਆ ਭਾਈਚਾਰਕ ਸਾਂਝ 'ਤੇ ਸੱਟ ਵੱਜ ਰਹੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਲਗਾਤਾਰ ਪੰਜਾਬ ਨਾਲ ਵਿਤਕਰੇ ਹੋਏ ਹਨ ਅਤੇ ਅੱਜ ਵੀ ਹੋ ਰਹੇ ਹਨ। ਪਤਾ ਨਹੀਂ ਕੇਂਦਰ ਸਰਕਾਰਾਂ ਪੰਜਾਬ ਨੂੰ ਦੇਸ਼ ਦਾ ਅੰਗ ਸਮਝ ਰਹੀਆਂ ਹਨ ਜਾਂ ਨਹੀਂ? ਇਸੇ ਲਈ ਆਜ਼ਾਦੀ ਤੋਂ ਬਾਅਦ ਪਹਿਲੇ ਦਿਨ ਤੋਂ ਹੀ ਪੰਜਾਬ ਨਾਲ ਵਿਤਕਰੇਬਾਜ਼ੀ ਸ਼ੁਰੂ ਕੀਤੀ ਹੋਈ ਹੈ।

ਪੰਜਾਬੀਆਂ ਨੇ ਖ਼ਾਸ ਕਰਕੇ ਸਿੱਖਾਂ ਨੇ ਹਰ ਪ੍ਰਕਾਰ ਦੀ ਕੁਰਬਾਨੀ ਕਰਕੇ ਦੇਸ਼ ਆਜ਼ਾਦ ਕਰਵਾਇਆ। ਦੇਸ਼ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ, ਪੰਜਾਬੀ ਉੱਜੜ ਕੇ ਇਧਰੋਂ-ਉਧਰ ਅਤੇ ਉਧਰੋਂ-ਇਧਰ ਆ-ਜਾ ਰਹੇ ਸਨ ਅਤੇ ਖ਼ੂਨ ਦੀ ਹੋਲੀ ਖੇਡ ਰਹੇ ਸਨ। ਪੰਜਾਬੀ ਆਪਣੀਆਂ ਜਾਇਦਾਦਾਂ ਛੱਡ ਕੇ ਘਰੋਂ ਬੇਘਰ ਹੋ ਗਏ ਅਤੇ ਰਿਫ਼ਿਊਜੀ ਕੈਂਪਾਂ 'ਚ ਉਨ੍ਹਾਂ ਨੇ ਗੁਜ਼ਰ ਬਸਰ ਕੀਤਾ। ਕੇਂਦਰ ਸਰਕਾਰ ਨੇ ਪੰਜਾਬੀਆਂ ਨੂੰ ਜਰਾਇਮਪੇਸ਼ਾ ਹੋਣ ਦਾ ਖ਼ਿਤਾਬ ਦੇ ਦਿੱਤਾ। ਭਾਸ਼ਾ ਦੇ ਆਧਾਰ 'ਤੇ ਸੂਬੇ ਬਣਾਉਣ ਲਈ ਕਮਿਸ਼ਨ ਗਠਨ ਕੀਤਾ ਗਿਆ, ਉਸ ਨੇ ਸਾਰੇ ਦੇਸ਼ ਦੇ ਸੂਬਿਆਂ ਨੂੰ ਭਾਸ਼ਾ ਦੇ ਆਧਾਰ 'ਤੇ ਨਵੇਂ ਸਿਰਿਓਂ ਗਠਿਤ ਕਰ ਦਿੱਤਾ ਪਰ ਪੰਜਾਬ ਨੂੰ ਇਸ ਪ੍ਰਕਿਰਿਆ ਤੋਂ ਵਾਂਝਾ ਰੱਖਿਆ ਗਿਆ। ਪੰਜਾਬੀ ਬੋਲੀ ਆਧਾਰਿਤ ਸੂਬਾ ਗਠਿਤ ਕਰਾਉਣ ਲਈ ਅਕਾਲੀ ਦਲ ਨੂੰ ਮੋਰਚਾ ਲਾਉਣਾ ਪਿਆ ਤਾਂ ਜਾ ਕੇ ਆਹ-ਅਧੂਰਾ ਜਿਹਾ ਪੰਜਾਬੀ ਸੂਬਾ ਨਹੀਂ, ਸੂਬੀ ਬਣਾਈ ਗਈ, ਜਿਸ ਨੂੰ ਮੰਨਣ ਤੋਂ ਅਕਾਲੀਆਂ ਨੇ ਇਨਕਾਰ ਕਰ ਦਿੱਤਾ ਸੀ ਅਤੇ ਖਰੜੇ 'ਤੇ ਦਸਤਖ਼ਤ ਤੱਕ ਨਹੀਂ ਸਨ ਕੀਤੇ।

ਉਜਾੜੇ ਤੋਂ ਬਾਅਦ ਗੁਰੂ ਜੀ ਦੀ ਕਿਰਪਾ ਸਦਕਾ ਬੜੇ ਹੌਸਲੇ ਨਾਲ ਪੰਜਾਬੀਆਂ ਨੇ ਦਿਨ-ਰਾਤ ਮਿਹਨਤ ਕਰਕੇ ਆਪਣੇ ਆਪ ਨੂੰ ਪੈਰਾਂ 'ਤੇ ਖੜ੍ਹੇ ਕੀਤਾ ਅਤੇ ਜ਼ਮੀਨਾਂ ਨੂੰ ਜ਼ਰਖੇਜ਼ ਬਣਾਇਆ, ਪੂਰੇ ਦੇਸ਼ ਦਾ ਢਿੱਡ ਭਰਿਆ। ਜਦੋਂ ਕਿ ਪੂਰੇ ਦੇਸ਼ ਵਿਚੋਂ ਪੰਜਾਬ ਤੇ ਬੰਗਾਲ ਹੀ ਵੰਡੇ ਗਏ ਸਨ। ਬਾਕੀ ਦੇਸ਼ ਖਾਣ ਜੋਗਾ ਅਨਾਜ ਵੀ ਪੈਦਾ ਕਰਨ ਦੀ ਹਿੰਮਤ ਨਹੀਂ ਰੱਖਦਾ ਸੀ। ਫਿਰ ਵੀ ਕੇਂਦਰ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆਇਆ। ਪੰਜਾਬ ਦੇ ਪਿੰਡ ਉਜਾੜ ਕੇ ਬਣਾਇਆ ਚੰਡੀਗੜ੍ਹ ਵੀ ਜੋ ਪੰਜਾਬ ਵਾਸਤੇ ਰਾਜਧਾਨੀ ਬਣਾਈ ਗਈ ਸੀ, ਉਹ ਵੀ ਪੰਜਾਬ ਨੂੰ ਨਾ ਦੇ ਕੇ ਕੇਂਦਰ ਨੇ ਵਾਅਦਾ ਖ਼ਿਲਾਫ਼ੀ ਕੀਤੀ। ਇਸੇ ਤਰ੍ਹਾਂ ਬਹੁਤ ਮਸਲੇ ਹਨ ਪੰਜਾਬ ਦੇ ਪਹਿਲ ਦੇ ਆਧਾਰ 'ਤੇ ਸਰਕਾਰਾਂ ਨੂੰ ਹੱਲ ਕਰਨੇ ਚਾਹੀਦੇ ਸਨ, ਪਰ ਪਤਾ ਨਹੀਂ ਕਿਉਂ ਸਰਕਾਰਾਂ ਗੱਡੇ ਨਾਲ ਕੱਟਾ ਬੰਨ੍ਹਣ ਦੀ ਨੀਤੀ ਨਾਲ ਚੱਲ ਰਹੀਆਂ ਹਨ।

ਇਹ ਸਾਰੇ ਮਸਲੇ ਪੰਜਾਬ ਦੇ ਹਨ, ਪੰਜਾਬ 'ਚ ਵੱਸਦੇ ਹਰ ਪੰਜਾਬੀ ਦੇ ਹਨ। ਪਰ ਇਉਂ ਪ੍ਰਭਾਵ ਬਣਾ ਦਿੱਤਾ ਜਾਂਦਾ ਹੈ ਕਿ ਇਹ ਮਸਲੇ ਸਿੱਖਾਂ ਦੇ ਮਸਲੇ ਹਨ। ਸਾਡੇ ਆਗੂ ਲੋਕ ਪੰਜਾਬੀਆਂ ਨੂੰ ਸਮਝਾ ਨਹੀਂ ਸਕੇ ਕਿ ਇਹ ਪੰਜਾਬ ਦੇ ਹਰ ਬਾਸ਼ਿੰਦੇ ਦੇ ਮਸਲੇ ਹਨ, ਜੇ ਇਹ ਹੱਲ ਨਹੀਂ ਹੁੰਦੇ ਤਾਂ ਇਸ ਦਾ ਨੁਕਸਾਨ ਹਰ ਪੰਜਾਬ ਨਿਵਾਸੀ ਨੂੰ ਝੱਲਣਾ ਪਵੇਗਾ। ਇਹ ਨਹੀਂ ਹੋ ਸਕਦਾ ਕਿ ਪੰਜਾਬ ਦਾ ਪਾਣੀ ਖ਼ਤਮ ਹੋਣ ਦਾ ਖ਼ਮਿਆਜ਼ਾ ਇਕੱਲੇ ਸਿੱਖਾਂ ਨੂੰ ਝੱਲਣਾ ਪਵੇਗਾ, ਜੇ ਪੰਜਾਬ ਦੇ ਵਪਾਰ ਜਾਂ ਉਦਯੋਗ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਵੀ ਸਮੂਹ ਪੰਜਾਬੀਆਂ ਦਾ ਹੈ। ਜੇ ਪੰਜਾਬ ਵਿਚ ਏਜੰਸੀਆਂ ਨੇ ਨਸ਼ਿਆਂ ਦਾ ਪ੍ਰਕੋਪ ਵਧਾਇਆ ਹੈ, ਇਸ ਦਾ ਨੁਕਸਾਨ ਵੀ ਪੰਜਾਬ 'ਚ ਵਸਦੇ ਸਭ ਪਰਿਵਾਰ ਝੱਲ ਰਹੇ ਹਨ। ਇਸ ਲਈ ਇਹ ਸਾਰੀਆਂ ਸਮੱਸਿਆਵਾਂ ਪੰਜਾਬੀਆਂ ਦੀਆਂ ਹਨ। ਸਭ ਤੋਂ ਪਹਿਲਾਂ ਇਹ ਗੱਲ ਪੰਜਾਬੀਆਂ ਦੇ ਮਨਾਂ ਵਿਚ ਬਿਠਾਉਣੀ ਪਵੇਗੀ। ਫਿਰ ਇਨ੍ਹਾਂ 'ਤੇ ਪੰਜਾਬੀਆਂ ਨੂੰ ਇਕ ਮਤ ਕਰਕੇ ਸੰਘਰਸ਼ ਵਿੱਢਣਾ ਪਵੇਗਾ। ਇਸ ਦੀ ਤਾਜ਼ਾ ਮਿਸਾਲ ਕਿਸਾਨ ਮੋਰਚਾ ਹੈ। ਉਸ ਮੋਰਚੇ ਦੀ ਜਿੱਤ ਦੇ ਕਾਰਨ ਇਹ ਸੀ ਕਿ ਕਿਸਾਨ ਆਮ ਲੋਕਾਂ ਨੂੰ ਇਹ ਗੱਲ ਸਮਝਾਉਣ ਵਿਚ ਕਾਮਯਾਬ ਰਹੇ ਕਿ ਇਨ੍ਹਾਂ ਬਿੱਲਾਂ ਨਾਲ ਅਖ਼ੀਰ ਨੂੰ ਨੁਕਸਾਨ ਖਪਤਕਾਰ ਦਾ ਵੀ ਹੈ। ਇਸੇ ਤਰ੍ਹਾਂ ਦੀ ਆਮ ਸਹਿਮਤੀ ਬਣਾਉਣੀ ਪਵੇਗੀ। ਪੰਜਾਬ ਵਿਚ ਵਸਦੇ ਦਲਿਤ, ਹਿੰਦੂ, ਮੁਸਲਮਾਨ, ਜੈਨੀਆਂ, ਬੋਧੀਆਂ ਨੂੰ ਪੰਜਾਬ ਦੇ ਮਸਲਿਆਂ ਬਾਰੇ ਜਾਣਕਾਰੀ ਦੇ ਕੇ ਉਨ੍ਹਾਂ ਨੂੰ ਇਸ ਲੜਾਈ ਵਿਚ ਬਰਾਬਰ ਦੇ ਭਾਗੀਦਾਰ ਬਣਾਉਣ ਦੀ ਲੋੜ ਹੈ।

ਖ਼ਾਲਿਸਤਾਨ ਪੰਜਾਬ ਦੇ ਮਸਲਿਆਂ ਦਾ ਹੱਲ ਨਹੀਂ। ਏਨਾ ਛੋਟਾ ਜਿਹਾ ਦੇਸ਼ ਜਿਸ ਦੇ ਸਾਰੇ ਪਾਸੇ ਦੁਸ਼ਮਣ ਹੋਣਗੇ ਕਿਵੇਂ ਤਰੱਕੀ ਕਰ ਸਕੇਗਾ। ਹਾਂ, ਇਹ ਜ਼ਰੂਰੀ ਹੈ ਪੰਜਾਬ ਦੇ ਮਸਲੇ ਹੱਲ ਹੋਣੇ ਚਾਹੀਦੇ ਹਨ। ਮਸਲੇ ਹੱਲ ਕਰਵਾਉਣ ਲਈ ਦਲਿਤ, ਹਿੰਦੂ, ਮੁਸਲਿਮ, ਈਸਾਈ, ਜੈਨੀ ਸਾਰਿਆਂ ਦਾ ਸਾਥ ਬਹੁਤ ਜ਼ਰੂਰੀ ਹੈ। ਸਾਰੇ ਸਾਥ ਤਾਂ ਹੀ ਦੇਣਗੇ ਜੇ ਉਨ੍ਹਾਂ ਨਾਲ ਬੈਠ ਕੇ ਗੱਲ ਕਰਾਂਗੇ ਅਤੇ ਸਾਥ ਮੰਗਾਂਗੇ। ਇਸ ਲਈ ਸਭ ਤੋਂ ਪਹਿਲਾਂ ਸਾਰਿਆਂ ਤੋਂ ਸਾਥ ਮੰਗਿਆ ਜਾਵੇ। ਸਾਰਿਆਂ ਨੂੰ ਨਾਲ ਲੈ ਕੇ ਇਨ੍ਹਾਂ ਮਸਲਿਆਂ 'ਤੇ ਪੰਜਾਬ ਵਿਚ ਸੈਮੀਨਾਰ ਕਰਵਾਏ ਜਾਣੇ ਚਾਹੀਦੇ ਹਨ। ਪੰਜਾਬ ਨਾਲ 75 ਸਾਲਾਂ ਵਿਚ ਹੋਏ ਧੱਕਿਆਂ 'ਤੇ ਇਕ ਫ਼ਿਲਮ ਬਣਾਈ ਜਾਵੇ। ਉਸ ਨੂੰ ਪੰਜਾਬ ਵਿਚ ਹਰ ਘਰ ਤੱਕ ਦਿਖਾਇਆ ਜਾਵੇ। ਪੰਜਾਬੀਆਂ ਨੂੰ ਜਗਾਇਆ ਜਾਵੇ। ਹੌਲੀ-ਹੌਲੀ ਸਾਰੇ ਪੰਜਾਬੀਆਂ ਨੂੰ ਲਾਮਬੰਦ ਕਰਕੇ ਕੇਂਦਰ ਸਰਕਾਰ ਦੇ ਖ਼ਿਲਾਫ਼ ਸ਼ਾਂਤਮਈ ਸੰਘਰਸ਼ ਵਿੱਢਿਆ ਜਾਵੇ।

ਦੂਜੇ ਪਾਸੇ ਪੰਜਾਬ ਦੇ ਵਿਦਵਾਨਾਂ ਦੀਆ ਟੀਮਾਂ ਤਿਆਰ ਕੀਤੀਆਂ ਜਾਣ, ਜੋ ਭਾਰਤ ਦੇ ਸਾਰੇ ਸੂਬਿਆਂ 'ਚ ਸੈਮੀਨਾਰ ਕਰਕੇ ਉੱਥੋਂ ਦੀ ਪ੍ਰੈੱਸ ਰਾਹੀਂ ਉਨ੍ਹਾਂ ਲੋਕਾਂ ਨੂੰ ਪੰਜਾਬ ਦੀਆਂ ਕੁਰਬਾਨੀਆਂ ਅਤੇ ਹੁਣ ਤੱਕ ਹੋਏ ਧੱਕਿਆਂ ਬਾਰੇ ਜਾਣਕਾਰੀ ਪਹੁੰਚਾਉਣ 'ਤੇ ਸਾਰੇ ਦੇਸ਼ ਦੀ ਹਮਦਰਦੀ ਲਈ ਜਾਵੇ। ਉੱਥੋਂ ਦੇ ਸਥਾਨਕ ਲਿਖਾਰੀਆਂ ਤੋਂ ਲੇਖ ਲਿਖਵਾਏ ਜਾਣ। ਦੇਸ਼ ਦੇ ਲੋਕਾਂ ਦੀ ਹਮਦਰਦੀ ਲੈਣ ਦੇ ਹੋਰ ਵੀ ਢੰਗ-ਤਰੀਕੇ ਅਪਣਾਏ ਜਾਣ। ਪੰਜਾਬ ਪ੍ਰਤੀ ਸਰਕਾਰਾਂ ਦੀ ਬੇਈਮਾਨੀ ਹਰ ਦੇਸ਼ ਵਾਸੀ ਨੂੰ ਪਤਾ ਲੱਗੇ। ਇਸ ਬੇਇਨਸਾਫ਼ੀ ਦੇ ਖ਼ਿਲਾਫ਼ ਪੰਜਾਬ ਵਿਚ ਲੋਕ ਲਹਿਰ ਅਤੇ ਦੇਸ਼ ਵਿਚ ਹਮਦਰਦੀ ਦੀ ਲਹਿਰ ਖੜ੍ਹੀ ਕੀਤੀ ਜਾਵੇ। ਦੇਸ਼ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਅਸਲੀਅਤ ਤੋਂ ਵੀ ਜਾਣੂ ਕਰਵਾਇਆ ਜਾਵੇ। ਇਸ ਤਰ੍ਹਾਂ ਪੰਜਾਬ ਦੇ ਮਸਲੇ ਹੱਲ ਹੋਣ ਦੀ ਸੰਭਾਵਨਾ ਬਣ ਸਕਦੀ ਹੈ। ਪੰਜਾਬ ਦਾ ਭਾਈਚਾਰਾ ਵੀ ਹੋਰ ਮਜ਼ਬੂਤ ਹੋਵੇਗਾ। ਪੰਜਾਬ ਪਹਿਲਾਂ ਦੀ ਤਰ੍ਹਾਂ ਖ਼ੁਸ਼ਹਾਲ ਤੇ ਅਗਾਂਹਵਧੂ ਸੂਬਾ ਬਣ ਜਾਵੇਗਾ।

ਰਣਜੀਤ ਸਿੰਘ