ਭਾਰਤ ਵੱਲੋਂ ਪ੍ਰੋਗਰਾਮ ਰੋਕਣ ਮਗਰੋਂ ਕਸ਼ਮੀਰ ਵਿੱਚ ਭਾਰਤੀ ਤਸ਼ੱਦਦ ਬਾਰੇ ਐਮਨੈਸਟੀ ਨੇ ਆਨਲਾਈਨ ਜਾਰੀ ਕੀਤੀ ਰਿਪੋਰਟ

ਭਾਰਤ ਵੱਲੋਂ ਪ੍ਰੋਗਰਾਮ ਰੋਕਣ ਮਗਰੋਂ ਕਸ਼ਮੀਰ ਵਿੱਚ ਭਾਰਤੀ ਤਸ਼ੱਦਦ ਬਾਰੇ ਐਮਨੈਸਟੀ ਨੇ ਆਨਲਾਈਨ ਜਾਰੀ ਕੀਤੀ ਰਿਪੋਰਟ

ਸ਼੍ਰੀਨਗਰ: ਭਾਰਤੀ ਪ੍ਰਬੰਧ ਹੇਠਲੇ ਕਸ਼ਮੀਰ ਵਿੱਚ ਬੀਤੇ ਕੱਲ੍ਹ ਭਾਰਤੀ ਪ੍ਰਸ਼ਾਸਨ ਨੇ ਮਨੁੱਖੀ ਹੱਕਾਂ ਦੀ ਆਲਮੀ ਪੱਧਰ ਦੀ ਸੰਸਥਾ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਕਰਵਾਏ ਜਾ ਰਹੇ ਮਨੁੱਖੀ ਹੱਕਾਂ ਸਬੰਧੀ ਇੱਕ ਪ੍ਰੋਗਰਾਮ 'ਤੇ ਰੋਕ ਲਾ ਦਿੱਤੀ। ਇਸ ਪ੍ਰੋਗਰਾਮ ਵਿੱਚ ਸੰਸਥਾ ਵੱਲੋਂ ਕਸ਼ਮੀਰ ਵਿੱਚ ਦੋ ਸਾਲਾਂ ਤੱਕ ਪ੍ਰਬੰਧਕੀ ਨਜ਼ਰਬੰਦੀ ਵਿੱਚ ਰੱਖੇ ਜਾਣ ਦੀ ਪ੍ਰਣਾਲੀ ਵਾਲੇ ਇੱਕ ਕਾਨੂੰਨ ਨਾਲ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਸਬੰਧੀ ਰਿਪੋਰਟ ਜਾਰੀ ਕੀਤੀ ਜਾਣੀ ਸੀ।

ਐਮਨੈਸਟੀ ਇੰਟਰਨੈਸ਼ਨਲ ਦੀ ਭਾਰਤ ਇਕਾਈ ਦੀ ਮੀਡੀਆ ਅਤੇ ਐਡਵੋਕੇਸੀ ਪ੍ਰਬੰਧਕ ਨਾਜ਼ੀਆ ਇਰੁਮ ਨੇ ਕਿਹਾ ਕਿ ਪ੍ਰਸ਼ਾਸਨ ਨੇ ਅਮਨ ਅਤੇ ਕਾਨੂੰਨ ਦੀ ਹਾਲਾਤ ਨੂੰ ਅਧਾਰ ਬਣਾ ਕੇ ਪ੍ਰੋਗਰਾਮ ਕਰਨ ਦੀ ਪ੍ਰਵਾਨਗੀ ਦੇਣ ਤੋਂ ਇਨਕਾਰ ਕਰ ਦਿੱਤਾ। 

ਇਹ ਰਿਪੋਰਟ ਕਸ਼ਮੀਰ ਵਿੱਚ ਵਰਤੇ ਜਾ ਰਹੇ ਪਬਲਿਕ ਸੇਫਟੀ ਕਾਨੂੰਨ ਸਬੰਧੀ ਸੀ ਜਿਸ ਅਧੀਨ ਬਿਨ੍ਹਾ ਕਿਸੇ ਦੋਸ਼ ਅਤੇ ਮੁਕੱਦਮੇ ਤੋਂ ਕਿਸੇ ਵੀ ਸਖਸ਼ ਨੂੰ 2 ਸਾਲ ਤੱਕ ਗ੍ਰਿਫਤਾਰ ਕਰਕੇ ਰੱਖਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਦੀ ਪ੍ਰਵਾਨਗੀ ਨਾ ਮਿਲਣ ਮਗਰੋਂ ਸੰਸਥਾ ਨੇ ਇਸ ਰਿਪੋਰਟ ਨੂੰ ਆਨਲਾਈਨ ਜਾਰੀ ਕਰ ਦਿੱਤਾ।

35 ਪੰਨਿਆਂ ਦੀ ਇਸ ਰਿਪੋਰਟ ਵਿੱਚ 210 ਨਜ਼ਰਬੰਦਾਂ ਦੇ ਮਾਮਲਿਆਂ ਨੂੰ ਘੋਖਿਆ ਗਿਆ ਹੈ ਜਿਹਨਾਂ ਨੂੰ ਜੰਮੂ ਅਤੇ ਕਸ਼ਮੀਰ ਪਬਲਿਕ ਸੇਫਟੀ ਕਾਨੂੰਨ ਅਧੀਨ ਨਜ਼ਰਬੰਦ ਕੀਤਾ ਗਿਆ ਹੈ।

ਇਹ ਕਾਨੂੰਨ 1978 ਵਿੱਚ ਬਣਾਇਆ ਗਿਆ ਸੀ ਜਿਸ ਅਧੀਨ ਬਿਨ੍ਹਾ ਕਿਸੇ ਸਬੂਤ ਤੋਂ ਕਿਸੇ ਵੀ ਸਖਸ਼ ਨੂੰ ਸ਼ੱਕ ਦੇ ਅਧਾਰ 'ਤੇ ਹਿਰਾਸਤ ਵਿੱਚ ਰੱਖਿਆ ਜਾ ਸਕਦਾ ਹੈ। ਇਸ ਕਾਨੂੰਨ ਨੂੰ ਅਣਮਨੁੱਖੀ ਕਾਨੂੰਨ ਦੱਸਦਿਆਂ ਐਮਨੈਸਟੀ ਨੇ ਕਿਹਾ ਕਿ ਅਜਿਹੇ ਕਾਨੂੰਨਾਂ ਨਾਲ ਜੰਮੂ ਕਸ਼ਮੀਰ ਵਿੱਚ ਮਨੁੱਖੀ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ।

ਐਮਨੈਸਟੀ ਇੰਟਰਨੈਸ਼ਨਲ ਦੀ ਭਾਰਤ ਇਕਾਈ ਦੇ ਮੁਖੀ ਆਕਾਰ ਪਟੇਲ ਨੇ ਕਿਹਾ ਕਿ ਪੀਐੱਸਏ ਕਾਨੂੰਨ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ ਕਿਉਂਕਿ ਇਹ ਕਸ਼ਮੀਰ ਵਿੱਚ ਪ੍ਰਸ਼ਾਸਨ ਅਤੇ ਆਮ ਲੋਕਾਂ ਦਰਮਿਆਨ ਬਣੇ ਖਤਰਨਾਕ ਹਾਲਾਤਾਂ ਨੂੰ ਹੋਰ ਹਵਾ ਦੇ ਰਿਹਾ ਹੈ। 



ਰਿਪੋਰਟ ਮੁਤਾਬਿਕ ਪੀਐੱਸਏ ਰਾਹੀਂ ਭਾਰਤੀ ਪ੍ਰਸ਼ਾਸਨ ਕਸ਼ਮੀਰੀ ਬੱਚਿਆਂ ਨੂੰ ਵੀ ਨਜ਼ਰਬੰਦ ਕਰ ਰਿਹਾ ਹੈ। ਰਿਪੋਰਟ ਵਿੱਚ 17 ਸਾਲਾ ਕਸ਼ਮੀਰੀ ਨਾਬਾਲਗ ਜ਼ੁਬੇਰ ਅੀਹਮਦ ਸ਼ਾਹ ਦੇ ਮਾਮਲੇ ਨੂੰ ਵਿਚਾਰਿਆ ਗਿਆ ਹੈ ਜਿਸ ਨੂੰ ਸਤੰਬਰ 2016 ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਉਸਦੇ ਘਰ ਕੋਲੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ ਉੱਤੇ ਪੀਐੱਸਏ ਲਗਾ ਦਿੱਤਾ ਗਿਆ।

ਸ਼ਾਹ ਨੇ ਐਮਨੈਸਟੀ ਨੂੰ ਦੱਸਿਆ, "ਮੈਂ ਸਬਜ਼ੀ ਖਰੀਦਣ ਲਈ ਘਰ ਤੋਂ ਗਿਆ ਸੀ। ਮੈਨੂੰ ਪੁਲਿਸ ਵਾਲਿਆਂ ਨੇ ਫੜ੍ਹ ਲਿਆ ਤੇ ਮੈਨੂੰ ਕੁੱਟਣ ਲੱਗੇ। ਉਹਨਾਂ ਕੁੱਝ ਹੋਰ ਮੁੰਡਿਆਂ ਨੂੰ ਵੀ ਫੜਿਆ। ਉਹਨਾਂ ਸਾਡੇ ਕੱਪੜੇ ਉਤਾਰ ਦਿੱਤੇ ਤੇ ਸਾਨੂੰ ਨੰਗਾ ਰੱਖਿਆ। ਇਹ ਬਹੁਤ ਬੇਇਜ਼ਤ ਹੋਣ ਵਾਲਾ ਸੀ। ਉਹ ਸਾਨੂੰ ਦਖਾਉਣਾ ਚਾਹੁੰਦੇ ਸੀ ਕਿ ਉਹ ਕੀ ਕਰ ਸਕਦੇ ਹਨ।

ਸ਼ਾਹ 'ਤੇ ਪੱਥਰਬਾਜ਼ ਹੋਣ ਦੇ ਦੋਸ਼ ਅਧੀਨ ਪੀਐੱਸਏ ਲਾਇਆ ਗਿਆ ਹੈ। ਸ਼ਾਹ ਨੇ ਕਿਹਾ ਕਿ ਉਸਨੇ ਪੁਲਿਸ ਨੂੰ ਆਪਣਾ ਸ਼ਨਾਖਤੀ ਕਾਰਡ ਦਖਾ ਕੇ ਦੱਸਿਆ ਸੀ ਕਿ ਉਸਦੀ ਉਮਰ 17 ਸਾਲ ਹੈ ਪਰ ਪੁਲਿਸ ਨੇ ਆਪਣੇ ਦਸਤਾਵੇਜਾਂ ਵਿੱਚ ਉਸਦੀ ਉਮਰ 22 ਸਾਲ ਦਰਜ ਕੀਤੀ ਹੈ।

ਇਸ ਤੋਂ ਬਾਅਦ ਸ਼ਾਹ ਦੇ ਪਰਿਵਾਰ ਨੇ ਸ਼ਾਹ ਦੇ ਸਕੂਲ ਸਰਟਿਫੇਕਟ ਨੂੰ ਅਧਾਰ ਬਣਾ ਕੇ ਹਾਈ ਕੋਰਟ ਵਿੱਚ ਅਪੀਲ ਕੀਤੀ ਜਿਸ ਮਗਰੋਂ ਸ਼ਾਹ ਨੂੰ ਅਦਾਲਤ ਦੇ ਹੁਕਮਾਂ ਨਾਲ 9 ਨਵੰਬਰ, 2016 ਨੂੰ ਬੱਚਿਆਂ ਦੀ ਜੇਲ੍ਹ ਵਿੱਚ ਭੇਜਿਆ ਗਿਆ, ਜਿੱਥੋਂ ਉਸਨੂੰ ਰਿਹਾਅ ਕੀਤਾ ਗਿਆ। ਸ਼ਾਹ ਦੀ ਹਿਰਾਸਤ ਦੇ ਸਮੇਂ ਦੌਰਾਨ ਹੀ ਉਸਦੀ ਮਾਂ ਦੀ ਮੌਤ ਹੋ ਗਈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ