ਪੰਜਾਬੀਆਂ ਦੇ ਵਿਦੇਸ਼ ਜਾਣ ਦਾ ਜਨੂੰਨ ਤੇ ਦੁਖਾਂਤ

ਪੰਜਾਬੀਆਂ ਦੇ ਵਿਦੇਸ਼ ਜਾਣ ਦਾ ਜਨੂੰਨ ਤੇ ਦੁਖਾਂਤ

ਕੁਲਮਿੰਦਰ ਕੌਰ

ਕੁਝ ਦਿਨ ਹੋਏ, ਇਕ ਅਖਬਾਰ ਵਿਚ ਮੈਂ ਕੈਨੇਡਾ ਵਿਆਹੀ ਗਈ ਕੁੜੀ ਵੱਲੋਂ ਲਿਖਿਆ ਲੇਖ ਪੜ੍ਹਿਆ, ਜਿਸ ਦਾ ਬਿਰਤਾਂਤ ਸੀ ਕਿ ਅਕਸਰ ਜਦੋਂ ਵੀ ਕੋਈ ਸੁਹਣੀ ਸੁਨੱਖੀ, ਮਾਸੂਮ, ਨਾਜ਼ੁਕ, ਅੱਲੜ ਜਿਹੀ ਸੱਜ ਵਿਆਹੀ ਮੁਟਿਆਰ ਮੁਲਕ ਤੋਂ ਬਾਹਰ ਜਹਾਜ਼ੋਂ ਉਤਰਦੀ ਹੈ, ਤਾਂ ਉਸ ਦੇ ਪਤੀ ਵੱਲੋਂ ਆਮ ਤੌਰ 'ਤੇ ਪਹਿਲਾ ਤੋਹਫਾ ਸੇਫਟੀ ਸ਼ੂਜ ਹੁੰਦਾ ਹੈ। ਜਦੋਂ ਉਹ ਆਪਣੇ ਨਾਜ਼ੁਕ ਪੈਰਾਂ ਵਿੱਚੋਂ ਝਾਂਜਰਾਂ ਲਾਹ, ਇਹ ਸ਼ੂਜ ਪਾਕੇ ਫੈਕਟਰੀ ਵਿਚ ਅੱਠ-ਅੱਠ ਘੰਟੇ ਖਲੋ ਕੇ ਕੰਮ ਕਰਦੀ ਹੈ, ਤਾਂ ਤਰਸ ਦੀ ਪਾਤਰ ਬਣਦੀ ਹੈ। ਲੇਖ ਪੜ੍ਹ ਕੇ ਮੇਰੀਆਂ ਯਾਦਾਂ ਦਾ ਕਿਵਾੜ੍ਹ ਵੀ ਖੁੱਲ੍ਹਿਆ। ਕਈ ਵਰ੍ਹੇ ਪਹਿਲਾਂ ਮੈਂ ਆਸਟ੍ਰੇਲੀਆ (ਸਿਡਨੀ) ਰਹਿੰਦੀ ਆਪਣੀ ਬੇਟੀ ਕੋਲ ਗਈ ਤਾਂ ਉੱਥੇ ਮੇਰੀ ਇੱਕ ਪੁਰਾਣੀ ਵਿਦਿਆਰਥਣ ਮਿਲਣ ਆਈ। ਕੁੜੀ ਦਾ ਸਹੁਰਾ ਪਰਿਵਾਰ ਕਾਫੀ ਸਮੇਂ ਤੋਂ ਉੱਧਰ ਹੈ ਤੇ ਉਦੋਂ ਉਹ ਵੂਲਗੂਲਗਾ ਖੇਤਰ ਦੇ ਨਿਵਾਸੀ ਸਨ। ਸ਼ਹਿਰ ਤੋਂ ਦੂਰ ਕਿਸੇ ਫਾਰਮ ਵਿਚ ਹੀ ਉਹਨਾਂ ਦੀ ਰਿਹਾਇਸ਼ ਸੀ। ਗੱਲਾਂ-ਗੱਲਾਂ ਵਿਚ ਉਹ ਆਪਣੇ ਮਨ ਦੀ ਵਿਥਿਆ ਬਿਆਨ ਕਰਦੀ ਰਹਿੰਦੀ। ਦੱਸਦੀ ਕਿ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਸਾਡੇ ਕੇਲਿਆਂ ਦੇ ਖੇਤ ਹਨ, ਜਿੱਥੇ ਮੈਂ ਵੱਡੇ-ਵੱਡੇ ਸੇਫਟੀ ਸ਼ੂਜ ਪਾ ਕੇ ਸਾਰੇ ਕੰਮ ਕਰਦੀ ਹਾਂ। ਉੱਥੇ ਨਿੱਤ ਦਿਨ ਜ਼ਹਿਰੀਲੇ ਜੀਵ-ਜੰਤੂ, ਸੱਪ, ਸਪੋਲੀਏ ਵਗੈਰਾ ਆਮ ਹੀ ਤੁਰੇ ਫਿਰਦੇ ਹਨ। ਇਹ ਸੁਣਦਿਆਂ ਮੇਰੀ ਰੂਹ ਕੰਬ ਗਈ। 
ਹਰ ਜਮਾਤ ਵਿੱਚੋਂ ਫਸਟ ਆਉਣ ਵਾਲੀ ਸੁੰਦਰ ਤੇ ਮਲੂਕ ਜਿਹੀ ਕੁੜੀ ਬਾਰੇ ਤਾਂ ਮੈਂ ਕਦੇ ਸੋਚ ਵੀ ਨਹੀਂ ਸੀ ਸਕਦੀ ਕਿ ਅਜਿਹੇ ਹਾਲਾਤ ਵਿੱਚੋਂ ਵੀ ਲੰਘੇਗੀ। ਕਾਰਨ ਬਾਹਰਲੇ ਮੁਲਕ ਦੀ ਖਿੱਚ ਸੀ। ਉਸ ਨੇ ਦੱਸਿਆ ਕਿ ਸਾਡੇ ਪਰਿਵਾਰ ਦੇ ਕਈ ਮੈਂਬਰ ਸ਼ਹਿਰਾਂ ਵਿੱਚ ਨੌਕਰੀ ਕਰਨ ਲੱਗੇ ਹਨ। ਮੇਰੇ ਦੋ ਬੱਚੇ ਹਨ, ਸ਼ਾਇਦ ਇਹਨਾਂ ਦੀ ਪੜ੍ਹਾਈ ਖਾਤਰ ਮੈਂ ਵੀ ਸ਼ਹਿਰ ਰਹਾਂਗੀ ਤੇ ਹੋਰ ਕੰਮ ਕਰਾਂਗੀ। ਉਸ ਦੇ ਕਹਿਣ ਮੂਜਬ, ਪੇਕੇ ਪਰਿਵਾਰ ਵਿੱਚੋਂ ਦੋਨੋਂ ਭਰਾਵਾਂ ਨੂੰ ਇਧਰ ਬੁਲਾਉਣ ਲਈ ਉਸ ਦਾ ਪਤੀ ਕੋਸ਼ਿਸ਼ ਕਰ ਰਿਹਾ ਹੈ। ਪਹਿਲੇ ਵੇਲਿਆਂ ਵਿਚ ਵਿਆਹ ਤੋਂ ਬਾਅਦ ਧੀਆਂ ਲਈ ਸਹੁਰਾ ਘਰ ਹੀ ਕੰਧ ਉਹਲੇ ਪ੍ਰਦੇਸ ਬਣ ਜਾਂਦਾ ਸੀ ਤੇ ਉਹ ਆਪਣੇ ਅੰਦਰਲੀ ਵੇਦਨਾ ਨੂੰ ਲੋਕ ਗੀਤ ਰਾਹੀਂ ਇੰਝ ਪ੍ਰਗਟ ਕਰਦੀਆਂ...;
''ਪੁੱਤਰਾਂ ਨੂੰ ਦੇਵੇ ਬਾਬਲ, ਮਹਿਲ ਤੇ ਮਾੜੀਆਂ,
ਧੀਆਂ ਨੂੰ ਦਿੱਤਾ ਈ ਪ੍ਰਦੇਸ।”
ਅੱਜ ਦੇ ਖਪਤਵਾਦੀ ਵਿਕਾਸ ਵਿਚ ਤਾਂ ਆਮ ਹੀ ਧੀਆਂ ਦੀ ਚੋਗ ਕੰਧ ਉਹਲੇ ਨਹੀਂ, ਸੱਚਮੁੱਚ ਸੱਤ ਸਮੁੰਦਰੋਂ ਪਾਰ ਖਿਲਰੀ ਹੁੰਦੀ ਹੈ। ਉਂਝ ਅੰਗਰੇਜ਼ੀ ਰਾਜ ਵੇਲੇ ਇੱਕ ਅੰਗਰੇਜ਼ ਲੇਖਕ ਤੇ ਚਿੰਤਕ ਰਡਬਾਰਡ ਕਿਮਲਿੰਗ ਨੇ ਕਿਹਾ ਸੀ ਕਿ“ਪੂਰਬ, ਪੂਰਬ ਹੈ ਤੇ ਪੱਛਮ-ਪੱਛਮ ਹੈ, ਦੋਨੋਂ ਇੱਕ ਦੂਜੇ ਨਾਲ ਮਿਲ ਨਹੀਂ ਸਕਦੇ। ਭਾਵ ਪੱਛਮ ਤੇ ਪੂਰਬ ਦਾ ਸੱਭਿਆਚਾਰ, ਸੋਚ, ਜੀਵਨ-ਸ਼ੈਲੀ ਵੱਖ-ਵੱਖ ਹਨ ਤੇ ਫਲਸਰੂਪ ਉਸ ਨੂੰ ਇਹਨਾਂ ਦਾ ਸੁਮੇਲ ਅਸੰਭਵ ਲੱਗਦਾ ਸੀ। ਅੱਜ ਸੰਸਾਰ ਦੇ ਏਕੀਕਰਨ ਦੇ ਦੌਰ ਵਿੱਚ ਇਸ ਬੁਨਿਆਦੀ ਵਖਰੇਵੇਂ ਦੇ ਬਾਵਜੂਦ ਆਪਣੀ ਆਰਥਿਕ ਬਿਹਤਰੀ ਲਈ ਲੋਕ ਪੱਛਮੀ ਤੇ ਹੋਰ ਵਿਕਸਤ ਦੇਸ਼ਾਂ ਵੱਲ ਆਮ ਹੀ ਜਾਣ ਲੱਗੇ ਪਏ ਹਨ। ਇਨਸਾਨ ਚੰਗੇ ਤੋਂ ਹੋਰ ਚੰਗਾ ਲੋਚਦਾ ਹੈ। 20ਵੀਂ ਸਦੀ ਦੇ ਮੁੱਢ ਤੋਂ ਸ਼ੁਰੂ ਹੋਇਆ ਇਹ ਪਰਵਾਸ ਅੱਜ ਇੱਕੀਵੀਂ ਸਦੀ ਦੇ ਦੋ ਦਹਾਕਿਆਂ ਤਕ ਨਿਰੰਤਰ ਜਾਰੀ ਹੈ। ਆਰਥਿਕ ਮੰਦਹਾਲੀ ਵਿੱਚੋਂ ਨਿਕਲ ਕੇ ਵਿਦੇਸ਼ ਵਸਣ ਦਾ ਸਭ ਤੋਂ ਕਾਰਗਰ ਤੇ ਅਸਾਨ ਉਪਾਅ ਵਿਆਹ ਹੀ ਜਾਣਿਆ ਗਿਆ ਹੈ। ਚਾਰ ਪੰਜ ਦਹਾਕੇ ਪਹਿਲਾਂ ਲੜਕੇ ਆਮ ਤੌਰ 'ਤੇ ਜੱਦੀ-ਪੁਸ਼ਤੀ ਧੰਦੇ ਵਾਹੀ-ਜੋਤੀ ਜਾਂ ਵਪਾਰਕ ਕਾਰੋਬਾਰ ਵਿਚ ਦਿਲਚਸਪੀ ਰੱਖਦੇ ਸਨ। ਧੀਆਂ ਦੇ ਵਿਆਹ ਦਾ ਫਿਕਰ ਤੇ ਘਰ ਵਿਚੋਂ ਵੱਧ ਪੜ੍ਹ-ਲਿਖ ਜਾਣ ਕਰਕੇ ਜੇਕਰ ਕੋਈ ਚੰਗਾ ਵਿਦੇਸ਼ੀ ਲੜਕਾ ਮਿਲ ਜਾਂਦਾ ਤਾਂ ਘਰ ਪਰਿਵਾਰ ਦੀ ਖੁਸ਼ਕਿਸਮਤੀ ਸਮਝਿਆ ਜਾਂਦਾ ਸੀ। ਇਸ ਵਿਚ ਉਹਨਾਂ ਨੂੰ ਆਪਣਾ ਤੇ ਬੱਚਿਆਂ ਦਾ ਭਵਿੱਖ ਨਜ਼ਰ ਆਉਂਦਾ।
ਉਹਨਾਂ ਵੇਲਿਆਂ ਦੀ ਗੱਲ ਹੈ, ਸਾਡੇ ਵਿਆਹ ਤੋਂ ਬਾਅਦ, ਦੋਹਾਂ ਪਰਿਵਾਰਾਂ ਵਿੱਚੋਂ ਅਸੀਂ ਹੀ ਸ਼ਹਿਰ ਵਿੱਚ ਰਹਿੰਦੇ, ਪੱਕੀ ਨੌਕਰੀ ਤੇ ਵਧੀਆ ਰਹਿਣ-ਸਹਿਣ ਮਾਣ ਰਹੇ ਸਾਂ। ਰਿਸ਼ਤੇਦਾਰ ਨੌਜਵਾਨ ਲੜਕੇ-ਲੜਕੀਆਂ ਸਾਡੇ ਤੋਂ ਪ੍ਰਭਾਵਿਤ ਹੋ ਕੇ ਅਗਾਂਹ ਵਧਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ। ਮੇਰੀ ਇੱਕ ਨਣਦ ਦੀ ਲੜਕੀ ਸਾਡੇ ਨਾਲ ਖਾਸ ਹੀ ਲੱਗ-ਲਗਾਵ ਤੇ ਮੋਹ ਰੱਖਦੀ ਸੀ। ਵਿਆਹ ਬਾਰੇ ਗੱਲ ਚਲਦੀ ਤਾਂ ਹਮੇਸ਼ਾ ਬਾਹਰ ਜਾਣ ਦੀ ਇੱਛਾ ਜ਼ਾਹਿਰ ਕਰਦੀ। ਐੱਮ.ਏ. ਪਾਸ ਸੁਹਣੀ, ਸੁਨੱਖੀ ਕੁੜੀ ਆਪਣੇ ਸ਼ਰਾਬੀ ਪਿਉ ਤੇ ਫਿਰ ਨਿਕੰਮੇ ਭਰਾਵਾਂ ਬਾਰੇ ਫਿਕਰਮੰਦ ਸੀ। ਸੁਭੈਕੀ ਉਹਨਾਂ ਦਿਨਾਂ ਵਿੱਚ ਹੀ ਮੇਰੇ ਪਤੀ ਦੇ ਕਿਸੇ ਦੋਸਤ ਨੇ ਕੈਨੇਡਾ ਤੋਂ ਆਏ ਆਪਣੇ ਜਾਣੂੰ ਤਲਾਕਸ਼ੁਦਾ ਵਿਅਕਤੀ ਲਈ ਵਿਆਹਯੋਗ ਲੜਕੀ ਦੀ ਦੱਸ ਪਾਉਣ ਲਈ ਕਿਹਾ। ਥੋੜ੍ਹਾ ਝਿਜਕਦਿਆਂ ਅਸੀਂ ਉਸ ਦੁਹਾਜੂ, ਤਲਾਕਸ਼ੁਦਾ, ਵੱਡੀ ਉਮਰ ਦੇ ਲੜਕੇ ਬਾਰੇ ਕੁੜੀ ਨਾਲ ਗੱਲ ਕੀਤੀ ਤਾਂ ਉਹ ਝੱਟ ਮੰਨ ਗਈ। ਘਰ ਦਿਆਂ ਦੀ ਰਜ਼ਾਮੰਦੀ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਵਿਆਹ ਹੋ ਗਿਆ। ਕੁਝ ਸਾਲਾਂ ਵਿੱਚ ਹੀ ਉਸ ਦੇ ਮਾਪੇ ਤੇ ਭਰਾ ਵੀ ਬਾਹਰ ਚਲੇ ਗਏ ਤੇ ਆਰਥਿਕ ਮੰਦਹਾਲੀ ਵਿੱਚੋਂ ਬਾਹਰ ਨਿਕਲ ਗਏ। ਜਦੋਂ ਵੀ ਉਹ ਲੜਕੀ ਮਿਲਣ ਆਉਂਦੀ ਤਾਂ ਦੱਸਦੀ ਕਿ ਉੱਥੇ ਜ਼ਿੰਦਗੀ ਅਸਾਨ ਨਹੀਂ ਹੈ, ਦਿਨ-ਰਾਤ ਕੰਮ ਕਰੋ ਤਾਂ ਹੀ ਗੁਜ਼ਰ-ਬਸਰ ਹੁੰਦਾ ਹੈ। ਐਵੇਂ ਸਾਡੇ ਲੋਕ ਭਰਮ-ਭੁਲੇਖਿਆਂ ਵਿੱਚ ਜਿਊਂਦੇ ਹਨ ਕਿ ਵਿਦੇਸ਼ ਵਿੱਚ ਲੋਕ ਰੰਗੀਂ ਵਸਦੇ ਹਨ।
ਦਰਅਸਲ ਪੰਜਾਬੀਆਂ ਨੂੰ ਅਜੋਕੇ ਪੰਜਾਬ ਵਿੱਚ ਕੋਈ ਭਵਿੱਖ ਨਜ਼ਰ ਦਿਖਾਈ ਨਹੀਂ ਦਿੰਦਾ ਤੇ ਉਹ ਹਰ ਹੀਲੇ ਵਿਦੇਸ਼ ਵਿੱਚ ਵਸਣ ਦੀ ਧੁੰਨ ਵਿੱਚ ਰਹਿੰਦੇ ਹਨ। ਇਹ ਖਾਹਿਸ਼ ਸਮਾਜਿਕ ਅਤੇ ਆਰਥਿਕ ਹਾਲਾਤ ਦੀ ਬੇਵਸੀ ਵਿੱਚੋਂ ਪੈਦਾ ਹੋਇਆ ਉਹ ਅਰਮਾਨ ਹੈ ਜੋ ਅੱਜ ਇੱਕ ਜਨੂੰਨ ਬਣ ਕੇ ਉੱਭਰ ਆਇਆ ਹੈ। ਅੱਜ ਹਜ਼ਾਰਾਂ ਧੀਆਂ ਨਾਲ ਧੋਖੇ ਵੀ ਹੋਏ ਹਨ। ਮਾਪੇ ਅਣਗਹਿਲੀ ਅਤੇ ਲਾਪਰਵਾਹੀ ਵਰਤਦੇ ਹੋਏ ਆਪਣੇ ਹੱਥੀਂ ਧੀਆਂ ਨੂੰ ਦੁੱਖਾਂ ਦੀ ਭੱਠੀ ਵਿਚ ਝੋਕ ਰਹੇ ਹਨ। ਤੀਰਥ ਯਾਤਰਾ ਦੌਰਾਨ ਇੱਕ ਲੜਕੀ ਦੇ ਪਰਿਵਾਰ ਦੀ ਮੁਲਾਕਾਤ ਇੰਗਲੈਂਡ ਦੇ ਪੱਕੇ ਵਸਨੀਕ ਲੜਕੇ ਤੇ ਉਸ ਦੀ ਮਾਂ ਨਾਲ ਹੋਈ। ਕੁਝ ਦਿਨਾਂ ਬਾਅਦ ਹੀ ਲੜਕੀ ਦੀ ਸ਼ਾਦੀ ਇਸ ਵਿਦੇਸ਼ੀ ਲੜਕੇ ਨਾਲ ਕਰ ਦਿੱਤੀ ਗਈ। ਲੜਕੇ ਨੇ ਇੱਕ ਹਫਤਾ ਲੜਕੀ ਨੂੰ ਹੋਟਲ ਵਿੱਚ ਰੱਖਿਆ ਤੇ ਫਿਰ ਵਿਦੇਸ਼ ਜਾ ਕੇ ਉਸ ਦੀ ਬਾਤ ਨਹੀਂ ਪੁੱਛੀ।
ਬਾਹਰਲੇ ਦੇਸ਼ਾਂ ਦੇ ਵਿਗੜੇ ਮੁੰਡੇ ਜਾਂ ਘਰਦਿਆਂ ਦੇ ਦਬਾਅ ਹੇਠ ਵਿਆਹ ਕਰਾਉਣ ਵਾਲੇ ਲਾੜੇ ਮੁੜ ਨਹੀਂ ਪਰਤਦੇ। ਕਈ ਮਾਪੇ ਲਾਲਚੀ ਕਿਸਮ ਦੇ ਨਿਕਲਦੇ ਹਨ। ਇਹੋ ਜਿਹੇ ਕੇਸਾਂ ਵਿੱਚ ਜੇਕਰ ਲੜਕੀ ਬਾਹਰ ਚਲੀ ਜਾਵੇ ਤਾਂ ਉੱਥੇ ਵੀ ਸੰਤਾਪ ਭੁਗਤਦੀ ਹੈ। ਕਤਲ, ਕੁੱਟਮਾਰ ਵਰਗੀਆਂ ਘਟਨਾਵਾਂ ਉੱਥੇ ਵੀ ਵਾਪਰਦੀਆਂ ਹਨ। ਮੇਰੀ ਇੱਕ ਸਹੇਲੀ ਦੀ ਬੇਟੀ ਨਾਲ ਕੁਝ ਸਾਲ ਪਹਿਲਾਂ ਇਹ ਸਾਰਾ ਕੁਝ ਵਾਪਰਿਆ। ਜਾਣ ਪਛਾਣ ਵਿੱਚੋਂ ਵਿਦੇਸ਼ੀ ਲੜਕੇ ਦੀ ਭੈਣ ਨੇ ਹੀ ਰਿਸ਼ਤਾ ਮੰਗਿਆ। ਘਰ-ਪਰਿਵਾਰ ਸਭ ਠੀਕ ਲੱਗਾ ਤਾਂ ਵਿਆਹ ਕਰ ਦਿੱਤਾ। ਕੁਝ ਮਹੀਨੇ ਬਾਅਦ ਹੀ ਉੱਥੋਂ ਦੇ ਵਿਗੜੈਲ ਮੁੰਡੇ ਨੇ ਕੁੜੀ ਦੇ ਜਨਮ ਦਿਨ 'ਤੇ ਮਾਮੂਲੀ ਤਕਰਾਰ ਪਿੱਛੋਂ ਉਸ ਦਾ ਕਤਲ ਕਰ ਦਿੱਤਾ। ਮਾਂ ਵਿਰਲਾਪ ਕਰਦੀ ਕਹਿੰਦੀ ਹੈ, ਕਾਸ਼! ਮੈਨੂੰ ਪਤਾ ਲੱਗ ਜਾਵੇ ਕਿਉਂ ਤੇ ਕਿਵੇਂ ਮਾਰੀ ਮੇਰੀ ਧੀ।
ਕਈ ਤਲਾਕਸ਼ੁਦਾ ਪਰਵਾਸੀ ਉੱਧਰ ਨਵੀਂ ਸੱਜ-ਵਿਆਹੀ ਨੂੰ ਛੱਡ ਕੇ ਆਪਣੇ ਪਹਿਲੇ ਬੱਚਿਆਂ ਦੇ ਮੋਹ ਅਤੇ ਦਬਾਅ ਹੇਠ ਮੁੜ ਉਧਰ ਰੁਖ ਕਰ ਲੈਂਦੇ ਹਨ। ਬਾਹਰ ਦੇ ਚਾਅ ਵਿਚ ਗਈ ਕੁੜੀ ਉੱਥੋਂ ਦੀ ਨਾਗਰਿਕਤਾ ਹਾਸਲ ਕਰਨ ਖਾਤਿਰ ਸਬਰ ਦਾ ਕੌੜਾ ਘੁੱਟ ਭਰ ਲੈਂਦੀ ਹੈ। ਵਿਦੇਸ਼ੀ ਪਤੀਆਂ ਦੇ ਧੋਖੇ ਦਾ ਸ਼ਿਕਾਰ ਧੀਆਂ ਦੇ ਦੁੱਖੜੇ ਬਿਆਨ ਨਹੀਂ ਕੀਤੇ ਜਾ ਸਕਦੇ। ਪਿਛਲੇ ਦੋ ਦਹਾਕਿਆਂ ਵਿਚ ਪੰਜਾਬ ਵਿਚ ਹੀ ਕਰੀਬ 30, 000 ਕੇਸ ਵਾਪਰੇ ਹਨ। ਸਧਾਰਨ, ਮੱਧ ਵਰਗੀ ਪਰਿਵਾਰ ਦੀਆਂ ਇਹਨਾਂ ਔਰਤਾਂ ਦੀ ਮਾਇਕ ਸਮਰੱਥਾ ਘੱਟ ਹੋਣਾ, ਜਾਗਰੂਕਤਾ ਦੀ ਘਾਟ, ਪੁਲੀਸ ਅਤੇ ਕੋਰਟ ਕਚਹਿਰੀਆਂ ਦੇ ਚੱਕਰ ਅਤੇ ਖੱਜਲ-ਖੁਆਰੀ ਅਤੇ ਕਾਨੂੰਨ ਦੀ ਢਿੱਲੀ ਕਾਰਗੁਜ਼ਾਰੀ ਦੀ ਵਜ੍ਹਾ ਨਾਲ ਇਹ ਕੇਸ ਅੱਧ ਵਿਚਾਲੇ ਲਟਕਦੇ ਹਨ ਤੇ ਡਿਸਮਿਸ ਵੀ ਹੋ ਜਾਂਦੇ ਹਨ। ਦੇਰ ਨਾਲ ਹੀ ਸਹੀ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਇਸ ਸਮੱਸਿਆ ਖਿਲਾਫ ਅਵਾਜ਼ ਬੁਲੰਦ ਹੋਈ ਹੈ। ਪਾਸਪੋਰਟ ਦਫਤਰਾਂ ਨੇ ਪੁਲੀਸ ਮੁਖੀਆਂ ਤੋਂ ਰਿਪੋਰਟ ਤੇ ਵੇਰਵੇ ਮੰਗ ਕੇ ਕਈ ਪਾਸਪੋਰਟ ਰੱਦ ਕੀਤੇ ਹਨ। ਪੀੜਤ ਪਰਿਵਾਰਾਂ ਦੇ ਦਰਦ ਨੂੰ ਸਮਝਦੇ ਹੋਏ, ਹੈਲਪ-ਲਾਈਨ ਜਾਰੀ ਕਰਕੇ ਇੱਕ ਕੋਰ ਕਮੇਟੀ ਬਣਾਈ ਹੈ। ਵਿਦੇਸ਼ੀ ਦੂਤਘਰਾਂ ਨੂੰ ਲਿਖ ਕੇ ਉੱਥੇ ਵਰਕ ਪਲੇਸ ਤੇ ਇਹਨਾਂ ਦੋਸ਼ੀਆਂ ਨੂੰ ਲੱਭ ਕੇ ਡਿਪੋਰਟ ਵੀ ਕਰਨਗੇ। ਇੱਥੇ ਵੀ ਬਹੁਤ ਮੁਸ਼ਕਲਾਂ ਹਨ, ਜਿਵੇਂ ਕਿ ਲਾੜਿਆਂ ਦਾ ਥਹੁ-ਪਤਾ, ਟਿਕਾਣਾ ਠੀਕ ਨਾ ਹੋਣਾ, ਉੱਥੇ ਗੈਰ ਕਾਨੂੰਨੀ ਰਹਿਣਾ ਤੇ ਫਿਰ ਘੋਸ਼ਿਤ ਦੋਸ਼ੀ ਵਾਪਸ ਹੀ ਨਹੀਂ ਪਰਤਦੇ ਤੇ ਨਾ ਹੀ ਉੱਥੇ ਪਾਸਪੋਰਟ ਵਰਤਦੇ ਹਨ। ਇੱਧਰ ਉਸ ਦੇ ਪਰਿਵਾਰ ਵਾਲੇ ਕਾਨੂੰਨ ਦੀ ਨਬਜ਼ ਪਛਾਣਦੇ ਹੋਏ ਉਸ ਦੀ ਬੇਦਖਲੀ ਦਾ ਡਰਾਮਾ ਕਰਦੇ ਹਨ।
ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਸੁਝਾਅ ਸਨ ਕਿ ਸਰਕਾਰ ਇਹਨਾਂ ਪੀੜਤਾਂ ਨੂੰ ਨੌਕਰੀ ਅਤੇ ਮਾਇਕ ਸਹਾਇਤਾ ਦੇਵੇ ਤਾਂ ਕਿ ਇਹ ਮੁੜ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ। ਸੁਪਰੀਮ ਕੋਰਟ ਦੇ ਆਦੇਸ਼ਾਂ ਅਨੁਸਾਰ ਰਾਜ ਸਭਾ ਵਿੱਚ ਸਰਬ-ਸੰਮਤੀ ਨਾਲ ਪਾਸ ਕੀਤੇ ਗਏ ਬਿੱਲ ਤਹਿਤ 30 ਦਿਨਾਂ ਦੇ ਅੰਦਰ ਵਿਆਹ ਰਜਿਸਟਰ ਨਾ ਕਰਵਾਉਣ ਵਾਲੇ ਪ੍ਰਵਾਸੀ ਲਾੜਿਆਂ ਦੇ ਪਾਸਪੋਰਟ ਜ਼ਬਤ ਹੋਣਗੇ, ਜਿਸ ਨਾਲ ਔਰਤਾਂ ਦੀ ਸੁਰੱਖਿਆ ਵਧ ਜਾਵੇਗੀ। ਇਹ ਸੰਤਾਪ ਹੰਢਾ ਰਹੀਆਂ ਔਰਤਾਂ ਨੇ ਹੁਣ, ''ਅਬ ਨਹੀਂ” ਵੈਲਫੇਅਰ ਸੁਸਾਇਟੀ” ਵੀ ਬਣਾਈ ਹੈ ਜੋ ਅਜਿਹੇ ਪਰਿਵਾਰਾਂ ਦੀ ਸਮੂਹਿਕ ਆਵਾਜ਼ ਬਣ ਸਕਦੀ ਹੈ। ਸਭ ਤੋਂ ਵੱਧ ਸਮਾਜ ਅਤੇ ਪਰਿਵਾਰ ਨੂੰ ਇਸ ਮਸਲੇ ਬਾਰੇ ਗੰਭੀਰਤਾ ਨਾਲ ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਮਾਪੇ ਧੀਆਂ ਦਾ ਹੱਥ ਬਿਗਾਨੇ ਪੁੱਤਾਂ ਨੂੰ ਫੜਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਰ ਸੰਭਵ ਪੁੱਛ-ਪੜਤਾਲ ਤੇ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕਰਨ। ਕਿਧਰੇ ਇੰਝ ਨਾ ਹੋਵੇ ਕਿ ਬਾਹਰ ਜਾਣ ਦਾ ਜਨੂੰਨ ਉਸ ਦੀ ਜ਼ਿੰਦਗੀ ਦਾ ਨਾਸੂਰ ਬਣ ਜਾਏ।