ਅਲ-ਜ਼ਵਾਹਰੀ ਨੇ ਵੀਡੀਓ ਤੇ ਆਡੀਓ ਸੁਨੇਹਿਆਂ ਰਾਹੀਂ ਹਮਾਇਤੀਆਂ ਤਕ ਪਹੁੰਚ ਵਧਾਈ: ਯੂਐੱਨ ਰਿਪੋਰਟ

ਅਲ-ਜ਼ਵਾਹਰੀ ਨੇ ਵੀਡੀਓ ਤੇ ਆਡੀਓ ਸੁਨੇਹਿਆਂ ਰਾਹੀਂ ਹਮਾਇਤੀਆਂ ਤਕ ਪਹੁੰਚ ਵਧਾਈ: ਯੂਐੱਨ ਰਿਪੋਰਟ

ਅੰਮ੍ਰਿਤਸਰ ਟਾਈਮਜ਼     

ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਨੇ ਆਪਣੀ ਇਕ ਹਾਲੀਆ ਰਿਪੋਰਟ ਵਿੱਚ ਦਾਅਵਾ ਕੀਤਾ ਸੀ ਕਿ ਆਇਮਨ ਅਲ-ਜ਼ਵਾਹਰੀ ਦੀ ਸਰਪ੍ਰਸਤੀ ਹੇਠ ਅਲਕਾਇਦਾ ਦੀ ਕੋਰ ਲੀਡਰਸ਼ਿਪ ਅਫ਼ਗਾਨਿਸਤਾਨ ਵਿੱਚ ਹੈ ਤੇ ਦਹਿਸ਼ਤੀ ਜਥੇਬੰਦੀ ਦੇ ਆਗੂ ਨੇ ਵੀਡੀਓ ਤੇ ਆਡੀਓ ਸੁਨੇਹਿਆਂ ਜ਼ਰੀਏ ਅਲਕਾਇਦਾ ਹਮਾਇਤੀਆਂ ਤੱਕ ਪਹੁੰਚ ਵਧਾਈ ਹੈ। ਪਿਛਲੇ ਮਹੀਨੇ ਜਾਰੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਲਕਾਇਦਾ ਦੀ ਲੀਡਰਸ਼ਿਪ ਅਫ਼ਗ਼ਾਨਿਸਤਾਨ ਵਿੱਚ ਸਲਾਹਕਾਰ ਦੀ ਭੂਮਿਕਾ ਵਿੱਚ ਹੈ ਤੇ ਦੋਵੇਂ ਜਥੇਬੰਦੀਆਂ ’ਚ ਡੂੰਘੀ ਸਾਂਝ ਹੈ। ਰਿਪੋਰਟ ਮੁਤਾਬਕ ਅਗਸਤ 2021 ਤੋਂ ਹੁਣ ਤੱਕ ਅਲ-ਜ਼ਵਾਹਰੀ ਅੱਠ ਵੀਡੀਓਜ਼ ਵਿੱਚ ਨਜ਼ਰ ਆਇਆ ਸੀ। 5 ਅਪਰੈਲ ਨੂੰ ਜਾਰੀ ਅਜਿਹੀ ਇਕ ਵੀਡੀਓ ਵਿੱਚ ਅਲਕਾਇਦਾ ਆਗੂ ਨੇ ਭਾਰਤ ਵਿੱਚ ਹਿਜਾਬ ਵਿਵਾਦ ਨੂੰ ਲੈ ਕੇ ਟਿੱਪਣੀਆਂ ਕੀਤੀਆਂ ਸਨ। ਹਾਲੀਆ ਸਾਲਾਂ ਵਿੱਚ ਇਹ ਵੀਡੀਓ ਅਲ-ਜ਼ਵਾਹਰੀ ਦੇ ਜਿਊਂਦਾ ਜਾਗਦਾ ਹੋਣ ਦਾ ਫੈਸਲਾਕੁਨ ਸਬੂਤ ਸੀ। -

 ਕੌਣ ਏ ਅਲ-ਜ਼ਵਾਹਿਰੀ 

ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ, ਅਲ-ਕਾਇਦਾ ਦੇ ਮੁਖੀ ਅਲ-ਜ਼ਵਾਹਿਰੀ ਨੂੰ ਕਾਬੁਲ ਦੇ ਰਿਹਾਇਸ਼ੀ ਘਰ ਦੀ ਬਾਲਕੋਨੀ ਵਿਚ ਡਰੋਨ ਰਾਹੀਂ ਢੇਰ ਕਰਨ ਦੀ ਖ਼ਬਰ ਦੇ ਨਸ਼ਰ ਹੁੰਦਿਆਂ ਸਾਰ ਵਿਸ਼ਵ ਪੱਧਰ ’ਤੇ ਤਹਿਲਕਾ ਮਚ ਗਿਆ। ਅਲ-ਜ਼ਵਾਹਿਰੀ ਦਰਅਸਲ 9/11 (ਗਿਆਰਾਂ ਸਤੰਬਰ, 2001 ) ਵਾਲੇ ਦਿਨ ਅਮਰੀਕਾ ਦੇ ਜੋੜੇ-ਮੀਨਾਰਾਂ ਨੂੰ ਨੇਸਤੋ-ਨਾਬੂਦ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ।  ਸੰਨ 2011 ਵਿਚ ਵਿਸ਼ਵ ਪ੍ਰਸਿੱਧ ਅੱਤਵਾਦੀ ਓਸਾਮਾ-ਬਿਨ-ਲਾਦੇਨ ਦੀ ਮੌਤ ਤੋਂ ਬਾਅਦ ਅਲ-ਜ਼ਵਾਹਿਰੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੰਗਠਨ ਅਲਕਾਇਦਾ ਦਾ ਮੁਖੀ ਬਣਾਇਆ ਗਿਆ ਸੀ। ਇਹ ਉਹੀ ਅਲਕਾਇਦਾ ਸੰਗਠਨ ਹੈ ਜਿਸ ਨੇ ਈਰਾਨ, ਇਰਾਕ ਤੋਂ ਲੈ ਕੇ ਅਮਰੀਕਾ, ਚੀਨ ਤੇ ਭਾਰਤ ਤਕ ਆਪਣੇ ਅੱਡੇ ਬਣਾਏ ।  ਆਇਮਨ-ਅਲ-ਜ਼ਵਾਹਿਰੀ  ਅਸਲ ਵਿਚ  ਮਿਸਰ ਦਾ ਇਕ ਅੱਖਾਂ ਦਾ ਮਾਹਿਰ ਸਰਜਨ ਸੀ। ਜਵਾਹਰੀ ਦਾ ਜਨਮ 19 ਜੂਨ 1951 ਨੂੰ ਹੋਇਆ ਸੀ। ਉਸ ਦਾ ਪੂਰਾ ਪਰਿਵਾਰ ਪੜ੍ਹਿਆ-ਲਿਖਿਆ ਸੀ। ਪੇਸ਼ੇ ਵਜੋਂ ਇਕ ਸਰਜਨ ਡਾਕਟਰ ਅਸਲ ਵਿਚ ਛੋਟੀ ਉਮਰ ਵਿਚ ਹੀ ਮੁਸਲਿਮ ਬ੍ਰਦਰਹੁੱਡ ਦਾ ਮੈਂਬਰ ਬਣ ਗਿਆ ਸੀ। ਉਸ ਨੇ ਈਆਈਜੇ ਅਰਥਾਤ ਇਜਿਪਟਨ ਇਸਲਾਮਕ ਜਹਾਦ ਦਾ ਗਠਨ ਕੀਤਾ ਸੀ। ਇਸ ਸੰਗਠਨ ਨੇ ਹੀ 1970 ਵਿਚ ਮਿਸਰ ਵਿਚ ਸੱਤਾ ਦਾ ਵਿਰੋਧ ਸ਼ੁਰੂ ਕੀਤਾ ਸੀ।

ਉਸਨੇ ਨੇ 1978 ਵਿਚ ਕਾਹਿਰਾ ਯੂਨੀਵਰਸਿਟੀ ਦੀ ਦਰਸ਼ਨ-ਸ਼ਾਸਤਰ ਦੀ ਵਿਦਿਆਰਥਣ ਅਜਾ ਨੇਵਾਰੀ ਨਾਲ ਸ਼ਾਦੀ ਕੀਤੀ ਸੀ।  ਸੰਨ 1981 ਵਿਚ ਮਿਸਰ ਦੇ ਪ੍ਰਧਾਨ ਅਨਵਰ ਸਾਦਾਤ ਦੀ ਹੱਤਿਆ ਤੋਂ ਬਾਅਦ ਉਸ ਨੂੰ ਤੰਗ ਕੀਤਾ ਗਿਆ ਸੀ। ਤਿੰਨ ਸਾਲ ਜੇਲ੍ਹ ਵਿਚ ਰਹਿ ਕੇ ਉਹ ਸਾਊਦੀ ਅਰਬ ਚਲਾ ਗਿਆ। ਸਾਊਦੀ ਅਰਬ ਵਿਚ ਉਸ ਨੇ ਮੈਡੀਕਲ ਪ੍ਰੈਕਟਿਸ ਸ਼ੁਰੂ ਕੀਤੀ। ਇਹ 1985 ਦੇ ਦਿਨ ਸਨ ਜਦੋਂ ਉਸ ਦੀਆਂ ਮੁਲਾਕਾਤਾਂ ਧਰਮ ਦੀ ਕੱਟੜਤਾ ਨੂੰ ਲੈ ਕੇ ਓਸਾਮਾ-ਬਿਨ-ਲਾਦੇਨ ਨਾਲ ਹੋਈਆਂ। ਸੰਨ 2001 ਵਿਚ ਈਆਈਜੇ ਦਾ ਉਸ ਨੇ ਅਲਕਾਇਦਾ ਵਿਚ ਰਲੇਵਾਂ ਕਰ ਦਿੱਤਾ ਅਤੇ ਫਿਰ ਜੋ ਉਨ੍ਹਾਂ ਨੇ ਕੀਤਾ, ਉਸ ਨਾਲ ਪੂਰੀ ਦੁਨੀਆ ਹਿੱਲ ਗਈ। ਸੰਨ 2011 ਵਿਚ ਉਹ ਖ਼ੁਦ ਅਲਕਾਇਦਾ ਦਾ ਮੁਖੀ ਬਣ ਗਿਆ। ਕਾਬੁਲ ’ਤੇ ਤਾਲਿਬਾਨੀ ਕਬਜ਼ੇ ਪਿੱਛੋਂ ਜ਼ਵਾਹਿਰੀ ਉੱਥੇ ਰਹਿ ਰਿਹਾ ਸੀ। ਅਮਰੀਕਾ ਨੂੰ ਇਹ ਸੂਚਨਾ ਮਿਲੀ ਸੀ ਤੇ ਕਈ ਦਿਨਾਂ ਤੋਂ ਉਹ ਉਸ ’ਤੇ ਨਜ਼ਰ ਰੱਖ ਰਿਹਾ ਸੀ। ਇਸ ਸਮੇਂ ਉਹ 71 ਸਾਲਾਂ ਦਾ ਸੀ। ਉਹ ਧਾਰਮਿਕ ਤੌਰ ’ਤੇ ਬੇਹੱਦ ਕੱਟੜ ਸੀ। ਅਲ-ਜ਼ਵਾਹਿਰੀ ਧਾਰਮਿਕ ਕੱਟੜਤਾ ਦੇ ਨਾਲ-ਨਾਲ ਧਾਰਮਿਕ ਗੁਰੂ ਦਾ ਰੁਤਬਾ ਵੀ ਰੱਖਦਾ ਸੀ।ਜ਼ਵਾਹਿਰੀ ਦੀ ਜ਼ਿੰਦਗੀ ਵੀ ਆਮ ਨਹੀਂ ਸੀ। ਉਸ ਦੀ ਮਾਂ ਉਮਆਮਾ ਆਜ਼ਮ ਰਾਜਨੀਤਕ ਤੌਰ ’ਤੇ ਪੜ੍ਹੇ-ਲਿਖੇ ਪਰਿਵਾਰ ਨਾਲ ਸਬੰਧਤ ਅਬਦੁਲ ਵਹਾਬ ਦੀ ਪੁੱਤਰੀ ਸੀ ਜੋ ਕਾਹਿਰਾ ਯੂਨੀਵਰਸਿਟੀ ਵਿਚ ਪ੍ਰੋਫੈਸਰ ਤੇ ਸਾਊਦੀ ਅਰਬ ਵਿਚ ਸਾਊਦ ਯੂਨੀਵਰਸਿਟੀ ਵਿਚ ਇਸਲਾਮੀ ਫਿਲਾਸਫ਼ਰ ਰਹੇ। ਉਹ ਪਾਕਿਸਤਾਨ ਵਿਚ ਰਾਜਦੂਤ ਵੀ ਰਹੇ। ਜ਼ਵਾਹਿਰੀ ਦਾ ਕਬੀਲਾ ਲਾਲ ਸਾਗਰ ਦੇ ਹਰਬੀ ਟਰਾਈਬ ਦਾ ਹਿੱਸਾ ਹੈ ਜੋ ਜਵਾਹਰ ਸਾਊਦੀ ਅਰਬ ਵਿਚ ਹੈ। ਜ਼ਵਾਹਿਰੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਆਪਣੀ ਮਾਂ ਨੂੰ ਬੇਹੱਦ ਪਿਆਰ ਕਰਦਾ ਸੀ। ਜ਼ਵਾਹਿਰੀ ਦਾ ਇਕ ਭਰਾ ਮੁਹੰਮਦ ਜ਼ਵਾਹਿਰੀ ਤੇ ਜੁੜਵਾਂ ਭੈਣ ਹੰਬਾ ਹੈ ਜੋ ਇਕ ਨਾਮੀ ਮੈਡੀਕਲ ਡਾਕਟਰ ਹੈ। ਉਸ ਮੁਤਾਬਕ ਉਸ ਦਾ ਭਰਾ ਬੇਹੱਦ ਸਾਊ ਤੇ ਸ਼ਰਮੀਲਾ ਹੈ। ਜਵਾਨੀ ਵਿਚ ਕਵਿਤਾ ਨੂੰ ਪਿਆਰ ਕਰਨ ਵਾਲਾ ਤੇ ਤਿੰਨ ਵਰ੍ਹੇ ਮਿਸਰ ਦੀ ਆਰਮੀ ਵਿਚ ਡਾਕਟਰ ਵਜੋਂ ਸੇਵਾਵਾਂ ਦੇਣ ਵਾਲਾ ਅਲ-ਜ਼ਵਾਹਿਰੀ ਕਦੋਂ ਅੱਤਵਾਦੀ ਸਰਗਨਾ ਬਣ ਗਿਆ, ਇਹ ਉਸ ਦੇ ਪਰਿਵਾਰ ਲਈ ਵੀ ਬੁਝਾਰਤ ਹੈ। ਉਹ ਅਰਬੀ, ਫਰੈਂਚ ਤੇ ਅੰਗਰੇਜ਼ੀ ਵਿਚ ਮੁਹਾਰਤ ਰੱਖਦਾ ਸੀ। ਸੰਨ 1978 ਵਿਚ ਜਦੋਂ ਉਸ ਨੇ ਅਜਾ ਨਾਲ ਸ਼ਾਦੀ ਕੀਤੀ ਸੀ ਤਾਂ ਕਾਮਯਾਬ ਸਰਜਨ ਸੀ ਜਿਸ ਦੀਆਂ ਚਾਰ ਬੇਟੀਆਂ ਹਨ। ਇਕ ਪੁੱਤਰ 1987 ਵਿਚ ਮੋਹਮੰਦ ਪੈਦਾ ਹੋਇਆ ਹਾਲਾਂਕਿ ਇਹ ਸਾਰੇ 2001 ਵਿਚ ਅਫ਼ਗਾਨਿਸਤਾਨ ਵਿਚ ਇਕ ਅਮਰੀਕੀ ਹਮਲੇ ਵਿਚ ਮਾਰੇ ਗਏ ਸਨ।

ਬਾਅਦ ਵਿਚ ਜ਼ਵਾਹਿਰੀ ਨੇ ਤਿੰਨ ਹੋਰ ਸ਼ਾਦੀਆਂ ਕੀਤੀਆਂ। ਸੰਨ 2012 ਵਿਚ ਉਸ ਦੀ ਚੌਥੀ ਪਤਨੀ ਓਹਸਨ ਨੇ ਅਰਬ ਸਪਰਿੰਗ ਦੀ ਤਾਰੀਫ਼ ਵਿਚ ਇਕ ਅਖ਼ਬਾਰ ਵੀ ਕੱਢਿਆ ਸੀ। ਉਸ ਨੇ ਅਫ਼ਗਾਨਿਸਤਾਨ ਨੂੰ ਰੂਸੀਆਂ ਤੋਂ ਛੁਡਾਉਣ ਲਈ ਅਮਰੀਕਾ ਤੋਂ ਫੰਡ ਵੀ ਇਕੱਠਾ ਕੀਤਾ ਸੀ। ਪਾਕਿਸਤਾਨ, ਸੂਡਾਨ, ਅਫ਼ਗਾਨਿਸਤਾਨ ਤੇ ਅਮਰੀਕਾ ਵਿਚ ਉਸ ਨੇ ਲਗਾਤਾਰ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ ਤੇ ਅੰਤ ਵਿਚ ਅਮਰੀਕਾ ਦੇ ਡਰੋਨ ਦੀ ਲਪੇਟ ਵਿਚ ਆ ਕੇ ਅਫ਼ਗਾਨਿਸਤਾਨ ਵਿਚ ਮਾਰਿਆ ਗਿਆ। ਜ਼ਵਾਹਿਰੀ ਦੀ ਹੱਤਿਆ ਨੂੰ ਅਮਰੀਕਾ ਵੱਡੀ ਜਿੱਤ ਵਜੋਂ ਦੇਖ ਰਿਹਾ ਹੈ।