ਕਬਾਇਲੀਆਂ 'ਤੇ ਲਗਾਇਆ ਜਾਂਦਾ ਹੈ 'ਨਕਸਲੀਆਂ' ਦਾ ਠੱਪਾ-ਸਿਮਰਨਜੀਤ ਸਿੰਘ ਮਾਨ ਨੇ ਕਬੀਲਿਆਂ ਦਾ ਮੁੱਦਾ ਉਠਾਇਆ

ਕਬਾਇਲੀਆਂ 'ਤੇ ਲਗਾਇਆ ਜਾਂਦਾ ਹੈ 'ਨਕਸਲੀਆਂ' ਦਾ ਠੱਪਾ-ਸਿਮਰਨਜੀਤ ਸਿੰਘ ਮਾਨ ਨੇ ਕਬੀਲਿਆਂ ਦਾ ਮੁੱਦਾ ਉਠਾਇਆ

ਅੰਮ੍ਰਿਤਸਰ ਟਾਈਮਜ਼     

ਨਵੀਂ ਦਿੱਲੀ-ਸ਼੍ਰੋਮਣੀ ਅਕਾਲੀ ਦਲ (ਅ) ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਦੋਸ਼ ਲਗਾਇਆ ਕਿ ਕਬਾਇਲੀਆਂ ਨੂੰ 'ਨਕਸਲੀ' ਆਖਿਆ ਜਾਂਦਾ ਹੈ ਅਤੇ ਸੁਰੱਖਿਆ ਬਲਾਂ ਵਲੋਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਂਦਾ ਹੈ ।ਉਨ੍ਹਾਂ ਸਰਕਾਰ ਤੋਂ ਅਜਿਹੀਆਂ ਗ਼ੈਰ-ਨਿਆਇਕ ਹੱਤਿਆਵਾਂ ਦੇ ਪਿੱਛੇ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਕੀਤੀ । ਮਾਨ ਨੇ ਲੋਕ ਸਭਾ 'ਚ ਜੰਗਲੀ ਜੀਵ ਸੁਰੱਖਿਆ (ਸੋਧ) ਬਿੱਲ 2021 'ਤੇ ਚਰਚਾ 'ਵਿਚ ਸ਼ਾਮਿਲ ਹੁੰਦਿਆਂ ਇਹ ਮੁੱਦਾ ਚੁੱਕਿਆ ।ਮਾਨ ਨੇ ਕਿਹਾ ਕਿ ਕਬਾਇਲੀ ਦੁੱਖ ਝੱਲ ਰਹੇ ਹਨ ਅਤੇ ਜੰਗਲਾਂ ਵਿਚ ਜਿੱਥੇ ਉਹ ਰਹਿੰਦੇ ਹਨ ਉਥੇ ਮਾਈਨਿੰਗ ਹੋਣ ਕਰਕੇ ਉਨ੍ਹਾਂ ਦਾ ਜੀਵਨ ਜਿਊਣ ਦਾ ਢੰਗ ਵਿਗੜ ਗਿਆ ਹੈ ।ਮਾਨ ਨੇ ਕਿਹਾ ਕਿ ਮਨੁੱਖ ਤੇ ਜੰਗਲ ਵਿਚਕਾਰ ਟਕਰਾਅ ਹੈ ।ਸਾਡੇ ਕਬਾਇਲੀ ਜੰਗਲਾਂ 'ਚ ਰਹਿੰਦੇ ਹਨ । ਪਰ ਅਸੀਂ ਖਾਨਾਂ ਦੀ ਤਲਾਸ਼ ਕਰ ਰਹੇ ਹਾਂ ਅਤੇ ਜੰਗਲਾਂ ਨੂੰ ਤਬਾਹ ਕਰ ਰਹੇ ਹਾਂ । ਨਤੀਜੇ ਵਜੋਂ ਕਬਾਇਲੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਅਤੇ ਉਨ੍ਹਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ ।ਉਨ੍ਹਾਂ ਨੂੰ ਸਰਕਾਰ ਨਕਸਲੀ ਜਾਂ ਮਾਓਵਾਦੀ ਕਰਾਰ ਦੇ ਕੇ ਮਾਰ ਦਿੰਦੀ ਹੈ ।ਉਨ੍ਹਾਂ ਮੰਤਰੀ ਤੋਂ ਇਹ ਵੀ ਪੁੱਛਿਆ ਕੀ ਉਹ ਜੰਗਲਾਂ 'ਚ ਖਣਿਜਾਂ ਦੀ ਖੁਦਾਈ 'ਤੇ ਪਾਬੰਦੀ ਲਗਾਉਣਗੇ? ਮਾਨ ਨੇ ਕਿਹਾ ਕਿ ਕਬਾਇਲੀ ਭਾਵੇਂ ਕੁਦਰਤ ਦੇ ਉਪਾਸ਼ਕ ਹਨ ਪਰ ਉਨ੍ਹਾਂ ਨੂੰ ਕੁਝ ਧਰਮਾਂ ਵਿਚ ਤਬਦੀਲ ਕੀਤਾ ਜਾਂਦਾ ਹੈ, ਜੋ ਭਾਰਤ ਵਿਚ ਧਰਮਾਂ ਦੀ ਮਰਿਆਦਾ ਦੇ ਖ਼ਿਲਾਫ਼ ਹੈ।