ਮੁੱਖ ਸਾਜਿਸ਼ਕਰਤਾ ਸਮੇਤ ਤਿੰਨ ਗਿ੍ਫ਼ਤਾਰ, ਦੋਵੇਂ ਸ਼ੂਟਰ ਫ਼ਰਾਰ

ਮੁੱਖ ਸਾਜਿਸ਼ਕਰਤਾ ਸਮੇਤ ਤਿੰਨ ਗਿ੍ਫ਼ਤਾਰ, ਦੋਵੇਂ ਸ਼ੂਟਰ ਫ਼ਰਾਰ

ਮਾਮਲਾ ਕੌਂਸਲਰ ਹੱਤਿਆ ਕਾਂਡ ਦਾ

ਅੰਮ੍ਰਿਤਸਰ ਟਾਈਮਜ਼          

ਮਲੇਰਕੋਟਲਾ-ਬੀਤੇ ਦਿਨ ਸਥਾਨਕ ਲੁਧਿਆਣਾ ਬਾਈਪਾਸ ਨੇੜੇ ਅਣਪਛਾਤੇ ਹਮਲਾਵਰਾਂ ਵਲੋਂ ਆਮ ਆਦਮੀ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਭੋਲੀ ਦੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਦਾ ਮਾਮਲਾ ਮਲੇਰਕੋਟਲਾ ਪੁਲਿਸ ਨੇ 24 ਘੰਟਿਆਂ ਦੇ ਅੰਦਰ-ਅੰਦਰ ਹੱਲ ਕਰਕੇ ਹੱਤਿਆ ਦੇ ਮੁੱਖ ਸਾਜ਼ਿਸਕਰਤਾ ਵਸੀਮ ਇਕਬਾਲ ਸੋਨੀ ,ਮੁਹੰਮਦ ਸਾਦਾਵ ਅਤੇ ਤਹਿਸੀਮ ਨੂੰ ਗਿ੍ਫ਼ਤਾਰ ਕਰ ਲਿਆ ਹੈ ਜਦਕਿ ਹੱਤਿਆ ਕਰਨ ਵਾਲੇ ਦੋਵੇਂ ਸ਼ੂਟਰ ਹਾਲੇ ਪੁਲਿਸ ਦੀ ਗਿ੍ਫ਼ਤ ਵਿਚੋਂ ਬਾਹਰ ਹਨ ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਰੇਂਜ ਪਟਿਆਲਾ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਆਈ.ਪੀ.ਐਸ. ਨੇ  ਦੱਸਿਆ ਕਿ  ਕਿ ਮਿ੍ਤਕ ਮੁਹੰਮਦ ਅਕਬਰ ਉਰਫ਼ ਭੋਲੀ ਨੇ ਇਕ ਦੁਕਾਨ ਗਰੇਵਾਲ ਚੌਕ ਮਲੇਰਕੋਟਲਾ ਵਿਖੇ ਵਸੀਮ ਇਕਬਾਲ ਸੋਨੀ ਪੁੱਤਰ ਮੁਹੰਮਦ ਨਜ਼ੀਰ ਵਾਸੀ ਇਸਮਾਇਲ ਬਸਤੀ ਨਜ਼ਦੀਕ ਮਾਨਾ ਫਾਟਕ ਮਲੇਰਕੋਟਲਾ ਨੂੰ ਕਰੀਬ 13-14 ਸਾਲ ਤੋਂ ਕਿਰਾਏ ਉਪਰ ਦਿੱਤੀ ਹੋਈ ਸੀ ।ਵਸੀਮ ਇਕਬਾਲ ਦਾ ਮੁਹੰਮਦ ਅਕਬਰ ਦੇ ਨਾਲ ਕਾਫੀ ਪੈਸਿਆਂ ਦਾ ਲੈਣ ਦੇਣ ਚੱਲਦਾ ਸੀ । ਸਾਲ 2015 ਤੋਂ ਵਸੀਮ ਇਕਬਾਲ ਮੁਹੰਮਦ ਅਕਬਰ ਤੋਂ ਕਰੀਬ ਢਾਈ ਕਰੋੜ ਰੁਪਏ ਲੈ ਕੇ ਮੋਟਰਸਾਈਕਲ ਅਤੇ ਕੱਪੜੇ ਦੇ ਵਪਾਰ ਵਿਚ ਲਾ ਚੁੱਕਾ ਸੀ । ਆਈ.ਜੀ.  ਛੀਨਾ ਮੁਤਾਬਿਕ ਕਰੀਬ ਇਕ ਹਫ਼ਤਾ ਪਹਿਲਾਂ ਮੁਹੰਮਦ ਅਕਬਰ ਵਸੀਮ ਇਕਬਾਲ ਤੋਂ ਆਪਣੀ ਰਕਮ ਵਾਪਸ ਮੰਗ ਰਿਹਾ ਸੀ ਜੋ ਵਸੀਮ ਇਕਬਾਲ ਸੋਨੀ ਨੇ ਮੁਹੰਮਦ ਅਕਬਰ  ਭੋਲੀ ਦੇ ਪੈਸੇ ਵਾਪਸ ਕਰਨ ਦੀ ਬਜਾਏ ਆਪਣੇ ਦੂਸਰੇ ਵਿਆਹ ਦੇ ਸਾਲੇ ਮੁਹੰਮਦ ਆਸਿਫ਼  ਵਾਸੀ ਮਲੇਰਕੋਟਲਾ ਨਾਲ ਮੁਹੰਮਦ ਅਕਬਰ ਦਾ ਕਤਲ ਕਰਨ ਦੀ ਸਾਜ਼ਿਸ਼ ਰਚ ਲਈ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਸੀਮ ਇਕਬਾਲ  ਸੋਨੀ ਨੇ 31 ਜੁਲਾਈ ਦੀ ਰਾਤ ਨੂੰ ਕਰੀਬ 3.30 ਵਜੇ ਸਵੇਰੇ ਮਲੇਰਕੋਟਲਾ ਵਾਪਸ ਆ ਕੇ ਦੇਸੀ ਕੱਟਾ ਅਤੇ ਕਾਰਤੂਸ ਆਪਣੇ ਸਾਲੇ ਮੁਹੰਮਦ ਆਸਿਫ਼ ਨੂੰ ਦੇ ਦਿੱਤੇ । ਫਿਰ ਮੁਹੰਮਦ ਆਸਿਫ਼ ਆਪਣੇ ਨਾਲ ਆਪਣੇ ਦੋਸਤ ਮੁਹੰਮਦ ਮੁਰਸ਼ਦ ਮਲੇਰਕੋਟਲਾ ਨੂੰ ਨਾਲ ਲੈ ਕੇ ਵਸੀਮ ਇਕਬਾਲ ਸੋਨੀ ਦੀ ਗਰੇਵਾਲ ਚੌਕ ਸਥਿਤ ਦੁਕਾਨ ਤੋਂ ਇੱਕ ਮੋਟਰਸਾਇਕਲ ਹੌਂਡਾ ਸਿਟੀ ਲੈ ਕੇ ਵਾਰਦਾਤ ਕਰਨ ਚਲੇ ਗਏ ।ਆਈ.ਜੀ.  ਛੀਨਾ ਨੇ ਦੱਸਿਆ ਕਿ ਜਿੰਮ ਵਿਚ ਮੁਹੰਮਦ ਅਕਬਰ ਉਰਫ਼ ਭੋਲੀ ਦਾ ਕਤਲ ਕਰਕੇ ਜਾ ਰਹੇ ਦੋਵੇਂ ਮੁਲਜ਼ਮ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਏ ।ਉਨ੍ਹਾਂ ਦੱਸਿਆ ਕਿ  ਵਸੀਮ ਇਕਬਾਲ ਉਰਫ਼ ਸੋਨੀ, ਮੁਹੰਮਦ ਸਾਦਾਵ ਅਤੇ ਤਹਿਸੀਮ ਨੂੰ ਫਾਰਚੂਨਰ ਗੱਡੀ ਸਮੇਤ ਗਿ੍ਫ਼ਤਾਰ ਕਰ ਲਿਆ ਗਿਆ ਹੈ ।ਦੋਵੇਂ ਸੂਟਰਾਂ ਮੁਹੰਮਦ ਆਸਿਫ਼ ਅਤੇ ਮੁਹੰਮਦ ਮੁਰਸ਼ਦ ਨੂੰ ਗਿ੍ਫ਼ਤਾਰ ਕਰਨ ਲਈ ਪੁਲਿਸ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ।