ਬਾਦਲਕਿਆਂ ਦੇ ਭਾਈਵਾਲ ਭਾਜਪਈਆਂ ਨੇ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਐਲਾਨ ਕੀਤਾ

ਬਾਦਲਕਿਆਂ ਦੇ ਭਾਈਵਾਲ ਭਾਜਪਈਆਂ ਨੇ ਪੰਜਾਬੀ ਦੀ ਥਾਂ ਸੰਸਕ੍ਰਿਤ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦਾ ਐਲਾਨ ਕੀਤਾ

ਚੰਡੀਗੜ੍ਹ: ਹਿਮਾਚਲ ਦੀ ਭਾਜਪਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਸੂਬੇ ਵਿਚ ਦੂਜੀ ਭਾਸ਼ਾ ਦਾ ਦਰਜਾ ਪੰਜਾਬੀ ਭਾਸ਼ਾ ਤੋਂ ਖੋਹ ਕੇ ਸੰਸਕ੍ਰਿਤ ਨੂੰ ਦਿੱਤਾ ਜਾਵੇਗਾ। ਇਹ ਐਲਾਨ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਹਿਮਾਚਲ ਦੀ ਵਿਧਾਨ ਸਭਾ ਵਿਚ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੰਸਕ੍ਰਿਤ ਨੂੰ ਪ੍ਰਫੁਲਿਤ ਕਰਨ ਲਈ ਸਰਕਾਰ ਨੇ ਇਕ ਯੂਨੀਵਰਸਿਟੀ ਖੋਲ੍ਹਣ ਦਾ ਵੀ ਐਲਾਨ ਕੀਤਾ ਹੈ। 

ਗੌਰਤਲਬ ਹੈ ਕਿ ਹਿਮਾਚਲ ਸੂਬੇ ਦੀ ਸਥਾਪਨਾ ਮੌਕੇ ਪੰਜਾਬ ਦਾ ਕਾਫੀ ਪੰਜਾਬੀ ਬੋਲਦਾ ਖੇਤਰ ਇਕ ਸਾਜਿਸ਼ੀ ਢੰਗ ਨਾਲ ਹਿਮਾਚਲ ਵਿਚ ਜੋੜ ਦਿੱਤਾ ਗਿਆ ਸੀ। ਜਿਵੇਂ ਊਨਾ, ਬੱਦੀ, ਨਾਲਗੜ੍ਹ ਆਦਿ ਖੇਤਰ ਪੂਰੀ ਤਰ੍ਹਾਂ ਪੰਜਾਬੀ ਖੇਤਰ ਹਨ ਜਿਹਨਾਂ ਦੀ ਮੰਗ ਅਨੰਦਪੁਰ ਸਾਹਿਬ ਦੇ ਮਤੇ ਵਿਚ ਵੀ ਕੀਤੀ ਗਈ ਹੈ ਕਿ ਇਹਨਾਂ ਖੇਤਰਾਂ ਨੂੰ ਪੰਜਾਬ ਵਿਚ ਸ਼ਾਮਿਲ ਕੀਤਾ ਜਾਵੇ। ਪਰ ਹੁਣ ਭਾਜਪਾ ਸਰਕਾਰ ਇਹਨਾਂ ਖੇਤਰਾਂ ਦੀ ਪੰਜਾਬੀ ਵਸੋਂ ਦੀਆਂ ਅਗਲੀਆਂ ਪੀੜੀਆਂ ਨੂੰ ਉਨ੍ਹਾਂ ਦੀ ਮਾਂ-ਬੋਲੀ ਪੰਜਾਬੀ ਤੋਂ ਵਾਂਝਾ ਰੱਖਕੇ ਉਨ੍ਹਾਂ ਦਾ ਹਿੰਦੀਕਰਨ ਕਰਨ ਦੀ ਨੀਤੀ 'ਤੇ ਚੱਲ ਰਹੀ ਹੈ। 

ਇਸ ਤੋਂ ਪਹਿਲਾਂ ਹਿਮਾਚਲ ਵਿਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਸੀ। 

ਪੰਜਾਬ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਜਪਾ ਪਾਰਟੀ ਨਾਲ ਰਾਜਨੀਤਕ ਭਾਈਵਾਲ ਹੋਣ ਦੇ ਬਾਵਜੂਦ ਬਾਦਲਕੇ ਪੰਜਾਬ ਦੇ ਅਜਿਹੇ ਮਸਲਿਆਂ 'ਤੇ ਹਮੇਸ਼ਾ ਚੁੱਪ ਰਹਿੰਦੇ ਹਨ। ਬਾਦਲ ਪਰਿਵਾਰ ਦੀ ਨੂੰਹ ਭਾਜਪਾ ਸਰਕਾਰ ਵਿਚ ਮੰਤਰੀ ਦੇ ਅਹੁਦੇ ਮਾਣ ਰਹੀ ਹੈ ਜਦਕਿ ਭਾਜਪਾ ਪੰਜਾਬ ਅਤੇ ਪੰਜਾਬੀ ਵਿਰੋਧੀ ਨੀਤੀਆਂ ਨੂੰ ਲਗਾਤਾਰ ਲਾਗੂ ਕਰ ਰਹੀ ਹੈ।