ਲੁਧਿਆਣਾ ਵਿਚ ਅਗਵਾ ਤੋਂ ਬਾਅਦ ਕੁੜੀ ਨਾਲ ਸਮੂਹਿਕ ਜਬਰ ਜਿਨਾਹ; ਪੁਲਿਸ ਮੌਕਾ ਸਾਂਭਦੀ ਤਾਂ ਹੋ ਸਕਦਾ ਸੀ ਬਚਾਅ

ਲੁਧਿਆਣਾ ਵਿਚ ਅਗਵਾ ਤੋਂ ਬਾਅਦ ਕੁੜੀ ਨਾਲ ਸਮੂਹਿਕ ਜਬਰ ਜਿਨਾਹ; ਪੁਲਿਸ ਮੌਕਾ ਸਾਂਭਦੀ ਤਾਂ ਹੋ ਸਕਦਾ ਸੀ ਬਚਾਅ

ਲੁਧਿਆਣਾ: ਪੰਜਾਬ ਦੇ ਲੁਧਿਆਣਾ ਵਿਚ ਇਕ ਦਰਿੰਦਗੀ ਭਰਿਆ ਵਹਿਸ਼ੀਆਨਾ ਕਾਰਾ ਸਾਹਮਣੇ ਆਇਆ ਹੈ ਜਿੱਥੇ ਮੁੰਡਿਆਂ ਦੇ ਇਕ ਟੋਲੇ ਨੇ ਇਕ ਕੁੜੀ ਮੁੰਡੇ ਨੂੰ ਅਗਵਾ ਕਰਨ ਤੋਂ ਬਾਅਦ ਕੁੜੀ ਨਾਲ ਸਮੂਹਿਕ ਜਬਰ ਜਿਨਾਹ ਕੀਤਾ। ਇਸ ਘਟਨਾ ਨੇ ਸਮੁੱਚੇ ਪੰਜਾਬ ਨੂੰ ਸ਼ਰਮਸਾਰ ਕਰ ਦਿੱਤਾ ਹੈ। 

ਇਹ ਘਟਨਾ 9-10 ਫਰਵਰੀ ਦੀ ਰਾਤ ਨੂੰ ਵਾਪਰੀ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਿਕ ਪੀੜਤ ਆਪਣੀ ਕਾਰ ਵਿਚ ਜਦੋਂ ਈਸੇਵਾਲ ਪਿੰਡ ਕੋਲ ਪਹੁੰਚੇ ਤਾਂ ਮੋਟਰਸਾਈਕਲ 'ਤੇ ਸਵਾਲ ਤਿੰਨ ਨੌਜਵਾਨਾਂ ਨੇ ਉਨ੍ਹਾਂ ਨੂੰ ਰੋਕ ਕੇ ਹਮਲਾ ਕਰ ਦਿੱਤਾ। ਇਹਨਾਂ ਤਿੰਨ ਨੌਜਵਾਨਾਂ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਪੀੜਤਾਂ ਨੂੰ ਕਾਬੂ ਵਿਚ ਕਰ ਲਿਆ ਤੇ ਆਪਣੇ ਕੁਝ ਹੋਰ ਸਾਥੀਆਂ ਨੂੰ ਬੁਲਾ ਲਿਆ। ਇਹ ਲੋਕ ਪੀੜਤਾਂ ਨੂੰ ਨੇੜੇ ਦੇ ਇਕ ਖਾਲੀ ਪਲਾਟ ਵਿਚ ਲੈ ਗਏ ਤੇ ਪੀੜਤ ਮੁੰਡੇ ਦੇ ਫੋਨ ਤੋਂ ਉਸਦੇ ਮਿੱਤਰ ਨੂੰ ਕਾਲ ਕਰਕੇ 1 ਲੱਖ ਰੁਪਏ ਦੀ ਮੰਗ ਕੀਤੀ। 

ਇਸ ਤੋਂ ਬਾਅਦ ਅਗਵਾਕਾਰ ਮੁੰਡਿਆਂ ਵਲੋਂ ਪੀੜਤ ਕੁੜੀ ਨਾਲ ਜ਼ਬਰ ਜਿਨਾਹ ਕਰਨ ਦਾ ਦੋਸ਼ ਹੈ। ਜਦਕਿ ਇਸ ਮਾਮਲੇ ਵਿਚ ਪੁਲਿਸ ਦੀ ਘਟੀਆ ਕਾਰਗੁਜ਼ਾਰੀ ਸਾਹਮਣੇ ਆਈ ਹੈ। ਪੀੜਤ ਮੁੰਡੇ ਦੇ ਮਿੱਤਰ ਨੇ ਉਸਨੂੰ ਆਈ ਕਾਲ ਸਬੰਧੀ ਦਾਖਾ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਸੀ, ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। 

ਜਦਕਿ ਅਗਵਾਕਾਰ ਪੀੜਤਾਂ ਨੂੰ 2 ਵਜੇ ਰਾਤ ਨੂੰ ਛੱਡ ਕੇ ਫਰਾਰ ਹੋ ਗਏ। ਇਸ ਘਟਨਾ ਸਬੰਧੀ ਦਾਖਾ ਪੁਲਿਸ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 376-ਡੀ, 384 ਅਤੇ 342 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ ਡੀਆਈਜੀ ਰਣਬੀਰ ਸਿੰਘ ਖੱਟੜਾ ਅਤੇ ਐਸਐਸਪੀ ਜਗਰਾਓਂ ਵਰਿੰਦਰ ਸਿੰਘ ਬਰਾੜ ਵਲੋਂ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਇਸ ਤੋਂ ਇਲਾਵਾ ਦਾਖਾ ਥਾਣੇ ਦੇ ਏਐਸਆਈ ਵਿਦਿਆ ਰਤਨ ਨੂੰ ਡਿਊਟੀ ਵਿਚ ਕੁਤਾਹੀ ਕਰਨ ਲਈ ਸਸਪੈਂਡ ਕਰ ਦਿੱਤਾ ਗਿਆ ਹੈ।