ਭਾਰਤੀਆਂ ਦੀ ਨਫਰਤ ਦਾ ਸ਼ਿਕਾਰ ਹੋਏ ਨਵਜੋਤ ਸਿੰਘ ਸਿੱਧੂ; ਕਪਿਲ ਸ਼ਰਮਾ ਸ਼ੋਅ ਵਿਚੋਂ ਵੀ ਛੁੱਟੀ

ਭਾਰਤੀਆਂ ਦੀ ਨਫਰਤ ਦਾ ਸ਼ਿਕਾਰ ਹੋਏ ਨਵਜੋਤ ਸਿੰਘ ਸਿੱਧੂ; ਕਪਿਲ ਸ਼ਰਮਾ ਸ਼ੋਅ ਵਿਚੋਂ ਵੀ ਛੁੱਟੀ

ਚੰਡੀਗੜ੍ਹ: ਪੁਲਵਾਮਾ ਹਮਲੇ ਤੋਂ ਬਾਅਦ ਹਿੰਸਾ ਦੀ ਰਾਜਨੀਤੀ ਨੂੰ ਛੱਡ ਸ਼ਾਂਤੀ ਦੀ ਗੱਲ ਕਰਨ ਕਰਕੇ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਮਸ਼ਹੂਰ ਕਾਮੇਡੀ ਪ੍ਰੋਗਰਾਮ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡਣ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਦੀ ਜਗ੍ਹਾ ਹੁਣ ਅਰਚਨਾ ਪੂਰਨ ਸਿੰਘ ਸ਼ੋਅ ਦੀ ਮੈਂਬਰ ਬਣੇਗੀ। 

ਚੈਨਲ ਦੇ ਸੂਤਰਾਂ ਮੁਤਾਬਕ ਕੈਬਨਿਟ ਮੰਤਰੀ ਦੀ ਟਿੱਪਣੀ ’ਤੇ ਵੱਡਾ ਇਤਰਾਜ਼ ਜਤਾਇਆ ਗਿਆ ਹੈ। ਇਸ ਕਾਰਨ ਸ਼ੋਅ ਤੇ ਚੈਨਲ ਵੀ ਵਿਵਾਦਾਂ ਵਿਚ ਘਿਰਦਾ ਜਾ ਰਿਹਾ ਹੈ। 

ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਅਤਿਵਾਦੀਆਂ ਦੇ ਇਸ ਘਿਨੌਣੇ ਕਾਰੇ ਲਈ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਤਰਕ ਦਿੱਤਾ ਸੀ ਕਿ "ਅਤਿਵਾਦੀਆਂ" ਦਾ ਕੋਈ ਦੀਨ-ਮਜ਼ਹਬ ਨਹੀਂ ਹੁੰਦਾ ਤੇ ਇਸ ਲਈ ਨਿੱਜੀ ਤੌਰ ’ਤੇ ਕਿਸੇ ਨੂੰ ਜ਼ਿੰਮੇਵਾਰ ਠਹਿਰਾਉਣਾ ਠੀਕ ਨਹੀਂ। ਇਸ ਤੋਂ ਪਹਿਲਾਂ ਮੁੰਬਈ ਭਾਜਪਾ ਯੂਥ ਵਿੰਗ ਨੇ ਅੱਜ ਇੱਥੇ ਟੀਵੀ ਚੈਨਲ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਤੇ ਸਿੱਧੂ ਨੂੰ ਸ਼ੋਅ ਵਿਚੋਂ ਬਾਹਰ ਕਰਨ ਦੀ ਮੰਗ ਕੀਤੀ। ਯੂਥ ਵਿੰਗ ਦੇ ਆਗੂਆਂ ਨੇ ਕਿਹਾ ਕਿ ਜਦ ਸਾਰਾ ਦੇਸ਼ ਵਿਰੋਧ ਕਰ ਰਿਹਾ ਹੈ ਤਾਂ ਸਿੱਧੂ ਕਿਉਂ ਹਮਦਰਦੀ ਜਤਾ ਰਹੇ ਹਨ। 

ਵੈਸਟਰਨ ਇੰਡੀਆ ਸਿਨੇ ਐਂਪਲਾਈਜ਼ ਫੈਡਰੇਸ਼ਨ ਨੇ ਵੀ ਨਵਜੋਤ ਸਿੰਘ ਸਿੱਧੂ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਫੈਡਰੇਸ਼ਨ ਨੇ ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਨੂੰ ਭੇਜੇ ਪੱਤਰ ਵਿਚ ਕਿਹਾ ਕਿ ਸਿੱਧੂ ਆਪਣੀ ਟਿੱਪਣੀ ਲਈ ਮੁਆਫ਼ੀ ਮੰਗਣ ਤੇ ਉਨ੍ਹਾਂ ਦੇ ਸ਼ੋਅ ਵਿਚ ਹਿੱਸਾ ਲੈਣ ’ਤੇ ਪਾਬੰਦੀ ਲਾਈ ਜਾਵੇ। 

ਸਿੱਧੂ ਨੇ ਬਿਆਨ ਤੋਂ ਪਿੱਛੇ ਹਟਣੋਂ ਕੀਤਾ ਇਨਕਾਰ
ਲੁਧਿਆਣਾ: ਪੁਲਵਾਮਾ ਹਮਲੇ ਸਬੰਧੀ ਸਿੱਧੂ ਵਲੋਂ ਕੀਤੀ ਟਿੱਪਣੀ ਦਾ ਭਾਰਤੀ ਕੱਟੜਪੰਥੀਆਂ ਵਲੋਂ ਭਾਰੀ ਵਿਰੋਧ ਹੋਣ ਦੇ ਬਾਵਜੂਦ ਨਵਜੋਤ ਸਿੰਘ ਸਿੱਧੂ ਨੇ ਸ਼ਨਿਚਰਵਾਰ ਨੂੰ ਕਿਹਾ ਹੈ ਕਿ ਜੇਕਰ ਕਰਤਾਰਪੁਰ ਸਾਹਿਬ ਲਾਂਘੇ ਨੂੰ ਨਾ ਖੋਲ੍ਹਿਆ ਗਿਆ ਤਾਂ "ਦਹਿਸ਼ਤਗਰਦਾਂ" ਦੇ ਹੌਸਲੇ ਬੁਲੰਦ ਹੋ ਜਾਣਗੇ। ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ,‘‘ਕਰਤਾਰਪੁਰ ਲਾਂਘੇ ਨੂੰ ਕੋਈ ਨਹੀਂ ਰੋਕ ਸਕਦਾ। ਕੀ ਤੁਸੀਂ ਚਾਹੁੰਦੇ ਹੋ ਕਿ ਦੋਵੇਂ ਪ੍ਰਧਾਨ ਮੰਤਰੀਆਂ ਵੱਲੋਂ ਲਿਆ ਗਿਆ ਫ਼ੈਸਲਾ ਰੱਦ ਹੋ ਜਾਵੇ? ਫਿਰ ਤੁਸੀਂ ਅਤਿਵਾਦੀਆਂ ਨੂੰ ਉਤਸ਼ਾਹਿਤ ਕਰ ਰਹੇ ਹੋ। ਮੁਲਕ ਨੂੰ ਕੋਈ ਵੀ ਅਤਿਵਾਦ ਮੂਹਰੇ ਝੁਕਾ ਨਹੀਂ ਸਕਦਾ ਹੈ।’’

ਪੰਜਾਬ ਵਜ਼ਾਰਤ ਦੀ ਮੀਟਿੰਗ ’ਚ ਉਠੇਗਾ ਸਿੱਧੂ ਦਾ ਮੁੱਦਾ
ਚੰਡੀਗੜ੍ਹ:
ਪੰਜਾਬ ਵਜ਼ਾਰਤ ਦੀ 17 ਫਰਵਰੀ ਨੂੰ ਹੋ ਰਹੀ ਮੀਟਿੰਗ ਵਿੱਚ ਜਿੱਥੇ ਸਾਲ 2019-20 ਦੇ ਬਜਟ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ, ਉਥੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਨਾਲ ਸ਼ਾਂਤੀਵਾਰਤਾ ਜਾਰੀ ਰੱਖਣ ਬਾਰੇ ਦਿੱਤੇ ਬਿਆਨ ਦਾ ਮਾਮਲਾ ਵੀ ਉਠਣ ਦੀ ਸੰਭਾਵਨਾ ਹੈ। 
ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਪਾਰਟੀ ਨੂੰ ਸਿੱਧੂ ਦੇ ਬਿਆਨ ਨਾਲੋਂ ਵੱਖ ਕਰਦਿਆ ਕਿਹਾ ਹੈ, "ਅਸੀਂ ਸਰਕਾਰ ਦੇ ਨਾਲ ਹਾਂ ਤੇ ਇਸ ਵੇਲੇ ਪਾਕਿਸਤਾਨ ਨਾਲ ਸ਼ਾਂਤੀਵਾਰਤਾ ਦਾ ਕੋਈ ਸਮਾਂ ਨਹੀਂ ਹੈ। ਇਸ ਸਬੰਧੀ ਪੰਜਾਬ ਦੇ ਇਕ ਸੀਨੀਅਰ ਮੰਤਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਦਾ ਬਿਆਨ ਆ ਗਿਆ ਹੈ ਤੇ ਇਸ ਲਈ ਹੋਰ ਕੁਝ ਕਹਿਣ ਦੀ ਲੋੜ ਨਹੀਂ ਹੈ। ਫਿਰ ਵੀ ਦੋ-ਤਿੰਨ ਮੰਤਰੀਆਂ ਵੱਲੋਂ ਸ੍ਰੀ ਸਿੱਧੂ ਦੇ ਬਿਆਨ ਦਾ ਮਾਮਲਾ ਉਠਾਉਣ ਦੀ ਸੰਭਾਵਨਾ ਹੈ।"

ਦੂਜੇ ਪਾਸੇ ਕੈਬਨਿਟ ਮੰਤਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਸਹੀ ਸੰਦਰਭ ’ਚ ਪੇਸ਼ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਦਾ ਕੋਈ ਦੇਸ਼, ਧਰਮ, ਜਾਤ ਨਹੀਂ ਹੁੰਦੀ। ਦਹਿਸ਼ਤਗਰਦੀ ਦੀ ਘਟਨਾ ਲਈ ਕਿਸੇ ਪੂਰੇ ਦੇਸ਼ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। 

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੰਗ ਕੀਤੀ ਹੈ ਕਿ ਸਿੱਧੂ ਦੇ ਬਿਆਨ ਤੋਂ ਬਾਅਦ ਉਨ੍ਹਾਂ ਨੂੰ ਵਜ਼ਾਰਤ ਵਿੱਚੋਂ ਕੱਢ ਦੇਣਾ ਚਾਹੀਦਾ ਹੈ।