ਕਸ਼ਮੀਰ ਵਿਚ ਭਾਰਤ ਖਿਲਾਫ ਵੱਧਦੀ ਬਗਾਵਤ ਦੀ ਨਿਸ਼ਾਨਦੇਹੀ ਕਰਦੀ ਰਿਪੋਰਟ ਆਈ ਸਾਹਮਣੇ

 ਕਸ਼ਮੀਰ ਵਿਚ ਭਾਰਤ ਖਿਲਾਫ ਵੱਧਦੀ ਬਗਾਵਤ ਦੀ ਨਿਸ਼ਾਨਦੇਹੀ ਕਰਦੀ ਰਿਪੋਰਟ ਆਈ ਸਾਹਮਣੇ

ਸ਼੍ਰੀਨਗਰ: 1947 ਵਿਚ ਅਗਰੇਜ਼ਾਂ ਦੇ ਭਾਰਤੀ ਉਪਮਹਾਂਦੀਪ ਤੋਂ ਵਾਪਿਸ ਜਾਣ ਵੇਲੇ ਤੋਂ ਹੀ ਦੁਨੀਆ ਦੇ ਸਭ ਤੋਂ ਵਿਵਾਦਪੂਰਣ ਇਲਾਕਿਆਂ ਵਿਚ ਸ਼ੁਮਾਰ ਕਸ਼ਮੀਰ ਵਿਚ ਭਾਰਤ ਖਿਲਾਫ ਬਗਾਵਤ ਘਟਣ ਦੀ ਬਜਾਏ ਲਗਾਤਾਰ ਵੱਧਦੀ ਜਾ ਰਹੀ ਹੈ। ਕਸ਼ਮੀਰ ਦੁਨੀਆ ਦਾ ਅਜਿਹਾ ਖੇਤਰ ਹੈ ਜਿੱਥੇ ਸਭ ਤੋਂ ਫੌਜ ਦੀ ਮੋਜੂਦਗੀ ਹੈ। ਫੌਜੀ ਰਾਜ ਵਰਗੇ ਹਾਲਾਤਾਂ ਰਾਹੀਂ ਭਾਰਤ ਦੀ ਕਸ਼ਮੀਰ ਨੀਤੀ ਇਸ ਖਿੱਤੇ ਨੂੰ ਆਪਣੇ ਨਾਲ ਰੱਖਣ ਵਿਚ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ। 

ਕਸ਼ਮੀਰ ਦੇ ਲੋਕ ਅਜ਼ਾਦੀ ਦੀ ਮੰਗ ਕਰਦੇ ਹਨ ਤੇ ਇਸ ਲਈ ਸੰਯੁਕਤ ਰਾਸ਼ਟਰ ਵਿਚ ਭਾਰਤ-ਪਾਕਿਸਤਾਨ ਦਰਮਿਆਨ ਹੋਏ ਸਮਝੌਤੇ ਤਹਿਤ ਰਾਇ ਸ਼ੁਮਾਰੀ (ਰੈਫਰੈਂਡਮ) ਕਰਾਉਣ ਦੀ ਮੰਗ ਕੀਤੀ ਜਾਂਦੀ ਹੈ। ਪਰ ਇਸ ਮੰਗ ਦੇ ਪੂਰਾ ਨਾ ਹੋਣ ਦੀ ਇਵਜ਼ ਵਿਚ ਅਤੇ ਵੱਡੀ ਗਿਣਤੀ ਵਿਚ ਫੌਜ ਦੀ ਤੈਨਾਤੀ ਕਾਰਨ ਕਸ਼ਮੀਰ ਵਿਚ ਭਾਰਤ ਅਤੇ ਕਸ਼ਮੀਰੀਆਂ ਦਰਮਿਆਨ ਇਕ ਹਥਿਆਰਬੰਦ ਜੰਗ ਚੱਲ ਰਹੀ ਹੈ ਜਿਸਨੂੰ ਸਰਹੱਦ ਪਾਰ ਤੋਂ ਸਰਕਾਰੀ ਅਤੇ ਲੋਕਾਂ ਦੀ ਮਦਦ ਮਿਲਦੀ ਹੈ। 

ਕਸ਼ਮੀਰ ਦੇ ਹਥਿਆਰਬੰਦ ਸੰਘਰਸ਼ ਵਿਚ ਬੀਤੇ ਕੁਝ ਸਾਲਾਂ ਦੌਰਾਨ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿੱਥੇ ਪਹਿਲਾਂ ਸਰਹੱਦ ਪਾਰ ਦੇ ਲੜਾਕਿਆਂ ਦੀ ਕਸ਼ਮੀਰੀ ਹਥਿਆਰਬੰਦ ਸੰਘਰਸ਼ ਵਿਚ ਜ਼ਿਆਦਾ ਸ਼ਮੂਲੀਅਤ ਦੇਖੀ ਜਾਂਦੀ ਸੀ, ਹੁਣ ਕਸ਼ਮੀਰ ਦੇ ਸਥਾਨਕ ਲੜਾਕਿਆਂ ਦੀ ਗਿਣਤੀ ਸਰਹੱਦ ਪਾਰ ਦੇ ਲੜਾਕਿਆਂ ਨਾਲੋਂ ਵੱਧ ਗਈ ਹੈ। 

ਭਾਰਤ ਦੇ ਇੰਡੀਅਨ ਐਕਸਪ੍ਰੈਸ ਅਖਬਾਰ ਵਿਚ ਜੰਮੂ ਕਸ਼ਮੀਰ ਪੁਲਿਸ ਦੀ ਇਕ ਰਿਪੋਰਟ ਦੇ ਹਵਾਲੇ ਨਾਲ ਛਾਪਿਆ ਗਿਆ ਹੈ ਕਿ ਸਾਲ 2018 ਵਿਚ ਭਾਰਤੀ ਫੌਜਾਂ ਨਾਲ ਲੜਦਿਆਂ ਮਰਨ ਵਾਲੇ 240 ਲੜਾਕਿਆਂ ਵਿਚ ਸਥਾਨਕ ਕਸ਼ਮੀਰੀ ਲੜਾਕਿਆਂ ਦੀ ਗਿਣਤੀ 150 ਸੀ। ਸਰਹੱਦ ਪਾਰ ਦੇ ਮਰਨ ਵਾਲੇ ਲੜਾਕਿਆਂ ਦੀ ਗਿਣਤੀ 90 ਸੀ। ਸਾਲ 2017 ਵਿਚ 80 ਸਥਾਨਕ ਲੜਾਕੇ ਮਾਰੇ ਗਏ ਸਨ, ਜਦਕਿ 120 ਵਿਦੇਸ਼ੀ। 2016 ਵਿਚ 30 ਸਥਾਨਕ ਲੜਾਕੇ ਮਾਰੇ ਗਏ ਸਨ ਜਦਕਿ 100 ਵਿਦੇਸ਼ੀ ਲੜਾਕੇ ਮਾਰੇ ਗਏ ਸਨ। 

ਖ਼ਬਰ ਮੁਤਾਬਿਕ ਸਾਲ 2000 ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਕਿ ਸਥਾਨਕ ਲੜਾਕਿਆਂ ਦੀ ਗਿਣਤੀ ਸਰਹੱਦ ਪਾਰ ਦੇ ਲੜਾਕਿਆਂ ਨਾਲੋਂ ਵੱਧ ਗਈ ਹੈ। 

ਇਸ ਤੋਂ ਇਲਾਵਾ ਰਿਪੋਰਟ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ 2016 ਤੋਂ ਬਾਅਦ ਹਰ ਸਾਲ ਭਾਰਤੀ ਫੌਜਾਂ ਨਾਲ ਲੜ੍ਹਦਿਆਂ ਮਰਨ ਵਾਲੇ ਲੜਾਕਿਆਂ ਦੀ ਗਿਣਤੀ ਵਧ ਰਹੀ ਹੈ। 2016 ਵਿਚ ਇਹ ਗਿਣਤੀ 130 ਸੀ ਜੋ 2017 ਵਿਚ ਵਧ ਕੇ 200 ਹੋਈ ਅਤੇ 2018 ਵਿਚ ਵਧ ਕੇ 240 ਹੋ ਗਈ।

ਇੰਡੀਅਨ ਐਕਸਪ੍ਰੈਸ ਨੇ ਜੰਮੂ ਕਸ਼ਮੀਰ ਪੁਲਿਸ ਦੇ ਉੱਚ ਅਫਸਰ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਸ਼ਮੀਰ ਵਿਚ 2013 ਵਿਚ ਸਭ ਤੋਂ ਘੱਟ 70 ਲੜਾਕੇ ਐਕਟਿਵ ਸਨ ਜਦਕਿ ਹੁਣ ਮੋਜੂਦਾ ਸਮੇਂ ਕਸ਼ਮੀਰ ਵਿਚ ਲੜਨ ਵਾਲੇ ਲੜਾਕਿਆਂ ਦੀ ਗਿਣਤੀ 250 ਦੇ ਕਰੀਬ ਦੱਸੀ ਜਾਂਦੀ ਹੈ।

ਇਸ ਰਿਪੋਰਟ ਨੇ ਭਾਰਤ ਸਰਕਾਰ ਦੀ ਕਸ਼ਮੀਰ ਨੀਤੀ 'ਤੇ ਵੱਡਾ ਸਵਾਲ ਖੜਾ ਕੀਤਾ ਹੈ। ਭਾਰਤ ਸਰਕਾਰ ਦੀ ਸਖਤ ਨੀਤੀ ਨਾਲ ਕਸ਼ਮੀਰ ਵਿਚ ਭਾਰਤ ਖਿਲਾਫ ਬਗਾਵਤ ਵੱਧ ਰਹੀ ਹੈ ਤੇ ਖਾਸ ਤੌਰ 'ਤੇ ਨੌਜਵਾਨ ਹਥਿਆਰਬੰਦ ਸੰਘਰਸ਼ ਦਾ ਰਾਹ ਚੁਣ ਰਹੇ ਹਨ।

ਸਾਲ 2019 ਦੇ ਪਹਿਲੇ 46 ਦਿਨਾਂ ਵਿਚ ਮਰਨ ਵਾਲੇ ਲੜਾਕਿਆਂ ਦੀ ਗਿਣਤੀ 31 ਤਕ ਪਹੁੰਚ ਚੁੱਕੀ ਹੈ।