ਵਿਸ਼ਵੀਕਰਨ ਵੀ ਏ ਬਲਾਤਕਾਰਾਂ ਦਾ ਜ਼ਿੰਮੇਵਾਰ

ਵਿਸ਼ਵੀਕਰਨ ਵੀ ਏ ਬਲਾਤਕਾਰਾਂ ਦਾ ਜ਼ਿੰਮੇਵਾਰ

ਪ੍ਰੋ. ਬਲਵਿੰਦਰਪਾਲ ਸਿੰਘ
ਵਿਸ਼ਵੀਕਰਨ ਦੇ ਪਸਾਰ ਦੇ ਨਾਲ ਮਰਦ ਪ੍ਰਧਾਨ ਸਮਾਜ ਦੀਆਂ ਪੁਰਾਣੀ ਧਾਰਨਾਵਾਂ ਟੁੱਟਣੀਆਂ ਚਾਹੀਦੀਆਂ ਸਨ, ਪਰ ਦੁੱਖ ਦੀ ਗੱਲ ਇਹ ਹੈ ਕਿ ਦੱਖਣੀ ਏਸ਼ੀਆ ਖਾਸ ਕਰਕੇ ਭਾਰਤ ‘ਚ ਵਿਸ਼ਵੀਕਰਨ ਗਲੀਆਂ ਸੜੀਆਂ ਮਰਿਆਦਾਵਾਂ ਦੀ ਜਕੜ ਨੂੰ ਤੋੜਨ ‘ਚ ਅਸਫਲ ਰਿਹਾ। ਵਿਸ਼ਵੀਕਰਨ ਦੇ ਦੋਰ ਦੌਰਾਨ ਭਾਰਤ ‘ਚ ਮਰਦ ਪ੍ਰਧਾਨ ਸਮਾਜ ਦਾ ਬੋਲਬਾਲਾ ਹੈ। ਇੱਥੇ ਮਰਦ ਪ੍ਰਧਾਨ ਸਮਾਜ ਦੀਆਂ ਸਨਾਤਨੀ ਪਾਬੰਦੀਆਂ ਦੇ ਜਾਲ ਤੋਂ ਬਾਹਰ ਆਉਣ ਲਈ ਤੇ ਆਪਣੀ ਇੱਜ਼ਤ ਬਚਾਉਣ ਲਈ ਭਾਰਤੀ ਨਾਰੀ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਭਾਰਤ ਵਿੱਚ ਹੋ ਰਹੇ ਭਿਅੰਕਰ ਬਲਾਤਕਾਰਾਂ ਤੋਂ ਇੰਝ ਜਾਪਦਾ ਹੈ ਕਿ  ਜਿਵੇਂ ਭਾਰਤ ਵਹਿਸ਼ੀ ਮਰਦਾਂ ਦਾ ਦੇਸ ਹੈ। ਇੰਗਲੈਂਡ, ਅਮਰੀਕਾ, ਕੈਨੇਡਾ ਤੇ ਚੀਨ ਪਹਿਲਾਂ ਹੀ ਆਪਣੀਆਂ ਔਰਤ ਨਾਗਰਿਕਾਂ ਨੂੰ ਚੇਤਾਵਨੀ ਦੇ ਚੁੱਕੇ ਹਨ ਕਿ ਉਹ ਭਾਰਤ ਜਾਣ ਤੋਂ ਗੁਰੇਜ਼ ਕਰਨ। ਭਾਰਤ ਵਿੱਚ ਵਿਸ਼ਵੀਕਰਨ ਨੇ ਇਸਤਰੀ ਨੂੰ ਅਜ਼ਾਦੀ ਦੇਣ ‘ਚ ਭੂਮਿਕਾ ਨਿਭਾਉਣ ਦੀ ਥਾਂ ਉਸ ਨੂੰ ਹੋਰ ਜ਼ਿਆਦਾ ਨਵੇਂ ਬੰਧਨਾਂ ‘ਚ ਫਸਾ ਦਿੱਤਾ ਹੈ। ਵਿਸ਼ਵੀਕਰਨ ਦੇ ਯੁੱਗ ‘ਚ ਭਾਰਤੀ ਇਸਤਰੀ ਹਰੇਕ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੀ ਹੈ। ਪਰੰਪਰਿਕ ਸਮੇਂ ‘ਚ ਪਰਦੇ ‘ਚ ਜਕੜੀ ਇਸਤਰੀ ਮਰਦ ਪ੍ਰਧਾਨ ਸਮਾਜ ਦੇ ਅਧੀਨ ਸੀ, ਪਰ ਵਿਸ਼ਵੀਕਰਨ ਨੇ ਉਸ ਨੂੰ ਪਦਾਰਥ ਦਾ ਰੂਪ ਦੇ ਕੇ ਆਪਣੀ ਜਕੜ ‘ਚ ਲੈ ਕੇ ਉਸ ਦਾ ਸ਼ੋਸ਼ਣ ਕੀਤਾ। ਵਿਸ਼ਵੀਕਰਨ ਦੇ ਯੁੱਗ ਵਿੱਚ ਆਜ਼ਾਦੀ ਦੇ ਨਾਂ ‘ਤੇ ਸਿਰਫ਼ ਦਿਖਾਵਾ ਹੋ ਰਿਹਾ ਹੈ। ਔਰਤ ਨੂੰ ਨੰਗੇਜ਼ ਵਲ ਧਕੇਲਿਆ ਜਾ ਰਿਹਾ ਹੈ ਤੇ ਉਸ ਨੂੰ ਅਸ਼ਲੀਲ ਪ੍ਰੋਡਕਟ ਦੇ ਨਾਮ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਕਹਿਣ ਤੋਂ ਭਾਵ ਵਿਸ਼ਵੀਕਰਨ ਦੇ ਬਾਜ਼ਾਰ ਨੇ ਔਰਤ ਨੂੰ ਅਜ਼ਾਦੀ ਨਹੀਂ, ਨਵੀਂ ਗੁਲਾਮੀ ‘ਚ ਫਸਾ ਦਿੱਤਾ ਹੈ। ਇਸ ਯੁੱਗ ‘ਚ ਉਸ ਦੀ ਅਜ਼ਾਦੀ ਸੁੰਦਰਤਾ ਤੇ ਅੱਧਨੰਗੇ ਕੱਪੜਿਆਂ ਤੱਕ ਸੀਮਤ ਹੈ। ਇਹ ਵਿਸ਼ਵੀਕਰਨ ਦੀ ਅਖੌਤੀ ਅਜ਼ਾਦੀ ਮਰਦ ਪ੍ਰਧਾਨ ਸੱਤਾ ਦੇ ਅਧੀਨ ਬਾਜ਼ਾਰ ਲਈ ਮੁਨਾਫ਼ੇ ਦਾ ਰਾਹ ਖੋਲ੍ਹਦੀ ਹੈ। ਇਹ ਸਭ ਕੁਝ ਤੁਸੀਂ ਟੀਵੀ ਚੈਨਲਾਂ ਦੀਆਂ ਮਸ਼ਹੂਰੀਆਂ ‘ਚ ਦੇਖ ਸਕਦੇ ਹੋ ਕਿ ਹਰੇਕ ਪ੍ਰੋਡਕਟ ‘ਚ ਉਸ ਨੂੰ ਸੈਕਸ ਸਿੰਬਲ ਬਣਾ ਕੇ ਕਿਵੇਂ ਵਰਤੋਂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਬਾਜ਼ਾਰ ਵਲੋਂ ਤਿਆਰ ਕੀਤੇ ਸੁੰਦਰਤਾ ਦੇ ਨਵੇਂ ਪੈਮਾਨਿਆਂ ‘ਚ ਇਸਤਰੀ ਦਾ ਬਨਾਵਟੀ ਰੂਪ ਵਿਖਾਇਆ ਜਾ ਰਿਹਾ ਹੈ।
ਭਾਰਤ ਦੇ ਪਿੰਡਾਂ ‘ਚ ਸਕੂਲ, ਸਿਹਤ ਕੇਂਦਰ ਨਜ਼ਰ ਆਉਣ ਜਾਂ ਨਾ, ਪਰ ਬਿਊਟੀ ਪਾਰਲਰ ਕਿੰਨੇ ਹੀ ਖੁੱਲ੍ਹੇ ਮਿਲ ਜਾਣਗੇ। ਸੁੰਦਰਤਾ ਉਦਯੋਗ ਦਾ ਖ਼ਿਆਲ ਹੈ ਕਿ ਜੇਕਰ ਔਰਤਾਂ ‘ਚ ਆਪਣੇ ਸਰੀਰ, ਚਮੜੀ ਤੇ ਸੁੰਦਰਤਾ ਪ੍ਰਤੀ ਲਾਲਸਾ ਪੈਦਾ ਕੀਤੀ ਜਾਵੇ, ਤਾਂ ਉਸ ਨੂੰ ਵੱਡੀ ਪੱਧਰ ‘ਤੇ ਲਾਭ ਮਿਲਣਗੇ। ਪਰੰਪਰਾਗਤ ਸਮਾਜਾਂ ‘ਚ ਸੁੰਦਰਤਾ ਦੇ ਪੈਮਾਨੇ ਪੁਰਸ਼ ਵਲੋਂ ਤੈਅ ਕੀਤੇ ਜਾ ਰਹੇ ਸਨ, ਪਰ ਵਰਤਮਾਨ ਸਮੇਂ ਦੌਰਾਨ ਇਨ੍ਹਾਂ ਪੈਮਾਨਿਆਂ ਨੂੰ ਬਾਜ਼ਾਰ ਤੈਅ ਕਰ ਰਿਹਾ ਹੈ, ਪਰ ਇਹ ਦੋਵੇਂ ਮਰਦ ਪ੍ਰਧਾਨ ਪ੍ਰਬੰਧ ਦੇ ਆਲੇ-ਦੁਆਲੇ ਹੀ ਆਪਣੀਆਂ ਧਾਰਨਾਵਾਂ ਬਣਾ ਰਹੇ ਹਨ, ਪਰ ਇਸਤਰੀ ਅਜ਼ਾਦੀ ਦਾ ਸੁਪਨਾ ਨਾ ਸਨਾਤਨੀ ਮਰਦ ਪ੍ਰਧਾਨ ਵਿਵਸਥਾ ਪੂਰਾ ਕਰ ਸਕੀ ਹੈ ਤੇ ਨਾ ਹੀ ਵਿਸ਼ਵੀਕਰਨ ਦਾ ਅਜੋਕਾ ਬਾਜ਼ਾਰ। ਇਹ ਤਾਂ ਗੁਰੂਆਂ ਦੀ ਵਿਚਾਰਧਾਰਾ ਤੋਂ ਹੀ ਇਸਤਰੀ ਦੀ ਅਜ਼ਾਦੀ ਦਾ ਰੂਪ ਤੇ ਸਰੂਪ ਤੇ ਸਿਧਾਂਤ ਪ੍ਰਗਟ ਹੋ ਸਕਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਇਸਤਰੀ ਦੀ ਅਜ਼ਾਦੀ ਸੰਬੰਧੀ ਅਵਾਜ਼ ਬੁਲੰਦ ਕੀਤੀ ਗਈ ਹੈ ਤੇ ਸੇਧਾਂ ਵੀ ਦਿੱਤੀਆਂ ਗਈਆਂ ਹਨ। ਗੁਰੂ ਆਸ਼ੇ ਅਨੁਸਾਰ ਅਕਾਲ ਪੁਰਖ ਪਰਮਾਤਮਾ ਤੋਂ ਬਿਨਾਂ ਸਭ ਨੂੰ ਜਨਮ ਦੇਣ ਵਾਲੀ ‘ਜਨਮ ਦਾਤੀ ਇਸਤਰੀ’ ਦੀ ਨਿੰਦਿਆ ਕਰਨੀ ਯੋਗ ਨਹੀਂ। ਹਰ ਹੀਲੇ ਇਸਤਰੀ ਨੂੰ ਉਸ ਦਾ ਸਹੀ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਮਾਜ ਦੇ ਹਰ ਖਿੱਤੇ ਵਿੱਚ ਇਸਤਰੀ ਨੂੰ ਮਰਦ ਦੀ ਭਾਈਵਾਲ ਬਣਾਂਦਿਆਂ ਉਸ ਨੂੰ ਬਰਾਬਰੀ ਦੇ ਅਧਿਕਾਰ ਤੇ ਯੋਗ ਸਥਾਨ ਦਿੱਤਾ ਜਾਣਾ ਚਾਹੀਦਾ ਹੈ। ਭਰੂਣ ਹੱਤਿਆ ਤੇ ਦਾਜ ਵਰਗੀਆਂ ਕੁਰੀਤੀਆਂ ਨੂੰ ਖਤਮ ਕਰਨ ਦੇ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਪਰ ਭਾਰਤੀ ਸਮਾਜ ਇਸ ਨੂੰ ਲਾਗੂ ਨਹੀਂ ਕਰ ਰਿਹਾ। ਇਹੀ ਕਾਰਨ ਹੈ ਕਿ ਭਾਰਤੀ ਸਮਾਜ ਵਿੱਚ ਇਸਤਰੀ ਆਪਣੀ ਅਜ਼ਾਦੀ ਤੇ ਇੱਜ਼ਤ ਲਈ ਜੂਝ ਰਹੀ ਹੈ। ਸਮਾਜ ਤੇ ਬਾਜ਼ਾਰ ਦੋਵਾਂ ਤੋਂ ਮੁਕਤੀ ਲਈ ਉਸ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਉਹ ਹਰੇਕ ਤਰ੍ਹਾਂ ਦੇ ਬੰਧਨਾਂ ‘ਚ ਘਿਰੀ ਹੋਈ ਹੈ। ਕਿਤੇ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਮੰਤਰੀ, ਪ੍ਰਸ਼ਾਸ਼ਨ, ਪੁਲੀਸ ਅਫ਼ਸਰਸ਼ਾਹੀ ਉਸ ਨੂੰ ਇਨਸਾਫ਼ ਦੇਣ ਦੀ ਥਾਂ ਉਸ ਦਾ ਮਾਖੌਲ ਉਡਾ ਰਹੀ ਹੈ। ਭਾਰਤ ਦੇ ਸਿਆਸਤਦਾਨਾਂ ਤੇ ਧਾਰਮਿਕ ਨੇਤਾਵਾਂ ਦੇ ਇਸਤਰੀ  ਦੀ ਇੱਜ਼ਤ ਬਚਾਉਣ ਲਈ ਘੜੇ ਬਿਆਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਲੋਕ ਇਸਤਰੀ ਦੀ ਅਜ਼ਾਦੀ, ਇਸਤਰੀ ਦੀ ਇੱਜ਼ਤ ਲਈ ਸੁਹਿਰਦ ਨਹੀਂ। ਇਹ ਉਲਟਾ ਇਸਤਰੀ ਨੂੰ ਹੀ ਦੋਸ਼ੀ ਮੰਨ ਰਹੇ ਹਨ ਤੇ ਮਰਦ ਪ੍ਰਧਾਨ ਸਮਾਜ ਵਿੱਚ ਕਿਸੇ ਵੀ ਤਰ੍ਹਾਂ ਦਾ ਨੁਕਸ ਨਹੀਂ ਕੱਢ ਰਹੇ।
ਵਿਸ਼ਵੀਕਰਨ ਦੇ ਯੁੱਗ ਵਿੱਚ ਭਾਰਤੀ ਇਸਤਰੀ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਭਾਰਤ ਵਿੱਚ ਜੰਗਲ ਦਾ ਰਾਜ ਹੈ ਤੇ ਇਥੋਂ ਦੇ ਮਰਦ ਹੈਵਾਨ ਹੋਈ ਬੈਠੇ ਨੇ। ਜੇਕਰ ਤੂੰ ਉਸ ਤੋਂ ਬਚਣਾ ਹੈ ਤਾਂ ਜੂਡੋ ਕਰਾਟੇ ਸਿੱਖ ਤੇ ਮਲਟੀਨੈਸ਼ਨਲ ਕੰਪਨੀ ਵੱਲੋਂ ਤਿਆਰ ਕੀਤੇ ਲਾਲ ਮਿਰਚ ਪਾਊਡਰ ਪੈਕਟ, ਕਰੰਟ ਵਾਲੀਆਂ ਪਿਸਤੋਲਾਂ ਆਪਣੇ ਕੋਲ ਰੱਖ। ਕਿਸ ਤਰ੍ਹਾਂ ਸੁਰੱਖਿਆ ਦੇ ਨਾਮ ‘ਤੇ ਇਸਤਰੀ ਜਗਤ ਦੇ ਮਨ ਵਿੱਚ ਦਹਿਸ਼ਤ ਮਚਾਈ ਜਾ ਰਹੀ ਹੈ। ਅਸਲ ਵਿੱਚ ਮਲਟੀਨੈਸ਼ਨਲ ਕੰਪਨੀਆਂ ਇਸ ਮੁੱਦੇ ਨੂੰ ਆਧਾਰ ਬਣਾ ਕੇ ਆਪਣਾ ਪੋਡੈਕਟ, ਕਰੰਟ ਵਾਲੀਆਂ ਪਿਸਤੌਲਾਂ, ਅਨੇਕਾਂ ਕਿਸਮ ਦੇ ਚਾਕੂ ਤੇ ਹੋਰ ਪਦਾਰਥ ਵੇਚ ਰਹੀਆਂ ਹਨ। ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਇਸ ਧਾਰਨਾ ਨਾਲ ਇਸਤਰੀ ਦੀ ਅਜ਼ਾਦੀ ਤੇ ਇੱਜ਼ਤ ਬਰਕਰਾਰ ਰਹਿ ਸਕਦੀ ਹੈ। ਜੇਕਰ ਉਹ ਇਹੋ ਜਿਹੇ ਵਹਿਸ਼ੀ ਸਮਾਜ ‘ਚ ਵਿਚਰ ਰਹੀ ਹੋਵੇ। ਭਾਰਤ ਦੇ ਸਿਆਸਤਦਾਨਾਂ ਨੂੰ ਸੁਆਲ ਕਰਨਾ ਬਣਦਾ ਹੈ ਕਿ ਕਾਨੂੰਨ ਕਿੱਥੇ ਹਨ ਤੇ ਭਾਰਤ ਵਿੱਚ ਇਸਤਰੀ ਦੀ ਅਜ਼ਾਦੀ ਕਿਉਂ ਗਾਇਬ ਹੈ? ਸਾਡਾ ਭਾਰਤੀ ਸਮਾਜ ਜਿੱਥੇ ਰਿਸ਼ੀਆਂ ਮੁਨੀਆਂ, ਗੁਰੂਆਂ ਨੇ ਜਨਮ ਲਿਆ, ਉਹ ਵਹਿਸ਼ੀਆਂ ਦਾ ਸਮਾਜ ਕਿਵੇਂ ਬਣ ਸਕਦਾ ਹੈ?
ਕਈ ਚਿੰਤਕ ਇਹ ਮਸ਼ਵਰਾ ਦੇ ਰਹੇ ਹਨ ਕਿ ਜੇਕਰ ਇਸਤਰੀ ਨੂੰ ਬਲਾਤਕਾਰਾਂ ਤੋਂ ਬਚਾਉਣਾ ਹੈ ਤਾਂ ਕਾਨੂੰਨ ਸਖ਼ਤ ਕਰਨੇ ਪੈਣਗੇ। ਇਸ ਨਾਲ ਕੀ ਹੋਵੇਗਾ? ਜੇਕਰ ਭਾਰਤ ਦਾ ਢਾਂਚਾ ਭ੍ਰਿਸ਼ਟ ਹੈ, ਕਾਨੂੰਨ ਲਾਗੂ ਨਹੀਂ ਹੋ ਰਹੇ, ਦੋਸ਼ੀਆਂ ਨੂੰ ਸਮੇਂ ਸਿਰ ਸਜ਼ਾ ਨਹੀਂ ਮਿਲ ਰਹੀ। ਅਦਾਲਤਾਂ ਵਿੱਚ ਕੇਸ ਲਟਕ ਰਹੇ ਹਨ ਤੇ ਦੋਸ਼ੀ ਅਜ਼ਾਦ ਘੁੰਮ ਰਹੇ ਹਨ। ਇਸ ਦਾ ਜ਼ਿੰਮੇਵਾਰ ਕੌਣ ਹੈ? ਜੇਕਰ ਦੋਸ਼ੀਆਂ ਨੂੰ ਸਮੇਂ ਸਿਰ ਸਖ਼ਤ ਸਜ਼ਾ ਮਿਲੇ ਤਾਂ ਇਹੋ ਜਿਹੇ ਅਪਰਾਧ ਨਾ ਵਾਪਰਨ। ਅਪਰਾਧਾਂ ‘ਚ ਸੁਧਾਰ ਤਾਂ ਉਦੋਂ ਹੀ ਹੋ ਸਕਦਾ ਹੈ, ਜਦੋਂ ਲੋਕਾਂ ‘ਚੋਂ ਅਪਰਾਧ ਦਾ ਪੂਰੀ ਤਰ੍ਹਾਂ ਅੰਤ ਹੋਵੇ ਅਤੇ ਇਹ ਕੰਮ ਸਾਮਾਜਿਕ ਤਬਦੀਲੀ ਨਾਲ ਹੀ ਸੰਭਵ ਹੈ। ਕਾਨੂੰਨ ਦੇ ਅਮਲ ਦੇ ਨਾਲ-ਨਾਲ ਸਾਮਾਜਿਕ ਜਾਗ੍ਰਿਤੀ ਦੀ ਵੀ ਲੋੜ ਹੈ। ਅਸੀਂ ਇਸ ਗੱਲ ਦੇ ਪੂਰੇ ਹਾਮੀ ਹਾਂ ਕਿ ਵਿਸ਼ਵੀਕਰਨ ਨੇ ਇਸਤਰੀ ਨੂੰ ਕੋਈ ਅਜ਼ਾਦੀ ਨਹੀਂ ਦੇਣੀ, ਕਿਉਂਕਿ ਵਿਸ਼ਵੀਕਰਨ ਦਾ ਸੱਭਿਆਚਾਰ ਮੁਨਾਫਾਖੋਰੀ ਹੈ। ਮੁਨਾਫਾਖੋਰੀ ਦੇ ਤਹਿਤ ਮਨੁੱਖੀ ਅਧਿਕਾਰ ਸੁਰੱਖਿਅਤ ਨਹੀਂ ਰਹਿ ਸਕਦੇ। ਜਿੱਥੇ ਮੁਨਾਫਾਖੋਰੀ ਹੋਵੇ, ਉੱਥੇ ਮਨੁੱਖਤਾ, ਮਨੁੱਖੀ ਹੱਕ, ਮਨੁੱਖੀ ਅਜ਼ਾਦੀ ਬਰਕਰਾਰ ਨਹੀਂ ਰਹਿ ਸਕਦੀ। ਲੋੜ ਹੈ ਇਸ ਸੰਬੰਧ ਵਿੱਚ ਸਿਆਸਤਦਾਨ  ਅਹਿਮ ਭੂਮਿਕਾ ਨਿਭਾਉਣ ਤੇ ਇਸਤਰੀ ਜਗਤ ਨੂੰ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗ੍ਰਿਤ ਹੋਣ ਦੀ ਲੋੜ ਹੈ।