‘ਆਪ’ ਦੀ ਰਾਜਨੀਤੀ ਦਾ ਦਲਿਤ ਪੱਖ ਹਾਸ਼ੀਏ ‘ਤੇ
ਕਰਮਜੀਤ ਸਿੰਘ, ਸੀਨੀਅਰ ਪੱਤਰਕਾਰ
ਸੰਪਰਕ: 99150-91063
ਗੁਰਦਾਸਪੁਰ ਹਲਕੇ ਦੀ ਸੰਸਦੀ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਨਿਰਾਸ਼ਾਜਨਕ ਹਾਰ ਨੂੰ ਜੇ ਪਾਰਟੀ ਦੇ ਭਵਿੱਖ ਉੱਤੇ ਪੈਣ ਵਾਲੇ ਮਾੜੇ ਅਸਰਾਂ ਵਿੱਚ ਨਾ ਸ਼ਾਮਲ ਕੀਤਾ ਜਾਏ ਤਾਂ ਵੀ ਇਸ ਗੱਲ ਦੇ ਠੋਸ ਆਧਾਰ ਮੌਜੂਦ ਹਨ ਕਿ ਪਾਰਟੀ ਦਾ ਸੁਨਹਿਰੀ ਯੁੱਗ ਖਤਮ ਹੋ ਚੁੱਕਾ ਹੈ। ਹੁਣ ਉਹ ਰਾਜਨੀਤਕ ਰੌਣਕਾਂ ਪਰਤ ਕੇ ਨਹੀਂ ਆਉਣ ਲੱਗੀਆਂ ਜਦੋਂ ‘ਕੇਜਰੀਵਾਲ-ਆਪ-ਝਾੜੂ’ ਤਿੰਨਾਂ ਨੇ ਰਲ ਕੇ ਪੰਜਾਬ ਦੇ ਹਰ ਘਰ ਵਿੱਚ ਆਪਣੀ ਥਾਂ ਬਣਾ ਲਈ ਸੀ; ਜਦੋਂ ਵਿਸ਼ੇਸ਼ ਕਰਕੇ ਨੌਜਵਾਨ ਪੀੜ੍ਹੀ ਤੇ ਪੁਰਾਤਨ ਪੀੜ੍ਹੀ ਵਿੱਚ ਇਕ ਡੂੰਘੀ ਲਕੀਰ ਖਿੱਚੀ ਗਈ ਸੀ। ਇਕ ਪਲ ਲਈ ਰੁਕੋ ਤੇ ਯਾਦ ਕਰੋ ਕਿ ਭਗਵੰਤ ਮਾਨ ਅਤੇ ਗੁਰਪ੍ਰੀਤ ਘੁੱਗੀ (ਜਾਂ ਵੜੈਚ) ਜਦੋਂ ਜਲਸਿਆਂ ਵਿੱਚ ਭਾਸ਼ਨ ਦਿੰਦੇ ਸਨ ਤਾਂ ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਦਾ ਆਤਮ-ਵਿਸ਼ਵਾਸ ਤੇ ਤੇਜ ਪ੍ਰਤਾਪ ਹੰਕਾਰ ਦੀਆਂ ਸਭ ਹੱਦਾਂ ਪਾਰ ਕਰ ਚੁੱਕਾ ਹੋਵੇ। ਇਸ ਖੂਬਸੂਰਤ ਭਰਮ ਨੂੰ ਉਨ੍ਹਾਂ ਨੇ ਜਵਾਨ ਕਰ ਲਿਆ ਸੀ ਕਿ ਉਹ ਜਿੱਤ ਦੇ ਘੋੜੇ ‘ਤੇ ਸਵਾਰ ਹਨ। ਪਰ ਇਤਿਹਾਸ ਦੀ ਬੇਰਹਿਮ ਤੋਰ ਤੇ ਉਸ ਦੇ ਚੱਲਣ ਦਾ ਅੰਦਾਜ਼ ਵੱਖਰਾ ਵੀ ਹੁੰਦਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਐਸਾ ਮੂਧੜੇ ਮੂੰਹ ਸੁੱਟਿਆ ਕਿ ਹਾਰ ਤੋਂ ਪਿੱਛੋਂ, ਜੇ ਇਕ ਕਈ ਦਿਨ ਅੰਦਰੋਂ ਹੀ ਬਾਹਰ ਨਾ ਨਿਕਲਿਆ ਤਾਂ ਦੂਜੇ ਨੇ ਛੇਤੀ ਹੀ ਪਾਰਟੀ ਨੂੰ ਤਲਾਕ ਦੇ ਦਿੱਤਾ।
ਪਾਰਟੀ ਦੀ ਲੀਡਰਸ਼ਿਪ ਹੁਣ ਆਪਣੇ ਕਾਡਰ ਅਤੇ ਪੰਜਾਬ ਦੇ ਲੋਕਾਂ ਨੂੰ ਕਿੰਨੀਆਂ ਵੀ ਤਸੱਲੀਆਂ ਕਿਉਂ ਨਾ ਦੇਵੇ, ਉਹ ਜਿੱਤ ਦੀ ਖੇਡ ਵਿੱਚ ਹਾਸ਼ੀਏ ‘ਤੇ ਚਲੇ ਗਏ ਹਨ ਜਾਂ ਪੰਜਾਬੀ ਬੋਲਚਾਲ ਮੁਤਾਬਕ ਉਹ ਨੁੱਕਰੇ ਲਾ ਦਿੱਤੇ ਗਏ ਹਨ। ਇਸ ਦੇ ਅਸਲ ਕਾਰਨ ਲੱਭਣ ਲਈ ਸਾਨੂੰ ਸਾਹਮਣੇ ਦਿਸਣ ਵਾਲੇ ਰੋਜ਼ਮਰਾ ਦੇ ਰੌਲੇ-ਰੱਪੇ ਤੋਂ ਹੇਠਲੀਆਂ ਤਹਿਆਂ ਵਿੱਚ ਉਤਰਨਾ ਪੈਣਾ ਹੈ ਅਤੇ ਇਸ ਸਵਾਲ ਦਾ ਜਵਾਬ ਵੀ ਲੱਭਣਾ ਪੈਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਹੀ ਅਰਵਿੰਦ ਕੇਜਰੀਵਾਲ ਨੂੰ ਝਟਪਟ ਹੱਥਾਂ ਉੱਤੇ ਕਿਉਂ ਚੁੱਕ ਲਿਆ ਅਤੇ ਆਪਣੇ ਦਿਲਾਂ ਵਿੱਚ ਵਸਾ ਲਿਆ ਸੀ? ਇਹ ਸਵਾਲ ਵੀ ਕੇਜਰੀਵਾਲ ਦੇ ਵਿਹੜੇ ਵਿੱਚ ਸੁੱਟਣਾ ਪੈਣਾ ਹੈ ਕਿ ਉਸ ਨੇ ਪੰਜਾਬ ਦੇ ਮਨੋਵਿਗਿਆਨ, ਉਸ ਦੇ ਗੁੰਝਲਦਾਰ ਇਤਿਹਾਸ ਅਤੇ ਉਸ ਦੇ ਦਾਸਤਾਨ-ਏ-ਦਰਦ ਨੂੰ ਉਸ ਜਜ਼ਬੇ ਤੇ ਤਰਕ ਨਾਲ ਕਿਉਂ ਨਾ ਸਮਝਿਆ ਜਿਵੇਂ ਉਹ ਚਾਹੁੰਦੇ ਸਨ?
ਕੇਜਰੀਵਾਲ ਵਰਤਾਰਾ ਭਾਰਤ ਦੇ ਬਹੁ-ਪਰਤੀ ਰਾਜਨੀਤਕ ਤਾਣੇ-ਬਾਣੇ ਵਿੱਚ ਇਕ ਇਨਕਲਾਬੀ ਤਬਦੀਲੀ ਦੀ ਉਮੀਦ ਲੈ ਕੇ ਆਇਆ ਸੀ। ਅਰਵਿੰਦ ਕੇਜਰੀਵਾਲ ਦਾ ਰਾਜਸੀ ਪੁਨਰਜਨਮ ਭਾਵੇਂ ਲੋਕਪਾਲ ਦੇ ਮੁੱਦੇ ਉੱਤੇ ਅੰਨਾ ਹਜ਼ਾਰੇ ਦੀ ਲਹਿਰ ਵਿੱਚੋਂ ਹੀ ਹੋਇਆ, ਪਰ ਇਹ ਉਹੀ ਸੀ, ਜਿਸ ਨੇ ਇਸ ਅੰਦੋਲਨ ਵਿੱਚ ਆਪਣੀ ਵਿਲੱਖਣ, ਨਿਆਰੀ, ਵੱਖਰੀ ਅਤੇ ਇਥੋਂ ਤੱਕ ਕਿ ਪਿਆਰੀ ਤੇ ਸਤਿਕਾਰ ਵਾਲੀ ਪਛਾਣ ਬਣਾ ਲਈ ਸੀ। ਹੋਰਨਾਂ ਵਿੱਚੋਂ ਬਹੁਤੇ ਗੂੜ੍ਹੇ ਤੇ ਗੁੱਝੇ ਲਾਲਚਾਂ ਦੇ ਪੈਰੋਕਾਰ ਵੀ ਸਨ ਅਤੇ ਉਨ੍ਹਾਂ ਨੇ ਆਪਣੇ ਸਵਾਰਥ ਦੇ ਸਬੂਤ ਵੀ ਦਿੱਤੇ ਜਦੋਂ ਉਨ੍ਹਾਂ ਨੇ ਛੇਤੀ ਹੀ ਹੋਰ ਰਾਜਸੀ ਪਾਰਟੀਆਂ ਵਿੱਚ ਸ਼ਰਨ ਲੈ ਲਈ। ਇਹ ਉਹ ਸਮਾਂ ਸੀ ਜਦੋਂ ਵੱਖ-ਵੱਖ ਟੀ.ਵੀ. ਚੈਨਲਾਂ ਉੱਤੇ ਹੋਣ ਵਾਲੀਆਂ ਬਹਿਸਾਂ ਵਿੱਚ ਕੇਜਰੀਵਾਲ ਦੀਆਂ ਵਜ਼ਨਦਾਰ ਦਲੀਲਾਂ, ਰਾਜਨੀਤਕ ਗਿਆਨ ਦਾ ਖਜ਼ਾਨਾ ਅਤੇ ਵੱਖ-ਵੱਖ ਮਸਲਿਆਂ ਉੱਤੇ ਉਨ੍ਹਾਂ ਦੀ ਪਰਪੱਕ ਸਮਝ ਨੇ ਆਮ ਲੋਕਾਂ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਪਰ ਬੌਧਿਕ ਹਲਕਿਆਂ ਵਿੱਚ ਵੀ ਉਨ੍ਹਾਂ ਨੇ ਥਾਂ ਬਣਾ ਲਈ। ‘ਟਾਈਮ’ ਮੈਗਜ਼ੀਨ ਨੇ ਉਸ ਨੂੰ ਵਿਸ਼ੇਸ਼ ਜਗ੍ਹਾ ਦਿੱਤੀ ਜਦਕਿ ਯੂਰਪ ਦੇ ਪ੍ਰਸਿੱਧ ਅਖ਼ਬਾਰਾਂ ਨੇ ਉਸ ਨੂੰ ‘ਨਵੇਂ ਯੁੱਗ ਦਾ ਮਹਿਮਾਨ’ ਸਮਝਿਆ। ਇਹ ਮਹਿਸੂਸ ਕੀਤਾ ਜਾਣ ਲੱਗਾ ਕਿ ਦਲਿਤਾਂ, ਘੱਟ ਗਿਣਤੀਆਂ ਅਤੇ ਕਮਜ਼ੋਰ ਵਰਗਾਂ ਦੀਆਂ ਸਮੱਸਿਆਵਾਂ ਅਤੇ ਭਾਵਨਾਵਾਂ ਨੂੰ ਆਮ ਆਦਮੀ ਪਾਰਟੀ ਕੇਂਦਰ ਵਿੱਚ ਰੱਖ ਕੇ ਹੀ ਅੱਗੇ ਵਧੇਗੀ। ਪਰ ਇਹ ਸਭ ਕੁਝ ਵਾਵਰੋਲੇ ਨਾਲ ਹੀ ਉੱਡ ਗਿਆ। ਅਸੀਂ ਇਥੇ ਆਪਣੇ ਆਪ ਨੂੰ ਅਜੇ ਦਲਿਤਾਂ ਅਤੇ ਕਮਜ਼ੋਰ ਵਰਗਾਂ ਤੱਕ ਹੀ ਸੀਮਤ ਰੱਖਾਂਗੇ ਜੋ ਆਮ ਆਦਮੀ ਪਾਰਟੀ ਵਿੱਚ ਹਾਸ਼ੀਏ ਵੱਲ ਧੱਕ ਦਿੱਤੇ ਗਏ ਹਨ।
ਇਹ ਠੀਕ ਹੈ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਉਨ੍ਹਾਂ ਦੀ ਡਿਗ ਰਹੀ ਆਰਥਿਕ ਹਾਲਤ ਪੰਜਾਬ ਦੀ ਅਹਿਮ ਸਮੱਸਿਆ ਹੈ ਪਰ ਉਨ੍ਹਾਂ ਨਾਲ ਜੁੜੇ ਹੋਏ ਖੇਤ ਮਜ਼ਦੂਰਾਂ, ਸੀਰੀਆਂ ਅਤੇ ਉਨ੍ਹਾਂ ਦੇ ਰੁਲਦੇ ਪਰਿਵਾਰਾਂ ਦੀ ਹਾਲਤ ਬਦ ਤੋਂ ਬਦਤਰ ਹੈ। ਕੀ ਇਹ ਸਮੱਸਿਆ ਇਕ ਹਿਸਾਬ ਨਾਲ ਕਿਸਾਨਾਂ ਦੀ ਸਮੱਸਿਆ ਨਾਲੋਂ ਘੱਟ ਹੈ? ਉਨ੍ਹਾਂ ਦੀ ਸਥਿਤੀ ਬਾਰੇ ਇਕ ਵਾਈਟ ਪੇਪਰ ਜਾਰੀ ਹੋਣਾ ਚਾਹੀਦਾ ਹੈ, ਜਦਕਿ ਵਿਧਾਨ ਸਭਾ ਦੇ ਪਿਛਲੇ ਸੈਸ਼ਨ ਦੌਰਾਨ ‘ਆਪ’ ਨੇ ਇਸ ਅਤਿਅੰਤ ਮਹੱਤਵਪੂਰਨ ਮਸਲੇ ਨੂੰ ਏਜੰਡੇ ਵਿਚ ਥਾਂ ਤਾਂ ਕੀ ਦੇਣੀ ਸੀ, ਕਿਸੇ ਨੇ ਰਸਮੀ ਤੌਰ ‘ਤੇ ਛੂਹਿਆ ਤੱਕ ਵੀ ਨਹੀਂ। ਅਰਵਿੰਦ ਕੇਜਰੀਵਾਲ ਦੀ ‘ਆਪ’ ਵਿਚ ਕਥਿਤ ਉੱਚੀਆਂ ਜਾਤੀਆਂ ਥੋਕ ਦੇ ਭਾਅ ਸ਼ਾਮਲ ਕੀਤੀਆਂ ਗਈਆਂ ਹਨ ਅਤੇ ਅੰਕੜੇ ਇਸ ਰੁਝਾਨ ਦੀ ਗਵਾਹੀ ਭਰਦੇ ਹਨ।
ਤੱਥ ਤੇ ਹਕੀਕਤਾਂ ਇਹ ਦੱਸਦੀਆਂ ਹਨ ਕਿ ਪੰਜਾਬ ਵਿਚ ਸੀਟਾਂ ਵੰਡਣ ਵੇਲੇ, ਜਥੇਬੰਦੀ ਦੇ ਅੰਦਰ ਵੀ ਅਤੇ ਮਲਾਈਦਾਰ ਅਹੁਦਿਆਂ ਦੀ ਚੋਣ ਵਿੰੱਚ ਖਾਂਦੇ-ਪੀਂਦੇ ਤੇ ਵੱਡੇ ਘਰਾਂ ਨੂੰ ਹੀ ਥਾਂ ਦਿੱਤੀ ਗਈ ਹੈ। ਦਿਲਚਸਪ ਸਰਵੇਖਣ ਇਹ ਕਹਿੰਦਾ ਹੈ ਕਿ ਵਿਧਾਨ ਸਭਾ ਲਈ 62 ਸੀਟਾਂ ਜੱਟ ਬਰਾਦਰੀ ਨੂੰ ਮਿਲੀਆਂ ਪਰ ਜਿੱਤੇ ਕੇਵਲ ਅੱਠ ਹੀ। 9 ਦਲਿਤ ਭਰਾ ਜਿੱਤੇ ਅਤੇ ਦੋ ਪਛੜੀਆਂ ਜਾਤੀਆਂ ਦੇ ਉਮੀਦਵਾਰ ਜਿੱਤੇ। ਜਿਹੜੇ 8 ਜੱਟ ਉਮੀਦਵਾਰ ਜਿੱਤੇ, ਇਕ-ਅੱਧੇ ਨੂੰ ਛੱਡ ਕੇ ਬਾਕੀ ਸਾਰੇ ਜ਼ਮੀਨਾਂ ਤੇ ਜਾਇਦਾਦਾਂ ਦੇ ਮਾਲਕ ਹਨ। ਕਾਰਾਂ-ਕੋਠੀਆਂ ਵਿੱਚ ਰਹਿੰਦੇ ਤੇ ਸਫਰ ਕਰਦੇ ਹਨ। ਕਰੋੜਾਂ ਵਿਚ ਖੇਡਦੇ ਅਤੇ ਹਰ ਇਕ ਦੇ ਨੇੜੇ ਤੇ ਦੂਰ ਦੇ ਰਿਸ਼ਤੇਦਾਰ ਵਿਦੇਸ਼ਾਂ ਵਿਚ ਰਹਿੰਦੇ ਹਨ, ਜੋ ਇਨ੍ਹਾਂ ਨੂੰ ਪਾਰਟੀ ਲਈ ਅਕਸਰ ਫੰਡ ਭੇਜਦੇ ਹਨ। ਦੂਜੇ ਪਾਸੇ ਦਲਿਤ ਵਿਧਾਇਕਾਂ ਨੂੰ ਫੰਡਾਂ ਦੀ ਘਾਟ ਰਹਿੰਦੀ ਹੈ। ਬਾਹਰਲੇ ਮੁਲਕਾਂ ਵਿਚ ਉਨ੍ਹਾਂ ਦੇ ਬਹੁਤ ਘੱਟ ਰਿਸ਼ਤੇਦਾਰ ਹਨ। ਜਿਨ੍ਹਾਂ ਦੇ ਰਿਸ਼ਤੇਦਾਰ ਬਾਹਰਲੇ ਮੁਲਕਾਂ ‘ਚ ਹਨ, ਉਹ ਵਿਚਾਰੇ ਅਜੇ ਆਰਥਿਕ ਤੌਰ ‘ਤੇ ਖੁਦ ਹੀ ਪੈਰਾਂ ਉਤੇ ਨਹੀਂ ਖੜੋਤੇ, ਫੰਡ ਤਾਂ ਉਨ੍ਹਾਂ ਨੇ ਕੀ ਭੇਜਣੇ ਸਨ।
ਇਕ ਮੋਟੇ ਅੰਦਾਜ਼ੇ ਅਨੁਸਾਰ ਕਈ ਦਲਿਤ ਵਿਧਾਇਕ ਫੰਡਾਂ ਦੀ ਘਾਟ ਕਾਰਨ ਅਜੇ ਵੀ ਕਰਜ਼ਾਈ ਹਨ। ਉਨ੍ਹਾਂ ਕੋਲ ਜ਼ਮੀਨ ਨਹੀਂ ਤੇ ਉਨ੍ਹਾਂ ਦੇ ਘਰ ਵੀ ਸਾਧਾਰਨ ਹੀ ਹਨ। ਬਹੁਤਿਆਂ ਨੇ ਵਿਧਾਇਕ ਬਣਨ ਪਿੱਛੋਂ ਹੀ ਕਾਰਾਂ ਦੇ ਦਰਸ਼ਨ ਕੀਤੇ ਹਨ। ਨੌਂ ਦਲਿਤ ਵਿਧਾਇਕਾਂ ਵਿੱਚੋਂ ਕੇਵਲ ਇੱਕ ਨੂੰ ਹੀ ਵਿਰੋਧੀ ਧਿਰ ਦੀ ਉਪ ਨੇਤਾ ਲਈ ਚੁਣਿਆ ਗਿਆ ਹੈ। ਸੂਤਰਾਂ ਮੁਤਾਬਕ ਚੀਫ਼ ਵਿੱਪ ਦੀ ਖਾਲੀ ਪੋਸਟ ਵੀ ਉਚੀਆਂ ਜਾਤੀਆਂ ਵਿੱਚੋਂ ਕਿਸੇ ਇੱਕ ਨੂੰ ਮਿਲਣ ਦੀ ਸੰਭਾਵਨਾ ਹੈ, ਜਦਕਿ ਇੱਕ ਦਲਿਤ ਵਿਧਾਇਕ ਕੋਲ ਬਾਕਾਇਦਾ ਐਲ.ਐਲ.ਬੀ. ਦੀ ਡਿਗਰੀ ਹੈ ਤੇ ਇੱਕ ਹੋਰ ਦਲਿਤ ਵਿਧਾਇਕ ਬੀਬੀ ਕਾਨੂੰਨ ਦੇ ਵਿਸ਼ੇ ਵਿਚ ਪੀਐਚ. ਡੀ. ਕਰ ਰਹੀ ਹੈ।
ਜਥੇਬੰਦੀ ਦੇ ਅੰਦਰ ਵੀ ਉਚੀਆਂ ਜਾਤੀਆਂ ਦਾ ਹੀ ਬੋਲਬਾਲਾ ਹੈ। ਉਪਰਲੀਆਂ ਦੋ ਅਸਾਮੀਆਂ ਉੱਤੇ ਵੀ ਤੇ ਉੱਚ ਜਾਤੀਆਂ ਦਾ ਹੀ ਕਬਜ਼ਾ ਹੈ, ਬਾਕੀ ਜਨਰਲ ਸਕੱਤਰਾਂ ਦਾ ਵੱਡਾ ਗੱਫਾ ਵੀ ਉਨ੍ਹਾਂ ਨੂੰ ਹੀ ਮਿਲਿਆ ਹੈ। ਜ਼ਿਲ੍ਹਿਆਂ ਵਿੱਚ ਵੀ ਉਨ੍ਹਾਂ ਦੀ ਹੀ ਸਰਦਾਰੀ ਹੈ। ਅਜਿਹਾ ਕਿਉਂ ਹੈ? ਇਸ ਵਿਤਕਰੇ ਦੇ ਕੀ ਕਾਰਨ ਹਨ? ਪਾਰਟੀ ਦੀ ਲੀਡਰਸ਼ਿਪ ਵਿੱਚ ਦਲਿਤ ਨੂੰ ਵਿਸ਼ੇਸ਼ ਅਤੇ ਪ੍ਰਮੁੱਖ ਥਾਂ ਕਿਉਂ ਨਹੀਂ ਮਿਲ ਰਹੀ? ਅਫਸੋਸ ਇਸ ਗੱਲ ਦਾ ਹੈ ਕਿ ਨਾ ਹੀ ਪਾਰਟੀ ਇਸ ਲਈ ਗੰਭੀਰ ਹੈ ਅਤੇ ਨਾ ਹੀ ਦਲਿਤ ਖ਼ੁਦ ਆਪਣਾ ਹੱਕ ਮੰਗ ਰਹੇ ਹਨ।
‘ਆਪ’ ਵਿੱਚ ਦਲਿਤ ਰਾਜਨੀਤੀ ਦੀ ਗ਼ੈਰਹਾਜ਼ਰੀ ਉੱਤੇ ਚਰਚਾ ਕਰਦਿਆਂ ਸਾਨੂੰ ਰਤਾ ਅਕਾਲੀ ਰਾਜਨੀਤੀ ਅਤੇ ਕਾਂਗਰਸੀ ਰਾਜਨੀਤੀ ਵਿੱਚ ਦਲਿਤ ਦੀ ਥਾਂ, ਮਹੱਤਤਾ, ਰੁਤਬੇ ਦਾ ਵੀ ਵਿਸ਼ਲੇਸ਼ਣ ਕਰਨ ਦੀ ਲੋੜ ਹੈ। ਹੁਣ ਇਸ ਅਫਸੋਸਨਾਕ ਰੁਝਾਨ ਉੱਤੇ ਦੋ ਰਾਵਾਂ ਨਹੀਂ ਕਿ ਅਕਾਲੀ ਰਾਜਨੀਤੀ ਦੇ ਕਲਚਰ ਵਿੱਚ ਵੀ ਜੱਟ-ਰਾਜਨੀਤੀ ਜ਼ੋਰਾਵਰ ਹੈ ਜਦਕਿ ਕਾਂਗਰਸੀ ਕਲਚਰ ਵਿੱਚ ਇਹ ਰਾਜਨੀਤੀ ਏਨੀ ਸੰਘਣੀ ਤੇ ਮਹਾਂਬਲੀ ਨਹੀਂ, ਪਰ ਜ਼ੋਰਾਵਰ ਤੇ ਪ੍ਰਭਾਵਸ਼ਾਲੀ ਅਕਾਲੀ ਰਾਜਨੀਤੀ ਜਿੰਨੀ ਹੀ ਹੈ। ਇਸ ਲਈ ਪੰਜਾਬ ਦੀ ਜੱਟ-ਰਾਜਨੀਤੀ ਦੇ ਅਸਲ ਖਾਸੇ ਨੂੰ ਨੇੜਿਓਂ ਵੇਖਣ ਵਾਲੇ ਪਾਰਖੂ ਮਾਹਿਰਾਂ ਦਾ ਇਹ ਵਿਚਾਰ ਸੁੱਟਣ ਵਾਲਾ ਨਹੀਂ ਕਿ ਇਸ ਵਾਰ ਅਸੈਂਬਲੀ ਚੋਣਾਂ ਵਿੱਚ ਜਦੋਂ ਸਿੱਖਾਂ ਦੀ ਜੱਟ ਰਾਜਨੀਤੀ ਨੇ ਦੇਖਿਆ ਕਿ ਅਕਾਲੀ ਹਾਰ ਰਹੇ ਹਨ ਤਾਂ ਉਨ੍ਹਾਂ ਨੇ ਆਪਣੀ ਰਾਜਨੀਤਕ ਸਿਆਣਪ ਤੇ ਗਿਆਨ ਦਾ ਖ਼ਜ਼ਾਨਾ ਕਾਂਗਰਸੀਆਂ ਦੀ ਝੋਲੀ ਵਿੱਚ ਪਾ ਦਿੱਤਾ ਕਿਉਂਕਿ ਅਜੋਕੇ ਹਾਲਾਤ ਵਿੱਚ ਉਨ੍ਹਾਂ ਨੂੰ ਲੱਗਦਾ ਸੀ ਕਿ ਕਾਂਗਰਸੀ ਕਲਚਰ ਦੀ ਰਾਜਨੀਤੀ ਵੀ ਲੈ ਦੇ ਕੇ ਉਨ੍ਹਾਂ ਦੀ ਆਪਣੀ ਹੀ ਹੈ। ਪਰ ਉਹ ਕਿਸੇ ਵੀ ਹਾਲਤ ਵਿੱਚ ਤੀਜੀ ਧਿਰ ਭਾਵ ‘ਆਪ’ ਨੂੰ ਪੰਜਾਬ ਅੰਦਰ ਜੇਤੂਆਂ ਦੇ ਰੂਪ ਵਿੱਚ ਵੇਖਣ ਲਈ ਰਾਜ਼ੀ ਨਹੀਂ ਸਨ। ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ‘ਆਪ’ ਅੰਦਰ ਵੀ ਥੋੜੇ ਬਹੁਤੇ ਫਰਕ ਨਾਲ ਜੱਟ ਰਾਜਨੀਤੀ ਦਾ ਹੀ ਬੋਲਬਾਲਾ ਰਹੇਗਾ। ਅਕਾਲੀ- ਰਾਜਨੀਤੀ ਗਰੀਬ ਗੁਰਬਿਆਂ ਅਤੇ ਕਿਰਤੀਆਂ ਤੇ ਮਜ਼ਲੂਮਾਂ ਦੀ ਰਾਖੀ ਕਰਨ ਦੀ ਥਾਂ ਐਸ਼ੋ-ਇਸ਼ਰਤ ਕਰਨ ਵਾਲਿਆਂ ਅਤੇ ਟੱਬਰ-ਪਾਲ ਰਾਜਨੀਤੀ ਕਰਨ ਵਾਲਿਆਂ ਦੇ ਕਬਜ਼ੇ ਹੇਠ ਚਲੀ ਗਈ ਹੈ ਅਤੇ ਇਹ ਪੰਜਾਬ ਦੇ ਇਤਿਹਾਸ ਨਾਲ ਵੱਡਾ ਵਿਸ਼ਵਾਸਘਾਤ ਹੋਇਆ ਹੈ। ਪਰ ਆਮ ਆਦਮੀ ਪਾਰਟੀ ਉੱਤੇ ਅਜੇ ਵੱਡੇ ਇਲਜ਼ਾਮ ਲਾਉਣਾ ਸਥਿਤੀ ਦੀ ਗ਼ੈਰ-ਹਕੀਕੀ ਪੜਚੋਲ ਹੋਏਗੀ। ਉਹ ਦਲਿਤਾਂ ਵੱਲ ਮੂੰਹ ਕਰੇਗੀ, ਇਸ ਦੀ ਉਮੀਦ ਬਹੁਤ ਘੱਟ ਹੈ।
Comments (0)