ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ

ਅਠਵੇਂ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ

ਪ੍ਰਮਿੰਦਰ ਸਿੰਘ ਪ੍ਰਵਾਨਾ (ਫੋਨ: 510-781-0487)
ਮਹਾਂਪੁਰਖਾਂ ਦੇ ਅਵਤਾਰ ਮਨੁੱਖਤਾ ਦੀ ਭਲਾਈ ਵਾਸਤੇ ਹੋਇਆ ਕਰਦੇ ਹਨ। ਜਦ ਕਦੇ ਧਰਤੀ ਤੇ ਪਾਪ ਦੀ ਅਤਿ ਹੋ ਜਾਵੇ ਤਦ ਆਤਮ ਸ੍ਰਿਸ਼ਟੀ ਵਿਚੋਂ ਕੋਈ ਉਪਕਾਰੀ ਆਉਂਦਾ ਹੈ। ਸਿੱਖ ਗੁਰੂ ਕਾਲ ਵਿਚ ਦਸ ਗੁਰੂਆਂ ਦੀ ਇਕੋ ਜੋਤ ਹੈ ਜੋ ਦਸੀਂ ਜਾਮੀ ਨਿਰੰਤਰ ਰੱਬੀ ਸੀ। ਭਗਤੀ ਅਤੇ ਸ਼ਕਤੀ ਦੇ ਸੁਮੇਲ ਵਿਚੋਂ ਸ਼ਾਂਤ ਉਤਸ਼ਾਹ ਵਿਚ ਦੀਨ ਦਯਾ ਹਿੱਤ ਬੀਰ ਰਸ ਆਇਆ ਤੇ ਚੜ੍ਹਦੀ ਕਲਾ ਦਾ ਰੰਗ ਚੜ੍ਹਿਆ। ਗੁਰੂ ਨਾਨਕ ਦੇਵ ਜੀ ਦੁਆਰਾ ਚਲਾਏ ਨਿਰਮਲ ਪੰਥ ਦੇ ਅਠਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਉਨ੍ਹਾਂ ਦੀ ਸਿਆਣਪ ਨੂੰ ਵੇਖ ਕੇ ਬਾਲ ਗੁਰੂ ਜਾਂ ਫਿਰ ਬਾਲਾ ਪ੍ਰੀਤਮ ਵੀ ਕਿਹਾ ਜਾਂਦਾ ਹੈ। ਆਪ ਜੀ ਦਾ ਆਗਮਨ 8 ਸਾਵਣ ਵਦੀ ਸੰਮਤ 1713 ਭਾਵ 7 ਜੁਲਾਈ ਸੰਨ 1656 ਨੂੰ ਸ਼ੀਸ਼ ਮਹੱਲ ਕੀਰਤਪੁਰ (ਰੋਪੜ) ਵਿਖੇ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਹੋਇਆ। ਕੱਤਕ 6 ਸੰਮਤ 1718 ਅਨੁਸਾਰ 7 ਅਕਤੂਬਰ ਸੰਨ 1661 ਨੂੰ ਗੁਰਗੱਦੀ ਨੂੰ ਪ੍ਰਾਪਤ ਹੋਏ। ਆਪ ਜੀ ਦੇ ਸਮੇਂ ਤੋਂ ਪਹਿਲਾਂ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਵੇਲੇ ਹਿਦਾਇਤ ਸੀ ਕਿ ਗੁਰੂ ਹਰਿ ਰਾਏ ਸਾਹਿਬ ਹਥਿਆਰਬੰਦ ਹੋ ਕੇ ਗੁਰਗੱਦੀ ਤੇ ਬਿਰਾਜ਼ਮਾਨ ਹੋਣ। ਇਸ ਤੇ ਗੁਰੂ ਹਰਿਰਾਏ ਸਾਹਿਬ ਨੇ ਕੌਮ ਨੂੰ ਹਥਿਆਰਬੰਦ ਜਥੇਬੰਦਕ ਬਣਾਇਆ। ਸੰਗਤ ਦੇ ਹੌਂਸਲੇ ਬੁਲੰਦ ਹੋਏ। ਮੁਗਲ ਹਕੂਮਤ ਜਿੱਥੇ ਜੁਲਮ ਨਾਲ ਜਬਰਦਸਤੀ ਲੋਕਾਂ ਨੂੰ ਇਸਲਾਮ ਵਿਚ ਲਿਆਉਣਾ ਚਾਹੁੰਦੀ ਸੀ ਉਥੇ ਸਿੱਖ ਧਰਮ ਦੀ ਵੱਧਦੀ ਲੋਕ ਪ੍ਰਿਯਤਾ ਨੂੰ ਵੇਖ ਕੇ ਲੋਕ ਆਪਣੇ ਆਪ ਸਿੱਖ ਧਰਮ ਅਪਨਾਉਣ ਲੱਗ ਪਏ। ਬਾਦਸ਼ਾਹ ਔਰੰਗਜੇਬ ਨੇ ਧਰਮ ਗ੍ਰੰਥ ਦੇ ਸ਼ੰਕਿਆਂ ਦੇ ਬਹਾਨੇ ਗੁਰੂ ਹਰਿਰਾਏ ਸਾਹਿਬ ਨੂੰ ਤਲਬ ਕਰਨਾ ਚਾਹਿਆ। ਗੁਰੂ ਹਰਿਰਾਏ ਸਾਹਿਬ ਨੇ ਆਪਣੇ ਵੱਡੇ ਪੁੱਤਰ ਬਾਬਾ ਰਾਮਰਾਇ ਜੀ ਨੂੰ ਹਿਦਾਇਤ ਕੀਤੀ ਕਿ ਗੁਰਮਤਿ ਵਿਚਾਰਾਂ ਕਰਦੇ ਸਮੇਂ ਆਪਣੇ ਧਾਰਮਿਕ ਨਿਸਚੇ ਤੇ ਪੂਰਾ ਉਤਰਨਾ ਹੈ। ਬਾਦਸ਼ਾਹ ਨੇ ਸਵਾਲ ਕੀਤਾ ਕਿ ਤੁਹਾਡੇ ਗ੍ਰੰਥ ਵਿਚ ਮਿਟੀ ਮੁਸਲਮਾਨ ਕੀ ਪੇੜੋ ਪਾਈ ਕੁਮਿਆਰ ਇਸਲਾਮ ਦੀ ਹੱਤਕ ਨਹੀਂ ਹੈ। ਬਾਬਾ ਰਾਮਰਾਇ ਜੀ ਨੇ ਬਾਦਸ਼ਾਹ ਦੀ ਖੁਸ਼ੀ ਹਾਸਲ ਕਰਨ ਲਈ ਕਹਿ ਦਿੱਤਾ ਕਿ ਉਥੇ ਮਿਟੀ ਬੇਈਮਾਨ ਕੀ ਲਫਜ਼ ਹੈ ਗਲਤੀ ਨਾਲ ਮੁਸਲਮਾਨ ਲਿਖਿਆ ਗਿਆ ਹੈ। ਬਾਦਸ਼ਾਹ ਤਾਂ ਖੁਸ਼ ਹੋ ਗਿਆ ਪਰ ਜਦੋਂ ਗੁਰੂ ਹਰਿਰਾਇ ਜੀ ਨੂੰ ਪਤਾ ਲੱਗਾ ਕਿ ਗੁਰਬਾਣੀ ਦੀ ਤੁਕ ਬਦਲਣ ਦੀ ਅਵਿਗਿਆ ਹੋਈ ਹੈ ਤਾਂ ਉਨ੍ਹਾਂ ਬਾਬਾ ਰਾਮਰਾਇ ਜੀ ਨੂੰ ਛੇਕ ਦਿੱਤਾ। ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰਬਾਣੀ ਦੇ ਵਿਚ ਬੜੇ ਦ੍ਰਿੜ ਇਰਾਦੇ ਨਾਲ ਫੈਸਲਾ ਲਿਆ ਸੀ।
ਇਸੇ ਦ੍ਰਿੜਤਾ ਵਿਚ ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਵੀ ਕਮੀ ਨਹੀਂ ਆਈ। ਉਨ੍ਹਾਂ ਨੂੰ ਵੀ ਜਦੋਂ ਬਾਬਾ ਰਾਮਰਾਇ ਜੀ ਦੀ ਸ਼ਿਕਾਇਤ ਤੇ ਬਹਾਨੇ ਨਾਲ ਤਲਬ ਕੀਤਾ ਤਾਂ ਸਦਾ ਠੁਕਰਾ ਦਿੱਤਾ। ਸਰਕਾਰੇ ਦਰਬਾਰੇ ਵਿਚੋਂ ਮਿਰਜ਼ਾ ਜੈ ਸਿੰਘ ਨੇ ਬਾਦਸ਼ਾਹ ਨਾਲ ਮਿਲਣੀ ਕਰਵਾਉਣ ਦਾ ਜਿੰਮਾ ਆਪਣੇ ਸਿਰ ਲਿਆ। ਦੀਵਾਨ ਪਰਸੂਰਾਮ ਨੂੰ 50 ਘੋੜ ਸੁਆਰ ਭੇਜ ਕੇ ਗੁਰਾਂ ਨੂੰ ਬੜੇ ਸਤਿਕਾਰ ਨਾਲ ਪਾਲਕੀ ‘ਚ ਬਿਠਾ ਕੇ ਦਿੱਲੀ ਲਿਆਉਣ ਲਈ ਕਿਹਾ। ਗੁਰੂ ਸਾਹਿਬ ਨੇ ਦੀਵਾਨ ਨੂੰ ਕਿਹਾ ਕਿ ਉਹ ਔਰੰਗਜੇਦੇ ਮੱਥੇ ਨਹੀਂ ਲੱਗਣਗੇ। ਤਦ ਹੀ ਦਿੱਲੀ ਦੀਆਂ ਸੰਗਤਾਂ ਨੇ ਦਰਸ਼ਨਾਂ ਦੀ ਤਾਂਘ ਦੀ ਚਿੱਠੀ ਭੇਜੀ ਤਾਂ ਤੁਰੰਤ ਰਜ਼ਾਮੰਦ ਹੋ ਗਏ।
ਕੀਰਤਪੁਰ ਤੋਂ ਦਿੱਲੀ ਆਉਂਦੇ ਸਮੇਂ ਗੁਰੂ ਸਾਹਿਬ ਪੰਜੋਖਰਾ ਜ਼ਿਲ੍ਹਾ ਅੰਬਾਲਾ ਵਿਖੇ ਰੁਕੇ। ਉਥੇ ਲਾਲ ਚੰਦ ਬ੍ਰਾਹਮਣ ਨੇ ਗੁਰੂ ਜੀ ਨੂੰ ਵੰਗਾਰਿਆ ਕਿ ਤੁਸੀਂ ਵੱਡੇ ਗੁਰੂ ਬਣੀ ਫਿਰਦੇ ਹੋ। ਕ੍ਰਿਸ਼ਨ ਨੇ ਤਾਂ ਗੀਤਾ ਉਚਾਰੀ ਸੀ ਤੁਸੀਂ ਮੇਰੇ ਨਾਲ ਸ਼ਾਸ਼ਤਰ ਹਥ ਕਰ ਲਓ ਅਤੇ ਗੀਤਾ ਦੇ ਅਰਥ ਕਰਕੇ ਵਿਖਾਉ। ਗੁਰੂ ਜੀ ਨੇ ਪੰਡਿਤ ਨੂੰ ਸਮਝਾਇਆ ਕਿ ਗੁਰੂ ਦੀ ਸਮਰਥਾ ਅਰਥ ਕਰਨਾ ਹੀ ਨਹੀਂ ਸਗੋਂ ਮਨੁੱਖੀ ਜੀਵਨ ਨੂੰ ਸਾਵੀਂ ਪੱਧਰੀ ਰਾਹ ਤੇ ਤੋਰਨਾ ਹੈ ਅਗਿਆਨਤਾ ਦਾ ਨਾਸ ਕਰਨਾ ਹੈ। ਸਾਡਾ ਤਾਂ ਹਰ ਸਿੱਖ ਗਿਆਨਵਾਨ ਹੈ ਉਸ ਨੂੰ ਗਿਆਨ ਪ੍ਰਾਪਤ ਦੀ ਖੁੱਲ੍ਹ ਹੈ ਤਾਂ ਜੋ ਧਾਰਮਿਕ ਰਾਜਨੀਤਕ ਵਿਦਿਅਕ ਸੋਝੀ ਨਾਲ ਆਪਣਾ ਜੀਵਨ ਸੰਵਾਰ ਸਕੇ। ਤੁਸੀਂ ਕਿਸੇ ਵੀ ਸਿੱਖ ਨੂੰ ਪੁੱਛ ਲਉ ਤੁਹਾਨੂੰ ਉਤਰ ਮਿਲ ਜਾਵੇਗਾ। ਪੰਡਿਤ ਲੰਗਰਾਂ ਦੀ ਜਲ ਨਾਲ ਸੇਵਾ ਕਰਦੇ ਛੱਜੂ ਨੂੰ ਸਾਦਾ ਜਿਹਾ ਸਮਝ ਕੇ ਲੈ ਆਇਆ। ਪੰਡਿਤ ਨੇ ਜੋ ਵੀ ਪੁਛਿਆ ਛੱਜੂ ਨੇ ਉਸਦਾ ਉਤਰ ਦਿੱਤਾ ਕਿਉਂਕਿ ਉਹ ਲੰਗਰਾਂ ਦੀ ਸੇਵਾ ਦੇ ਨਾਲ ਬਾਣੀ ਗੁਣ ਗੁਣਾਉਂਦਾ ਰਹਿੰਦਾ ਸੀ। ਬ੍ਰਾਹਮਣ ਸ਼ਰਮਿੰਦਾ ਹੋ ਗਿਆ।
ਦਿੱਲੀ ਪਹੁੰਚ ਕੇ ਰਾਜਾ ਜੈ ਸਿੰਘ ਨੇ ਗੁਰੂ ਜੀ ਨੂੰ ਆਪਣੇ ਬੰਗਲੇ, ਜਿੱਥੇ ਅਜ ਕਲ ਗੁਰਦੁਆਰਾ ਬੰਗਾਲ ਸਾਹਿਬ ਹ, ਵਿੱਚ ਠਹਿਰਾਇਆ। ਸੰਗਤਾਂ ਦਰਸ਼ਨਾਂ ਲਈ ਉਮੜ ਪਈਆਂ। ਬਾਦਸ਼ਾਹ ਔਰੰਗਜੇਨੇ ਵੀ ਦਰਸ਼ਨਾਂ ਦੀ ਇੱਛਾ ਪ੍ਰਗਟ ਕੀਤੀ। ਪਰ ਗੁਰੂ ਜੀ ਨੇ ਇਨਕਾਰ ਕਰ ਦਿੱਤਾ। ਰਾਜਾ ਜੈ ਸਿੰਘ ਦੀ ਰਾਣੀ ਨੂੰ ਤੌਖਲਾ ਹੋਇਆ ਕਿ ਇਨ੍ਹਾਂ ਛੋਟਾ ਬਾਲਕ ਗੁਰੂ ਕਿਵੇਂ ਹੋ ਸਕਦਾ ਹੈ। ਜੇਕਰ ਗੁਰੂ ਹੈ ਤਾਂ ਮੈਨੂੰ ਹੀ ਢੂੰਡ ਕੇ ਦਸ ਦੇਵੇ ਕਿ ਸਵਾਗਤ ਕਰਨ ਵਾਲੀਆਂ ਵਿਚ ਮੈਂ ਕਿੱਥੇ ਹਾਂ? ਗੁਰੂ ਪਾਤਸ਼ਾਹ ਨੇ ਸਾਰੀਆਂ ਗੋਲੀਆਂ ਸਹੇਲੀਆਂ ਨੂੰ ਵੇਖ ਕੇ ਡੀਲ ਡੋਲ ਤੋਂ ਗੋਲੀ ਬਣੀ ਹੋਈ ਰਾਣੀ ਨੂੰ ਪਛਾਣ ਲਿਆ ਅਤੇ ਇਹ ਭਰਮ ਦੂਰ ਕੀਤਾ ਕਿ ਗੁਰੂ ਜੋਤ ਨੂੰ ਸਰੀਰ ਪੱਖੋਂ ਨਹੀਂ ਪਛਾਣਿਆ ਜਾ ਸਕਦਾ।
ਉਨੀਂ ਦਿਨੀਂ ਦਿੱਲੀ ‘ਚ ਭਾਰੀ ਚੇਚਕ ਫੈਲ ਗਈ। ਗੁਰਦੇਵ ਆਪ ਲੋਕਾਂ ਦੇ ਘਰ ਘਰ ਜਾ ਕੇ ਸੇਵਾ ਕਰਨ ਲੱਗੇ ਅਤੇ ਲੋਕਾਈ ਦੇ ਭਲੇ ਲਈ ਮਾਇਆ ਵੀ ਖਰਚ ਕੀਤੀ। ਇਹ ਵੇਖ ਕੇ ਸੰਗਤਾਂ ਵੀ ਇਸ ਨੇਕ ਕੰਮ ਲਈ ਗੁਰੂ ਜੀ ਨਾਲ ਆ ਜੁੜੀਆਂ। ਇਸ ਛੂਤ ਦੀ ਬਿਮਾਰੀ ਵਿਚ ਆਪਣੀ ਬਾਲ ਉਮਰ ਦੀ ਪ੍ਰਵਾਹ ਵੀ ਨਹੀਂ ਕੀਤੀ। ਆਖਰ ਗੁਰੂ ਜੀ ਵੀ ਇਸ ਮਹਾਂਮਾਰੀ ਬਿਮਾਰੀ ਦਾ ਸ਼ਿਕਾਰ ਹੋ ਗਏ। ਮਾਤਾ ਜੀ ਅਤੇ ਸੰਗਤਾਂ ਵਿਚ ਘਬਰਾਹਟ ਹੋ ਗਈ। ਪਰ ਪਾਤਸ਼ਾਹ ਨੇ ਇਸ ਨੂੰ ਰੱਬੀ ਰਮਜ ਦਸਿਆ ਅਤੇ ਧੀਰਜ਼ ਵਿਚ ਰਹਿਣ ਲਈ ਕਿਹਾ। ਆਪਣਾ ਸੰਚਖੰਡ ਜਾਣ ਦਾ ਸਮਾਂ ਆਉਂਦਾ ਵੇਖ ਕੇ ਹੁਕਮ ਦਿੱਤਾ ਕਿ ਅਗਲਾ ਗੁਰੂ ‘ਬਾਬਾ ਬਕਾਲਾ’ ਜਿਸ ਦਾ ਭਾਵ ਸੀ ਕਿ ਗੁਰੂ ‘ਬਾਬਾ ਬਕਾਲਾ’ ਰਹਿੰਦਾ ਹੈ। ਆਪ ਜੀ 3 ਵਿਸਾਖ ਸੰਮਤ 1721 ਮੁਤਾਬਕ 3 ਮਾਰਚ ਸੰਨ 1664 ਨੂੰ ਜੋਤੀ ਜੋਤ ਸਮਾ ਗਏ। ਆਪ ਦਾ ਸਸਕਾਰ ਮੌਜੂਦਾ ਗੁਰਦੁਆਰਾ ਬਾਬਾ ਸਾਹਿਬ ਦਿੱਲੀ ਵਿਖੇ ਹੋਇਆ।
ਵਰਨਣਯੋਗ ਹੈ ਕਿ ਆਪ ਨੇ ਬਲ ਉਮਰੇ ਹੀ ਗੁਰਗੱਦੀ ਦੀ ਜਿੰਮੇਵਾਰੀ ਨਿਭਾ ਕੇ ਦੱਸ ਦਿੱਤਾ ਕਿ ਗੁਰੂ ਸਰੀਰ ਨਹੀਂ ਜੋਤਿ ਹੈ। ਸਪਸ਼ਟ ਕੀਤਾ ਕਿ ਸਰੀਰ ਭਾਵੇਂ ਬਿਰਧ ਹੋਵੇ ਜਾਂ ਬਾਲ ਉਮਰ ਗੁਰੂ ਜੋਤ ਨਾਲ ਉਮਰ ਦਾ ਕੋਈ ਸਬੰਧ ਨਹੀਂ। ਢਾਈ ਸਾਲ ਦੀ ਗੁਰੂਤਾ ਵਿਚ ਗੁਰਦੇਵ ਨੇ ਬੜੀ ਸਿਆਣਪ, ਦ੍ਰਿੜਤਾ ਅਤੇ ਨਿਰਭੈਤਾ ਨਾਲ ਜਿੰਮੇਵਾਰੀ ਨਿਭਾਈ। ਉਨ੍ਹਾਂ ਨੇ ਧਰਮ ਪ੍ਰਚਾਰ ਵੀ ਉਸੇ ਤਰ੍ਹਾਂ ਜਾਰੀ ਰਖਿਆ ਜਿਵੇਂ ਪਹਿਲਾਂ ਤੋਂ ਚਲਿਆ ਆ ਰਿਹਾ ਸੀ। ਉਨ੍ਹਾਂ ਦੇ ਹੋਰ ਪਰਉਪਕਾਰਾਂ ਵਿਚ ਜਦ ਭਾਈ ਕਲਿਆਣਾ ਦੀ ਧਰਮਸ਼ਾਲਾ (ਮਹੱਲਾ ਦਿਲਵਾਲੀ ਸਿੰਘ ਦਿਲੀ) ਵਿਖੇ ਡੇਰੇ ਲਾਏ ਤਾਂ ਉਥੇ ਲੋਕ ਗਰੀਬ ਸਨ। ਪੀਣ ਲਈ ਸਾਫ਼ ਪਾਣੀ ਵੀ ਨਹੀਂ ਸੀ। ਲੋਕ ਬਿਮਾਰੀਆਂ ਵਿਚ ਘਿਰੇ ਹੋਏ ਸਨ। ਬੜਾ ਦੁਖੀ ਜੀਵਨ ਬਤੀਤ ਕਰ ਰਹੇ ਸਨ। ਗੁਰੂ ਦੀਆਂ ਸੰਗਤਾਂ ਨੇ ਲੰਗਰ ਲਗਾ ਦਿੱਤੇ। ਥਾਂ ਥਾਂ ਸਾਫ਼ ਪਾਣੀ ਦਾ ਪ੍ਰਬੰਧ ਕੀਤਾ। ਕਈ ਮੁਸਲਮਾਨ ਫਕੀਰ ਵੀ ਗੁਰਾਂ ਦੇ ਉਪਾਸ਼ਕ ਬਣ ਗਏ। ਗੁਰੂ ਜੀ ਨੇ ਸੱਚੀ ਸੁੱਚੀ ਕ੍ਰਿਤ ਕਰਦਿਆਂ ਰੱਬ ਦੀ ਰਜ਼ਾ ਵਿਚ ਰਹਿਣ ਦਾ ਉਪਦੇਸ਼ ਦਿੰਦੇ।