‘ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ ਨਾਨਕ ਮਾਂਗੇ।’

‘ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ  ਨਾਨਕ ਮਾਂਗੇ।’

ਪੰਜਵੇਂ ਗੁਰੂ ਦੀ ਸ਼ਹਾਦਤ ਦਾ ਸਦੀਵੀ ਮਹੱਤਵ

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਧਿਆਤਮਿਕਤਾ ਦੀ  ਸੱਤਾ ਨਾਲ ਟੱਕਰ ਦਾ ਪ੍ਰਤੀਕ ਹੈ। ਇੱਕ ਪਾਸੇ ਇਕ ਸ਼ਹਿਨਸ਼ਾਹ ਦੀ ਅਥਾਹ ਤਾਕਤ ਦਾ ਹੰਕਾਰ, ਦੂਜੇ ਪਾਸੇ ਇਕ ਫ਼ਕੀਰ ਆਤਮਾ ਦਾ ਤਿਆਗ, ਸਹਿਣਸ਼ਲਿਤਾ ਦੀ ਚਰਮ ਸੀਮਾ ਅਤੇ ਲੋਕਾਈ ਪ੍ਰਤੀ ਪ੍ਰੇਮ ਤੇ ਹਮਦਰਦੀ। ਇਹ ਸ਼ਹਾਦਤ ਇਕ ਲੋਕ ਨਾਇਕ ਦੀ ਜ਼ੁਲਮ ਵਿਰੁੱਧ ਸ਼ਾਂਤਮਈ ਜੰਗ ਸੀ। ਉਹ ਇਕ ਫ਼ਕੀਰ ਤੋਂ ਬਾਦਸ਼ਾਹ ਦੇ ਭੈਅ ਖਾਣ ਦੀ ਘਟਨਾ ਸੀ। ਜੇਤੂ ਫਕੀਰ ਰਿਹਾ।

ਪ੍ਰੋ. ਸਾਧੂ ਸਿੰਘ ਪਨਾਗ
ਮੋਬਾਈਲ : 98550-64499
ਜੇਠ  ਦਾ ਅੱਗ ਵਰ੍ਹਾਉਂਦਾ ਮਹੀਨਾ। ਗੁਰੂ ਅਰਜਨ ਦੇਵ ਜੀ ਹੇਠਾਂ ਅੱਗ ਵਾਂਗ ਤਪਦੀ ਲੋਹ ਤੇ ਉੱਪਰੋਂ ਸਿਰ ਵਿੱਚ ਪਾਈ ਜਾ ਰਹੀ ਤੱਤੀ ਰੇਤ ਦੇ ਕੜਛੇ। ਚੱਟਾਨ ਦੀ ਤਰ੍ਹਾਂ ਅਡੋਲ ਇਰਾਦਾ। ਗਹਿਰੀ ਨਦੀ ਦੇ ਪਾਣੀ ਦੀ ਤਰ੍ਹਾਂ ਠੰਢਾ ਅਤੇ ਸ਼ਾਂਤ ਮਨ। ਮੁੱਖ ਤੋਂ ਚੱਲ ਰਿਹਾ ਛਬੀਲ ਦੇ ਪਾਣੀ ਵਰਗਾ ਮਿੱਠੀ ਬਾਣੀ ਦਾ ਪ੍ਰਵਾਹ: ‘ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ  ਨਾਨਕ ਮਾਂਗੇ।’ ਜ਼ੁਲਮ ਦੀ ਇੰਤਹਾ ‘ਤੇ ਤ੍ਰਾਹ ਤ੍ਰਾਹ ਕਰਦੇ ਲੋਕ। ਇਹ ਸੀ ਸਹਿਣਸ਼ੀਲਤਾ ਦੇ ਪੁੰਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ। ਦੂਜੇ ਪਾਸੇ ਫਿਰ ਜੇਠ ਦਾ ਮਹੀਨਾ। ਪੈਰਾਂ ਹੇਠ ਅੱਗ ਵਾਂਗ ਤਪਦੀ ਜ਼ਮੀਨ। ਸਿਰ ਉੱਤੇ ਅੱਗ ਵਰ੍ਹਾਉਂਦੀ ਸੂਰਜ ਦੀ ਧੁੱਪ। ਚਮੜੀ ਨੂੰ ਸਾੜ ਦੇਣ ਵਾਲੀ ਅੱਗ ਵਰਗੀ ਗਰਮ ਲੂ। ਪਸੀਨੇ ਰਾਹੀਂ ਨਿਕਲ ਰਿਹਾ ਪਾਣੀ ਤੇ ਸੁੱਕ ਰਹੀ ਜੀਭ। ਕਹਿਰਾਂ ਦੀ ਪਿਆਸ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਮੌਕੇ ਪਿਆਇਆ ਜਾ ਰਿਹਾ ਛਬੀਲ ਦਾ ਠੰਢਾ ਅਤੇ ਮਿੱਠਾ ਪਾਣੀ, ਜੋ ਮਰਦੇ ਜਾ ਰਹੇ ਸਰੀਰ ਵਿੱਚ ਜਾਨ ਪਾ ਦਿੰਦਾ ਹੈ। ਇਹ ਹਨ ਦੋ ਤਸਵੀਰਾਂ- ਇੱਕ ਸਤਾਰ੍ਹਵੀਂ ਸਦੀ ਦੇ ਮੁੱਢ ਦੀ ਅਤੇ ਦੂਜੀ ਚਾਰ ਸਦੀਆਂ ਤੋਂ ਹਰੇਕ ਸਾਲ ਇਸ ਲਾਸਾਨੀ ਸ਼ਹਾਦਤ ਦੇ ਦਿਹਾੜੇ ਮੌਕੇ  ਥਾਂ ਥਾਂ ‘ਤੇ ਚੱਲਦੇ ਵਰਤਾਰੇ ਦੀ।
ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਅਧਿਆਤਮਿਕਤਾ ਦੀ  ਸੱਤਾ ਨਾਲ ਟੱਕਰ ਦਾ ਪ੍ਰਤੀਕ ਹੈ। ਇੱਕ ਪਾਸੇ ਇਕ ਸ਼ਹਿਨਸ਼ਾਹ ਦੀ ਅਥਾਹ ਤਾਕਤ ਦਾ ਹੰਕਾਰ, ਦੂਜੇ ਪਾਸੇ ਇਕ ਫ਼ਕੀਰ ਆਤਮਾ ਦਾ ਤਿਆਗ, ਸਹਿਣਸ਼ਲਿਤਾ ਦੀ ਚਰਮ ਸੀਮਾ ਅਤੇ ਲੋਕਾਈ ਪ੍ਰਤੀ ਪ੍ਰੇਮ ਤੇ ਹਮਦਰਦੀ। ਇਹ ਸ਼ਹਾਦਤ ਇਕ ਲੋਕ ਨਾਇਕ ਦੀ ਜ਼ੁਲਮ ਵਿਰੁੱਧ ਸ਼ਾਂਤਮਈ ਜੰਗ ਸੀ। ਉਹ ਇਕ ਫ਼ਕੀਰ ਤੋਂ ਬਾਦਸ਼ਾਹ ਦੇ ਭੈਅ ਖਾਣ ਦੀ ਘਟਨਾ ਸੀ। ਜੇਤੂ ਫਕੀਰ ਰਿਹਾ। ਉਸ ਨੇ ਆਪਣੇ ਜੀਵਨ ਦੀ ਆਹੂਤੀ ਦੇ ਕੇ ਹਾਸਲ ਕੀਤੀ ਵੱਡੀ ਨੈਤਿਕ ਜਿੱਤ, ਜਿਸ ਨੇ ਹਿੰਦੁਸਤਾਨ ਦੇ ਇਤਿਹਾਸ ਨੂੰ ਨਵਾਂ ਮੋੜ ਦੇ ਦਿੱਤਾ ਅਤੇ ਲਗਭਗ ਇਕ ਸਦੀ ਪੁਰਾਣੇ ਮੁਗ਼ਲ ਸਾਮਰਾਜ ਦੀ ਬਰਬਾਦੀ ਦੀ ਨੀਂਹ ਰੱਖ ਦਿੱਤੀ।
”ਆਖ਼ਿਰ ਕਿਉਂ ਬੀਤਿਆ ਇਹ ਭਾਣਾ? ਕਿਉਂ ਡਰ ਗਿਆ ਇਕ ਬਾਦਸ਼ਾਹ ਇਕ ਦਰਵੇਸ਼ ਤੋਂ? ਅਸਲ ਵਿੱਚ ਇਹ ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਮਨ ਦਾ ਡਰ ਹੀ ਸੀ ਜਿਸ ਨੇ ਇਕ ਨਿਰਦੋਸ਼ ਧਰਮ-ਆਗੂ ਨੂੰ ਤਸੀਹੇ ਦੇ ਕੇ ਮਾਰਨ ਦਾ ਆਦੇਸ਼ ਦੇਣ ਦੇ ਰਾਹ ਪਾਇਆ।”
ਸਿੱਖ ਰਵਾਇਤਾਂ ਅਨੁਸਾਰ ਇਸ ਦੁਖਾਂਤ ਲਈ ਲਾਹੌਰ ਦੇ ਦੀਵਾਨ ਚੰਦੂ ਸ਼ਾਹ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। ਪਰ ਡਾ. ਗੰਡਾ ਸਿੰਘ ਇਸ ਮਤ ਨਾਲ ਸਹਿਮਤ ਨਹੀਂ। ਉਨ੍ਹਾਂ ਦੀ ਖੋਜ ਇਹ ਦੱਸਦੀ ਹੈ ਕਿ ਜਹਾਂਗੀਰ ਦੀ ਆਤਮ ਕਥਾ ‘ਤੁਜ਼ਕ-ਏ-ਜਹਾਂਗੀਰੀ’ ਵਿੱਚ ਜਿੱਥੇ ਜਿੱਥੇ ਵੀ ਇਸ ਘਟਨਾ ਵੱਲ ਸੰਕੇਤ ਮਿਲਦਾ ਹੈ, ਚੰਦੂ ਨਾਂ ਦੇ ਕਿਸੇ ਵਿਅਕਤੀ ਦਾ ਨਾਂ ਨਹੀਂ ਆਉਂਦਾ। ਨਾ ਹੀ ਕਿਸੇ ਹੋਰ ਇਤਿਹਾਸਕ ਸਰੋਤ ਵਿੱਚ ਚੰਦੂ ਨਾਂ ਦੇ ਕਿਸੇ ਦੀਵਾਨ ਵਰਗੇ ਉੱਚੇ ਅਹੁਦੇ ‘ਤੇ ਤਾਇਨਾਤ ਕਿਸੇ ਵਿਅਕਤੀ ਦਾ ਨਾਂ ਆਉਂਦਾ ਹੈ। ਹੋ ਸਕਦਾ ਹੈ ਕਿ ਚੰਦੂ ਨਾਂ ਦਾ ਕੋਈ ਛੋਟਾ ਮੋਟਾ ਅਧਿਕਾਰੀ ਹੋਵੇ ਜਿਸ ਨੇ ਸੰਗਤ ਦੇ ਕਹਿਣ ‘ਤੇ ਆਪਣੀ ਪੁੱਤਰੀ ਦਾ ਰਿਸ਼ਤਾ ਗੁਰੂ ਜੀ ਵੱਲੋਂ ਨਾਮਨਜ਼ੂਰ ਕਰਨ ਦੇ ਸਿੱਟੇ ਵਜੋਂ ਇਸ ਦੁਖਾਂਤ ਲਈ ਜਹਾਂਗੀਰ ਨੂੰ ਭੜਕਾਉਣ ਵਿੱਚ ਕੋਈ ਭੂਮਿਕਾ ਅਦਾ ਕੀਤੀ ਹੋਵੇ। ਪਰ ਇਹ ਕਹਿਣਾ ਕਿ ਇਹ ਦੁਖਾਂਤ ਸਿਰਫ਼ ਚੰਦੂ ਦੇ ਕਹਿਣ ‘ਤੇ ਵਾਪਰਿਆ, ਇਤਿਹਾਸਕ ਮਾਪਦੰਡਾਂ ਉਪਰ ਪੂਰਾ ਨਹੀਂ ਉੱਤਰਦਾ।
ਹੋਰ ਬਹੁਤ ਸਾਰੇ ਇਹੋ ਜਿਹੇ ਕਿਰਦਾਰ ਸਨ ਜਿਨ੍ਹਾਂ ਨੇ ਜਹਾਂਗੀਰ ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਗੁਰੁ ਅਰਜਨ ਦੇਵ ਦਾ ਵਧ ਰਿਹਾ ਪ੍ਰਭਾਵ ਇਸਲਾਮ ਲਈ ਖ਼ਤਰਾ ਹੈ ਅਤੇ ਉਹ ਉਸ ਦੇ ਤਖ਼ਤ ਲਈ ਵੀ ਖ਼ਤਰਾ ਬਣ ਸਕਦੇ ਹਨ। ਅਜਿਹਾ ਕਰਨ ਵਾਲੇ ਲੋਕਾਂ ਵਿਚੋਂ ਇਕ ਨਾਮ ਗੁਰੂ ਜੀ ਦੇ ਵੱਡੇ ਭਰਾ ਪ੍ਰਿਥੀ ਚੰਦ ਦਾ ਵੀ ਹੈ ਜੋ ਵੱਡਾ ਹੋਣ ਕਾਰਨ ਆਪਣੇ ਆਪ ਨੂੰ ਗੁਰੂਗੱਦੀ ਦਾ ਵਾਰਸ ਸਮਝਦਾ ਸੀ। ਉਸ ਨੂੰ ਇਹ ਲੱਗਦਾ ਸੀ ਕਿ ਗੁਰੂ ਅਰਜਨ ਦੇਵ ਜੀ ਨੂੰ ਗੁਰੂਗੱਦੀ ਦੇਣਾ ਉਸ ਨਾਲ ਸਰਾਸਰ ਬੇਇਨਸਾਫ਼ੀ ਸੀ। ਉਸ ਦਾ ਗੁਰੂ ਜੀ ਨਾਲ ਖ਼ਾਰ ਖਾਣਾ ਅਤੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕਰਨਾ ਅਚੰਭੇ ਦੀ ਗੱਲ ਨਹੀਂ। ਉਸ ਤੋਂ ਇਲਾਵਾ ਕੁੱਝ ਸੰਤ ਅਤੇ ਭਗਤ ਵੀ ਸਨ, ਜਿਹੜੇ ਗੁਰੁ ਜੀ ਨਾਲ ਇਸ ਕਰਕੇ ਨਾਰਾਜ਼ ਸਨ ਕਿ ਉਨ੍ਹਾਂ ਨੇ ਉਨ੍ਹਾਂ ਦੀ ਬਾਣੀ ਨੂੰ ਆਪਣੇ ਦੁਆਰਾ ਸੰਪਾਦਿਤ ‘ਆਦਿ ਗ੍ਰੰਥ’ ਵਿੱਚ ਥਾਂ ਨਹੀਂ ਸੀ ਦਿੱਤੀ ਕਿਉਂਕਿ ਉਨਾਂ ਦੇ ਵਿਚਾਰ ਗੁਰਮਤਿ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦੇ ਸੀ। ਇਨ੍ਹਾਂ ਅਸੰਤੁਸ਼ਟ ਤੱਤਾਂ ਨੇ ਵੀ ਜਹਾਂਗੀਰ, ਜੋ ਆਪਣੇ ਪਿਤਾ ਅਕਬਰ ਵਾਂਗ ਧਾਰਮਿਕ ਮਸਲਿਆਂ ਵਿੱਚ ਉਦਾਰਚਿੱਤ ਨਹੀਂ ਸੀ, ਇਹ ਕਹਿ ਕੇ ਗੁਰੂ ਜੀ ਦੇ ਖ਼ਿਲਾਫ਼ ਉਕਸਾਇਆ ਕਿ ਉਨ੍ਹਾਂ ਦੁਆਰਾ ਸੰਪਾਦਿਤ ਗ੍ਰੰਥ ਵਿੱਚ ਬਹੁਤ ਕੁੱਝ ਇਸਲਾਮ ਦੇ ਖ਼ਿਲਾਫ਼ ਹੈ, ਇਸਲਾਮ ਨੂੰ ਭੰਡਦਾ ਅਤੇ ਇਸਲਾਮੀ ਮਾਪਦੰਡਾਂ ਦੇ ਅਨੁਸਾਰ ਕੁਫ਼ਰ ਹੈ। ਪਰ ਇਹ ਗੱਲ ਸੱਚ ਹੈ ਕਿ ਗੁਰੂ ਜੀ ਦੁਆਰਾ ‘ਆਦਿ ਗ੍ਰੰਥ’ ਦੀ ਸੰਪਾਦਨਾ, ਉਨ੍ਹਾਂ ਦੀ ਸ਼ਹੀਦੀ  ਦਾ ਬਹੁਤ ਵੱਡਾ ਕਾਰਨ ਬਣੀ। ਗੁਰੂ ਜੀ ਨੇ ਅਧਿਆਤਮਵਾਦ ਦੀ ਦੁਨੀਆ ਨੂੰ ਅਜਿਹਾ ਗ੍ਰੰਥ ਦੇ ਦਿੱਤਾ ਸੀ ਜਿਸ ਦਾ ਸਿੱਖ ਹੀ ਨਹੀਂ, ਬਹੁਤ ਗਿਣਤੀ ਵਿੱਚ ਹਿੰਦੂ ਅਤੇ ਬਹੁਤ ਸਾਰੇ ਉਦਾਰਵਾਦੀ ਮੁਸਲਮਾਨ ਵੀ ਸਤਿਕਾਰ ਕਰਦੇ ਸਨ। ਕੱਟੜਪੰਥੀ ਮੁਸਲਮਾਨਾਂ ਦੀ ਨਜ਼ਰ ਵਿੱਚ ਇੱਕ ਤਰ੍ਹਾਂ ਨਾਲ ਮੁਕੱਦਸ ਕੁਰਾਨ ਸ਼ਰੀਫ਼ ਲਈ ‘ਆਦਿ ਗ੍ਰੰਥ’ ਵੰਗਾਰ ਬਣ ਗਿਆ ਸੀ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰ ਸਕਦੇ ਸੀ। ਇਕ ਹਿੰਦੂ ਮਾਂ ਦਾ ਪੁੱਤਰ ਹੋਣ ਦੇ ਬਾਵਜੂਦ ਜਹਾਂਗੀਰ ਉਸ ਤਰ੍ਹਾਂ ਦਾ ਉੱਦਾਰਚਿਤ ਨਹੀਂ ਸੀ ਕਿ ਮੌਲਾਣਿਆਂ ਦਾ ਦਬਾਅ ਬਹੁਤੀ ਦੇਰ ਤੱਕ ਝੱਲ ਸਕਦਾ।
ਗੁਰੂ ਸਾਹਿਬ ਦੀ ਸ਼ਹਾਦਤ ਵਿੱਚ ਸਭ ਤੋਂ ਅਹਿਮ ਭੂਮਿਕਾ ਕੱਟੜਵਾਦੀ  ਇਸਲਾਮੀ ਫ਼ਿਰਕੇ ‘ਨਕਸ਼ਬੰਦੀ’ ਦੀ ਹੈ। ਇਹ ਫ਼ਿਰਕਾ ਕੱਟੜ ਸੁੰਨੀਵਾਦ ਦਾ ਧਾਰਨੀ ਅਤੇ ਸ਼ੀਆ ਵਿਚਾਰਧਾਰਾ ਦਾ ਸਖ਼ਤ ਵਿਰੋਧੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਜ਼ਮਾਨੇ ਗੁਰੂ ਘਰ ਦਾ ਪ੍ਰਭਾਵ ਆਮ ਲੋਕਾਂ ਵਿੱਚ ਬਹੁਤ ਤੇਜ਼ੀ ਨਾਲ ਵਧ ਰਿਹਾ ਸੀ ਅਤੇ  ਵੱਡੀ ਗਿਣਤੀ ਲੋਕ ਸਿੱਖ ਧਰਮ ਅਪਣਾ ਰਹੇ ਸਨ। ਦਸਵੰਧ ਦੀ ਪ੍ਰਥਾ ਕਰਕੇ ਗੁਰੂ ਘਰ ਦੀ ਆਮਦਨ  ਵੀ ਬਹੁਤ ਵਧ ਰਹੀ ਸੀ। ਨਕਸ਼ਬੰਦੀ ਫ਼ਿਰਕੇ ਦੇ ਮੋਹਰੀਆਂ, ਜਿਸ ਦਾ ਉਸ ਸਮੇਂ ਮੁਖੀ ਸ਼ੇਖ ਅਹਿਮਦ ਸਰਹਿੰਦੀ ਮੁਜੱਦਿਦ ਅਲਫ਼ ਸਾਨੀ ਸੀ, ਦਾ ਇਸ ਹਾਲਾਤ ਵਿੱਚ ਇਹ ਮਹਿਸੂਸ ਕਰਨਾ ਕਿ ਗੁਰੂ ਘਰ ਦਾ ਵਧ ਰਿਹਾ ਪ੍ਰਭਾਵ ਇਸਲਾਮ ਲਈ ਵੰਗਾਰ ਬਣ ਸਕਦਾ, ਕੁਦਰਤੀ ਸੀ। ਉਸ ਨੇ ਤੇ ਹੋਰ ਕਈ ਕੱਟੜਵਾਦੀਆਂ ਨੇ ਬਾਦਸ਼ਾਹ ਦੇ ਗੁਰੂ ਘਰ ਖਿਲਾਫ਼ ਕੰਨ ਭਰਦਿਆਂ ਕਿਹਾ ਕਿ ਗੁਰੂ ਜੀ ਦਾ ਵਧ ਰਿਹਾ ਰਸੂਖ ਬਾਦਸ਼ਾਹ ਦੇ ਤਾਜੋ-ਤਖ਼ਤ ਲਈ ਖ਼ਤਰਾ ਬਣ ਸਕਦਾ ਹੈ। ਉਨ੍ਹਾਂ ਜਹਾਂਗੀਰ ਦੇ ਮਨ ਵਿੱਚ ਇਹ ਗੱਲ ਬਿਠਾ ਦਿੱਤੀ ਕਿ ਗੁਰੂ ਜੀ ਬਾਦਸ਼ਾਹਤ ਦੇ ਸੁਪਨੇ ਵੇਖਣ ਲੱਗ ਪਏ ਹਨ ਅਤੇ ਸਿੱਖਾਂ ਨੇ  ਉਨ੍ਹਾਂ ਨੂੰ ਸੱਚੇ ਪਾਦਸ਼ਾਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਜਹਾਂਗੀਰ ਨੇ ਅਪਣੀ ਆਤਮ ਕਥਾ ‘ਤੁਜ਼ਕ-ਏ-ਜਹਾਂਗੀਰੀ’ ਵਿੱਚ ਇਸ ਤੱਥ ਦਾ ਸਪਸ਼ਟ ਜ਼ਿਕਰ ਕੀਤਾ ਹੈ।
ਇਸ ਦੌਰਾਨ ਬਲਦੀ ‘ਤੇ ਤੇਲ ਪਾਉਣ ਦਾ ਕੰਮ ਜਹਾਂਗੀਰ ਦੇ ਬਾਗੀ  ਪੁੱਤਰ ਖੁਸਰੋ ਦੇ ਗੁਰੂ ਜੀ ਕੋਲ ਆਉਣ ਅਤੇ ਲੰਗਰ ਛਕਣ ਦੀ ਘਟਨਾ ਨੇ ਕਰ ਦਿੱਤਾ। ਜਹਾਂਗੀਰ ਦੇ ਸ਼ੱਕ ਨੂੰ ਯਕੀਨ ਵਿੱਚ ਬਦਲਣ ਲਈ ਗੁਰੂ ਘਰ ਦੇ ਦੋਖੀਆਂ ਨੂੰ ਇੱਕ ਹੋਰ ਹਥਿਆਰ ਮਿਲ ਗਿਆ। ਉਨ੍ਹਾਂ ਇੱਕ ਨਾਲ ਦਸ ਸੱਚੀਆਂ ਝੂਠੀਆਂ ਲਾ ਕੇ ਇਹ ਗੱਲ ਬਾਦਸ਼ਾਹ ਤੱਕ ਪਹੁੰਚਾਈ। ਬਾਦਸ਼ਾਹ ਨੂੰ ਦੱਸਿਆ ਗਿਆ ਕਿ ਗੁਰੂ ਅਰਜਨ ਦੇਵ ਜੀ ਨੇ ਬਾਗੀ ਖੁਸਰੋ ਨਾਲ ਪਤਾ ਨਹੀਂ ਕੀ ਕੀ ਮਤੇ ਕੀਤੇ ਹਨ, ਗੁਰੂ ਸਾਹਿਬ ਨੇ ਉਸ ਦੀ ਸਫ਼ਲਤਾ ਲਈ ਅਰਦਾਸ ਕੀਤੀ ਹੈ, ਉਸ ਦੇ ਮੱਥੇ ‘ਤੇ ਕੇਸਰ ਦਾ ਤਿਲਕ ਲਗਾ ਕੇ ਉਸ ਨੂੰ ਆਸ਼ੀਰਵਾਦ ਦਿੱਤਾ ਹੈ ਅਤੇ ਇੱਥੋਂ ਤੱਕ ਕਿ ਉਸ ਦੀ ਮਾਇਕ ਤੌਰ ‘ਤੇ ਸਹਾਇਤਾ ਵੀ ਕੀਤੀ ਹੈ। ਇਤਿਹਾਸਕ ਸਰੋਤਾਂ ਦੇ ਅਧਿਐਨ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਹ ਸਭ ਝੂਠ ਦਾ ਪੁਲੰਦਾ ਸੀ। ਸੱਚ ਸਿਰਫ਼ ਇੰਨਾ ਸੀ ਕਿ ਅਫ਼ਗਾਨਿਸਤਾਨ ਵੱਲ ਜਾਣ ਦੀ ਅਪਣੀ ਕੋਸ਼ਿਸ਼ ਦੌਰਾਨ ਖੁਸਰੋ, ਗੋਇੰਦਵਾਲ ਸਾਹਿਬ ਵਿਖੇ ਰੁਕਿਆ ਅਤੇ ਆਮ ਸੰਗਤ ਦੀ ਤਰ੍ਹਾਂ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਕਿਉਂਕਿ ਗੁਰੂ ਘਰ ਦੇ ਲੰਗਰ ਦੇ ਦਰਵਾਜ਼ੇ ਹਰ ਆਮ ਖਾਸ ਲਈ, ਹਰ ਵੇਲੇ ਖੁੱਲ੍ਹੇ ਰਹਿੰਦੇ ਹਨ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਧਿਆਤਮਿਕ ਇਤਿਹਾਸ ਵਿੱਚ ਚਾਨਣ  ਮੁਨਾਰਾ ਹੈ। ਘੋਰ ਜ਼ੁਲਮ ਨੂੰ ਗੁਰੂ ਜੀ ਵਾਂਗ ਅਹਿੰਸਾਮਈ ਤਰੀਕੇ ਨਾਲ ਸ਼ਾਂਤ ਚਿੱਤ ਰਹਿ ਕੇ ਬਰਦਾਸ਼ਤ ਕਰਨ ਦੀ, ਅਸਹਿ ਤਸੀਹੇ ਸਹਿਣ ਕਰਦੇ ਹੋਏ ਵੀ ‘ਤੇਰਾ ਭਾਣਾ ਮੀਠਾ ਲਾਗੇ’ ਕਹਿ ਕੇ ਸਿਰਜਣਹਾਰੇ ਦਾ ਸ਼ੁਕਰਾਨਾ ਕਰਨ ਅਤੇ ਇਸ ਤਕਲ਼ੀਫ਼ ਨੂੰ ਸਹਿਣ ਕਰਨ ਦੀ ਤਾਕਤ ਪਾਉਣ ਲਈ ਨਾਮ ਦੀ ਜਾਚਨਾ ਕਰਨ ਦੀ ਅਦੁੱਤੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਪ੍ਰੰਤੂ ਇਸ ਦੁਖਾਂਤ ਨੇ ਸਿੱਖ ਵਿਚਾਰਧਾਰਾ ਵਿੱਚ ਇਤਿਹਾਸਕ ਮੋੜ ਲਿਆਂਦਾ। ਸਿੱਖ ਵਿਚਾਰਧਾਰਾ ਕੇਵਲ ਭਗਤੀ ਮਾਰਗ ਨਾ ਰਹਿ ਕੇ ਭਗਤੀ ਮਾਰਗ ਅਤੇ ਸ਼ਕਤੀ ਮਾਰਗ ਦਾ ਸੁਮੇਲ ਬਣ ਗਈ। ਸਿੱਖਾਂ ਨੇ ਇਹ ਸਮਝ ਲਿਆ ਕਿ ਭਗਤੀ ਦੀ ਰਾਖੀ ਲਈ ਸ਼ਕਤੀ ਦਾ ਹੋਣਾ ਵੀ ਜ਼ਰੂਰੀ ਹੈ। ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨਾ, ਜ਼ਾਲਮਾਂ ਖ਼ਿਲਾਫ਼ ਯੁੱਧ ਲੜਨਾ ਅਤੇ ਜਿੱਤਣਾ, ਗੁਰੁ ਗੋਬਿੰਦ ਸਿੰਘ ਦਾ ਖਾਲਸਾ ਸਾਜਣਾ ਅਤੇ ਅੰਤ ਬਾਬਾ ਬੰਦਾ ਸਿੰਘ  ਬਹਾਦਰ ਦਾ ਮੁਗਲ ਸਾਮਰਾਜ ਦੀਆਂ ਜੜਾਂ ਨੂੰ ਪੰਜਾਬ ਵਿਚੋਂ ਉਖੇੜਨਾ, ਇਸੇ ਦੁਖਾਂਤ ਦੇ ਰੁੱਖ ਨੂੰ ਲੱਗੇ ਫਲ਼ ਹਨ। ਜੇ ਗੁਰੂ ਅਰਜਨ ਦੇਵ ਜੀ ਇਹ ਸ਼ਹਾਦਤ ਨਾ ਦਿੰਦੇ ਤਾਂ ਹੋ ਸਕਦਾ  ਕਿ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਭਾਰਤ ਦਾ ਇਤਿਹਾਸ ਕੁਝ ਹੋਰ ਹੁੰਦਾ।
ਲੇਖਕ ਰਿਮਟ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਵਿਚ ਪ੍ਰੋਫੈਸਰ ਹੈ।